Bible App logo
Search Icon

ਗਿਣਤੀ 14

14
ਇਸਰਾਏਲੀਆਂ ਦਾ ਬੁੜਬੁੜਾਉਣ
1ਉਸ ਰਾਤ ਮੰਡਲੀ ਦੇ ਸਾਰੇ ਲੋਕ ਉੱਚੀ-ਉੱਚੀ ਰੋਣ ਲੱਗੇ। 2ਸਾਰੇ ਇਸਰਾਏਲੀ ਮੋਸ਼ੇਹ ਅਤੇ ਹਾਰੋਨ ਦੇ ਵਿਰੁੱਧ ਬੁੜਬੁੜਾਉਣ ਲੱਗੇ ਅਤੇ ਸਾਰੀ ਸਭਾ ਨੇ ਉਹਨਾਂ ਨੂੰ ਆਖਿਆ, “ਕਾਸ਼ ਅਸੀਂ ਮਿਸਰ ਦੇਸ਼ ਵਿੱਚ ਮਰ ਗਏ ਹੁੰਦੇ! ਜਾਂ ਇਸ ਉਜਾੜ ਵਿੱਚ! 3ਯਾਹਵੇਹ ਸਾਨੂੰ ਇਸ ਧਰਤੀ ਉੱਤੇ ਕਿਉਂ ਲਿਆਇਆ ਕਿ ਅਸੀਂ ਤਲਵਾਰ ਨਾਲ ਮਾਰੇ ਜਾਈਏ? ਸਾਡੀਆਂ ਪਤਨੀਆਂ ਅਤੇ ਬੱਚੇ ਲੁੱਟੇ ਜਾਣ। ਕੀ ਸਾਡੇ ਲਈ ਮਿਸਰ ਵਿੱਚ ਵਾਪਸ ਜਾਣਾ ਚੰਗਾ ਨਹੀਂ ਹੋਵੇਗਾ?” 4ਅਤੇ ਉਹਨਾਂ ਨੇ ਇੱਕ-ਦੂਜੇ ਨੂੰ ਆਖਿਆ, “ਅਸੀਂ ਇੱਕ ਆਗੂ ਚੁਣ ਕੇ ਅਤੇ ਮਿਸਰ ਨੂੰ ਵਾਪਸ ਚੱਲੀਏ।”
5ਤਦ ਮੋਸ਼ੇਹ ਅਤੇ ਹਾਰੋਨ ਉੱਥੇ ਇਕੱਠੀ ਹੋਈ ਇਸਰਾਏਲੀਆਂ ਦੀ ਸਾਰੀ ਸਭਾ ਦੇ ਸਾਮ੍ਹਣੇ ਮੂੰਹ ਭਾਰ ਡਿੱਗ ਪਏ। 6ਨੂਨ ਦੇ ਪੁੱਤਰ ਯਹੋਸ਼ੂਆ ਅਤੇ ਯ਼ਫੁੰਨੇਹ ਦੇ ਪੁੱਤਰ ਕਾਲੇਬ ਨੇ ਜਿੰਨ੍ਹਾ ਦੇਸ਼ ਦੀ ਖੋਜ ਕੀਤੀ ਸੀ, ਆਪਣੇ ਕੱਪੜੇ ਪਾੜ ਦਿੱਤੇ। 7ਅਤੇ ਇਸਰਾਏਲ ਦੀ ਸਾਰੀ ਸਭਾ ਨੂੰ ਆਖਿਆ, “ਜਿਸ ਧਰਤੀ ਵਿੱਚੋਂ ਅਸੀਂ ਲੰਘੇ ਅਤੇ ਖੋਜ ਕੀਤੀ ਉਹ ਬਹੁਤ ਵਧੀਆ ਹੈ। 8ਜੇਕਰ ਯਾਹਵੇਹ ਸਾਡੇ ਉੱਤੇ ਪ੍ਰਸੰਨ ਹੁੰਦਾ ਹੈ, ਤਾਂ ਉਹ ਸਾਨੂੰ ਉਸ ਦੇਸ਼ ਵਿੱਚ ਲੈ ਜਾਵੇਗਾ ਅਤੇ ਉਹ ਸਾਨੂੰ ਦੇ ਦੇਵੇਗਾ, ਜਿੱਥੇ ਦੁੱਧ ਅਤੇ ਸ਼ਹਿਦ ਵਗਦਾ ਹੈ। 9ਸਿਰਫ ਯਾਹਵੇਹ ਦੇ ਵਿਰੁੱਧ ਬਗਾਵਤ ਨਾ ਕਰੋ, ਅਤੇ ਦੇਸ਼ ਦੇ ਲੋਕਾਂ ਤੋਂ ਨਾ ਡਰੋ ਕਿਉਂ ਜੋ ਉਹ ਸਾਡੇ ਲਈ ਮਾਮੂਲੀ ਹਨ। ਉਹਨਾਂ ਦੀ ਸੁਰੱਖਿਆ ਖਤਮ ਹੋ ਗਈ ਹੈ ਪਰ ਯਾਹਵੇਹ ਸਾਡੇ ਨਾਲ ਹੈ, ਉਹਨਾਂ ਤੋਂ ਨਾ ਡਰੋ।”
10ਪਰ ਸਾਰੀ ਸਭਾ ਨੇ ਉਹਨਾਂ ਨੂੰ ਪੱਥਰ ਮਾਰਨ ਦੀ ਗੱਲ ਕੀਤੀ। ਤਦ ਯਾਹਵੇਹ ਦਾ ਪਰਤਾਪ ਸਾਰੇ ਇਸਰਾਏਲੀਆਂ ਦੇ ਉੱਤੇ ਮੰਡਲੀ ਦੇ ਤੰਬੂ ਵਿੱਚ ਪ੍ਰਗਟ ਹੋਇਆ। 11ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਕਦ ਤੱਕ ਇਹ ਲੋਕ ਮੇਰਾ ਨਿਰਾਦਰ ਕਰਦੇ ਰਹਿਣਗੇ? ਉਹ ਕਦ ਤੱਕ ਮੇਰੇ ਉੱਤੇ ਵਿਸ਼ਵਾਸ ਕਰਨ ਤੋਂ ਇਨਕਾਰ ਕਰਦੇ ਰਹਿਣਗੇ, ਜਦਕਿ ਮੈਂ ਇਹਨਾਂ ਵਿਚਕਾਰ ਅਨੇਕ ਚਿੰਨ੍ਹ ਅਤੇ ਚਮਤਕਾਰ ਵਿਖਾਏ? 12ਮੈਂ ਉਹਨਾਂ ਨੂੰ ਬਵਾ ਨਾਲ ਮਾਰ ਦਿਆਂਗਾ ਅਤੇ ਉਹਨਾਂ ਨੂੰ ਬਾਹਰ ਕੱਢ ਦੇਵਾਂਗਾ, ਪਰ ਮੈਂ ਤੁਹਾਨੂੰ ਉਹਨਾਂ ਨਾਲੋਂ ਵੱਡੀ ਅਤੇ ਤਾਕਤਵਰ ਕੌਮ ਬਣਾਵਾਂਗਾ।”
13ਮੋਸ਼ੇਹ ਨੇ ਯਾਹਵੇਹ ਨੂੰ ਆਖਿਆ, “ਫਿਰ ਮਿਸਰੀ ਇਸ ਬਾਰੇ ਸੁਣਨਗੇ! ਤੁਸੀਂ ਆਪਣੀ ਸ਼ਕਤੀ ਨਾਲ ਇਨ੍ਹਾਂ ਲੋਕਾਂ ਨੂੰ ਉਹਨਾਂ ਵਿੱਚੋਂ ਕੱਢ ਲਿਆਦਾਂ। 14ਅਤੇ ਉਹ ਇਸ ਧਰਤੀ ਦੇ ਵਾਸੀਆਂ ਨੂੰ ਇਸ ਬਾਰੇ ਦੱਸਣਗੇ। ਉਹਨਾਂ ਨੇ ਪਹਿਲਾਂ ਹੀ ਸੁਣਿਆ ਹੈ ਕਿ ਤੂੰ, ਯਾਹਵੇਹ, ਇਨ੍ਹਾਂ ਲੋਕਾਂ ਦੇ ਨਾਲ ਹੈ ਅਤੇ ਤੂੰ ਯਾਹਵੇਹ ਇਹਨਾਂ ਨੂੰ, ਆਹਮੋ-ਸਾਮ੍ਹਣੇ ਦਿਖਾਈ ਦਿੰਦਾ ਹੈ, ਅਤੇ ਤੇਰਾ ਬੱਦਲ ਉਹਨਾਂ ਉੱਤੇ ਰਹਿੰਦਾ ਹੈ, ਅਤੇ ਤੂੰ ਉਹਨਾਂ ਦੇ ਅੱਗੇ-ਅੱਗੇ ਚੱਲਦਾ ਹੈ, ਦਿਨ ਨੂੰ ਬੱਦਲ ਦਾ ਇੱਕ ਥੰਮ੍ਹ ਅਤੇ ਰਾਤ ਨੂੰ ਅੱਗ ਦਾ ਇੱਕ ਥੰਮ੍ਹ। 15ਜੇ ਤੂੰ ਇਨ੍ਹਾਂ ਸਾਰੇ ਲੋਕਾਂ ਨੂੰ ਮਾਰ ਸੁੱਟੇ ਅਤੇ ਇੱਕ ਨੂੰ ਵੀ ਜੀਉਂਦਾ ਨਾ ਛੱਡੇ, ਤਾਂ ਜਿਨ੍ਹਾਂ ਕੌਮਾਂ ਨੇ ਤੇਰੇ ਬਾਰੇ ਇਹ ਖ਼ਬਰ ਸੁਣੀ ਹੈ ਉਹ ਆਖਣਗੀਆਂ, 16‘ਯਾਹਵੇਹ ਇਨ੍ਹਾਂ ਲੋਕਾਂ ਨੂੰ ਉਸ ਦੇਸ਼ ਵਿੱਚ ਲਿਆਉਣ ਦੇ ਯੋਗ ਨਹੀਂ ਸੀ ਜਿਸਦਾ ਉਸਨੇ ਉਹਨਾਂ ਨਾਲ ਸਹੁੰ ਖਾਧੀ ਸੀ, ਇਸ ਲਈ ਉਸਨੇ ਉਹਨਾਂ ਨੂੰ ਉਜਾੜ ਵਿੱਚ ਵੱਢ ਸੁੱਟਿਆ।’
17“ਪਰ ਹੁਣ ਮੇਰੇ ਯਾਹਵੇਹ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ, ਤੁਹਾਡੀ ਸ਼ਕਤੀ ਦੀ ਮਹਿਮਾ ਹੋਵੇ ਜਿਵੇਂ ਤੁਸੀਂ ਕਹਿੰਦੇ ਹੋ। 18‘ਯਾਹਵੇਹ ਕ੍ਰੋਧ ਕਰਨ ਵਿੱਚ ਧੀਰਜ, ਪਿਆਰ ਵਿੱਚ ਭਰਪੂਰ ਅਤੇ ਪਾਪ ਅਤੇ ਕੁਧਰਮ ਨੂੰ ਮਾਫ਼ ਕਰਨ ਵਾਲਾ ਹੈ। ਫਿਰ ਵੀ ਉਹ ਦੋਸ਼ੀ ਨੂੰ ਸਜ਼ਾ ਤੋਂ ਬਿਨਾਂ ਨਹੀਂ ਛੱਡਦਾ ਅਤੇ ਉਹ ਪਿਤਾ ਦੇ ਕੁਧਰਮ ਦਾ ਬਦਲਾ ਉਹਨਾਂ ਦੇ ਬੱਚਿਆਂ ਉੱਤੋਂ ਤੀਜੀ ਚੌਥੀ ਪੀੜ੍ਹੀ ਤੱਕ ਲੈਣ ਵਾਲਾ ਹੈ।’ 19ਆਪਣੇ ਮਹਾਨ ਪ੍ਰੇਮ ਦੇ ਅਨੁਸਾਰ, ਇਨ੍ਹਾਂ ਲੋਕਾਂ ਦੇ ਪਾਪ ਨੂੰ ਮਾਫ਼ ਕਰ, ਜਿਵੇਂ ਤੂੰ ਉਹਨਾਂ ਨੂੰ ਮਿਸਰ ਛੱਡਣ ਦੇ ਸਮੇਂ ਤੋਂ ਲੈ ਕੇ ਹੁਣ ਤੱਕ ਮਾਫ਼ ਕੀਤਾ ਹੈ।”
20ਯਾਹਵੇਹ ਨੇ ਉੱਤਰ ਦਿੱਤਾ, “ਮੈਂ ਉਹਨਾਂ ਨੂੰ ਮਾਫ਼ ਕਰ ਦਿੱਤਾ ਹੈ, ਜਿਵੇਂ ਤੂੰ ਕਿਹਾ ਸੀ। 21ਤਾਂ ਵੀ, ਜਿਵੇਂ ਮੈਂ ਜੀਉਂਦਾ ਹਾਂ ਅਤੇ ਜਿਵੇਂ ਕਿ ਯਾਹਵੇਹ ਦਾ ਪਰਤਾਪ ਸਾਰੀ ਧਰਤੀ ਨੂੰ ਭਰ ਦਿੰਦਾ ਹੈ, 22ਉਹਨਾਂ ਵਿੱਚੋਂ ਇੱਕ ਵੀ ਨਹੀਂ ਜਿਨ੍ਹਾਂ ਨੇ ਮੇਰੀ ਮਹਿਮਾ ਅਤੇ ਮੇਰੇ ਨਿਸ਼ਾਨਾਂ ਨੂੰ ਜਿਹੜੇ ਮੈਂ ਮਿਸਰ ਵਿੱਚ ਅਤੇ ਉਜਾੜ ਵਿੱਚ ਵਿਖਾਏ। ਪਰ ਜਿਸ ਨੇ ਮੇਰੀ ਅਣ-ਆਗਿਆਕਾਰੀ ਕੀਤੀ ਅਤੇ ਮੈਨੂੰ ਦਸ ਵਾਰ ਪਰਖਿਆ, 23ਉਹਨਾਂ ਵਿੱਚੋਂ ਇੱਕ ਵੀ ਉਸ ਧਰਤੀ ਨੂੰ ਕਦੇ ਨਹੀਂ ਵੇਖੇਗਾ ਜਿਸਦਾ ਮੈਂ ਉਹਨਾਂ ਦੇ ਪੁਰਖਿਆਂ ਨਾਲ ਸਹੁੰ ਖਾਧੀ ਸੀ। ਕੋਈ ਵੀ ਜਿਸ ਨੇ ਮੇਰਾ ਅਪਮਾਨ ਕੀਤਾ ਹੈ ਉਹ ਇਸ ਨੂੰ ਕਦੇ ਨਹੀਂ ਵੇਖੇਗਾ। 24ਪਰ ਕਿਉਂਕਿ ਮੇਰੇ ਸੇਵਕ ਕਾਲੇਬ ਵਿੱਚ ਵੱਖਰਾ ਆਤਮਾ ਹੈ ਅਤੇ ਉਹ ਪੂਰੇ ਦਿਲ ਨਾਲ ਮੇਰੇ ਪਿੱਛੇ ਚਲਦਾ ਹੈ, ਇਸ ਲਈ ਮੈਂ ਉਹ ਨੂੰ ਉਸ ਦੇਸ਼ ਵਿੱਚ ਲਿਆਵਾਂਗਾ ਜਿਸ ਵਿੱਚ ਉਹ ਗਿਆ ਸੀ ਅਤੇ ਉਹ ਦੇ ਉੱਤਰਾਧਿਕਾਰੀ ਉਹ ਦੇ ਵਾਰਸ ਹੋਣਗੇ। 25ਕਿਉਂਕਿ ਅਮਾਲੇਕੀ ਅਤੇ ਕਨਾਨੀ ਵਾਦੀਆਂ ਵਿੱਚ ਰਹਿੰਦੇ ਹਨ, ਤੁਸੀਂ ਕੱਲ੍ਹ ਨੂੰ ਮੁੜੋ ਅਤੇ ਲਾਲ ਸਾਗਰ ਦੇ ਰਸਤੇ ਵਿੱਚ ਉਜਾੜ ਵੱਲ ਚੱਲੋ।”
26ਯਾਹਵੇਹ ਨੇ ਮੋਸ਼ੇਹ ਅਤੇ ਹਾਰੋਨ ਨੂੰ ਆਖਿਆ, 27“ਇਹ ਦੁਸ਼ਟ ਕੌਮ ਕਦੋਂ ਤੱਕ ਮੇਰੇ ਵਿਰੁੱਧ ਬੁੜਬੁੜਾਉਂਦੀ ਰਹੇਗੀ? ਮੈਂ ਇਨ੍ਹਾਂ ਬੁੜਬੁੜਾਉਣ ਵਾਲੇ ਇਸਰਾਏਲੀਆਂ ਦੀਆਂ ਸ਼ਿਕਾਇਤਾਂ ਸੁਣੀਆਂ ਹਨ। 28ਇਸ ਲਈ ਉਹਨਾਂ ਨੂੰ ਆਖੋ, ‘ਯਾਹਵੇਹ ਦਾ ਵਾਕ ਹੈ, ਮੈਨੂੰ ਮੇਰੀ ਜਾਨ ਦੀ ਸਹੁੰ, ਮੈਂ ਤੁਹਾਡੇ ਨਾਲ ਉਹੀ ਕਰਾਂਗਾ ਜੋ ਮੈਂ ਤੁਹਾਨੂੰ ਕਹਿੰਦੇ ਸੁਣਿਆ ਹੈ: 29ਇਸ ਉਜਾੜ ਵਿੱਚ ਤੁਹਾਡੀਆਂ ਲਾਸ਼ਾਂ ਡਿੱਗਣਗੀਆਂ। ਤੁਸੀਂ ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹੋ ਜੋ ਮਰਦਮਸ਼ੁਮਾਰੀ ਵਿੱਚ ਗਿਣਿਆ ਗਿਆ ਸੀ ਅਤੇ ਜਿਸ ਨੇ ਮੇਰੇ ਵਿਰੁੱਧ ਬੁੜ-ਬੁੜ ਕੀਤੀ ਹੈ। 30ਤੁਹਾਡੇ ਵਿੱਚੋਂ ਕੋਈ ਵੀ ਉਸ ਦੇਸ਼ ਵਿੱਚ ਨਾ ਵੜੇਗਾ ਜਿਸ ਵਿੱਚ ਮੈਂ ਹੱਥ ਚੁੱਕ ਕੇ ਤੁਹਾਡੇ ਘਰ ਬਣਾਉਣ ਦੀ ਸਹੁੰ ਖਾਧੀ ਸੀ, ਸਿਵਾਏ ਯ਼ਫੁੰਨੇਹ ਦੇ ਪੁੱਤਰ ਕਾਲੇਬ ਅਤੇ ਨੂਨ ਦੇ ਪੁੱਤਰ ਯਹੋਸ਼ੂਆ ਦੇ। 31ਜਿੱਥੇ ਤੱਕ ਤੁਹਾਡੇ ਬੱਚਿਆ ਲਈ ਜੋ ਤੁਸੀਂ ਕਿਹਾ ਸੀ ਕਿ ਲੁੱਟ ਲਿਆ ਜਾਵੇਗਾ, ਮੈਂ ਉਹਨਾਂ ਨੂੰ ਉਸ ਧਰਤੀ ਦਾ ਅਨੰਦ ਲੈਣ ਲਈ ਲਿਆਵਾਂਗਾ ਜਿਸ ਨੂੰ ਤੁਸੀਂ ਰੱਦ ਕੀਤਾ ਹੈ। 32ਪਰ ਤੁਹਾਡੀਆਂ ਲਾਸ਼ਾਂ ਇਸ ਉਜਾੜ ਵਿੱਚ ਡਿੱਗਣਗੀਆਂ। 33ਤੁਹਾਡੇ ਬੱਚੇ ਚਾਲੀ ਸਾਲਾਂ ਤੱਕ ਇੱਥੇ ਚਰਵਾਹੇ ਹੋਣਗੇ ਅਤੇ ਤੁਹਾਡੀ ਬੇਵਫ਼ਾਈ ਦੇ ਕਾਰਨ ਦੁੱਖ ਝੱਲਦੇ ਰਹਿਣਗੇ, ਜਦੋਂ ਤੱਕ ਤੁਹਾਡੀਆਂ ਲਾਸ਼ਾਂ ਦਾ ਅੰਤ ਉਜਾੜ ਵਿੱਚ ਨਾ ਹੋ ਜਾਵੇ। 34ਉਹਨਾਂ ਦਿਨਾਂ ਦੀ ਗਿਣਤੀ ਅਨੁਸਾਰ ਜਦ ਤੁਸੀਂ ਇਸ ਧਰਤੀ ਦਾ ਭੇਤ ਪਾਇਆ ਚਾਲੀ ਦਿਨ ਅਰਥਾਤ ਇੱਕ ਦਿਨ ਇੱਕ ਸਾਲ ਜਿਹਾ ਤੁਸੀਂ ਆਪਣੀ ਬੁਰਾਈ ਨੂੰ ਚਾਲੀ ਸਾਲ ਤੱਕ ਚੁੱਕੋਗੇ ਤਦ ਤੁਸੀਂ ਮੈਨੂੰ ਤਿਆਗਣ ਦਾ ਨਤੀਜਾ ਜਾਣੋਗੇ!’ 35ਮੈਂ ਯਾਹਵੇਹ ਬੋਲਿਆ ਹਾਂ, ਮੈਂ ਇਹ ਗੱਲਾਂ ਇਸ ਸਾਰੀ ਦੁਸ਼ਟ ਮੰਡਲੀ ਨਾਲ ਜ਼ਰੂਰ ਕਰਾਂਗਾ, ਜੋ ਮੇਰੇ ਵਿਰੁੱਧ ਇਕੱਠੇ ਹੋਏ ਹਨ। ਉਹ ਇਸ ਉਜਾੜ ਵਿੱਚ ਆਪਣਾ ਅੰਤ ਪੂਰਾ ਕਰਨਗੇ, ਇੱਥੇ ਉਹ ਮਰ ਜਾਣਗੇ।”
36ਸੋ ਮੋਸ਼ੇਹ ਨੇ ਜਿਨ੍ਹਾਂ ਮਨੁੱਖਾਂ ਨੂੰ ਧਰਤੀ ਦੀ ਖੋਜ ਕਰਨ ਲਈ ਭੇਜਿਆ ਸੀ, ਉਹ ਵਾਪਸ ਪਰਤ ਆਏ ਅਤੇ ਸਾਰੀ ਕੌਮ ਦੇ ਵਿੱਚ ਬੁਰੀ ਖ਼ਬਰ ਫੈਲਾਈ ਕਿ ਉਹ ਮੋਸ਼ੇਹ ਦੇ ਵਿਰੁੱਧ ਬੁੜਬੁੜਾਉਣ। 37ਉਹ ਮਨੁੱਖ ਜਿਹੜੇ ਧਰਤੀ ਦੀ ਬੁਰੀ ਖ਼ਬਰ ਫੈਲਾਉਣ ਦੇ ਜ਼ਿੰਮੇਵਾਰ ਸਨ, ਯਾਹਵੇਹ ਦੇ ਸਾਮ੍ਹਣੇ ਮਹਾਂਮਾਰੀ ਨਾਲ ਮਰ ਗਏ। 38ਜਿਹੜੇ ਮਨੁੱਖ ਧਰਤੀ ਦੀ ਖੋਜ ਕਰਨ ਲਈ ਗਏ ਸਨ, ਉਹਨਾਂ ਵਿੱਚੋਂ ਸਿਰਫ ਨੂਨ ਦਾ ਪੁੱਤਰ ਯਹੋਸ਼ੂਆ ਅਤੇ ਯ਼ਫੁੰਨੇਹ ਦਾ ਪੁੱਤਰ ਕਾਲੇਬ ਬਚੇ ਸਨ।
39ਜਦੋਂ ਮੋਸ਼ੇਹ ਨੇ ਇਸਰਾਏਲ ਦੇ ਸਾਰੇ ਲੋਕਾਂ ਨੂੰ ਇਹ ਗੱਲ ਦੱਸੀ ਤਾਂ ਉਹਨਾਂ ਨੇ ਬਹੁਤ ਵਿਰਲਾਪ ਕੀਤਾ। 40ਅਗਲੀ ਸਵੇਰ ਉਹ ਪਹਾੜੀ ਦੇਸ਼ ਵਿੱਚ ਸਭ ਤੋਂ ਉੱਚੇ ਸਥਾਨ ਲਈ ਰਵਾਨਾ ਹੋਏ ਅਤੇ ਕਿਹਾ, “ਹੁਣ ਅਸੀਂ ਉਸ ਧਰਤੀ ਉੱਤੇ ਜਾਣ ਲਈ ਤਿਆਰ ਹਾਂ ਜਿਸਦਾ ਯਾਹਵੇਹ ਨੇ ਵਾਅਦਾ ਕੀਤਾ ਸੀ। ਯਕੀਨਨ ਅਸੀਂ ਪਾਪ ਕੀਤਾ ਹੈ!”
41ਪਰ ਮੋਸ਼ੇਹ ਨੇ ਆਖਿਆ, “ਤੁਸੀਂ ਯਾਹਵੇਹ ਦੇ ਹੁਕਮ ਦੀ ਉਲੰਘਣਾ ਕਿਉਂ ਕਰ ਰਹੇ ਹੋ? ਇਹ ਸਫਲ ਨਹੀਂ ਹੋਵੇਗਾ! 42ਉੱਪਰ ਨਾ ਜਾਓ ਕਿਉਂਕਿ ਯਾਹਵੇਹ ਤੁਹਾਡੇ ਨਾਲ ਨਹੀਂ ਹੈ। ਕਿਤੇ ਅਜਿਹਾ ਨਾ ਹੋਵੇ ਕਿ ਤੁਸੀਂ ਆਪਣੇ ਦੁਸ਼ਮਣਾਂ ਤੋਂ ਹਾਰ ਜਾਓ, 43ਕਿਉਂਕਿ ਉੱਥੇ ਅਮਾਲੇਕੀਆਂ ਅਤੇ ਕਨਾਨੀਆਂ ਦਾ ਸਾਹਮਣਾ ਤੁਹਾਡੇ ਨਾਲ ਹੋਵੇਗਾ ਕਿਉਂਕਿ ਤੁਸੀਂ ਯਾਹਵੇਹ ਤੋਂ ਮੂੰਹ ਮੋੜ ਲਿਆ ਹੈ, ਉਹ ਤੁਹਾਡੇ ਨਾਲ ਨਹੀਂ ਰਹੇਗਾ ਅਤੇ ਤੁਸੀਂ ਤਲਵਾਰ ਨਾਲ ਡਿੱਗ ਜਾਓਗੇ।”
44ਤਾਂ ਵੀ, ਉਹ ਆਪਣੀ ਧਾਰਣਾ ਵਿੱਚ ਪਹਾੜੀ ਦੇਸ਼ ਵਿੱਚ ਸਭ ਤੋਂ ਉੱਚੇ ਸਥਾਨ ਵੱਲ ਚਲੇ ਗਏ, ਭਾਵੇਂ ਨਾ ਤਾਂ ਮੋਸ਼ੇਹ ਅਤੇ ਨਾ ਹੀ ਯਾਹਵੇਹ ਦੇ ਨੇਮ ਦਾ ਸੰਦੂਕ ਡੇਰੇ ਤੋਂ ਹਟਿਆ। 45ਤਦ ਅਮਾਲੇਕੀ ਅਤੇ ਕਨਾਨੀ ਜਿਹੜੇ ਉਸ ਪਹਾੜੀ ਦੇਸ਼ ਵਿੱਚ ਰਹਿੰਦੇ ਸਨ ਉੱਤਰ ਆਏ ਅਤੇ ਉਹਨਾਂ ਉੱਤੇ ਹਮਲਾ ਕੀਤਾ ਅਤੇ ਹੋਰਮਾਹ ਤੱਕ ਉਹਨਾਂ ਨੂੰ ਮਾਰਿਆ।

Currently Selected:

ਗਿਣਤੀ 14: PCB

Highlight

Copy

Compare

Share

None

Want to have your highlights saved across all your devices? Sign up or sign in