5
ਯਿਸ਼ੂ ਦਾ ਇੱਕ ਦੁਸ਼ਟ ਆਤਮਾ ਦੇ ਜਕੜੇ ਹੋਏ ਆਦਮੀ ਨੂੰ ਬਹਾਲ ਕਰਨਾ
1ਯਿਸ਼ੂ ਅਤੇ ਉਹਨਾਂ ਦੇ ਚੇਲੇ ਝੀਲ ਦੇ ਪਾਰ ਗਿਰਾਸੇਨ#5:1 ਕੁਝ ਪੁਰਾਣੀਆਂ ਲਿਖਤਾਂ ਗਦਾਰਿਨੇਸ ਹੋਰ ਲਿਖਤਾਂ ਵਿੱਚ ਗੇਰਗੇਸੇਨੇਸ ਦੇ ਖੇਤਰ ਨੂੰ ਚਲੇ ਗਏ। 2ਜਦੋਂ ਯਿਸ਼ੂ ਕਿਸ਼ਤੀ ਤੋਂ ਬਾਹਰ ਆਏ, ਤਾਂ ਉਸੇ ਵੇਲੇ ਇੱਕ ਆਦਮੀ ਜਿਸ ਵਿੱਚ ਅਸ਼ੁੱਧ ਆਤਮਾ ਸੀ ਉਹਨਾਂ ਨੂੰ ਮਿਲਣ ਲਈ ਕਬਰਾਂ ਵਿੱਚੋਂ ਨਿਕਲ ਕੇ ਆਇਆ। 3ਇਹ ਆਦਮੀ ਕਬਰਾਂ ਵਿੱਚ ਰਹਿੰਦਾ ਸੀ ਅਤੇ ਕੋਈ ਵੀ ਉਸਨੂੰ ਵੱਸ ਵਿੱਚ ਨਹੀਂ ਕਰ ਪਾਉਂਦਾ ਸੀ; ਤੇ ਉਹ ਨੂੰ ਜੰਜ਼ੀਰਾਂ ਨਾਲ ਵੀ ਜਕੜ ਨਹੀਂ ਸੀ ਸਕਦੇ। 4ਅਕਸਰ ਉਹਦੇ ਹੱਥ ਅਤੇ ਪੈਰ ਜੰਜ਼ੀਰਾਂ ਅਤੇ ਸੰਗਲਾਂ ਨਾਲ ਬੰਨ੍ਹ ਕੇ ਰੱਖੇ ਜਾਂਦੇ ਸਨ, ਪਰ ਉਹ ਨੇ ਸੰਗਲ ਤੋੜ ਸੁੱਟੇ ਅਤੇ ਜੰਜ਼ੀਰਾਂ ਦੇ ਵੀ ਟੁਕੜੇ-ਟੁਕੜੇ ਕਰ ਦਿੱਤੇ ਸਨ। ਕੋਈ ਵੀ ਇੰਨਾ ਤਾਕਤਵਰ ਨਹੀਂ ਸੀ ਕਿ ਉਸ ਨੂੰ ਕਾਬੂ ਕਰ ਲਵੇ। 5ਰਾਤ-ਦਿਨ ਕਬਰਾਂ ਵਿੱਚ ਅਤੇ ਪਹਾੜੀਆਂ ਵਿੱਚ ਉਹ ਚੀਕਦਾ ਅਤੇ ਆਪਣੇ ਆਪ ਨੂੰ ਪੱਥਰਾਂ ਨਾਲ ਵੱਢਦਾ ਹੁੰਦਾ ਸੀ।
6ਜਦੋਂ ਉਸਨੇ ਯਿਸ਼ੂ ਨੂੰ ਦੂਰੋਂ ਵੇਖਿਆ, ਤਾਂ ਉਹ ਭੱਜਿਆ ਅਤੇ ਉਹਨਾਂ ਦੇ ਅੱਗੇ ਆਪਣੇ ਗੋਡਿਆਂ ਤੇ ਡਿੱਗ ਪਿਆ। 7ਉਸਨੇ ਆਪਣੀ ਉੱਚੀ ਆਵਾਜ਼ ਵਿੱਚ ਪੁਕਾਰਿਆ, “ਅੱਤ ਮਹਾਨ ਪਰਮੇਸ਼ਵਰ ਦੇ ਪੁੱਤਰ, ਯਿਸ਼ੂ ਤੁਸੀਂ ਮੇਰੇ ਤੋਂ ਕੀ ਚਾਹੁੰਦੇ ਹੋ? ਪਰਮੇਸ਼ਵਰ ਦੇ ਨਾਮ ਵਿੱਚ ਸਾਨੂੰ ਦੁੱਖ ਨਾ ਦਿਓ!” 8ਕਿਉਂਕਿ ਯਿਸ਼ੂ ਨੇ ਉਸ ਨੂੰ ਕਿਹਾ ਸੀ, “ਹੇ ਅਸ਼ੁੱਧ ਆਤਮਾ, ਤੂੰ ਇਸ ਮਨੁੱਖ ਤੋਂ ਬਾਹਰ ਆ ਜਾ!”
9ਤਦ ਯਿਸ਼ੂ ਨੇ ਉਸ ਨੂੰ ਪੁੱਛਿਆ, “ਤੇਰਾ ਨਾਮ ਕੀ ਹੈ?”
ਉਸਨੇ ਜਵਾਬ ਦਿੱਤਾ, “ਮੇਰਾ ਨਾਮ ਲਸ਼ਕਰ ਹੈ, ਕਿਉਂਕਿ ਅਸੀਂ ਬਹੁਤ ਸਾਰੇ ਹਾਂ।” 10ਅਤੇ ਉਸਨੇ ਯਿਸ਼ੂ ਨੂੰ ਬਾਰ-ਬਾਰ ਬੇਨਤੀ ਕੀਤੀ ਕਿ ਉਹ ਉਹਨਾਂ ਨੂੰ ਇਸ ਖੇਤਰ ਤੋਂ ਬਾਹਰ ਨਾ ਭੇਜਣ।
11ਨੇੜੇ ਹੀ ਪਹਾੜੀ ਤੇ ਸੂਰਾਂ ਦਾ ਇੱਕ ਵੱਡਾ ਝੁੰਡ ਚੁੱਗਦਾ ਸੀ। 12ਦੁਸ਼ਟ ਆਤਮਾਵਾਂ ਨੇ ਯਿਸ਼ੂ ਅੱਗੇ ਮਿੰਨਤਾਂ ਕੀਤੀਆਂ, “ਸਾਨੂੰ ਸੂਰਾਂ ਵਿੱਚ ਭੇਜ ਦੇਵੋ; ਸਾਨੂੰ ਸੂਰਾਂ ਵਿੱਚ ਜਾਣ ਦੀ ਆਗਿਆ ਦਿਓ।” 13ਯਿਸ਼ੂ ਨੇ ਉਹਨਾਂ ਨੂੰ ਇਜਾਜ਼ਤ ਦੇ ਦਿੱਤੀ ਅਤੇ ਅਸ਼ੁੱਧ ਆਤਮਾਵਾਂ ਬਾਹਰ ਨਿਕਲ ਕੇ ਸੂਰਾਂ ਵਿੱਚ ਵੜ ਗਈਆ। ਝੁੰਡ, ਲਗਭਗ ਦੋ ਹਜ਼ਾਰ ਦੀ ਸੰਖਿਆ ਵਿੱਚ ਸੀ, ਜੋ ਭੱਜ ਕੇ ਝੀਲ ਵਿੱਚ ਡਿੱਗ ਗਿਆ ਅਤੇ ਪਾਣੀ ਵਿੱਚ ਡੁੱਬ ਕੇ ਮਰ ਗਿਆ।
14ਸੂਰ ਚਰਾਉਣ ਵਾਲੇ ਭੱਜ ਕੇ ਸ਼ਹਿਰ ਅਤੇ ਦੇਸ਼ ਦੇ ਇਲਾਕਿਆਂ ਵਿੱਚ ਇਸਦੀ ਖ਼ਬਰ ਦਿੱਤੀ ਅਤੇ ਲੋਕ ਇਹ ਵੇਖਣ ਲਈ ਆਣ ਲੱਗੇ ਜੋ ਉੱਥੇ ਕੀ ਹੋਇਆ ਸੀ। 15ਜਦੋਂ ਉਹ ਯਿਸ਼ੂ ਕੋਲ ਆਏ, ਉਹਨਾਂ ਨੇ ਉਸ ਆਦਮੀ ਨੂੰ ਵੇਖਿਆ ਜਿਸਨੂੰ ਲਸ਼ਕਰ ਚਿੰਬੜਿਆ ਹੋਇਆ ਸੀ, ਉਹ ਉੱਥੇ ਵਧੀਆ ਕੱਪੜੇ ਪਾ ਕੇ ਬੈਠਾ ਸੀ ਅਤੇ ਉਸਦਾ ਦਿਮਾਗ ਬਿਲਕੁਲ ਸਹੀ ਸੀ; ਇਹ ਸਭ ਵੇਖ ਉਹ ਡਰ ਗਏ ਸਨ। 16ਜਿਹਨਾਂ ਨੇ ਇਹ ਵੇਖਿਆ ਸੀ ਉਹਨਾਂ ਨੇ ਜਾ ਕੇ ਸਾਰੇ ਲੋਕਾਂ ਨੂੰ ਦੱਸਿਆ ਜੋ ਕੁਝ ਉਸ ਦੁਸ਼ਟ ਆਤਮਾ ਚਿੰਬੜੇ ਆਦਮੀ ਨਾਲ ਅਤੇ ਸੂਰਾਂ ਨਾਲ ਹੋਇਆ ਸੀ। 17ਤਦ ਲੋਕ ਯਿਸ਼ੂ ਨੂੰ ਬੇਨਤੀ ਕਰਨ ਲੱਗੇ ਕਿ ਉਹ ਉਹਨਾਂ ਦੇ ਇਲਾਕੇ ਨੂੰ ਛੱਡ ਕੇ ਚਲੇ ਜਾਣ।
18ਜਦੋਂ ਯਿਸ਼ੂ ਕਿਸ਼ਤੀ ਵਿੱਚ ਚੜ੍ਹ ਰਹੇ ਸੀ, ਤਾਂ ਉਹ ਆਦਮੀ ਜਿਸ ਨੂੰ ਦੁਸ਼ਟ ਆਤਮਾ ਤੋਂ ਛੁਟਕਾਰਾ ਮਿਲਿਆ ਸੀ ਉਸਨੇ ਉਹਨਾਂ ਨਾਲ ਜਾਣ ਲਈ ਬੇਨਤੀ ਕੀਤੀ। 19ਯਿਸ਼ੂ ਨੇ ਉਸ ਨੂੰ ਇਜਾਜ਼ਤ ਨਹੀਂ ਦਿੱਤੀ, ਪਰ ਕਿਹਾ, “ਆਪਣੇ ਘਰ ਜਾ ਅਤੇ ਆਪਣੇ ਲੋਕਾਂ ਨੂੰ ਦੱਸ ਕਿ ਪ੍ਰਭੂ ਨੇ ਤੇਰੇ ਲਈ ਕੀ ਕੀਤਾ ਹੈ ਅਤੇ ਉਸ ਨੇ ਕਿਵੇਂ ਤੇਰੇ ਤੇ ਕਿਰਪਾ ਕੀਤੀ ਹੈ।” 20ਤਾਂ ਉਹ ਆਦਮੀ ਚਲਾ ਗਿਆ ਅਤੇ ਡੇਕਾਪੋਲਿਸ#5:20 ਡੇਕਾਪੋਲਿਸ ਅਰਥਾਤ ਦਸ ਸ਼ਹਿਰ ਵਿੱਚ ਇਹ ਦੱਸਣ ਲੱਗਾ ਕਿ ਯਿਸ਼ੂ ਨੇ ਉਸਦੇ ਲਈ ਕੀ ਕੁਝ ਕੀਤਾ ਹੈ ਅਤੇ ਸਾਰੇ ਲੋਕ ਜਿੰਨਾ ਨੇ ਇਹ ਸੁਣਿਆ ਹੈਰਾਨ ਹੋਏ।
ਇੱਕ ਮਰੀ ਹੋਈ ਲੜਕੀ ਦਾ ਜੀਉਂਦਾ ਹੋਣਾ ਅਤੇ ਇੱਕ ਬਿਮਾਰ ਔਰਤ ਦਾ ਚੰਗਾ ਹੋਣਾ
21ਜਦੋਂ ਯਿਸ਼ੂ ਮੁੜ ਕਿਸ਼ਤੀ ਰਾਹੀ ਝੀਲ ਦੇ ਦੂਜੇ ਪਾਸੇ ਗਏ ਤਾਂ ਇੱਕ ਵੱਡੀ ਭੀੜ ਉਹਨਾਂ ਦੇ ਆਲੇ-ਦੁਆਲੇ ਇਕੱਠੀ ਹੋ ਗਈ ਜਦੋਂ ਉਹ ਝੀਲ ਦੇ ਕੋਲ ਹੀ ਸੀ। 22ਤਦ ਜਾਇਰੂਸ ਨਾਮਕ ਦਾ ਇੱਕ ਪ੍ਰਾਰਥਨਾ ਸਥਾਨ ਦਾ ਆਗੂ ਆਇਆ ਅਤੇ ਜਦੋਂ ਉਸਨੇ ਯਿਸ਼ੂ ਨੂੰ ਵੇਖਿਆ ਅਤੇ ਉਹ ਯਿਸ਼ੂ ਦੇ ਪੈਰੀਂ ਡਿੱਗ ਗਿਆ। 23ਉਸਨੇ ਯਿਸ਼ੂ ਅੱਗੇ ਦਿਲੋਂ ਬੇਨਤੀ ਕੀਤੀ, “ਮੇਰੀ ਛੋਟੀ ਧੀ ਮਰਨ ਵਾਲੀ ਹੈ। ਕਿਰਪਾ ਕਰਕੇ ਆਓ ਅਤੇ ਉਸ ਉੱਪਰ ਆਪਣਾ ਹੱਥ ਰੱਖੋ ਤਾਂ ਉਹ ਚੰਗੀ ਹੋ ਜਾਵੇ ਅਤੇ ਜਿਉਂਦੀ ਰਹੇ।” 24ਇਸ ਲਈ ਯਿਸ਼ੂ ਉਸ ਦੇ ਨਾਲ ਚਲੇ ਗਏ।
ਇੱਕ ਵੱਡੀ ਭੀੜ ਵੀ ਉਹਨਾਂ ਦੇ ਮਗਰ ਆ ਗਈ ਅਤੇ ਉਹਨਾਂ ਦੇ ਦੁਆਲੇ ਇੱਕ-ਦੂਜੇ ਉੱਤੇ ਡਿੱਗ ਰਹੀ ਸੀ। 25ਅਤੇ ਉੱਥੇ ਇੱਕ ਔਰਤ ਵੀ ਸੀ ਜਿਸ ਨੂੰ ਬਾਰ੍ਹਾਂ ਸਾਲਾਂ ਤੋਂ ਲਹੂ ਵਗਣ ਦੀ ਬਿਮਾਰੀ ਸੀ। 26ਉਸਨੇ ਬਹੁਤ ਸਾਰੇ ਡਾਕਟਰਾਂ ਦੀ ਦੇਖ-ਰੇਖ ਵਿੱਚ ਬਹੁਤ ਵੱਡਾ ਦੁੱਖ ਝੱਲਿਆ ਸੀ ਅਤੇ ਉਸਦੇ ਕੋਲ ਜੋ ਕੁਝ ਵੀ ਸੀ ਉਸਨੇ ਆਪਣੇ ਇਲਾਜ ਲਈ ਖ਼ਰਚ ਦਿੱਤਾ ਸੀ, ਫਿਰ ਵੀ ਚੰਗੀ ਹੋਣ ਦੀ ਬਜਾਏ ਉਹ ਦਾ ਹੋਰ ਵੀ ਮਾੜਾ ਹਾਲ ਹੋ ਗਿਆ ਸੀ। 27ਜਦੋਂ ਉਸਨੇ ਯਿਸ਼ੂ ਬਾਰੇ ਸੁਣਿਆ, ਤਾਂ ਉਹ ਭੀੜ ਦੇ ਵਿੱਚੋਂ ਦੀ ਹੋ ਕੇ ਉਸਦੇ ਪਿੱਛੇ ਆਈ ਅਤੇ ਉਸ ਦੇ ਕੱਪੜੇ ਦੇ ਪੱਲੇ ਨੂੰ ਛੂਹਿਆ, 28ਕਿਉਂਕਿ ਉਸਨੇ ਸੋਚਿਆ, “ਜੇ ਮੈਂ ਬਸ ਉਹ ਦੇ ਕੱਪੜੇ ਨੂੰ ਛੂਹ ਲਵਾਂਗੀ, ਤਾਂ ਮੈਂ ਚੰਗੀ ਹੋ ਜਾਵਾਂਗੀ।” 29ਅਤੇ ਉਸੇ ਵੇਲੇ ਲਹੂ ਵਗਣਾ ਬੰਦ ਹੋ ਗਿਆ ਅਤੇ ਉਸਨੇ ਆਪਣੇ ਸਰੀਰ ਵਿੱਚ ਮਹਿਸੂਸ ਕੀਤਾ ਕਿ ਉਹ ਉਸ ਬਿਮਾਰੀ ਤੋਂ ਚੰਗੀ ਹੋ ਗਈ ਹੈ।
30ਉਸੇ ਵਕਤ ਯਿਸ਼ੂ ਨੂੰ ਅਹਿਸਾਸ ਹੋਇਆ ਕਿ ਉਸ ਵਿੱਚੋਂ ਸ਼ਕਤੀ ਨਿੱਕਲੀ ਹੈ। ਉਸ ਭੀੜ ਦੀ ਵੱਲ ਮੁੜ ਕੇ ਪੁੱਛਿਆ, “ਮੇਰੇ ਕੱਪੜਿਆਂ ਨੂੰ ਕਿਸ ਨੇ ਛੂਹਿਆ?”
31ਉਸਦੇ ਚੇਲਿਆਂ ਨੇ ਜਵਾਬ ਦਿੱਤਾ, “ਤੁਸੀਂ ਤਾਂ ਆਪਣੇ ਆਲੇ-ਦੁਆਲੇ ਭੀੜ ਵੇਖ ਹੀ ਰਹੇ ਹੋ, ਪਰ ਫਿਰ ਵੀ ਤੁਸੀਂ ਪੁੱਛਦੇ ਹੋ, ‘ਮੈਨੂੰ ਕਿਸ ਨੇ ਛੂਹਿਆ?’ ”
32ਪਰ ਯਿਸ਼ੂ ਨੇ ਇਹ ਵੇਖਣ ਲਈ ਇਧਰ-ਉਧਰ ਨਿਗਾਹ ਮਾਰੀ ਕਿ ਕਿਸ ਨੇ ਇਹ ਕੀਤਾ ਸੀ। 33ਤਦ ਉਹ ਔਰਤ ਜਾਣਦੀ ਸੀ ਕਿ ਉਸ ਦੇ ਨਾਲ ਕੀ ਵਾਪਰਿਆ ਸੀ, ਉਹ ਅੱਗੇ ਆਈ ਅਤੇ ਯਿਸ਼ੂ ਦੇ ਪੈਰਾਂ ਉੱਤੇ ਡਿੱਗ ਪਈ ਅਤੇ ਡਰ ਨਾਲ ਕੰਬਦੀ ਹੋਈ ਨੇ ਉਸ ਨੂੰ ਸਾਰੀ ਸੱਚਾਈ ਦੱਸੀ। 34ਯਿਸ਼ੂ ਨੇ ਉਸ ਔਰਤ ਨੂੰ ਕਿਹਾ, “ਬੇਟੀ, ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ, ਸ਼ਾਂਤੀ ਨਾਲ ਵਾਪਸ ਚਲੀ ਜਾ ਅਤੇ ਤੂੰ ਆਪਣੀ ਬੀਮਾਰੀ ਤੋਂ ਬਚੀ ਰਹਿ।”
35ਜਦੋਂ ਯਿਸ਼ੂ ਅਜੇ ਬੋਲ ਹੀ ਰਿਹਾ ਸੀ, ਕੁਝ ਲੋਕ ਜਾਇਰੂਸ ਦੇ ਘਰੋਂ ਆਏ ਜੋ ਪ੍ਰਾਰਥਨਾ ਸਥਾਨ ਦਾ ਆਗੂ ਸੀ, ਉਹਨਾਂ ਨੇ ਕਿਹਾ, “ਤੇਰੀ ਧੀ ਮਰ ਗਈ ਹੈ। ਗੁਰੂ ਨੂੰ ਹੁਣ ਪਰੇਸ਼ਾਨ ਕਰਨ ਦੀ ਕੋਈ ਲੋੜ ਨਹੀਂ ਹੈ?”
36ਉਹਨਾਂ ਦੀ ਗੱਲ ਯਿਸ਼ੂ ਨੇ ਅਣਸੁਣੀ ਕਰ ਕੇ ਪ੍ਰਾਰਥਨਾ ਸਥਾਨ ਦੇ ਆਗੂ ਨੂੰ ਕਿਹਾ, “ਨਾ ਡਰ; ਕੇਵਲ ਵਿਸ਼ਵਾਸ ਕਰ।”
37ਯਿਸ਼ੂ ਨੇ ਪਤਰਸ, ਯਾਕੋਬ ਅਤੇ ਯਾਕੋਬ ਦੇ ਭਰਾ ਯੋਹਨ ਨੂੰ ਛੱਡ ਕਿਸੇ ਨੂੰ ਵੀ ਆਪਣੇ ਨਾਲ ਅੰਦਰ ਨਾ ਆਉਣ ਦਿੱਤਾ। 38ਜਦੋਂ ਉਹ ਪ੍ਰਾਰਥਨਾ ਸਥਾਨ ਦੇ ਆਗੂ ਦੇ ਘਰ ਆਏ, ਯਿਸ਼ੂ ਨੇ ਇੱਕ ਸ਼ੋਰ ਕਰਦੀ, ਰੋਂਦੀ ਅਤੇ ਉੱਚੀ ਆਵਾਜ਼ ਵਿੱਚ ਵਿਲਕਦੀ ਭੀੜ ਨੂੰ ਵੇਖਿਆ। 39ਉਹ ਅੰਦਰ ਗਏ ਅਤੇ ਉਹਨਾਂ ਨੂੰ ਕਿਹਾ, “ਇਹ ਸਾਰਾ ਰੋਣਾ ਅਤੇ ਪਿਟਣਾ ਕਿਉਂ? ਬੱਚੀ ਮਰੀ ਨਹੀਂ ਪਰ ਸੁੱਤੀ ਹੋਈ ਹੈ।” 40ਇਹ ਸੁਣ ਕੇ ਉਹ ਮਸੀਹ ਯਿਸ਼ੂ ਦਾ ਮਜ਼ਾਕ ਉਡਾਉਣ ਲੱਗੇ।
ਯਿਸ਼ੂ ਨੇ ਸਭ ਨੂੰ ਬਾਹਰ ਕੱਢਣ ਤੋਂ ਬਾਅਦ, ਉਹਨਾਂ ਨੇ ਬੱਚੀ ਦੇ ਮਾਤਾ-ਪਿਤਾ ਅਤੇ ਆਪਣੇ ਚੇਲੇ ਜੋ ਨਾਲ ਸਨ, ਉਹਨਾਂ ਨੂੰ ਲੈ ਕੇ ਅੰਦਰ ਗਏ ਜਿੱਥੇ ਉਹ ਬੱਚੀ ਸੀ। 41ਯਿਸ਼ੂ ਨੇ ਉਸ ਲੜਕੀ ਦਾ ਹੱਥ ਫੜਿਆ ਅਤੇ ਉਸਨੂੰ ਕਿਹਾ, “ਤਾਲੀਥਾ ਕੌਉਮ” (ਜਿਸਦਾ ਅਰਥ ਇਹ ਹੈ, “ਹੇ ਕੰਨਿਆ, ਮੈਂ ਤੈਨੂੰ ਕਹਿੰਦਾ ਹਾਂ, ਉੱਠ!”)। 42ਤੁਰੰਤ ਹੀ ਲੜਕੀ ਉੱਠ ਖੜੀ ਹੋਈ ਅਤੇ ਤੁਰਨ ਲੱਗੀ ਉਹ ਬਾਰ੍ਹਾਂ ਸਾਲਾਂ ਦੀ ਸੀ। ਇਸ ਤੇ ਉਹ ਸਾਰੇ ਹੈਰਾਨ ਰਹਿ ਗਏ। 43ਯਿਸ਼ੂ ਨੇ ਸਖ਼ਤ ਆਦੇਸ਼ ਦਿੱਤੇ ਕਿ ਕਿਸੇ ਨੂੰ ਵੀ ਇਸ ਬਾਰੇ ਨਾ ਦੱਸਣ ਅਤੇ ਕਿਹਾ ਇਸ ਨੂੰ ਕੁਝ ਖਾਣ ਲਈ ਦਿੱਤਾ ਜਾਵੇ।