ਕਹਾਉਤਾਂ 3
3
ਬੁੱਧ ਤੰਦਰੁਸਤੀ ਦਿੰਦੀ ਹੈ
1ਹੇ ਮੇਰੇ ਪੁੱਤਰ, ਮੇਰੀ ਸਿੱਖਿਆ ਨੂੰ ਨਾ ਭੁੱਲ,
ਮੇਰੇ ਹੁਕਮਾਂ ਨੂੰ ਆਪਣੇ ਦਿਲ ਵਿੱਚ ਰੱਖ,
2ਕਿਉਂਕਿ ਅਜਿਹਾ ਕਰਨ ਨਾਲ ਤੇਰੇ ਜੀਵਨ ਦੇ ਸਾਲਾਂ ਵਿੱਚ ਵਾਧਾ ਹੋਵੇਗਾ
ਅਤੇ ਤੂੰ ਸ਼ਾਂਤੀ ਅਤੇ ਖੁਸ਼ਹਾਲੀ ਨਾਲ ਵੱਸੇਗਾ।
3ਪਿਆਰ ਅਤੇ ਵਫ਼ਾਦਾਰੀ ਤੈਨੂੰ ਕਦੇ ਨਾ ਛੱਡਣ
ਉਹਨਾਂ ਨੂੰ ਆਪਣੇ ਗਲੇ ਵਿੱਚ ਬੰਨ੍ਹ ਕੇ ਰੱਖਣਾ,
ਉਹਨਾਂ ਨੂੰ ਆਪਣੇ ਦਿਲ ਦੀ ਤੱਖ਼ਤੀ ਉੱਤੇ ਲਿਖ ਲੈ।
4ਤਦ ਤੁਸੀਂ ਪਰਮੇਸ਼ਵਰ ਅਤੇ ਮਨੁੱਖਾਂ ਦੀਆਂ ਨਜ਼ਰਾਂ ਵਿੱਚ
ਕਿਰਪਾ ਅਤੇ ਨੇਕਨਾਮੀ ਪ੍ਰਾਪਤ ਕਰੋਗੇ।
5ਆਪਣੇ ਪੂਰੇ ਦਿਲ ਨਾਲ ਯਾਹਵੇਹ ਉੱਤੇ ਭਰੋਸਾ ਰੱਖੋ,
ਅਤੇ ਆਪਣੀ ਹੀ ਸਮਝ ਉੱਤੇ ਅਤਬਾਰ ਨਾ ਕਰੋ।
6ਆਪਣੇ ਸਾਰੇ ਰਾਹਾਂ ਵਿੱਚ ਉਹ ਦੇ ਅਧੀਨ ਹੋਵੋ,
ਅਤੇ ਉਹ ਤੁਹਾਡੇ ਮਾਰਗਾਂ ਨੂੰ ਸਿੱਧਾ ਕਰੇਗਾ।
7ਆਪਣੀ ਹੀ ਨਜ਼ਰ ਵਿੱਚ ਬੁੱਧਵਾਨ ਨਾ ਬਣ
ਯਾਹਵੇਹ ਤੋਂ ਡਰ ਅਤੇ ਬੁਰਾਈ ਤੋਂ ਦੂਰ ਰਹੋ।
8ਇਸ ਤੋਂ ਤੇਰਾ ਸਰੀਰ ਤੰਦਰੁਸਤ
ਅਤੇ ਤੁਹਾਡੀਆਂ ਹੱਡੀਆਂ ਪੁਸ਼ਟ ਰਹਿਣਗੀਆਂ।
9ਆਪਣੀ ਦੌਲਤ ਨਾਲ,
ਆਪਣੀਆਂ ਸਾਰੀਆਂ ਫ਼ਸਲਾਂ ਦੇ ਪਹਿਲੇ ਫਲ ਨਾਲ ਯਾਹਵੇਹ ਦਾ ਆਦਰ ਕਰ;
10ਤਦ ਤੁਹਾਡੇ ਕੋਠੇ ਭਰ ਜਾਣਗੇ,
ਅਤੇ ਤੁਹਾਡੇ ਘੜੇ ਨਵੀਂ ਦਾਖ਼ਰਸ#3:10 ਦਾਖ਼ਰਸ ਅਰਥਾਤ: ਅੰਗੂਰਾਂ ਦਾ ਰਸ ਨਾਲ ਭਰ ਕੇ ਛਲਕਣਗੇ।
11ਹੇ ਮੇਰੇ ਪੁੱਤਰ, ਯਾਹਵੇਹ ਦੀ ਸਿੱਖਿਆ ਨੂੰ ਤੁੱਛ ਨਾ ਜਾਣ
ਅਤੇ ਉਸ ਦੀ ਝਿੜਕ ਨੂੰ ਬੁਰਾ ਨਾ ਮੰਨੀ।
12ਕਿਉਂਕਿ ਯਾਹਵੇਹ ਉਸਨੂੰ ਹੀ ਝਿੜਕਦਾ ਹੈ ਜਿਸਨੂੰ ਉਹ ਪਿਆਰ ਕਰਦਾ ਹੈ,
ਜਿਵੇਂ ਪਿਤਾ ਉਸ ਪੁੱਤਰ ਨੂੰ ਜਿਸ ਤੋਂ ਉਹ ਪ੍ਰਸੰਨ ਹੁੰਦਾ ਹੈ।
13ਮੁਬਾਰਕ ਹੈ ਉਹ ਜਿਨ੍ਹਾ ਨੂੰ ਬੁੱਧ ਲੱਭ ਪੈਂਦੀ ਹੈ,
ਉਹ ਜਿਹੜੇ ਸਮਝ ਪਾਉਂਦੇ ਹਨ,
14ਕਿਉਂਕਿ ਉਸਦੀ ਪ੍ਰਾਪਤੀ ਚਾਂਦੀ ਦੀ ਪ੍ਰਾਪਤੀ ਨਾਲੋਂ ਚੰਗੀ
ਅਤੇ ਵਧੀਆ ਸੋਨੇ ਨਾਲੋਂ ਲਾਭਦਾਇਕ ਹੈ।
15ਉਹ ਹੀਰੇ ਮੋਤੀਆਂ ਨਾਲੋਂ ਵੀ ਕੀਮਤੀ ਹੈ;
ਅਤੇ ਜਿੰਨੀਆਂ ਵਸਤਾਂ ਦੀ ਤੈਨੂੰ ਚਾਹਤ ਹੈ, ਉਹਨਾਂ ਵਿੱਚੋਂ ਕੋਈ ਵੀ ਉਹ ਦੇ ਬਰਾਬਰ ਨਹੀਂ।
16ਲੰਮੀ ਉਮਰ ਉਹ ਦੇ ਸੱਜੇ ਹੱਥ ਵਿੱਚ ਹੈ;
ਉਸਦੇ ਖੱਬੇ ਹੱਥ ਵਿੱਚ ਧਨ ਅਤੇ ਇੱਜ਼ਤ ਹਨ।
17ਉਸ ਦੇ ਰਾਹ ਸੁਹਾਵਣੇ ਹਨ
ਅਤੇ ਉਹ ਦੇ ਸਾਰੇ ਮਾਰਗ ਸ਼ਾਂਤੀ ਦੇ ਹਨ।
18ਉਹ ਉਹਨਾਂ ਲਈ ਜੀਵਨ ਦਾ ਰੁੱਖ ਹੈ ਜੋ ਉਸ ਨੂੰ ਫੜੀ ਰੱਖਦੇ ਹਨ;
ਜਿਹੜੇ ਉਸ ਨੂੰ ਫੜੀ ਰੱਖਦੇ ਹਨ ਉਹ ਮੁਬਾਰਕ ਹੋਣਗੇ।
19ਬੁੱਧ ਨਾਲ ਯਾਹਵੇਹ ਨੇ ਧਰਤੀ ਦੀ ਨੀਂਹ ਰੱਖੀ,
ਸਮਝ ਨਾਲ ਉਸ ਨੇ ਅਕਾਸ਼ ਦੀ ਸਥਾਪਨਾ ਕੀਤੀ।
20ਉਹ ਦੇ ਗਿਆਨ ਨਾਲ ਪਾਣੀ ਦੀਆਂ ਡੂੰਘਾਈਆਂ ਵੰਡੀਆਂ ਜਾਂਦੀਆਂ ਹਨ,
ਅਤੇ ਬੱਦਲਾਂ ਵਿੱਚੋਂ ਤ੍ਰੇਲ ਪੈਂਦੀ ਹੈ।
21ਹੇ ਮੇਰੇ ਪੁੱਤਰ, ਬੁੱਧ ਅਤੇ ਸਮਝ ਨੂੰ ਆਪਣੀ ਨਜ਼ਰ ਤੋਂ ਦੂਰ ਨਾ ਹੋਣ ਦੇ,
ਨਿਆਂ ਅਤੇ ਸਮਝਦਾਰੀ ਦੀ ਰੱਖਿਆ ਕਰ।
22ਉਹ ਤੁਹਾਡੇ ਲਈ ਜੀਵਨ ਹੋਣਗੇ,
ਤੁਹਾਡੀ ਗਰਦਨ ਨੂੰ ਸ਼ਿੰਗਾਰ ਕਰਨ ਲਈ ਇੱਕ ਗਹਿਣਾ ਹੋਵੇਗਾ।
23ਤਦ ਤੂੰ ਸੁਰੱਖਿਅਤ ਨਾਲ ਆਪਣੇ ਰਾਹ ਉੱਤੇ ਚੱਲੇਂਗਾ
ਅਤੇ ਤੇਰੇ ਪੈਰ ਨੂੰ ਠੋਕਰ ਨਾ ਲੱਗੇਗੀ।
24ਜਦੋਂ ਤੁਸੀਂ ਲੇਟ ਜਾਓਗੇ, ਤੁਸੀਂ ਨਾ ਡਰੋਗੇ;
ਜਦੋਂ ਤੁਸੀਂ ਲੇਟੋਗੇ, ਤੁਹਾਡੀ ਨੀਂਦ ਮਿੱਠੀ ਹੋਵੇਗੀ।
25ਅਚਾਨਕ ਆਉਣ ਵਾਲੀ ਬਿਪਤਾ ਤੋਂ ਨਾ ਡਰ
ਨਾ ਉਸ ਤਬਾਹੀ ਤੋਂ ਜਿਹੜੀ ਦੁਸ਼ਟਾ ਉੱਤੇ ਆਉਂਦੀ ਹੈ।
26ਕਿਉਂਕਿ ਯਾਹਵੇਹ ਤੇਰੇ ਨਾਲ ਹੋਵੇਗਾ
ਉਹ ਤੇਰੇ ਪੈਰ ਨੂੰ ਫਾਹੀ ਵਿੱਚ ਫਸਣ ਤੋਂ ਬਚਾਵੇਗਾ।
27ਜੇਕਰ ਤੁਹਾਡੇ ਵਿੱਚ ਭਲਾ ਕਰਨ ਦੀ ਸ਼ਕਤੀ ਹੋਵੇ ਅਤੇ ਕਿਸੇ ਨੂੰ ਉਸਦੀ ਲੋੜ ਹੋਵੇ,
ਤਾਂ ਭਲਾ ਕਰਨ ਤੋਂ ਨਾ ਰੁਕੀਂ।
28ਆਪਣੇ ਗੁਆਂਢੀ ਨੂੰ ਇਹ ਨਾ ਕਹੋ,
ਕੱਲ੍ਹ ਵਾਪਸ ਆ, ਮੈਂ ਤੁਹਾਨੂੰ ਦੇ ਦਿਆਂਗਾ,
ਜਦੋਂ ਇਹ ਤੁਹਾਡੇ ਕੋਲ ਪਹਿਲਾਂ ਹੀ ਹੋਵੇ।
29ਆਪਣੇ ਗੁਆਂਢੀ ਦੇ ਵਿਰੁੱਧ,
ਜੋ ਤੁਹਾਡੇ ਨੇੜੇ ਭਰੋਸੇ ਨਾਲ ਰਹਿੰਦਾ ਹੈ, ਉਸਦੇ ਲਈ ਨੁਕਸਾਨ ਦੀ ਸਾਜ਼ਿਸ਼ ਨਾ ਕਰੋ।
30ਬਿਨਾਂ ਕਾਰਨ ਕਿਸੇ ਉੱਤੇ ਦੋਸ਼ ਨਾ ਲਗਾਓ,
ਜਦੋਂ ਉਹਨਾਂ ਨੇ ਤੁਹਾਡਾ ਕੋਈ ਨੁਕਸਾਨ ਨਾ ਕੀਤਾ ਹੋਵੇ।
31ਹਿੰਸਕ ਲੋਕਾਂ ਨਾਲ ਈਰਖਾ ਨਾ ਕਰੋ,
ਅਤੇ ਨਾ ਹੀ ਉਹਨਾਂ ਵਿੱਚੋਂ ਕੋਈ ਰਾਹ ਚੁਣੋ।
32ਕਿਉਂਕਿ ਭੈੜੇ ਮਨੁੱਖ ਤੋਂ ਯਾਹਵੇਹ ਨਫ਼ਰਤ ਕਰਦਾ ਹੈ,
ਧਰਮੀ ਮਨੁੱਖਾਂ ਨਾਲ ਉਸਦੀ ਦੋਸਤੀ ਹੈ।
33ਯਾਹਵੇਹ ਦਾ ਸਰਾਪ ਦੁਸ਼ਟ ਦੇ ਘਰ ਉੱਤੇ ਹੈ,
ਪਰ ਉਹ ਧਰਮੀ ਦੇ ਘਰ ਨੂੰ ਬਰਕਤ ਦਿੰਦਾ ਹੈ।
34ਉਹ ਹੰਕਾਰੀ ਮਖੌਲ ਕਰਨ ਵਾਲਿਆਂ ਦਾ ਮਜ਼ਾਕ ਉਡਾਉਂਦਾ ਹੈ
ਪਰ ਨਿਮਰ ਅਤੇ ਸਤਾਏ ਹੋਏ ਲੋਕਾਂ ਉੱਤੇ ਮਿਹਰ ਕਰਦਾ ਹੈ।
35ਬੁੱਧਵਾਨ ਨੂੰ ਇੱਜ਼ਤ ਮਿਲਦੀ ਹੈ,
ਪਰ ਮੂਰਖਾਂ ਨੂੰ ਸਿਰਫ ਸ਼ਰਮ ਹੀ ਮਿਲਦੀ ਹੈ।
Currently Selected:
ਕਹਾਉਤਾਂ 3: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.