Bible App logo
Search Icon

ਗਿਣਤੀ 4

4
ਕੋਹਾਥੀ ਘਰਾਣੇ ਦੇ ਕੰਮ
1ਯਾਹਵੇਹ ਨੇ ਮੋਸ਼ੇਹ ਅਤੇ ਹਾਰੋਨ ਨੂੰ ਆਖਿਆ, 2“ਲੇਵੀਆਂ ਦੇ ਵਿੱਚੋਂ ਕੋਹਾਥੀਆਂ ਅਤੇ ਉਹਨਾਂ ਦੇ ਪਰਿਵਾਰਾਂ ਅਤੇ ਉਹਨਾਂ ਦੇ ਪੁਰਖਿਆਂ ਦੇ ਘਰਾਣਿਆ ਅਨੁਸਾਰ ਗਿਣਤੀ ਕਰੋ। 3ਤੀਹ ਤੋਂ ਪੰਜਾਹ ਸਾਲਾਂ ਦੇ ਸਾਰੇ ਆਦਮੀਆਂ ਦੀ ਗਿਣਤੀ ਕਰੋ ਜਿਹੜੇ ਮੰਡਲੀ ਵਾਲੇ ਤੰਬੂ ਵਿੱਚ ਸੇਵਾ ਕਰਨ ਲਈ ਆਉਂਦੇ ਹਨ।
4“ਕੋਹਾਥੀਆਂ ਦੀ ਸੇਵਾ ਮਿਲਾਪ ਦੇ ਤੰਬੂ ਵਿੱਚ ਇਹ ਸੀ ਕਿ ਉਹ ਅੱਤ ਪਵਿੱਤਰ ਚੀਜ਼ਾਂ ਦੀ ਦੇਖਭਾਲ ਕਰਨ। 5ਜਦੋਂ ਤੰਬੂ ਨੂੰ ਅੱਗੇ ਲੈ ਜਾਣਾ ਹੋਵੇ ਤਾਂ ਹਾਰੋਨ ਅਤੇ ਉਸ ਦੇ ਪੁੱਤਰਾਂ ਨੂੰ ਅੰਦਰ ਜਾਣ ਅਤੇ ਢਾਲ ਦਾ ਪਰਦਾ ਲਾਹ ਕੇ ਨੇਮ ਦੇ ਸੰਦੂਕ ਦੇ ਉੱਪਰ ਰੱਖ ਦੇਣਗੇ। 6ਤਦ ਉਹ ਪਰਦੇ ਨੂੰ ਵਧੀਆ ਚਮੜੇ ਨਾਲ ਢੱਕਣ ਅਤੇ ਉਸ ਉੱਤੇ ਨੀਲੇ ਰੰਗ ਦਾ ਕੱਪੜਾ ਵਿਛਾ ਕੇ ਚੌਂਕਾਂ ਨੂੰ ਥਾਂ-ਥਾਂ ਰੱਖਣ।
7“ਫਿਰ ਹਜ਼ੂਰੀ ਦੀ ਰੋਟੀ ਦੇ ਮੇਜ਼ ਉੱਤੇ ਨੀਲਾ ਕੱਪੜਾ ਵਿਛਾਉਣ ਅਤੇ ਉਸ ਉੱਤੇ ਥਾਲੀਆਂ, ਕੌਲੀਆ ਗੜ੍ਹਵੇ ਅਤੇ ਭੇਟਾਂ ਵਰਤਾਉਣ ਵਾਲੇ ਕੜਛੇ ਰੱਖਣ ਅਤੇ ਹਮੇਸ਼ਾ ਉਸ ਉੱਤੇ ਰੋਟੀ ਪਈ ਰਹੇ। 8ਉਹ ਆਪਣੇ ਉੱਤੇ ਲਾਲ ਰੰਗ ਦਾ ਕੱਪੜਾ ਵਿਛਾ ਲੈਣ ਅਤੇ ਉਸ ਨੂੰ ਸਮੁੰਦਰੀ ਜੀਵ ਦੇ ਚਮੜੇ ਨਾਲ ਢੱਕਣ ਅਤੇ ਉਸ ਦੀਆਂ ਚੋਬਾਂ ਪਾਉਣ।
9“ਫਿਰ ਉਹ ਇੱਕ ਨੀਲਾ ਕੱਪੜਾ ਲੈਣ ਅਤੇ ਉਸ ਸ਼ਮਾਦਾਨ ਨੂੰ ਢੱਕਣ ਜੋ ਰੋਸ਼ਨੀ ਲਈ ਹੈ, ਉਸ ਦੇ ਗੁਲਦਾਨ ਅਤੇ ਉਸ ਦੇ ਸਾਰੇ ਤੇਲ ਵਾਲੇ ਭਾਂਡੇ ਜਿਨ੍ਹਾਂ ਨਾਲ ਉਹ ਉਸ ਦੀ ਸੇਵਾ ਕਰਦੇ ਹਨ। 10ਤਦ ਉਹ ਇਸ ਨੂੰ ਅਤੇ ਇਸ ਦੇ ਸਾਰੇ ਸਮਾਨ ਨੂੰ ਸਮੁੰਦਰੀ ਜੀਵ ਦੀਆਂ ਖੱਲਾਂ ਦੇ ਵਿੱਚ ਰੱਖਣ ਅਤੇ ਉਹ ਉਸ ਨੂੰ ਚੋਬਾਂ ਉੱਤੇ ਧਰਨ।
11“ਸੋਨੇ ਦੀ ਜਗਵੇਦੀ ਉੱਤੇ ਇੱਕ ਨੀਲਾ ਕੱਪੜਾ ਵਿਛਾ ਕੇ ਉਸ ਨੂੰ ਬੱਕਰਿਆਂ ਦੀਆਂ ਖੱਲਾਂ ਨਾਲ ਢੱਕਣ ਅਤੇ ਉਸ ਦੇ ਡੰਡੇ ਪਾਉਣ।
12“ਉਹ ਪਵਿੱਤਰ ਸਥਾਨ ਵਿੱਚ ਸੇਵਾ ਕਰਨ ਲਈ ਵਰਤੀਆਂ ਜਾਣ ਵਾਲੀਆਂ ਸਾਰੀਆਂ ਵਸਤੂਆਂ ਨੂੰ ਲੈ ਕੇ ਉਹਨਾਂ ਨੂੰ ਇੱਕ ਨੀਲੇ ਕੱਪੜੇ ਵਿੱਚ ਲਪੇਟਣ, ਤੇ ਉਹਨਾਂ ਨੂੰ ਸਮੁੰਦਰੀ ਜੀਵ ਦੀਆਂ ਖੱਲਾਂ ਦੇ ਵਿੱਚ ਕੱਜਣ ਅਤੇ ਉਹਨਾਂ ਨੂੰ ਡੰਡੇ ਉੱਤੇ ਰੱਖਣ।
13“ਉਹ ਜਗਵੇਦੀ ਤੋਂ ਰਾਖ ਕੱਢ ਦੇਣਗੇ ਅਤੇ ਇਸਨੂੰ ਜਾਮਨੀ ਕੱਪੜੇ ਨਾਲ ਢੱਕ ਦੇਣਗੇ। 14ਤਦ ਉਹ ਜਗਵੇਦੀ ਦੀ ਸੇਵਾ ਕਰਨ ਲਈ ਵਰਤੇ ਜਾਣ ਵਾਲੇ ਸਾਰੇ ਭਾਂਡੇ ਰੱਖਣ, ਜਿਸ ਵਿੱਚ ਚੁੱਲ੍ਹੇ, ਮਾਸ ਦੇ ਕਾਂਟੇ, ਕੜਛੇ ਅਤੇ ਛਿੜਕਣ ਦੇ ਕਟੋਰੇ ਸ਼ਾਮਲ ਹਨ ਅਤੇ ਉਹ ਦੇ ਉੱਤੇ ਬੱਕਰਿਆਂ ਦੀਆ ਖੱਲਾਂ ਵਿਛਾਉਣ ਅਤੇ ਉਸ ਦੀਆਂ ਚੋਬਾਂ ਪਾਉਣ।
15“ਜਦੋਂ ਹਾਰੋਨ ਅਤੇ ਉਸਦੇ ਪੁੱਤਰ ਪਵਿੱਤਰ ਚੀਜ਼ਾਂ ਅਤੇ ਪਵਿੱਤਰ ਸਥਾਨ ਦੀਆਂ ਸਾਰੀਆਂ ਪਵਿੱਤਰ ਵਸਤੂਆਂ ਨੂੰ ਢੱਕ ਲੈਣ, ਅਤੇ ਜਦੋਂ ਤੰਬੂ ਜਾਣ ਲਈ ਤਿਆਰ ਹੋਣਗੇ, ਕੇਵਲ ਤਦ ਹੀ ਕੋਹਾਥੀਆਂ ਉਸ ਨੂੰ ਚੁੱਕਣ, ਪਰ ਉਹ ਕਿਸੇ ਪਵਿੱਤਰ ਚੀਜ਼ ਨੂੰ ਨਾ ਛੂਹਣ, ਨਹੀਂ ਤਾਂ ਉਹ ਮਰ ਜਾਣਗੇ! ਕੋਹਾਥੀ ਸਿਰਫ ਇਹ ਚੀਜ਼ਾਂ ਦਾ ਭਾਰ ਹੀ ਉਠਾਉਣ ਜੋ ਮੰਡਲੀ ਵਾਲੇ ਤੰਬੂ ਵਿੱਚ ਹਨ।
16“ਜਾਜਕ ਹਾਰੋਨ ਦੇ ਪੁੱਤਰ ਅਲਆਜ਼ਾਰ ਨੂੰ ਰੋਸ਼ਨੀ ਲਈ ਤੇਲ, ਸੁਗੰਧਿਤ ਧੂਪ, ਮੈਦੇ ਦੀ ਭੇਟ ਅਤੇ ਮਸਹ ਕਰਨ ਦੇ ਤੇਲ ਦੀ ਜ਼ਿੰਮੇਵਾਰੀ ਲੈਣ। ਉਹ ਸਾਰੇ ਤੰਬੂ ਅਤੇ ਇਸ ਵਿੱਚਲੀ ਹਰ ਚੀਜ਼ ਦੀ ਅਤੇ ਇਸ ਦੇ ਪਵਿੱਤਰ ਸਮਾਨ ਅਤੇ ਵਸਤੂਆਂ ਦੀ ਦੇਖਭਾਲ ਕਰੇ।”
17ਯਾਹਵੇਹ ਨੇ ਮੋਸ਼ੇਹ ਅਤੇ ਹਾਰੋਨ ਨੂੰ ਆਖਿਆ, 18“ਦੇਖੋ ਕਿ ਲੇਵੀਆਂ ਵਿੱਚੋਂ ਕੋਹਾਥੀ ਗੋਤਾਂ ਦਾ ਨਾਸ਼ ਨਾ ਹੋਣ ਦੇਣਾ। 19ਪਰ ਜਦੋਂ ਉਹ ਪਵਿੱਤਰ ਚੀਜ਼ਾਂ ਦੇ ਨੇੜੇ ਜਾਂਦੇ ਹਨ, ਤਾਂ ਉਨ੍ਹਾਂ ਦੀਆਂ ਜਾਨਾਂ ਬਚਾਉਣ ਲਈ ਇਹ ਕੀਤਾ ਜਾਣਾ ਚਾਹੀਦਾ ਹੈ: ਹਾਰੋਨ ਅਤੇ ਉਸਦੇ ਪੁੱਤਰ ਉਨ੍ਹਾਂ ਦੇ ਨਾਲ ਅੰਦਰ ਪਵਿੱਤਰ ਸਾਥਨ ਜਾਣ ਅਤੇ ਹਰੇਕ ਨੂੰ ਉਨ੍ਹਾਂ ਨੂੰ ਦਿੱਤਾ ਗਿਆ ਕੰਮ ਦੇਣ। 20ਪਰ ਕੋਹਾਥੀ ਇੱਕ ਪਲ ਲਈ ਵੀ ਪਵਿੱਤਰ ਵਸਤੂਆਂ ਨੂੰ ਵੇਖਣ ਲਈ ਅੰਦਰ ਨਾ ਜਾਣ, ਨਹੀਂ ਤਾਂ ਉਹ ਮਰ ਜਾਣਗੇ।”
ਗੇਰਸ਼ੋਨੀਆਂ ਦੇ ਲੋਕ
21ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, 22“ਗੇਰਸ਼ੋਨੀਆਂ ਦੀ ਵੀ ਉਹਨਾਂ ਦੇ ਘਰਾਣਿਆਂ ਅਤੇ ਗੋਤਾਂ ਅਨੁਸਾਰ ਗਿਣਤੀ ਕਰ। 23ਤੀਹ ਤੋਂ ਪੰਜਾਹ ਸਾਲਾਂ ਦੇ ਸਾਰੇ ਆਦਮੀਆਂ ਦੀ ਗਿਣਤੀ ਕਰ ਜਿਹੜੇ ਮੰਡਲੀ ਵਾਲੇ ਤੰਬੂ ਵਿੱਚ ਕੰਮ ਕਰਨ ਲਈ ਆਉਂਦੇ ਹਨ।
24“ਗੇਰਸ਼ੋਨੀਆਂ ਦੇ ਘਰਾਣਿਆਂ ਦੀ ਟਹਿਲ ਸੇਵਾ ਅਰਥਾਤ ਢੋਣ-ਢੁਆਈ ਦੀ ਟਹਿਲ ਸੇਵਾ ਇਹ ਹੈ, 25ਉਹ ਪਵਿੱਤਰ ਤੰਬੂ, ਮੰਡਲੀ ਦੇ ਤੰਬੂ, ਭੇਡ ਦੀ ਖੱਲ ਦਾ ਪਰਦਾ, ਮੰਡਲੀ ਦੇ ਤੰਬੂ ਦੇ ਪ੍ਰਵੇਸ਼ ਦੁਆਰ ਦੇ ਪਰਦੇ ਅਤੇ ਢੱਕਣ ਨੂੰ ਚੁੱਕਣ। 26ਤੰਬੂ ਅਤੇ ਜਗਵੇਦੀ ਦੇ ਆਲੇ-ਦੁਆਲੇ ਦੇ ਵਿਹੜੇ ਦੇ ਪਰਦੇ, ਵਿਹੜੇ ਦੇ ਪ੍ਰਵੇਸ਼ ਦੁਆਰ ਲਈ ਪਰਦੇ, ਰੱਸੀਆਂ ਅਤੇ ਤੰਬੂ ਦੀ ਸੇਵਾ ਵਿੱਚ ਵਰਤਿਆ ਜਾਣ ਵਾਲਾ ਸਾਰਾ ਸਾਮਾਨ। ਗੇਰਸ਼ੋਨੀਆਂ ਨੂੰ ਉਹ ਸਭ ਕੁਝ ਕਰਨਾ ਚਾਹੀਦਾ ਹੈ ਜੋ ਇਨ੍ਹਾਂ ਚੀਜ਼ਾਂ ਨਾਲ ਕਰਨ ਦੀ ਲੋੜ ਹੈ। 27ਗੇਰਸ਼ੋਨੀਆਂ ਦੀ ਸਾਰੀ ਸੇਵਾ, ਭਾਵੇਂ ਢੋਣ-ਢੁਆਈ ਜਾਂ ਕੋਈ ਹੋਰ ਕੰਮ, ਹਾਰੋਨ ਅਤੇ ਹਾਰੋਨ ਦੇ ਪੁੱਤਰਾਂ ਦੀ ਅਗਵਾਈ ਨਾਲ ਸਾਰੀ ਟਹਿਲ ਸੇਵਾ ਕਰਨ। 28ਇਹ ਮੰਡਲੀ ਦੇ ਤੰਬੂ ਵਿੱਚ ਗੇਰਸ਼ੋਨੀਆਂ ਦੇ ਗੋਤਾਂ ਦੀ ਸੇਵਾ ਹੋਵੇਗੀ, ਉਹਨਾਂ ਦੀਆਂ ਜ਼ਿੰਮੇਵਾਰੀਆਂ ਹਾਰੋਨ ਦੇ ਪੁੱਤਰ ਈਥਾਮਾਰ, ਜਾਜਕ ਦੇ ਨਿਰਦੇਸ਼ਾਂ ਅਧੀਨ ਹੋਣਗੀਆਂ।
ਮੇਰਾਰੀਆਂ ਲਈ ਨਿਯੁਕਤ ਕੰਮ
29“ਮੇਰਾਰੀਆਂ ਨੂੰ ਉਹਨਾਂ ਦੇ ਗੋਤਾਂ ਅਤੇ ਪਰਿਵਾਰਾਂ ਅਨੁਸਾਰ ਗਿਣਤੀ ਕਰੋ। 30ਤੀਹ ਤੋਂ ਪੰਜਾਹ ਸਾਲਾਂ ਦੇ ਸਾਰੇ ਆਦਮੀਆਂ ਦੀ ਗਿਣਤੀ ਕਰੋ ਜਿਹੜੇ ਮੰਡਲੀ ਵਾਲੇ ਤੰਬੂ ਵਿੱਚ ਕੰਮ ਕਰਨ ਲਈ ਆਉਂਦੇ ਹਨ। 31ਤੰਬੂ ਵਿੱਚ ਆਪਣੀ ਸਾਰੀ ਸੇਵਾ ਦੇ ਹਿੱਸੇ ਵਜੋਂ, ਉਹ ਡੇਰੇ ਦੀਆਂ ਫੱਟੀਆਂ, ਉਸ ਦੀਆਂ ਹੋੜੇ, ਚੌਂਕੀਆਂ ਅਤੇ ਨੀਹਾਂ, 32ਅਤੇ ਨਾਲ ਹੀ ਆਲੇ-ਦੁਆਲੇ ਦੇ ਵਿਹੜੇ ਦੀਆਂ ਚੌਂਕੀਆਂ, ਤੰਬੂ ਦੇ ਖੰਭੇ ਰੱਸੀਆਂ ਨੂੰ ਚੁੱਕਣ, ਉਹਨਾਂ ਦੇ ਸਾਰੇ ਉਪਕਰਣ ਅਤੇ ਉਹਨਾਂ ਦੀ ਵਰਤੋਂ ਨਾਲ ਸਬੰਧਤ ਹਰ ਚੀਜ਼ ਅਤੇ ਤੁਸੀਂ ਨਾਮਾਂ ਅਨੁਸਾਰ ਸਮਾਨ ਚੁੱਕਣ ਲਈ ਉਹਨਾਂ ਦੀ ਜ਼ਿੰਮੇਵਾਰੀ ਠਹਿਰਾਓ। 33ਇਹ ਮੇਰਾਰੀ ਗੋਤਾਂ ਦੀ ਸੇਵਾ ਹੈ ਕਿਉਂਕਿ ਉਹ ਜਾਜਕ ਹਾਰੋਨ ਦੇ ਪੁੱਤਰ ਈਥਾਮਾਰ ਦੀ ਅਗਵਾਈ ਵਿੱਚ ਮੰਡਲੀ ਦੇ ਤੰਬੂ ਵਿੱਚ ਕੰਮ ਕਰਦੇ ਹਨ।”
ਲੇਵੀਆਂ ਦੇ ਪਰਿਵਾਰ-ਸਮੂਹਾਂ ਦੀ ਗਿਣਤੀ
34ਮੋਸ਼ੇਹ, ਹਾਰੋਨ ਅਤੇ ਕੌਮ ਦੇ ਆਗੂਆਂ ਨੇ ਕੋਹਾਥੀਆਂ ਨੂੰ ਉਹਨਾਂ ਦੇ ਪਰਿਵਾਰ-ਸਮੂਹਾਂ ਅਨੁਸਾਰ ਗਿਣਿਆ।
35ਤੀਹ ਤੋਂ ਪੰਜਾਹ ਸਾਲਾਂ ਦੇ ਸਾਰੇ ਆਦਮੀ ਜਿਹੜੇ ਮੰਡਲੀ ਵਾਲੇ ਤੰਬੂ ਵਿੱਚ ਕੰਮ ਕਰਨ ਲਈ ਆਏ ਸਨ, 36ਗੋਤਾਂ ਵਿੱਚ ਗਿਣੇ ਗਏ ਜੋ 2,750 ਸਨ। 37ਇਹ ਉਹਨਾਂ ਸਾਰੇ ਕੋਹਾਥੀਆਂ ਦੇ ਪਰਿਵਾਰ-ਸਮੂਹਾਂ ਵਿੱਚੋਂ ਸਨ ਜਿਨ੍ਹਾਂ ਨੇ ਮੰਡਲੀ ਵਾਲੇ ਤੰਬੂ ਵਿੱਚ ਸੇਵਾ ਕੀਤੀ। ਮੋਸ਼ੇਹ ਅਤੇ ਹਾਰੋਨ ਨੇ ਉਹਨਾਂ ਨੂੰ ਮੋਸ਼ੇਹ ਰਾਹੀਂ ਯਾਹਵੇਹ ਦੇ ਹੁਕਮ ਅਨੁਸਾਰ ਗਿਣਿਆ।
38ਗੇਰਸ਼ੋਨੀਆਂ ਨੂੰ ਉਹਨਾਂ ਦੇ ਗੋਤਾਂ ਅਤੇ ਪਰਿਵਾਰਾਂ ਅਨੁਸਾਰ ਗਿਣਿਆ ਗਿਆ।
39ਤੀਹ ਤੋਂ ਪੰਜਾਹ ਸਾਲਾਂ ਦੇ ਸਾਰੇ ਮਨੁੱਖ ਜਿਹੜੇ ਕੰਮ ਕਰਨ ਯੋਗ ਹੋਣ ਉਹ ਮੰਡਲੀ ਦੇ ਤੰਬੂ ਵਿੱਚ ਸੇਵਾ ਕਰਨ। 40ਆਪੋ-ਆਪਣੇ ਟੱਬਰਾਂ ਅਤੇ ਘਰਾਣਿਆ ਅਨੁਸਾਰ ਗਿਣੇ ਗਏ ਜੋ 2,630 ਸਨ। 41ਇਹ ਗੇਰਸ਼ੋਨੀਆਂ ਦੇ ਗੋਤ ਵਿੱਚੋਂ ਜਿਹੜੇ ਮੰਡਲੀ ਵਾਲੇ ਤੰਬੂ ਵਿੱਚ ਸੇਵਾ ਕਰਦੇ ਇਹੋ ਹੀ ਸਨ ਅਰਥਾਤ ਜਿਨ੍ਹਾਂ ਨੂੰ ਮੋਸ਼ੇਹ ਅਤੇ ਹਾਰੋਨ ਨੇ ਯਾਹਵੇਹ ਦੇ ਹੁਕਮ ਅਨੁਸਾਰ ਗਿਣਿਆ।
42ਮੇਰਾਰੀਆਂ ਨੂੰ ਉਹਨਾਂ ਦੇ ਗੋਤਾਂ ਅਤੇ ਪਰਿਵਾਰਾਂ ਅਨੁਸਾਰ ਗਿਣਿਆ ਗਿਆ।
43ਤੀਹ ਤੋਂ ਪੰਜਾਹ ਸਾਲਾਂ ਦੇ ਸਾਰੇ ਮਨੁੱਖ ਜਿਹੜੇ ਮੰਡਲੀ ਵਾਲੇ ਤੰਬੂ ਵਿੱਚ ਕੰਮ ਕਰਨ ਲਈ ਆਏ ਸਨ, 44ਆਪੋ-ਆਪਣੇ ਗੋਤਾਂ ਅਨੁਸਾਰ ਗਿਣੇ ਗਏ ਜੋ 3,200 ਸਨ। 45ਇਹ ਮੇਰਾਰੀ ਗੋਤਾਂ ਦੀ ਕੁੱਲ ਗਿਣਤੀ ਸੀ ਜਿਨ੍ਹਾਂ ਨੂੰ ਮੋਸ਼ੇਹ ਅਤੇ ਹਾਰੋਨ ਨੇ ਉਹਨਾਂ ਨੂੰ ਮੋਸ਼ੇਹ ਰਾਹੀਂ ਯਾਹਵੇਹ ਦੇ ਹੁਕਮ ਅਨੁਸਾਰ ਗਿਣਿਆ।
46ਇਸ ਲਈ ਮੋਸ਼ੇਹ, ਹਾਰੋਨ ਅਤੇ ਇਸਰਾਏਲ ਦੇ ਆਗੂਆਂ ਨੇ ਸਾਰੇ ਲੇਵੀਆਂ ਨੂੰ ਉਹਨਾਂ ਦੇ ਪਰਿਵਾਰ-ਸਮੂਹਾਂ ਅਨੁਸਾਰ ਗਿਣਿਆ। 47ਤੀਹ ਤੋਂ ਪੰਜਾਹ ਸਾਲਾਂ ਦੇ ਸਾਰੇ ਮਨੁੱਖ ਜਿਹੜੇ ਮੰਡਲੀ ਦੇ ਤੰਬੂ ਦੀ ਸੇਵਾ ਕਰਨ ਅਤੇ ਢੋਣ ਦਾ ਕੰਮ ਕਰਨ ਆਏ ਸਨ। 48ਉਹਨਾਂ ਦੀ ਗਿਣਤੀ 8,580 ਸੀ, 49ਮੋਸ਼ੇਹ ਦੁਆਰਾ ਯਾਹਵੇਹ ਦੇ ਹੁਕਮ ਅਨੁਸਾਰ, ਹਰੇਕ ਨੂੰ ਆਪਣਾ ਕੰਮ ਸੌਂਪਿਆ ਗਿਆ ਅਤੇ ਦੱਸਿਆ ਗਿਆ ਕਿ ਕੀ ਚੁੱਕਣਾ ਹੈ।
ਇਸ ਤਰ੍ਹਾਂ ਉਹ ਗਿਣੇ ਗਏ ਜਿਵੇਂ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।

Currently Selected:

ਗਿਣਤੀ 4: PCB

Highlight

Copy

Compare

Share

None

Want to have your highlights saved across all your devices? Sign up or sign in

Video for ਗਿਣਤੀ 4