6
ਇੱਕ ਨਬੀ ਸਤਿਕਾਰ ਤੋਂ ਬਿਨਾਂ
1ਪ੍ਰਭੂ ਯਿਸ਼ੂ ਉੱਥੋਂ ਤੁਰ ਕੇ ਆਪਣੇ ਸ਼ਹਿਰ ਨਾਜ਼ਰੇਥ ਵਿੱਚ ਆਏ ਅਤੇ ਉਹ ਦੇ ਚੇਲੇ ਉਹ ਦੇ ਪਿੱਛੇ ਹੋ ਤੁਰੇ। 2ਜਦੋਂ ਸਬਤ ਦਾ ਦਿਨ#6:2 ਸਬਤ ਦਾ ਦਿਨ ਅਰਥਾਤ ਹਫ਼ਤੇ ਦਾ ਸਤਵਾਂ ਦਿਨ ਜੋ ਅਰਾਮ ਕਰਨ ਦਾ ਪਵਿੱਤਰ ਦਿਨ ਹੈ ਆਇਆ, ਯਿਸ਼ੂ ਨੇ ਪ੍ਰਾਰਥਨਾ ਸਥਾਨ ਵਿੱਚ ਉਪਦੇਸ਼ ਦੇਣਾ ਸ਼ੁਰੂ ਕੀਤਾ ਅਤੇ ਬਹੁਤ ਸਾਰੇ ਲੋਕ ਜਿਨ੍ਹਾਂ ਨੇ ਉਸ ਨੂੰ ਸੁਣਿਆ ਹੈਰਾਨ ਹੋਏ।
ਉਹਨਾਂ ਨੇ ਪੁੱਛਿਆ, “ਇਸ ਆਦਮੀ ਨੂੰ ਇਹ ਗੱਲਾਂ ਕਿੱਥੋਂ ਮਿਲੀਆਂ ਹਨ? ਇਹ ਕਿਹੜੀ ਬੁੱਧ ਹੈ ਜੋ ਉਸ ਨੂੰ ਦਿੱਤੀ ਗਈ ਹੈ? ਇਹ ਕਿਸ ਤਰ੍ਹਾਂ ਦੇ ਚਮਤਕਾਰ ਹਨ ਜੋ ਉਹ ਕਰ ਰਿਹਾ ਹੈ? 3ਕੀ ਇਹ ਤਰਖਾਣ ਨਹੀਂ ਹੈ? ਕੀ ਇਹ ਮਰਿਯਮ ਦਾ ਪੁੱਤਰ ਅਤੇ ਯਾਕੋਬ, ਯੋਸੇਸ, ਯਹੂਦਾਹ ਅਤੇ ਸ਼ਿਮਓਨ ਦਾ ਭਰਾ ਨਹੀਂ ਹੈ? ਕੀ ਉਸ ਦੀਆਂਂ ਭੈਣਾਂ ਇੱਥੇ ਸਾਡੇ ਨਾਲ ਨਹੀਂ ਹਨ?” ਇਸ ਉੱਤੇ ਉਨ੍ਹਾਂ ਨੇ ਮਸੀਹ ਯਿਸ਼ੂ ਨੂੰ ਸਵੀਕਾਰ ਨਾ ਕੀਤਾ।
4ਯਿਸ਼ੂ ਨੇ ਉਹਨਾਂ ਨੂੰ ਕਿਹਾ, “ਇੱਕ ਨਬੀ ਦਾ ਆਪਣੇ ਸ਼ਹਿਰ, ਆਪਣੇ ਰਿਸ਼ਤੇਦਾਰਾਂ ਅਤੇ ਆਪਣੇ ਘਰ ਤੋਂ ਇਲਾਵਾ ਹਰੇਕ ਜਗ੍ਹਾ ਆਦਰ ਹੁੰਦਾ ਹੈ।” 5ਉਹ ਉੱਥੇ ਕੋਈ ਚਮਤਕਾਰ ਨਹੀਂ ਕਰ ਸਕੇ ਅਤੇ ਉਸ ਨੇ ਕੁਝ ਬਿਮਾਰ ਲੋਕਾਂ ਉੱਤੇ ਹੱਥ ਰੱਖ ਕੇ ਅਤੇ ਉਹਨਾਂ ਨੂੰ ਚੰਗਾ ਕੀਤਾ। 6ਮਸੀਹ ਯਿਸ਼ੂ ਉਨ੍ਹਾਂ ਦੇ ਅਵਿਸ਼ਵਾਸ ਉੱਤੇ ਬਹੁਤ ਹੈਰਾਨ ਹੋਇਆ।
ਯਿਸ਼ੂ ਦਾ ਬਾਰ੍ਹਾਂ ਚੇਲਿਆਂ ਨੂੰ ਭੇਜਣਾ
ਤਦ ਯਿਸ਼ੂ ਨੇ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਉਪਦੇਸ਼ ਦਿੱਤੇ। 7ਯਿਸ਼ੂ ਨੇ ਬਾਰ੍ਹਾਂ ਚੇਲਿਆਂ ਨੂੰ ਬੁਲਾਇਆ ਅਤੇ ਉਨ੍ਹਾਂ ਨੂੰ ਦੋ-ਦੋ ਕਰ ਕੇ ਭੇਜਿਆ ਅਤੇ ਉਹਨਾਂ ਨੂੰ ਅਸ਼ੁੱਧ ਆਤਮਾਵਾਂ ਉੱਤੇ ਅਧਿਕਾਰ ਦਿੱਤਾ।
8ਇਹ ਉਸ ਦੀਆਂ ਹਦਾਇਤਾਂ ਸਨ: “ਯਾਤਰਾ ਲਈ ਕੁਝ ਨਾ ਲਓ ਸਿਵਾਏ ਸੋਟੇ ਦੇ, ਨਾ ਰੋਟੀ, ਨਾ ਝੋਲਾ, ਨਾ ਆਪਣੇ ਕਮਰਬੰਧ ਵਿੱਚ ਪੈਸਾ। 9ਜੁੱਤੀ ਪਾਓ ਪਰ ਦੋ ਕੁੜਤੇ ਨਾ ਲਵੋ। 10ਜਦੋਂ ਵੀ ਤੁਸੀਂ ਕਿਸੇ ਘਰ ਵਿੱਚ ਦਾਖਲ ਹੋਵੋ, ਉੱਥੇ ਹੀ ਠਹਿਰੋ ਜਦੋਂ ਤੱਕ ਤੁਸੀਂ ਉਸ ਸ਼ਹਿਰ ਨੂੰ ਨਹੀਂ ਛੱਡ ਦਿੰਦੇ। 11ਜਿਸ ਜਗ੍ਹਾ ਤੇ ਤੁਹਾਡਾ ਸਵਾਗਤ ਨਾ ਕੀਤਾ ਜਾਵੇ ਜਾਂ ਤੁਹਾਡੇ ਪ੍ਰਚਾਰ ਨੂੰ ਨਾ ਸੁਣਿਆ ਜਾਵੇ, ਤਾਂ ਉਸ ਜਗ੍ਹਾ ਨੂੰ ਛੱਡ ਦਿਓ ਅਤੇ ਉੱਥੇ ਹੀ ਧੂੜ ਝਾੜ ਦੇਵੋ ਤਾਂ ਜੋ ਉਹ ਉਹਨਾਂ ਦੇ ਵਿਰੁੱਧ ਗਵਾਹੀ ਰਹੇ।”
12ਉਹ ਬਾਰ੍ਹਾ ਚੇਲੇ ਬਾਹਰ ਗਏ ਅਤੇ ਪ੍ਰਚਾਰ ਕਰਨ ਲੱਗੇ ਤਾਂ ਜੋ ਲੋਕ ਆਪਣਿਆਂ ਪਾਪਾਂ ਤੋਂ ਤੋਬਾ ਕਰਨ। 13ਉਹਨਾਂ ਨੇ ਬਹੁਤ ਸਾਰਿਆਂ ਭੂਤਾਂ ਨੂੰ ਬਾਹਰ ਕੱਢਿਆ ਅਤੇ ਬਹੁਤ ਸਾਰੇ ਬਿਮਾਰ ਲੋਕਾਂ ਨੂੰ ਤੇਲ ਨਾਲ ਮਸਹ ਕੀਤਾ ਅਤੇ ਉਹਨਾਂ ਨੂੰ ਚੰਗਾ ਕੀਤਾ।
ਯੋਹਨ ਬਪਤਿਸਮਾ ਦੇਣ ਵਾਲੇ ਦੀ ਮੌਤ
14ਰਾਜਾ ਹੇਰੋਦੇਸ ਨੇ ਇਸ ਬਾਰੇ ਸੁਣਿਆ, ਕਿਉਂਕਿ ਯਿਸ਼ੂ ਦਾ ਨਾਮ ਬਹੁਤ ਮਸ਼ਹੂਰ ਹੋ ਗਿਆ ਸੀ। ਕੁਝ ਲੋਕ ਕਹਿ ਰਹੇ ਸਨ, “ਯੋਹਨ ਬਪਤਿਸਮਾ ਦੇਣ ਵਾਲੇ ਨੂੰ ਮੁਰਦਿਆਂ ਵਿੱਚੋਂ ਜੀ ਉਠਾਇਆ ਗਿਆ ਸੀ ਅਤੇ ਇਸੇ ਕਾਰਨ ਉਸਦੇ ਵਿੱਚ ਚਮਤਕਾਰੀ ਸ਼ਕਤੀਆਂ ਕੰਮ ਕਰ ਰਹੀਆਂ ਹਨ।”
15ਹੋਰਾਂ ਨੇ ਕਿਹਾ, “ਉਹ ਏਲੀਯਾਹ ਹੈ।”
ਅਤੇ ਹੋਰਾਂ ਨੇ ਵੀ ਦਾਅਵਾ ਕੀਤਾ, “ਉਹ ਇੱਕ ਨਬੀ ਹੈ, ਪੁਰਾਣੇ ਸਮੇਂ ਦੇ ਨਬੀਆਂ ਵਾਂਗ।”
16ਪਰ ਜਦੋਂ ਹੇਰੋਦੇਸ ਨੇ ਇਹ ਸੁਣਿਆ ਤਾਂ ਉਸਨੇ ਕਿਹਾ, “ਯੋਹਨ, ਜਿਸਦਾ ਸਿਰ ਮੈਂ ਵੱਢਿਆ ਸੀ, ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ!”
17ਕਿਉਂਕਿ ਹੇਰੋਦੇਸ ਨੇ ਖ਼ੁਦ ਯੋਹਨ ਨੂੰ ਗਿਰਫ਼ਤਾਰ ਕਰਨ ਦਾ ਹੁਕਮ ਦਿੱਤਾ ਸੀ ਅਤੇ ਉਸ ਨੇ ਉਸਨੂੰ ਬੰਨ੍ਹ ਕੇ ਕੈਦ ਵਿੱਚ ਪਾ ਦਿੱਤਾ ਸੀ। ਉਸਨੇ ਅਜਿਹਾ ਉਸਦੇ ਵੱਡੇ ਭਰਾ ਫਿਲਿੱਪਾਸ ਦੀ ਪਤਨੀ ਹੇਰੋਦਿਅਸ ਕਰਕੇ ਕੀਤਾ ਜਿਸ ਨਾਲ ਉਸਨੇ ਵਿਆਹ ਕਰਵਾ ਲਿਆ ਸੀ। 18ਕਿਉਂਕਿ ਯੋਹਨ ਹੇਰੋਦੇਸ ਨੂੰ ਕਹਿੰਦਾ ਹੁੰਦਾ ਸੀ, “ਕਿ ਬਿਵਸਥਾ ਦੇ ਅਨੁਸਾਰ ਤੇਰੇ ਲਈ ਆਪਣੇ ਭਰਾ ਦੀ ਪਤਨੀ ਨਾਲ ਵਿਆਹ ਕਰਨਾ ਠੀਕ ਨਹੀਂ ਹੈ।” 19ਇਸ ਲਈ ਹੇਰੋਦਿਅਸ ਨੇ ਯੋਹਨ ਤੋਂ ਦੁਖੀ ਹੋ ਕੇ ਉਸ ਨੂੰ ਮਾਰਨਾ ਚਾਹਿਆ। ਪਰ ਉਹ ਆਪ ਇਸ ਦੇ ਯੋਗ ਨਹੀਂ ਸੀ, 20ਕਿਉਂਕਿ ਹੇਰੋਦੇਸ ਯੋਹਨ ਤੋਂ ਡਰਦਾ ਸੀ ਅਤੇ ਉਸ ਦੀ ਰੱਖਿਆ ਕਰਦਾ ਸੀ, ਕਿਉਂਕਿ ਉਹ ਜਾਣਦਾ ਸੀ ਕਿ ਉਹ ਇੱਕ ਧਰਮੀ ਅਤੇ ਪਵਿੱਤਰ ਆਦਮੀ ਹੈ। ਜਦੋਂ ਹੇਰੋਦੇਸ ਨੇ ਯੋਹਨ ਨੂੰ ਸੁਣਿਆ ਤਾਂ ਉਹ ਬੜਾ ਹੈਰਾਨ ਹੋਇਆ। ਫਿਰ ਵੀ ਉਹ ਉਸਨੂੰ ਸੁਣਨਾ ਪਸੰਦ ਕਰਦਾ ਸੀ।
21ਅੰਤ ਵਿੱਚ ਜਦੋਂ ਸਮਾਂ ਆ ਗਿਆ। ਉਸਦੇ ਜਨਮ-ਦਿਨ ਤੇ ਹੇਰੋਦੇਸ ਨੇ ਆਪਣੇ ਉੱਚ ਅਧਿਕਾਰੀਆਂ ਅਤੇ ਫ਼ੌਜ ਦੇ ਸਰਦਾਰਾਂ ਅਤੇ ਗਲੀਲ ਦੇ ਪ੍ਰਮੁੱਖ ਆਦਮੀਆਂ ਲਈ ਇੱਕ ਦਾਅਵਤ ਦਿੱਤੀ। 22ਜਦੋਂ ਹੇਰੋਦਿਅਸ ਦੀ ਧੀ ਆਈ ਅਤੇ ਨੱਚੀ, ਉਸਨੇ ਹੇਰੋਦੇਸ ਅਤੇ ਉਸਦੇ ਖਾਣ ਵਾਲੇ ਮਹਿਮਾਨਾਂ ਨੂੰ ਖੁਸ਼ ਕੀਤਾ।
ਰਾਜੇ ਨੇ ਲੜਕੀ ਨੂੰ ਕਿਹਾ, “ਜੋ ਕੁਝ ਤੂੰ ਚਾਹੁੰਦੀ ਹੈ ਉਹ ਮੰਗ ਅਤੇ ਮੈਂ ਤੁਹਾਨੂੰ ਦੇ ਦੇਵਾਂਗਾ।” 23ਅਤੇ ਉਸਨੇ ਉਸ ਨਾਲ ਸਹੁੰ ਖਾ ਕੇ ਵਾਅਦਾ ਕੀਤਾ, “ਜੋ ਕੁਝ ਤੁਸੀਂ ਮੰਗੋਂਗੇ ਉਹ ਦੇ ਦੇਵਾਂਗਾ, ਮੇਰੇ ਅੱਧੇ ਰਾਜ ਤੱਕ।”
24ਉਹ ਬਾਹਰ ਗਈ ਅਤੇ ਆਪਣੀ ਮਾਂ ਨੂੰ ਕਿਹਾ, “ਮੈਂ ਕੀ ਮੰਗਾਂ?”
ਉਸਨੇ ਜਵਾਬ ਦਿੱਤਾ, “ਯੋਹਨ ਬਪਤਿਸਮਾ ਦੇਣ ਵਾਲੇ ਦਾ ਸਿਰ।”
25ਉਸੇ ਵੇਲੇ ਕੁੜੀ ਨੇ ਬੇਨਤੀ ਕਰਦਿਆਂ ਜਲਦੀ ਰਾਜੇ ਕੋਲ ਜਾ ਕੇ ਕਿਹਾ: “ਮੈਂ ਚਾਹੁੰਦੀ ਹਾਂ ਕਿ ਹੁਣੇ ਮੈਨੂੰ ਇੱਕ ਥਾਲੀ ਵਿੱਚ ਯੋਹਨ ਬਪਤਿਸਮਾ ਦੇਣ ਵਾਲੇ ਦਾ ਸਿਰ ਦੇ ਦਿਓ।”
26ਰਾਜਾ ਬਹੁਤ ਦੁਖੀ ਹੋਇਆ, ਪਰ ਆਪਣੀ ਸਹੁੰ ਖਾਣ ਅਤੇ ਆਪਣੇ ਭੋਜ ਤੇ ਆਏ ਮਹਿਮਾਨਾਂ ਦੇ ਕਾਰਨ, ਉਹ ਉਸ ਤੋਂ ਇਨਕਾਰ ਨਾ ਕਰ ਸੱਕਿਆ। 27ਇਸ ਲਈ ਰਾਜੇ ਨੇ ਤੁਰੰਤ ਇੱਕ ਜਲਾਦ ਨੂੰ ਯੋਹਨ ਦਾ ਸਿਰ ਲਿਆਉਣ ਦੇ ਆਦੇਸ਼ਾਂ ਨਾਲ ਭੇਜਿਆ। ਉਹ ਆਦਮੀ ਗਿਆ ਅਤੇ ਜੇਲ੍ਹ ਵਿੱਚ ਯੋਹਨ ਦਾ ਸਿਰ ਕੱਟ ਦਿੱਤਾ, 28ਅਤੇ ਇੱਕ ਥਾਲ ਵਿੱਚ ਉਸਦਾ ਸਿਰ ਲੈ ਕੇ ਆਇਆ। ਉਸਨੇ ਇਹ ਕੁੜੀ ਨੂੰ ਪੇਸ਼ ਕੀਤਾ ਅਤੇ ਉਸਨੇ ਇਹ ਆਪਣੀ ਮਾਂ ਨੂੰ ਦੇ ਦਿੱਤਾ 29ਜਦੋਂ ਇਹ ਸੁਣਿਆ, ਤਾਂ ਯੋਹਨ ਦੇ ਚੇਲੇ ਆਏ ਅਤੇ ਉਸਦੀ ਲਾਸ਼ ਨੂੰ ਲੈ ਗਏ ਅਤੇ ਉਸ ਨੂੰ ਕਬਰ ਵਿੱਚ ਰੱਖਿਆ।
ਪੰਜ ਹਜ਼ਾਰ ਲੋਕਾਂ ਨੂੰ ਭੋਜਨ
30ਰਸੂਲ ਯਿਸ਼ੂ ਦੇ ਕੋਲ ਵਾਪਸ ਆਏ ਅਤੇ ਉਹਨਾਂ ਨੇ ਯਿਸ਼ੂ ਨੂੰ ਆਪਣੇ ਦੁਆਰਾ ਕੀਤੇ ਗਏ ਕੰਮਾਂ ਅਤੇ ਦਿੱਤੀ ਗਈ ਸਿੱਖਿਆ ਬਾਰੇ ਦੱਸਿਆ। 31ਤਦ, ਕਿਉਂਕਿ ਬਹੁਤ ਸਾਰੇ ਲੋਕ ਆ ਰਹੇ ਸਨ ਅਤੇ ਜਾ ਰਹੇ ਸਨ ਕਿ ਉਹਨਾਂ ਕੋਲ ਖਾਣ ਦਾ ਮੌਕਾ ਵੀ ਨਹੀਂ ਸੀ, ਤਾਂ ਯਿਸ਼ੂ ਨੇ ਉਹਨਾਂ ਨੂੰ ਕਿਹਾ, “ਮੇਰੇ ਨਾਲ ਇੱਕ ਸ਼ਾਂਤ ਜਗ੍ਹਾ ਤੇ ਆਓ ਅਤੇ ਆਰਾਮ ਕਰੋ।”
32ਇਸ ਲਈ ਉਹ ਇਕੱਲੇ ਕਿਸ਼ਤੀ ਵਿੱਚ ਇਕਾਂਤ ਜਗ੍ਹਾ ਤੇ ਚਲੇ ਗਏ। 33ਪਰ ਬਹੁਤ ਸਾਰੇ ਜਿਨ੍ਹਾਂ ਨੇ ਉਹਨਾਂ ਨੂੰ ਜਾਂਦੇ ਵੇਖਿਆ ਉਹਨਾਂ ਨੂੰ ਪਛਾਣ ਲਿਆ ਅਤੇ ਸਾਰੇ ਕਸਬਿਆਂ ਤੋਂ ਪੈਦਲ ਭੱਜੇ ਅਤੇ ਉਹਨਾਂ ਦੇ ਅੱਗੇ ਉੱਥੇ ਪਹੁੰਚ ਗਏ। 34ਜਦੋਂ ਯਿਸ਼ੂ ਉੱਥੇ ਪਹੁੰਚੇ ਤਾਂ ਉਸਨੇ ਇੱਕ ਵੱਡੀ ਭੀੜ ਨੂੰ ਵੇਖਿਆ, ਤਾਂ ਯਿਸ਼ੂ ਨੂੰ ਉਹਨਾਂ ਉੱਤੇ ਤਰਸ ਆਇਆ, ਕਿਉਂਕਿ ਉਹ ਲੋਕ ਉਹਨਾਂ ਭੇਡਾਂ ਵਾਂਗ ਸਨ ਜਿਨ੍ਹਾਂ ਦਾ ਕੋਈ ਚਰਵਾਹਾ ਨਾ ਹੋਵੇ। ਇਸ ਲਈ ਯਿਸ਼ੂ ਨੇ ਉਹਨਾਂ ਨੂੰ ਬਹੁਤ ਸਾਰੀਆਂ ਗੱਲਾਂ ਸਿਖਾਉਣੀਆਂ ਸ਼ੁਰੂ ਕਰ ਦਿੱਤੀਆਂ।
35ਇਸ ਵਕਤ ਉਸ ਦਿਨ ਦੇਰ ਹੋ ਚੁੱਕੀ ਸੀ, ਇਸ ਲਈ ਉਸਦੇ ਚੇਲਿਆਂ ਨੇ ਕੋਲ ਆ ਕੇ ਕਿਹਾ, “ਇਹ ਇੱਕ ਉਜਾੜ ਜਗ੍ਹਾ ਹੈ ਅਤੇ ਹੁਣ ਬਹੁਤ ਦੇਰ ਹੋ ਚੁੱਕੀ ਹੈ। 36ਲੋਕਾਂ ਨੂੰ ਭੇਜ ਦਿਓ ਤਾਂ ਜੋ ਉਹ ਆਸ-ਪਾਸ ਦੇ ਇਲਾਕਿਆਂ ਅਤੇ ਪਿੰਡਾਂ ਵਿੱਚ ਜਾ ਸਕਣ ਅਤੇ ਆਪਣੇ ਲਈ ਖਾਣ ਨੂੰ ਕੁਝ ਖਰੀਦ ਸਕਣ।”
37ਪਰ ਉਸਨੇ ਜਵਾਬ ਦਿੱਤਾ, “ਤੁਸੀਂ ਉਹਨਾਂ ਨੂੰ ਕੁਝ ਖਾਣ ਲਈ ਦਿਓ।”
ਉਹਨਾਂ ਨੇ ਉਸ ਨੂੰ ਕਿਹਾ, “ਇੰਨੇ ਲੋਕਾਂ ਦੇ ਭੋਜਨ ਲਈ ਘੱਟੋ-ਘੱਟ ਦੋ ਸੌ ਦੀਨਾਰ#6:37 ਦੀਨਾਰ ਅਰਥਾਤ ਅੱਧੇ ਸਾਲ ਦੀ ਕਮਾਈ ਖਰਚ ਹੋਣਗੇ। ਕੀ ਤੁਸੀਂ ਚਾਹੁੰਦੇ ਹੋ ਕਿ ਅਸੀਂ ਜਾ ਕੇ ਉਨ੍ਹਾਂ ਲਈ ਇੰਨਾ ਭੋਜਨ ਲਿਆਈਏ?”
38ਯਿਸ਼ੂ ਨੇ ਪੁੱਛਿਆ, “ਤੁਹਾਡੇ ਕੋਲ ਕਿੰਨੀਆਂ ਰੋਟੀਆਂ ਹਨ? ਜਾਓ ਅਤੇ ਵੇਖੋ।”
ਜਦੋਂ ਉਹਨਾਂ ਨੇ ਪਤਾ ਕੀਤਾ, ਤਾਂ ਉਹਨਾਂ ਨੇ ਕਿਹਾ, “ਪੰਜ ਰੋਟੀਆਂ ਅਤੇ ਦੋ ਮੱਛੀਆਂ ਹਨ।”
39ਤਦ ਯਿਸ਼ੂ ਨੇ ਲੋਕਾਂ ਨੂੰ ਹਰੀ ਘਾਹ ਉੱਤੇ ਸਮੂਹ ਵਿੱਚ ਬੈਠਣ ਲਈ ਕਿਹਾ। 40ਇਸ ਲਈ ਉਹ ਸੌ-ਸੌ ਅਤੇ ਪੰਜਾਹ-ਪੰਜਾਹ ਦੇ ਸਮੂਹਾਂ ਵਿੱਚ ਬੈਠ ਗਏ। 41ਪੰਜ ਰੋਟੀਆਂ ਅਤੇ ਦੋ ਮੱਛੀਆਂ ਲੈ ਕੇ ਅਤੇ ਸਵਰਗ ਵੱਲ ਵੇਖ ਕੇ ਪਰਮੇਸ਼ਵਰ ਦਾ ਧੰਨਵਾਦ ਕੀਤਾ ਅਤੇ ਰੋਟੀਆਂ ਤੋੜੀਆਂ। ਤਦ ਉਸਨੇ ਉਹਨਾਂ ਨੂੰ ਲੋਕਾਂ ਵਿੱਚ ਵੰਡਣ ਲਈ ਆਪਣੇ ਚੇਲਿਆਂ ਨੂੰ ਦੇ ਦਿੱਤਾ। ਉਸਨੇ ਉਹਨਾਂ ਦੋਵਾਂ ਮੱਛੀਆਂ ਨੂੰ ਉਹਨਾਂ ਸਾਰਿਆਂ ਵਿੱਚ ਵੰਡ ਦਿੱਤਾ। 42ਉਹਨਾਂ ਸਾਰਿਆਂ ਨੇ ਖਾਧਾ ਅਤੇ ਸੰਤੁਸ਼ਟ ਹੋ ਗਏ, 43ਖਾਣ ਤੋਂ ਬਾਅਦ ਚੇਲਿਆਂ ਨੇ ਬਚੇ ਹੋਏ ਮੱਛੀਆਂ ਅਤੇ ਰੋਟੀਆਂ ਦੀਆਂ ਟੁੱਕੜਿਆਂ ਨਾਲ ਬਾਰ੍ਹਾਂ ਟੋਕਰੇ ਭਰੇ ਹੋਏ ਉਠਾਏ। 44ਉਹਨਾਂ ਵਿੱਚ ਖਾਣ ਵਾਲੇ ਆਦਮੀਆਂ ਦੀ ਗਿਣਤੀ ਪੰਜ ਹਜ਼ਾਰ ਸੀ।
ਯਿਸ਼ੂ ਪਾਣੀ ਤੇ ਤੁਰਦਾ ਹੈ
45ਤੁਰੰਤ ਯਿਸ਼ੂ ਨੇ ਆਪਣੇ ਚੇਲਿਆਂ ਨੂੰ ਕਿਸ਼ਤੀ ਉੱਤੇ ਚੜ੍ਹਨ ਲਈ ਅਤੇ ਆਪਣੇ ਨਾਲੋਂ ਪਹਿਲਾਂ ਬੈਥਸੈਦਾ ਜਾਣ ਲਈ ਕਿਹਾ, ਜਦ ਤੱਕ ਉਹ ਭੀੜ ਨੂੰ ਵਿਦਾ ਕਰੇ। 46ਉਹਨਾਂ ਨੂੰ ਛੱਡਣ ਤੋਂ ਬਾਅਦ, ਉਹ ਪ੍ਰਾਰਥਨਾ ਕਰਨ ਲਈ ਪਹਾੜ ਉੱਤੇ ਚਲਾ ਗਿਆ।
47ਬਾਅਦ ਵਿੱਚ ਉਸ ਰਾਤ, ਕਿਸ਼ਤੀ ਝੀਲ ਦੇ ਵਿੱਚਕਾਰ ਸੀ ਅਤੇ ਉਹ ਜ਼ਮੀਨ ਉੱਤੇ ਇਕੱਲਾ ਸੀ। 48ਉਹਨਾਂ ਨੇ ਚੇਲਿਆਂ ਨੂੰ ਸਮੁੰਦਰ ਵਿੱਚ ਕਿਸ਼ਤੀ ਸੰਭਾਲਣ ਲਈ ਔਖਿਆ ਹੁੰਦਿਆਂ ਵੇਖਿਆ, ਕਿਉਂਕਿ ਹਵਾ ਉਹਨਾਂ ਦੇ ਵਿਰੁੱਧ ਸੀ।#6:48 ਕਰੀਬ 3 ਤੋਂ 6 ਵਜੇ ਦੇ ਲਗਭਗ ਸਵੇਰ ਹੋਣ ਤੋਂ ਥੋੜ੍ਹੀ ਦੇਰ ਪਹਿਲਾਂ, ਯਿਸ਼ੂ ਝੀਲ ਉੱਤੇ ਤੁਰਦਿਆਂ ਉਹਨਾਂ ਦੇ ਕੋਲ ਗਿਆ। ਉਹ ਉਹਨਾਂ ਦੇ ਕੋਲੋਂ ਲੰਘਣ ਵਾਲਾ ਸੀ, 49ਪਰ ਜਦੋਂ ਉਹਨਾਂ ਨੇ ਯਿਸ਼ੂ ਨੂੰ ਝੀਲ ਦੇ ਪਾਣੀ ਉੱਤੇ ਤੁਰਦੇ ਵੇਖਿਆ, ਤਾਂ ਉਹਨਾਂ ਨੇ ਸੋਚਿਆ ਕਿ ਉਹ ਇੱਕ ਭੂਤ ਹੈ। ਉਹ ਸਭ ਚੀਕਾਂ ਮਾਰਨ ਲੱਗੇ, 50ਕਿਉਂਕਿ ਉਹਨਾਂ ਸਾਰਿਆਂ ਨੇ ਉਸਨੂੰ ਵੇਖਿਆ ਅਤੇ ਘਬਰਾ ਗਏ!
ਤੁਰੰਤ ਹੀ ਯਿਸ਼ੂ ਨੇ ਉਹਨਾਂ ਨੂੰ ਆਖਿਆ, “ਹੌਸਲਾ ਰੱਖੋ! ਡਰੋ ਨਾ, ਇਹ ਮੈਂ ਹਾਂ।” 51ਤਦ ਉਹ ਉਹਨਾਂ ਨਾਲ ਕਿਸ਼ਤੀ ਉੱਤੇ ਚੜ੍ਹ ਗਿਆ ਅਤੇ ਹਵਾ ਰੁਕ ਗਈ। ਉਹ ਬਹੁਤ ਹੈਰਾਨ ਹੋਏ। 52ਕਿਉਂਕਿ ਉਹਨਾਂ ਨੂੰ ਰੋਟੀਆਂ ਬਾਰੇ ਸਮਝ ਨਹੀਂ ਸੀ ਆਇਆ; ਉਹਨਾਂ ਦੇ ਦਿਲ ਕਠੋਰ ਹੋ ਗਏ ਸਨ।
53ਜਦੋਂ ਉਹ ਪਾਰ ਲੰਘੇ ਤਾਂ ਗਨੇਸਰੇਤ ਦੀ ਧਰਤੀ ਉੱਤੇ ਪਹੁੰਚੇ ਅਤੇ ਬੇੜੀ ਨੂੰ ਘਾਟ ਤੇ ਬੰਨ੍ਹਿਆ। 54ਜਿਵੇਂ ਹੀ ਉਹ ਕਿਸ਼ਤੀ ਤੋਂ ਬਾਹਰ ਨਿਕਲੇ, ਲੋਕਾਂ ਨੇ ਯਿਸ਼ੂ ਨੂੰ ਪਛਾਣ ਲਿਆ। 55ਉਹ ਉਸ ਸਾਰੇ ਖੇਤਰ ਵਿੱਚ ਭੱਜੇ ਅਤੇ ਬਿਮਾਰਾਂ ਨੂੰ ਵਿਛੌਣੇ ਤੇ ਲੈ ਗਏ ਜਿੱਥੇ ਵੀ ਉਹਨਾਂ ਨੇ ਸੁਣਿਆ ਕਿ ਯਿਸ਼ੂ ਸੀ। 56ਅਤੇ ਯਿਸ਼ੂ ਜਿਸ ਵੀ ਪਿੰਡ, ਕਸਬਿਆਂ ਜਾਂ ਦੇਸ਼ ਦੇ ਇਲਾਕਿਆਂ ਵਿੱਚ ਜਾਂਦੇ ਸਨ, ਲੋਕ ਬਿਮਾਰਾਂ ਨੂੰ ਬਜ਼ਾਰਾਂ ਵਿੱਚ ਲਿਆ ਕੇ ਰੱਖ ਦਿੰਦੇ ਸਨ। ਲੋਕਾਂ ਨੇ ਯਿਸ਼ੂ ਨੂੰ ਬੇਨਤੀ ਕੀਤੀ ਕਿ ਉਹ ਉਹਨਾਂ ਨੂੰ ਆਪਣੇ ਕੱਪੜੇ ਦੇ ਕਿਨਾਰੇ ਨੂੰ ਛੂਹਣ ਦੇਵੇ ਅਤੇ ਜਿਸਨੇ ਵੀ ਉਸਨੂੰ ਛੂਹਿਆ ਉਹ ਸਭ ਚੰਗੇ ਹੋ ਗਏ।