Bible App logo
Search Icon

ਗਿਣਤੀ 35

35
ਲੇਵੀਆਂ ਲਈ ਨਗਰ
1ਯਰੀਹੋ ਤੋਂ ਪਾਰ ਯਰਦਨ ਦੇ ਕੰਢੇ ਮੋਆਬ ਦੇ ਮੈਦਾਨ ਵਿੱਚ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, 2“ਇਸਰਾਏਲੀਆਂ ਨੂੰ ਹੁਕਮ ਦੇ, ਕਿ ਉਹ ਜ਼ਮੀਨ ਉਹਨਾਂ ਦੀ ਵਿਰਾਸਤ ਵਿੱਚੋਂ ਲੇਵੀਆਂ ਨੂੰ ਦੇ ਦੇਣ ਤਾਂ ਜੋ ਉਹ ਉਹਨਾਂ ਵਿੱਚ ਰਹਿ ਸਕਣ। ਤੁਸੀਂ ਲੇਵੀਆਂ ਨੂੰ ਸ਼ਹਿਰਾਂ ਦੇ ਆਲੇ-ਦੁਆਲੇ ਚਰਾਗਾਹ ਵੀ ਦਿਓਗੇ। 3ਤਦ ਉਹਨਾਂ ਕੋਲ ਰਹਿਣ ਲਈ ਨਗਰ ਹੋਣਗੇ ਅਤੇ ਉਹਨਾਂ ਦੇ ਪਸ਼ੂਆਂ ਲਈ ਅਤੇ ਉਹਨਾਂ ਦੇ ਹੋਰ ਸਾਰੇ ਜਾਨਵਰਾਂ ਲਈ ਚਰਾਗਾਹ ਹੋਣਗੇ।
4“ਉਹਨਾਂ ਨਗਰਾਂ ਦੇ ਆਲੇ-ਦੁਆਲੇ ਦੀਆਂ ਚਰਾਗਾਹਾਂ ਜਿਹੜੀਆਂ ਤੁਸੀਂ ਲੇਵੀਆਂ ਨੂੰ ਦਿੰਦੇ ਹੋ, ਕਸਬੇ ਦੀ ਕੰਧ ਤੋਂ ਇੱਕ ਹਜ਼ਾਰ ਹੱਥ#35:4 ਲਗਭਗ 1,500 ਫੁੱਟ ਲੰਮਾ ਹੋਵੇਗਾ। 5ਨਗਰ ਦੇ ਬਾਹਰ, ਪੂਰਬ ਵਾਲੇ ਪਾਸੇ ਦੋ ਹਜ਼ਾਰ ਹੱਥ#35:5 ਲਗਭਗ 300 ਫੁੱਟ ਮਿਣੋ, ਦੱਖਣ ਵਾਲੇ ਪਾਸੇ ਦੋ ਹਜ਼ਾਰ, ਪੱਛਮ ਵੱਲ ਦੋ ਹਜ਼ਾਰ ਅਤੇ ਉੱਤਰ ਵੱਲ ਦੋ ਹਜ਼ਾਰ ਅਤੇ ਸ਼ਹਿਰ ਦੇ ਵਿਚਕਾਰ ਹੋਵੇ। ਉਹਨਾਂ ਕੋਲ ਇਹ ਇਲਾਕਾ ਕਸਬਿਆਂ ਲਈ ਸ਼ਾਮਲਾਟ ਵਜੋਂ ਹੋਵੇਗਾ।
ਪਨਾਹ ਦੇ ਸ਼ਹਿਰ
6“ਜਿਹੜੇ ਨਗਰ ਤੁਸੀਂ ਲੇਵੀਆਂ ਨੂੰ ਦਿੰਦੇ ਹੋ, ਉਹਨਾਂ ਵਿੱਚੋਂ ਛੇ ਪਨਾਹ ਦੇ ਸ਼ਹਿਰ ਹੋਣਗੇ, ਜਿਨ੍ਹਾਂ ਨੂੰ ਤੁਸੀਂ ਖੂਨੀ ਦੇ ਭੱਜ ਜਾਣ ਲਈ ਠਹਿਰਾਓ ਅਤੇ ਇਸ ਤੋਂ ਇਲਾਵਾ, ਉਹਨਾਂ ਨੂੰ ਬਤਾਲੀ ਹੋਰ ਨਗਰ ਦੇ ਦਿਓ। 7ਤੁਸੀਂ ਕੁੱਲ ਮਿਲਾ ਕੇ ਲੇਵੀਆਂ ਨੂੰ ਉਹਨਾਂ ਦੀਆਂ ਚਰਾਗਾਹਾਂ ਸਮੇਤ ਅਠਤਾਲੀ ਨਗਰ ਦੇ ਦਿਓ। 8ਜਿਹੜੇ ਨਗਰ ਤੁਸੀਂ ਇਸਰਾਏਲੀਆਂ ਦੀ ਧਰਤੀ ਤੋਂ ਲੇਵੀਆਂ ਨੂੰ ਦਿੰਦੇ ਹੋ, ਉਹ ਹਰੇਕ ਗੋਤ ਦੀ ਵਿਰਾਸਤ ਦੇ ਅਨੁਪਾਤ ਵਿੱਚ ਦਿੱਤੇ ਜਾਣ ਜਿਸ ਗੋਤ ਵਿੱਚੋਂ ਬਹੁਤ ਸਾਰੇ ਨਗਰ ਹਨ, ਉਸ ਕੋਲੋਂ ਬਹੁਤ ਸਾਰੇ ਨਗਰ ਲੈ ਲਵੋ ਪਰ ਜਿਸ ਕੋਲ ਥੋੜ੍ਹੇ ਹਨ ਉਹਨਾਂ ਕੋਲੋਂ ਥੋੜ੍ਹੇ ਲੈ ਲਵੋ।”
9ਤਦ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, 10“ਇਸਰਾਏਲੀਆਂ ਨਾਲ ਗੱਲ ਕਰ ਅਤੇ ਉਹਨਾਂ ਨੂੰ ਆਖ, ‘ਜਦੋਂ ਤੁਸੀਂ ਯਰਦਨ ਪਾਰ ਕਰਕੇ ਕਨਾਨ ਵਿੱਚ ਜਾਵੋਂਗੇ, 11ਤਾਂ ਤੁਸੀਂ ਆਪਣੇ ਲਈ ਨਗਰ ਠਹਿਰਾਓ ਜਿਹੜੇ ਤੁਹਾਡੇ ਲਈ ਪਨਾਹ ਦੇ ਨਗਰ ਹੋਣ ਜਿੱਥੇ ਖੂਨੀ ਭੱਜ ਜਾਵੇ ਜਿਸ ਕਿਸੇ ਨੂੰ ਭੁੱਲ ਨਾਲ ਮਾਰਿਆ ਹੋਵੇ। 12ਅਤੇ ਇਹ ਨਗਰ ਤੁਹਾਡੇ ਲਈ ਬਦਲਾ ਲੈਣ ਵਾਲੇ ਤੋਂ ਪਨਾਹ ਲਈ ਹੋਣ ਤਾਂ ਜੋ ਖੂਨੀ ਮਰ ਨਾ ਜਾਵੇ ਜਿੰਨਾਂ ਚਿਰ ਉਹ ਮੰਡਲੀ ਦੇ ਅੱਗੇ ਨਿਆਂ ਲਈ ਖੜ੍ਹਾ ਨਾ ਕੀਤਾ ਜਾਵੇ। 13ਇਹ ਛੇ ਨਗਰ ਜੋ ਤੁਸੀਂ ਦਿੰਦੇ ਹੋ ਉਹ ਤੁਹਾਡੇ ਪਨਾਹ ਦੇ ਸ਼ਹਿਰ ਹੋਣਗੇ। 14ਤਿੰਨ ਯਰਦਨ ਦੇ ਇਸ ਪਾਸੇ ਅਤੇ ਤਿੰਨ ਕਨਾਨ ਵਿੱਚ ਪਨਾਹ ਦੇ ਸ਼ਹਿਰਾਂ ਵਜੋਂ ਹੋਣ। 15ਇਹ ਛੇ ਨਗਰ ਇਸਰਾਏਲੀਆਂ ਅਤੇ ਉਹਨਾਂ ਵਿੱਚ ਰਹਿਣ ਵਾਲੇ ਪਰਦੇਸੀਆਂ ਲਈ ਪਨਾਹ ਦਾ ਸਥਾਨ ਹੋਣਗੇ, ਤਾਂ ਜੋ ਕੋਈ ਵੀ ਜਿਸ ਨੇ ਗਲਤੀ ਨਾਲ ਕਿਸੇ ਹੋਰ ਨੂੰ ਮਾਰਿਆ ਹੋਵੇ, ਉੱਥੋਂ ਭੱਜ ਜਾਵੇ।
16“ ‘ਜੇ ਕੋਈ ਕਿਸੇ ਨੂੰ ਲੋਹੇ ਦੀ ਚੀਜ਼ ਨਾਲ ਘਾਤਕ ਸੱਟ ਮਾਰਦਾ ਹੈ ਅਤੇ ਉਹ ਵਿਅਕਤੀ ਮਰ ਗਿਆ ਹੋਵੇ, ਤਾਂ ਕਾਤਲ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ। 17ਜਾਂ ਜੇ ਕੋਈ ਹੱਥ ਵਿੱਚ ਪੱਥਰ ਲੈ ਕੇ ਜਿਸ ਤੋਂ ਕੋਈ ਮਰ ਸਕੇ ਕਿਸੇ ਨੂੰ ਮਾਰਿਆ ਹੋਵੇ ਅਤੇ ਉਹ ਮਰ ਗਿਆ ਹੋਵੇ ਤਾਂ ਇਹ ਕਤਲ ਹੈ ਅਤੇ ਕਾਤਲ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ। 18ਜਾਂ ਜੇ ਕੋਈ ਲੱਕੜੀ ਦੇ ਹਥਿਆਰ ਨੂੰ ਹੱਥ ਵਿੱਚ ਲੈ ਕੇ ਜਿਸ ਤੋਂ ਕੋਈ ਮਰ ਸਕੇ ਉਹ ਨੂੰ ਮਾਰਿਆ ਹੋਵੇ ਅਤੇ ਉਹ ਮਰ ਗਿਆ ਹੋਵੇ ਤਾਂ ਇਹ ਕਤਲ ਹੈ ਅਤੇ ਕਾਤਲ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ। 19ਖੂਨ ਦਾ ਬਦਲਾ ਲੈਣ ਵਾਲਾ ਆਪ ਉਸ ਖੂਨੀ ਨੂੰ ਮਾਰੇ ਜਦ ਉਹ ਉਸ ਨੂੰ ਲੱਭੇ ਤਾਂ ਉਹ ਉਸਨੂੰ ਮਾਰ ਸੁੱਟੇ। 20ਜੇ ਕੋਈ ਕਿਸੇ ਨੂੰ ਵੈਰ ਨਾਲ ਧੱਕਾ ਮਾਰੇ ਜਾਂ ਘਾਤ ਲਾ ਕੇ ਉਸ ਉੱਤੇ ਕੁਝ ਸੁੱਟਿਆ ਹੋਵੇ ਕਿ ਉਹ ਮਰ ਜਾਵੇ। 21ਜਾਂ ਜੇ ਦੁਸ਼ਮਣੀ ਦੇ ਕਾਰਨ ਇੱਕ ਵਿਅਕਤੀ ਦੂਜੇ ਨੂੰ ਆਪਣੀ ਮੁੱਠੀ ਨਾਲ ਮਾਰਦਾ ਹੈ ਤਾਂ ਜੋ ਦੂਜਾ ਮਰ ਜਾਵੇ, ਉਹ ਵਿਅਕਤੀ ਮਾਰਿਆ ਜਾਵੇ। ਉਹ ਵਿਅਕਤੀ ਇੱਕ ਕਾਤਲ ਹੈ। ਖੂਨ ਦਾ ਬਦਲਾ ਲੈਣ ਵਾਲੇ ਕਾਤਲ ਨੂੰ ਮੌਤ ਦੇ ਘਾਟ ਉਤਾਰ ਦੇਵੇ ਜਦੋਂ ਉਹ ਮਿਲੇ।
22“ ‘ਪਰ ਜੇ ਕੋਈ ਦੁਸ਼ਮਣੀ ਦੇ ਬਿਨਾਂ ਅਚਾਨਕ ਕਿਸੇ ਹੋਰ ਵਿਅਕਤੀ ਨੂੰ ਧੱਕਾ ਦੇ ਦੇਵੇ ਜਾਂ ਅਣਜਾਣੇ ਵਿੱਚ ਕੋਈ ਚੀਜ਼ ਸੁੱਟ ਦੇਵੇ 23ਜਾਂ, ਉਹਨਾਂ ਨੂੰ ਵੇਖੇ ਬਿਨਾਂ, ਉਹਨਾਂ ਨੂੰ ਮਾਰਨ ਲਈ ਇੱਕ ਭਾਰੀ ਪੱਥਰ ਉਹਨਾਂ ਉੱਤੇ ਸੁੱਟ ਦੇਵੇ ਅਤੇ ਉਹ ਮਰ ਜਾਣ, ਤਾਂ ਉਹ ਦੂਜਾ ਵਿਅਕਤੀ ਕੋਈ ਦੁਸ਼ਮਣ ਨਹੀਂ ਸੀ ਅਤੇ ਕਿਸੇ ਨੁਕਸਾਨ ਦਾ ਇਰਾਦਾ ਨਹੀਂ ਸੀ, 24ਮੰਡਲੀ ਨੂੰ ਮਾਰਨ ਵਾਲਾ ਅਤੇ ਖੂਨ ਦਾ ਬਦਲਾ ਲੈਣ ਵਾਲਾ ਇਨ੍ਹਾਂ ਨਿਯਮਾਂ ਦੇ ਅਨੁਸਾਰ ਫ਼ੈਸਲਾ ਕਰੇ। 25ਸਭਾ ਨੂੰ ਖੂਨ ਦਾ ਬਦਲਾ ਲੈਣ ਵਾਲੇ ਇੱਕ ਕਤਲ ਦੇ ਦੋਸ਼ੀ ਨੂੰ ਬਚਾਉਣਾ ਚਾਹੀਦਾ ਹੈ ਅਤੇ ਦੋਸ਼ੀ ਨੂੰ ਪਨਾਹ ਦੇ ਸ਼ਹਿਰ ਵਿੱਚ ਵਾਪਸ ਭੇਜ ਦੇਣ ਜਿੱਥੇ ਉਹ ਭੱਜ ਗਏ ਸਨ। ਦੋਸ਼ੀ ਨੂੰ ਪ੍ਰਧਾਨ ਜਾਜਕ ਦੀ ਮੌਤ ਤੱਕ ਉੱਥੇ ਰਹਿਣਾ ਚਾਹੀਦਾ ਹੈ, ਜਿਸਨੂੰ ਪਵਿੱਤਰ ਤੇਲ ਨਾਲ ਮਸਹ ਕੀਤਾ ਗਿਆ ਸੀ।
26“ ‘ਪਰ ਜੇ ਦੋਸ਼ੀ ਪਨਾਹ ਦੇ ਸ਼ਹਿਰ ਦੀ ਹੱਦ ਤੋਂ ਬਾਹਰ ਜਾਂਦਾ ਹੈ ਜਿੱਥੇ ਉਹ ਭੱਜ ਗਏ ਸਨ। 27ਅਤੇ ਲਹੂ ਦਾ ਬਦਲਾ ਲੈਣ ਵਾਲਾ ਉਹਨਾਂ ਨੂੰ ਪਨਾਹ ਦੇ ਸ਼ਹਿਰ ਤੋਂ ਬਾਹਰ ਲੱਭਦਾ ਹੈ, ਲਹੂ ਦਾ ਬਦਲਾ ਲੈਣ ਵਾਲਾ ਦੋਸ਼ੀ ਨੂੰ ਕਤਲ ਕੀਤੇ ਬਿਨਾਂ ਮਾਰ ਸਕਦਾ ਹੈ। 28ਦੋਸ਼ੀ ਨੂੰ ਸਰਦਾਰ ਜਾਜਕ ਦੀ ਮੌਤ ਤੱਕ ਪਨਾਹ ਦੇ ਸ਼ਹਿਰ ਵਿੱਚ ਰਹਿਣਾ ਚਾਹੀਦਾ ਹੈ, ਮੁੱਖ ਜਾਜਕ ਦੀ ਮੌਤ ਤੋਂ ਬਾਅਦ ਹੀ ਉਹ ਆਪਣੀ ਜਾਇਦਾਦ ਵਿੱਚ ਵਾਪਸ ਆ ਸਕਦੇ ਹਨ।
29“ ‘ਇਹ ਹੈ ਕਿ ਤੁਸੀਂ ਜਿੱਥੇ ਵੀ ਰਹਿੰਦੇ ਹੋ, ਆਉਣ ਵਾਲੀਆਂ ਪੀੜ੍ਹੀਆਂ ਤੱਕ ਤੁਹਾਡੇ ਲਈ ਕਾਨੂੰਨ ਦਾ ਬਲ ਬਣਿਆ ਰਹੇ।
30“ ‘ਜਿਹੜਾ ਵੀ ਵਿਅਕਤੀ ਕਿਸੇ ਵਿਅਕਤੀ ਨੂੰ ਮਾਰਦਾ ਹੈ, ਉਸਨੂੰ ਸਿਰਫ ਗਵਾਹਾਂ ਦੀ ਗਵਾਹੀ ਉੱਤੇ ਹੀ ਕਤਲ ਕੀਤਾ ਜਾਣਾ ਚਾਹੀਦਾ ਹੈ। ਪਰ ਸਿਰਫ ਇੱਕ ਗਵਾਹ ਦੀ ਗਵਾਹੀ ਉੱਤੇ ਕਿਸੇ ਨੂੰ ਵੀ ਮੌਤ ਦੀ ਸਜ਼ਾ ਨਹੀਂ ਦਿੱਤੀ ਜਾਵੇ।
31“ ‘ਕਿਸੇ ਕਾਤਲ ਦੀ ਜ਼ਿੰਦਗੀ ਲਈ ਰਿਹਾਈ ਦੀ ਕੀਮਤ ਸਵੀਕਾਰ ਨਾ ਕਰੋ, ਜੋ ਮੌਤ ਦਾ ਦੋਸ਼ੀ ਹੋਵੇ। ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਜਾਣਾ ਹੈ।
32“ ‘ਉਸ ਕਿਸੇ ਵੀ ਵਿਅਕਤੀ ਲਈ ਰਿਹਾਈ ਦੀ ਕੀਮਤ ਸਵੀਕਾਰ ਨਾ ਕਰੋ ਜੋ ਪਨਾਹ ਦੇ ਸ਼ਹਿਰ ਵਿੱਚ ਭੱਜ ਗਿਆ ਹੈ ਅਤੇ ਇਸ ਲਈ ਪ੍ਰਧਾਨ ਜਾਜਕ ਦੀ ਮੌਤ ਤੋਂ ਪਹਿਲਾਂ ਉਹਨਾਂ ਨੂੰ ਵਾਪਸ ਜਾਣ ਅਤੇ ਆਪਣੀ ਧਰਤੀ ਉੱਤੇ ਰਹਿਣ ਦਿਓ।
33“ ‘ਉਸ ਧਰਤੀ ਨੂੰ ਗੰਦਾ ਨਾ ਕਰੋ ਜਿੱਥੇ ਤੁਸੀਂ ਵੱਸਦੇ ਹੋ। ਖੂਨ-ਖਰਾਬਾ ਧਰਤੀ ਨੂੰ ਪਲੀਤ ਕਰਦਾ ਹੈ, ਅਤੇ ਉਸ ਧਰਤੀ ਲਈ ਪ੍ਰਾਸਚਿਤ ਨਹੀਂ ਕੀਤਾ ਜਾ ਸਕਦਾ ਜਿਸ ਉੱਤੇ ਲਹੂ ਵਹਾਇਆ ਗਿਆ ਹੈ, ਸਿਵਾਏ ਉਸ ਦੇ ਲਹੂ ਤੋਂ ਜਿਸ ਨੇ ਇਸ ਨੂੰ ਵਹਾਇਆ ਹੈ। 34ਉਸ ਧਰਤੀ ਨੂੰ ਜਿੱਥੇ ਤੁਸੀਂ ਰਹਿੰਦੇ ਹੋ ਅਤੇ ਜਿੱਥੇ ਮੈਂ ਰਹਿੰਦਾ ਹਾਂ, ਉਸ ਨੂੰ ਅਸ਼ੁੱਧ ਨਾ ਕਰੋ ਕਿਉਂਕਿ ਮੈਂ, ਯਾਹਵੇਹ, ਇਸਰਾਏਲੀਆਂ ਵਿੱਚ ਵੱਸਦਾ ਹਾਂ।’ ”

Currently Selected:

ਗਿਣਤੀ 35: PCB

Highlight

Copy

Compare

Share

None

Want to have your highlights saved across all your devices? Sign up or sign in