ਕਹਾਉਤਾਂ 2
2
ਬੁੱਧੀ ਦੇ ਨੈਤਿਕ ਲਾਭ
1ਮੇਰੇ ਪੁੱਤਰ, ਜੇ ਤੂੰ ਮੇਰੀਆਂ ਗੱਲਾਂ ਨੂੰ ਮੰਨੇ
ਅਤੇ ਮੇਰੇ ਹੁਕਮਾਂ ਨੂੰ ਆਪਣੇ ਕੋਲ ਸੰਭਾਲ ਕੇ ਰੱਖੇ,
2ਜੇਕਰ ਤੂੰ ਬੁੱਧ ਵੱਲ ਕੰਨ ਲਾਵੇਂ
ਅਤੇ ਆਪਣੇ ਦਿਲ ਨੂੰ ਸਮਝ ਉੱਤੇ ਲਾਵੇਂ
3ਸੱਚ-ਮੁੱਚ, ਜੇ ਤੁਸੀਂ ਸਮਝ ਲਈ ਪੁਕਾਰਦੇ ਹੋ
ਅਤੇ ਸਮਝ ਲਈ ਉੱਚੀ ਆਵਾਜ਼ ਵਿੱਚ ਪੁਕਾਰਦੇ ਹੋ,
4ਅਤੇ ਜੇ ਤੁਸੀਂ ਉਹ ਨੂੰ ਚਾਂਦੀ ਵਾਂਗ ਲੱਭਦੇ ਹੋ
ਅਤੇ ਉਹ ਨੂੰ ਲੁਕੇ ਹੋਏ ਖ਼ਜ਼ਾਨੇ ਵਾਂਗ ਖੋਜ ਕਰਦੇ ਹੋ,
5ਤਾਂ ਤੁਸੀਂ ਯਾਹਵੇਹ
ਦੇ ਡਰ ਨੂੰ ਸਮਝੋਗੇ ਅਤੇ ਪਰਮੇਸ਼ਵਰ ਦੇ ਗਿਆਨ ਨੂੰ ਪਾਓਗੇ।
6ਕਿਉਂਕਿ ਯਾਹਵੇਹ ਹੀ ਬੁੱਧ ਦਿੰਦਾ ਹੈ,
ਉਸ ਦੇ ਮੂੰਹੋਂ ਗਿਆਨ ਅਤੇ ਸਮਝ ਨਿਕਲਦੀ ਹੈ।
7ਪਰਮੇਸ਼ਵਰ ਨੇਕ ਲੋਕਾਂ ਲਈ ਸਫਲਤਾ ਰੱਖਦਾ ਹੈ,
ਉਹ ਉਹਨਾਂ ਲਈ ਢਾਲ ਹੈ ਜਿਨ੍ਹਾਂ ਦਾ ਚੱਲਣਾ ਨਿਰਦੋਸ਼ ਹੈ,
8ਕਿਉਂ ਜੋ ਉਹ ਧਰਮੀ ਦੇ ਰਾਹ ਦੀ ਰਾਖੀ ਕਰਦਾ ਹੈ
ਅਤੇ ਆਪਣੇ ਵਫ਼ਾਦਾਰਾਂ ਦੇ ਰਾਹ ਦੀ ਰਾਖੀ ਕਰਦਾ ਹੈ।
9ਤਦ ਤੁਸੀਂ ਸਮਝੋਗੇ ਕਿ ਕੀ ਸਹੀ ਹੈ ਅਤੇ ਕੀ ਜਾਇਜ਼ ਹੈ
ਅਤੇ ਹਰ ਇੱਕ ਚੰਗੇ ਰਸਤੇ ਅਤੇ ਉਚਿੱਤ ਗੱਲ ਨੂੰ ਸਮਝ ਜਾਓਗੇ।
10ਕਿਉਂ ਜੋ ਬੁੱਧ ਤੇਰੇ ਦਿਲ ਵਿੱਚ ਪ੍ਰਵੇਸ਼ ਕਰੇਗੀ,
ਅਤੇ ਗਿਆਨ ਤੇਰੀ ਜਾਨ ਨੂੰ ਚੰਗਾ ਲੱਗੇਗਾ।
11ਸਮਝਦਾਰੀ ਤੁਹਾਡੀ ਸਹਾਇਤਾ ਕਰੇਗੀ,
ਅਤੇ ਸਮਝ ਤੁਹਾਡੀ ਰੱਖਿਆ ਕਰੇਗੀ।
12ਸਿਆਣਪ ਤੁਹਾਨੂੰ ਦੁਸ਼ਟ ਮਨੁੱਖਾਂ ਦੇ ਰਾਹਾਂ ਤੋਂ ਬਚਾਵੇਗੀ,
ਉਹਨਾਂ ਮਨੁੱਖਾਂ ਤੋਂ ਜਿਨ੍ਹਾਂ ਦੀਆਂ ਗੱਲਾਂ ਉਲਟ ਹਨ,
13ਜਿਨ੍ਹਾਂ ਨੇ ਸਿੱਧੇ ਰਾਹਾਂ ਨੂੰ ਛੱਡ ਦਿੱਤਾ ਹੈ
ਹਨੇਰੇ ਰਾਹਾਂ ਵਿੱਚ ਚੱਲਦੇ ਹਨ,
14ਜਿਹੜੇ ਬੁਰਿਆਈ ਕਰਨ ਵਿੱਚ ਅਨੰਦ ਹੁੰਦੇ ਹਨ,
ਅਤੇ ਬੁਰਿਆਈ ਦੇ ਖੋਟਿਆਂ ਕੰਮਾਂ ਵਿੱਚ ਖੁਸ਼ੀ ਮਨਾਉਂਦੇ ਹਨ,
15ਜਿਨ੍ਹਾਂ ਦੇ ਰਾਹ ਟੇਢੇ ਹਨ
ਅਤੇ ਜਿਹੜੇ ਆਪਣੇ ਰਾਹਾਂ ਵਿੱਚ ਭਟਕਦੇ ਹਨ।
16ਬੁੱਧ ਤੈਨੂੰ ਵਿਭਚਾਰੀ ਇਸਤਰੀ ਤੋਂ ਵੀ ਬਚਾਵੇਗੀ,
ਉਸ ਓਪਰੀ ਔਰਤ ਤੋਂ ਜਿਹੜੀ ਚਿਕਨੀਆਂ ਚੋਪੜੀਆਂ ਗੱਲਾਂ ਕਰਦੀ ਹੈ,
17ਜਿਸ ਨੇ ਆਪਣੀ ਜਵਾਨੀ ਦੇ ਸਾਥੀ ਨੂੰ ਛੱਡ ਦਿੱਤਾ ਹੈ
ਅਤੇ ਉਸ ਨੇਮ ਨੂੰ ਅਣਦੇਖਿਆ ਕਰ ਦਿੱਤਾ ਹੈ ਜੋ ਪਰਮੇਸ਼ਵਰ ਦੇ ਸਾਮ੍ਹਣੇ ਕੀਤਾ ਸੀ,
18ਸੱਚ-ਮੁੱਚ ਹੀ ਉਸ ਦਾ ਘਰ ਮੌਤ ਵੱਲ ਲੈ ਜਾਂਦਾ ਹੈ
ਅਤੇ ਉਹ ਦੇ ਰਾਹ ਮੁਰਦਿਆਂ ਦੀਆਂ ਆਤਮਾਵਾਂ ਵੱਲ ਜਾਂਦਾ ਹੈ।
19ਜਿਹੜੇ ਉਸ ਦੇ ਕੋਲ ਜਾਂਦੇ ਹਨ ਉਹਨਾਂ ਵਿੱਚੋਂ ਕੋਈ ਵੀ ਮੁੜ ਕੇ ਨਹੀਂ ਆਉਂਦਾ,
ਨਾ ਹੀ ਜੀਵਨ ਦੇ ਰਾਹ ਤੱਕ ਪਹੁੰਚਦੇ ਹਨ।
20ਇਸ ਤਰ੍ਹਾਂ ਤੁਸੀਂ ਭਲੇ ਦੇ ਰਾਹਾਂ ਉੱਤੇ ਚੱਲੋਗੇ
ਅਤੇ ਧਰਮੀਆਂ ਦੇ ਰਾਹਾਂ ਨੂੰ ਫੜੀ ਰੱਖੇਗਾ।
21ਕਿਉਂ ਜੋ ਨੇਕ ਲੋਕ ਧਰਤੀ ਵਿੱਚ ਵੱਸਣਗੇ,
ਅਤੇ ਨਿਰਦੋਸ਼ ਉਸ ਵਿੱਚ ਰਹਿਣਗੇ।
22ਪਰ ਦੁਸ਼ਟ ਧਰਤੀ ਉੱਤੋਂ ਵੱਢੇ ਜਾਣਗੇ,
ਅਤੇ ਧੋਖੇਬਾਜ਼ ਪਾੜ ਦਿੱਤੇ ਜਾਣਗੇ।
Currently Selected:
ਕਹਾਉਤਾਂ 2: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.