ਮਾਰਕਸ 14
14
ਬੈਥਨੀਆ ਵਿੱਚ ਯਿਸ਼ੂ ਦਾ ਮਸਹ ਕੀਤਾ ਜਾਣਾ
1ਹੁਣ ਪਸਾਹ ਅਤੇ ਪਤੀਰੀ ਰੋਟੀ ਦਾ ਤਿਉਹਾਰ ਸਿਰਫ ਦੋ ਦਿਨਾਂ ਬਾਅਦ ਹੋਣ ਵਾਲਾ ਸੀ, ਅਤੇ ਮੁੱਖ ਜਾਜਕਾਂ ਤੇ ਬਿਵਸਥਾ ਦੇ ਉਪਦੇਸ਼ਕਾ ਨੇ ਯਿਸ਼ੂ ਨੂੰ ਗੁਪਤ ਤਰੀਕੇ ਨਾਲ ਗਿਰਫ਼ਤਾਰ ਕਰਨ ਅਤੇ ਉਸਨੂੰ ਮਾਰ ਦੇਣ ਦੀ ਯੋਜਨਾ ਬਣਾਈ। 2ਉਹਨਾਂ ਨੇ ਆਪਸ ਵਿੱਚ ਆਖਿਆ, “ਪਰ ਤਿਉਹਾਰ ਦੇ ਦਿਨ ਦੌਰਾਨ ਨਹੀਂ, ਕਿਉਂਕਿ ਲੋਕ ਦੰਗੇ ਕਰ ਸਕਦੇ ਹਨ।”
3ਜਦੋਂ ਯਿਸ਼ੂ ਬੈਥਨੀਆ ਵਿੱਚ ਸ਼ਿਮਓਨ ਕੋੜ੍ਹੀ#14:3 ਸ਼ਿਮਓਨ ਕੋੜ੍ਹੀ ਜੋ ਹੁਣ ਚੰਗਾ ਹੋ ਚੁੱਕਿਆ ਸੀ ਪਰ ਕੋੜ੍ਹੀ ਦੇ ਨਾਮ ਤੋਂ ਪਛਾਣਿਆ ਜਾਂਦਾ ਸੀ ਦੇ ਘਰ ਮੇਜ਼ ਤੇ ਰੋਟੀ ਖਾਣ ਲਈ ਬੈਠੇ ਹੋਏ ਸਨ, ਇੱਕ ਔਰਤ ਉਸ ਕੋਲ ਸੰਗਮਰਮਰ ਦੀ ਸ਼ੀਸ਼ੀ ਦੇ ਵਿੱਚ ਮਹਿੰਗੇ ਮੁੱਲ ਦਾ ਅਤਰ ਲੈ ਕੇ ਆਈ, ਉਹ ਅਤਰ ਸ਼ੁੱਧ ਜਟਾਮਾਸੀ ਦਾ ਬਣਿਆ ਹੋਇਆ ਸੀ। ਉਸਨੇ ਸ਼ੀਸ਼ੀ ਨੂੰ ਤੋੜਿਆ ਅਤੇ ਯਿਸ਼ੂ ਦੇ ਸਿਰ ਉੱਤੇ ਅਤਰ ਪਾ ਦਿੱਤਾ।
4ਉੱਥੇ ਮੌਜੂਦ ਕੁਝ ਲੋਕ ਇੱਕ ਦੂਸਰੇ ਨੂੰ ਗੁੱਸੇ ਨਾਲ ਕਹਿ ਰਹੇ ਸਨ, “ਇਹ ਅਤਰ ਦੀ ਬਰਬਾਦੀ ਕਿਉਂ? 5ਇਹ ਇੱਕ ਸਾਲ ਤੋਂ ਵੱਧ ਦੀ ਮਜ਼ਦੂਰੀ ਦੀ ਕੀਮਤ#14:5 ਤਿੰਨ ਸੋ ਦੀਨਾਰ ਉੱਤੇ ਵੇਚਿਆ ਜਾ ਸਕਦਾ ਸੀ ਅਤੇ ਪੈਸੇ ਗਰੀਬਾਂ ਨੂੰ ਦਿੱਤੇ ਜਾਂਦੇ।” ਅਤੇ ਉਹਨਾਂ ਨੇ ਉਸ ਔਰਤ ਨੂੰ ਸਖ਼ਤੀ ਨਾਲ ਝਿੜਕਿਆ।
6ਯਿਸ਼ੂ ਨੇ ਉਹਨਾਂ ਨੂੰ ਕਿਹਾ, “ਉਸ ਨੂੰ ਇਕੱਲੇ ਰਹਿਣ ਦਿਓ, ਤੁਸੀਂ ਉਸ ਨੂੰ ਕਿਉਂ ਪਰੇਸ਼ਾਨ ਕਰ ਰਹੇ ਹੋ? ਉਸਨੇ ਮੇਰੇ ਲਈ ਇੱਕ ਚੰਗਾ ਕੰਮ ਕੀਤਾ ਹੈ। 7ਗਰੀਬ ਤਾਂ ਤੁਹਾਡੇ ਨਾਲ ਹਮੇਸ਼ਾ ਰਹਿਣਗੇ,#14:7 ਬਿਵ 15:11 ਅਤੇ ਤੁਸੀਂ ਜਦੋਂ ਚਾਹੋ ਉਹਨਾਂ ਦੀ ਸਹਾਇਤਾ ਕਰ ਸਕਦੇ ਹੋ। ਪਰ ਮੈਂ ਤੁਹਾਡੇ ਕੋਲ ਹਮੇਸ਼ਾ ਨਹੀਂ ਰਹਾਂਗਾ। 8ਉਸ ਨੇ ਉਹ ਕੀਤਾ ਜੋ ਉਹ ਕਰ ਸਕਦੀ ਸੀ। ਉਸ ਨੇ ਮੇਰੇ ਸਰੀਰ ਨੂੰ ਦਫ਼ਨਾਉਣ ਦੀ ਤਿਆਰੀ ਕਰਨ ਲਈ ਪਹਿਲਾਂ ਹੀ ਮੇਰੇ ਸਰੀਰ ਤੇ ਅਤਰ ਡੋਲ੍ਹਿਆ ਹੈ। 9ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਜਿੱਥੇ ਵੀ ਖੁਸ਼ਖ਼ਬਰੀ ਦਾ ਪ੍ਰਚਾਰ ਦੁਨੀਆਂ ਭਰ ਵਿੱਚ ਕੀਤਾ ਜਾਵੇਗਾ, ਉਸ ਦੀ ਯਾਦ ਵਿੱਚ ਉਸ ਨੇ ਜੋ ਕੁਝ ਵੀ ਕੀਤਾ ਉਹ ਵੀ ਦੱਸਿਆ ਜਾਵੇਗਾ।”
10ਤਦ ਬਾਰ੍ਹਾਂ ਚੇਲਿਆਂ ਵਿੱਚੋਂ ਇੱਕ, ਇਸਕਾਰਿਯੋਤ ਵਾਸੀ ਯਹੂਦਾਹ ਯਿਸ਼ੂ ਨੂੰ ਉਹਨਾਂ ਦੇ ਹਵਾਲੇ ਕਰਨ ਲਈ ਮੁੱਖ ਜਾਜਕਾਂ ਕੋਲ ਗਿਆ। 11ਇਹ ਸੁਣ ਕੇ ਉਹ ਬਹੁਤ ਖੁਸ਼ ਹੋਏ ਅਤੇ ਉਸ ਨੂੰ ਪੈਸੇ ਦੇਣ ਦਾ ਵਾਅਦਾ ਕੀਤਾ। ਇਸ ਲਈ ਯਹੂਦਾ ਯਿਸ਼ੂ ਨੂੰ ਫੜਵਾਉਣ ਦਾ ਮੌਕਾ ਲੱਭਣ ਲੱਗਾ।
ਆਖਰੀ ਰਾਤ ਦਾ ਖਾਣਾ
12ਪਤੀਰੀ ਰੋਟੀ ਦੇ ਤਿਉਹਾਰ ਦੇ ਪਹਿਲੇ ਦਿਨ ਜਦੋਂ ਪਸਾਹ ਦੇ ਲੇਲੇ ਦੀ ਬਲੀ ਦੇਣ ਦਾ ਰਿਵਾਜ ਸੀ, ਤਾਂ ਯਿਸ਼ੂ ਦੇ ਚੇਲਿਆਂ ਨੇ ਉਸ ਨੂੰ ਪੁੱਛਿਆ, “ਤੁਸੀਂ ਕਿੱਥੇ ਚਾਹੁੰਦੇ ਹੋ ਜੋ ਅਸੀਂ ਜਾ ਕੇ ਤੁਹਾਡੇ ਖਾਣ ਲਈ ਪਸਾਹ ਤਿਆਰ ਕਰੀਏ?”
13ਇਸ ਲਈ ਉਸ ਨੇ ਆਪਣੇ ਦੋ ਚੇਲਿਆਂ ਨੂੰ ਇਹ ਕਹਿ ਕੇ ਭੇਜਿਆ, “ਸ਼ਹਿਰ ਵਿੱਚ ਜਾਓ ਅਤੇ ਪਾਣੀ ਦਾ ਘੜਾ ਚੁੱਕੀ ਇੱਕ ਆਦਮੀ ਤੁਹਾਨੂੰ ਮਿਲੇਗਾ। ਉਸ ਦਾ ਪਿੱਛਾ ਕਰੋ। 14ਉਹ ਜਿਸ ਘਰ ਵਿੱਚ ਦਾਖਲ ਹੁੰਦਾ ਹੈ ਉਸ ਘਰ ਦੇ ਮਾਲਕ ਨੂੰ ਕਹੋ ਕਿ, ‘ਗੁਰੂ ਜੀ ਪੁੱਛਦੇ ਹਨ: ਮੇਰਾ ਕਮਰਾ ਕਿੱਥੇ ਹੈ, ਜਿੱਥੇ ਮੈਂ ਆਪਣੇ ਚੇਲਿਆਂ ਨਾਲ ਪਸਾਹ ਦਾ ਭੋਜਨ ਖਾਵਾਂਗਾ?’ 15ਉਹ ਤੁਹਾਨੂੰ ਉੱਪਰ ਇੱਕ ਵੱਡਾ ਅਤੇ ਤਿਆਰ ਕੀਤਾ ਹੋਇਆ ਕਮਰਾ ਵਿਖਾਏਗਾ। ਸਾਡੇ ਲਈ ਉੱਥੇ ਤਿਆਰੀ ਕਰੋ।”
16ਚੇਲੇ ਚਲੇ ਗਏ ਅਤੇ ਸ਼ਹਿਰ ਵਿੱਚ ਜਾ ਕੇ ਉਹਨਾਂ ਨੂੰ ਉਹੀ ਕੁਝ ਮਿਲਿਆ ਜਿਵੇਂ ਯਿਸ਼ੂ ਨੇ ਉਹਨਾਂ ਨੂੰ ਕਿਹਾ ਸੀ। ਇਸ ਲਈ ਉਹਨਾਂ ਨੇ ਪਸਾਹ ਦਾ ਭੋਜਨ ਤਿਆਰ ਕੀਤਾ।
17ਜਦੋਂ ਸ਼ਾਮ ਹੋਈ ਤਾਂ ਯਿਸ਼ੂ ਆਪਣੇ ਬਾਰ੍ਹਾਂ ਚੇਲਿਆਂ ਨਾਲ ਆਏ। 18ਜਦੋਂ ਉਹ ਮੇਜ਼ ਤੇ ਖਾਣਾ ਖਾ ਰਹੇ ਸਨ, ਯਿਸ਼ੂ ਨੇ ਆਖਿਆ, “ਮੈਂ ਤੁਹਾਨੂੰ ਸੱਚ ਆਖਦਾ ਹਾਂ, ਤੁਹਾਡੇ ਵਿੱਚੋਂ ਇੱਕ ਮੇਰੇ ਨਾਲ ਵਿਸ਼ਵਾਸਘਾਤ ਕਰੇਂਗਾ ਜਿਹੜਾ ਮੇਰੇ ਨਾਲ ਖਾ ਰਿਹਾ ਹੈ।”
19ਉਹ ਉਦਾਸ ਹੋ ਗਏ, ਅਤੇ ਇੱਕ-ਇੱਕ ਕਰਕੇ ਯਿਸ਼ੂ ਨੂੰ ਪੁੱਛਣ ਲੱਗੇ, “ਯਕੀਨਨ, ਕੀ ਮੈਂ ਉਹ ਤਾਂ ਨਹੀਂ?”
20ਯਿਸ਼ੂ ਨੇ ਉੱਤਰ ਦਿੱਤਾ, “ਇਹ ਬਾਰ੍ਹਾਂ ਵਿੱਚੋਂ ਇੱਕ ਹੈ, ਜਿਹੜਾ ਮੇਰੇ ਨਾਲ ਕਟੋਰੇ ਵਿੱਚ ਰੋਟੀ ਡੁਬੋਉਂਦਾ ਹੈ। 21ਮਨੁੱਖ ਦਾ ਪੁੱਤਰ ਤਾਂ ਉਸ ਤਰ੍ਹਾਂ ਜਾਵੇਗਾ, ਜਿਵੇਂ ਉਸ ਦੇ ਬਾਰੇ ਲਿਖਿਆ ਹੈ। ਪਰ ਹਾਏ ਉਸ ਮਨੁੱਖ ਉੱਤੇ ਜਿਹੜਾ ਮਨੁੱਖ ਦੇ ਪੁੱਤਰ ਨੂੰ ਧੋਖਾ ਦੇਵੇਗਾ! ਉਸ ਲਈ ਇਹ ਚੰਗਾ ਹੁੰਦਾ ਜੇ ਉਹ ਨਾ ਜੰਮਦਾ।”
22ਜਦੋਂ ਉਹ ਖਾ ਰਹੇ ਸਨ, ਯਿਸ਼ੂ ਨੇ ਰੋਟੀ ਲਈ, ਅਤੇ ਪਰਮੇਸ਼ਵਰ ਦਾ ਧੰਨਵਾਦ ਕਰਕੇ, ਤੋੜੀ ਅਤੇ ਆਪਣੇ ਚੇਲਿਆਂ ਨੂੰ ਦਿੱਤੀ, “ਲਓ; ਇਹ ਮੇਰਾ ਸਰੀਰ ਹੈ।”
23ਫਿਰ ਉਸ ਨੇ ਇੱਕ ਪਿਆਲਾ ਲਿਆ, ਅਤੇ ਪਰਮੇਸ਼ਵਰ ਦਾ ਧੰਨਵਾਦ ਕਰ ਕੇ, ਉਸ ਨੇ ਉਹਨਾਂ ਨੂੰ ਦਿੱਤਾ ਅਤੇ ਉਹਨਾਂ ਸਾਰਿਆਂ ਨੇ ਇਸ ਵਿੱਚੋਂ ਪੀਤਾ।
24ਯਿਸ਼ੂ ਨੇ ਉਹਨਾਂ ਨੂੰ ਕਿਹਾ, “ਇਹ ਮੇਰੇ ਲਹੂ ਵਿੱਚ ਵਾਚਾ ਹੈ, ਜਿਹੜਾ ਕਿ ਬਹੁਤਿਆਂ ਦੇ ਲਈ ਵਹਾਇਆ ਜਾਂਦਾ ਹੈ। 25ਮੈਂ ਤੁਹਾਨੂੰ ਸੱਚ ਆਖਦਾ ਹਾਂ, ਮੈਂ ਉਸ ਦਿਨ ਤੋਂ ਫਿਰ ਉਸ ਦਾਖ ਦੇ ਰਸ ਵਿੱਚੋਂ ਕਦੇ ਨਹੀਂ ਪੀਵਾਂਗਾ, ਜਦੋਂ ਤੱਕ ਮੈਂ ਇਸ ਨੂੰ ਪਰਮੇਸ਼ਵਰ ਦੇ ਰਾਜ ਵਿੱਚ ਨਵਾਂ ਨਾ ਪੀਵਾਂਗਾ।”
26ਫਿਰ ਉਹ ਭਜਨ ਗਾ ਕੇ ਜ਼ੈਤੂਨ ਦੇ ਪਹਾੜ ਵੱਲ ਨੂੰ ਚਲੇ ਗਏ।
ਯਿਸ਼ੂ ਨੇ ਪਤਰਸ ਦੇ ਇਨਕਾਰ ਦੀ ਭਵਿੱਖਬਾਣੀ ਕੀਤੀ
27ਯਿਸ਼ੂ ਨੇ ਉਹਨਾਂ ਨੂੰ ਕਿਹਾ, “ਤੁਸੀਂ ਸਾਰੇ ਠੋਕਰ ਖਾਓਗੇ, ਕਿਉਂਕਿ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੈ:
“ ‘ਮੈਂ ਚਰਵਾਹੇ ਨੂੰ ਮਾਰਾਂਗਾ,
ਅਤੇ ਭੇਡਾਂ ਖਿੱਲਰ ਜਾਣਗੀਆਂ।’#14:27 ਜ਼ਕ 13:7
28ਪਰ ਜੀ ਉੱਠਣ ਤੋਂ ਬਾਅਦ, ਮੈਂ ਤੁਹਾਡੇ ਅੱਗੇ ਗਲੀਲ ਜਾਵਾਂਗਾ।”
29ਪਤਰਸ ਨੇ ਐਲਾਨ ਕੀਤਾ, “ਭਾਵੇਂ ਸਾਰੇ ਡਿੱਗ ਜਾਣ, ਮੈਂ ਨਹੀਂ ਡਿੱਗਾਂਗਾ।”
30ਯਿਸ਼ੂ ਨੇ ਉੱਤਰ ਦਿੱਤਾ, “ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਅੱਜ ਇਸੇ ਰਾਤ ਕੁੱਕੜ ਦੇ ਦੋ ਵਾਰ ਬਾਂਗ ਦੇਣ ਤੋਂ ਪਹਿਲਾਂ ਤੂੰ ਆਪ ਤਿੰਨ ਵਾਰੀ ਮੇਰਾ ਇਨਕਾਰ ਕਰੇਂਗਾ।”
31ਪਰ ਪਤਰਸ ਨੇ ਜ਼ੋਰ ਦੇ ਕੇ ਕਿਹਾ, “ਭਾਵੇਂ ਮੈਨੂੰ ਤੁਹਾਡੇ ਨਾਲ ਮਰਨਾ ਵੀ ਪਵੇ, ਤਾਂ ਵੀ ਮੈਂ ਤੁਹਾਡਾ ਇਨਕਾਰ ਕਦੀ ਨਹੀਂ ਕਰਾਂਗਾ।” ਅਤੇ ਸਾਰੇ ਚੇਲੇ ਇਸੇ ਤਰ੍ਹਾਂ ਆਖਣ ਲੱਗੇ।
ਗਥਸਮਨੀ
32ਉਹ ਗਥਸਮਨੀ ਨਾਮ ਦੇ ਇੱਕ ਜਗ੍ਹਾ ਵਿੱਚ ਗਏ, ਅਤੇ ਯਿਸ਼ੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਜਦੋਂ ਤੱਕ ਮੈਂ ਪ੍ਰਾਰਥਨਾ ਕਰਦਾ ਹਾਂ ਤਾਂ ਤੁਸੀਂ ਇੱਥੇ ਬੈਠੋ।” 33ਉਹ ਪਤਰਸ, ਯਾਕੋਬ ਅਤੇ ਯੋਹਨ ਨੂੰ ਆਪਣੇ ਨਾਲ ਲੈ ਗਏ, ਅਤੇ ਯਿਸ਼ੂ ਦੁਖੀ ਅਤੇ ਪਰੇਸ਼ਾਨ ਹੋਣ ਲੱਗਾ। 34ਯਿਸ਼ੂ ਨੇ ਉਹਨਾਂ ਨੂੰ ਕਿਹਾ, “ਮੇਰਾ ਪ੍ਰਾਣ ਬਹੁਤ ਉਦਾਸ ਹੈ ਸਗੋਂ ਮਰਨ ਦੇ ਦਰਜੇ ਤੀਕ ਹੈ, ਤੁਸੀਂ ਇੱਥੇ ਠਹਿਰੋ ਅਤੇ ਜਾਗਦੇ ਰਹੋ।”
35ਥੋੜ੍ਹੀ ਹੀ ਦੂਰ ਜਾ ਕੇ ਉਹ ਜ਼ਮੀਨ ਉੱਤੇ ਡਿੱਗ ਪਿਆ ਅਤੇ ਪ੍ਰਾਰਥਨਾ ਕੀਤੀ ਕਿ ਜੇ ਸੰਭਵ ਹੋਵੇ ਤਾਂ ਉਹ ਵਕਤ ਉਸ ਤੋਂ ਟਲ ਜਾਵੇ। 36ਉਸ ਨੇ ਕਿਹਾ, “ਅੱਬਾ, ਹੇ ਪਿਤਾ, ਤੁਹਾਡੇ ਲਈ ਸਭ ਕੁਝ ਸੰਭਵ ਹੈ। ਇਹ ਪਿਆਲਾ ਮੇਰੇ ਤੋਂ ਟਲ ਜਾਵੇ। ਫਿਰ ਵੀ ਮੇਰੀ ਨਹੀਂ ਤੁਹਾਡੀ ਮਰਜ਼ੀ ਅਨੁਸਾਰ ਹੋਵੇ।”
37ਤਦ ਯਿਸ਼ੂ ਆਪਣੇ ਚੇਲਿਆਂ ਕੋਲ ਵਾਪਸ ਆਏ ਅਤੇ ਉਹਨਾਂ ਨੂੰ ਸੁੱਤਿਆ ਪਾਇਆ। ਉਸਨੇ ਪਤਰਸ ਨੂੰ ਆਖਿਆ, “ਸ਼ਿਮਓਨ, ਤੂੰ ਸੌ ਰਿਹਾ ਹੈ? ਕੀ ਤੁਸੀਂ ਮੇਰੇ ਨਾਲ ਇੱਕ ਘੜੀ ਵੀ ਨਾ ਜਾਗ ਸਕੇ? 38ਜਾਗਦੇ ਰਹੋ ਅਤੇ ਪ੍ਰਾਰਥਨਾ ਕਰੋ ਤਾਂ ਜੋ ਤੁਸੀਂ ਪਰਤਾਵੇ ਵਿੱਚ ਨਾ ਪਓ। ਆਤਮਾ ਤਾਂ ਤਿਆਰ ਹੈ, ਪਰ ਸਰੀਰ ਕਮਜ਼ੋਰ ਹੈ।”
39ਇੱਕ ਵਾਰ ਫਿਰ ਯਿਸ਼ੂ ਚਲੇ ਗਏ ਅਤੇ ਉਸੇ ਤਰ੍ਹਾਂ ਪ੍ਰਾਰਥਨਾ ਕੀਤੀ। 40ਜਦੋਂ ਉਹ ਵਾਪਸ ਆਏ ਤਾਂ ਫਿਰ ਉਹਨਾਂ ਨੂੰ ਸੁੱਤੇ ਹੋਏ ਵੇਖਿਆ, ਕਿਉਂਕਿ ਉਹਨਾਂ ਦੀਆਂ ਅੱਖਾਂ ਨੀਂਦ ਨਾਲ ਭਰੀਆ ਹੋਈਆ ਸਨ। ਉਹਨਾਂ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਯਿਸ਼ੂ ਨੂੰ ਕੀ ਜਵਾਬ ਦੇਣ।
41ਤੀਜੀ ਵਾਰ ਵਾਪਸ ਆ ਕੇ, ਯਿਸ਼ੂ ਨੇ ਉਹਨਾਂ ਨੂੰ ਆਖਿਆ, “ਕੀ ਤੁਸੀਂ ਅਜੇ ਤੱਕ ਸੁੱਤੇ ਅਤੇ ਆਰਾਮ ਕਰ ਰਹੇ ਹੋ? ਇਹ ਕਾਫ਼ੀ ਹੈ! ਸਮਾਂ ਆ ਗਿਆ ਹੈ। ਵੇਖੋ, ਉਹ ਸਮਾਂ ਆ ਗਿਆ ਹੈ ਅਤੇ ਮਨੁੱਖ ਦਾ ਪੁੱਤਰ ਪਾਪੀਆਂ ਦੇ ਹੱਥਾਂ ਵਿੱਚ ਫੜਵਾਇਆ ਜਾਂਦਾ ਹੈ। 42ਉੱਠੋ! ਆਉ ਚੱਲੀਏ! ਵੇਖੋ ਮੇਰਾ ਫੜਵਾਉਣ ਵਾਲਾ ਨੇੜੇ ਆ ਗਿਆ ਹੈ!”
ਯਿਸ਼ੂ ਦਾ ਗਿਰਫ਼ਤਾਰ ਕੀਤਾ ਜਾਣਾ
43ਜਿਵੇਂ ਯਿਸ਼ੂ ਬੋਲ ਹੀ ਰਿਹਾ ਸੀ, ਉਸੇ ਵੇਲੇ ਯਹੂਦਾਹ ਜੋ ਬਾਰ੍ਹਾਂ ਚੇਲਿਆਂ ਵਿੱਚੋਂ ਇੱਕ ਸੀ ਆਇਆ। ਉਸ ਦੇ ਨਾਲ ਤਲਵਾਰਾਂ ਅਤੇ ਡਾਂਗਾ ਫੜੀ ਹੋਈ ਇੱਕ ਭੀੜ ਸੀ, ਜਿਨ੍ਹਾਂ ਨੂੰ ਮੁੱਖ ਜਾਜਕਾਂ, ਨੇਮ ਦੇ ਉਪਦੇਸ਼ਕਾਂ ਅਤੇ ਬਜ਼ੁਰਗਾਂ ਨੇ ਭੇਜਿਆ ਸੀ।
44ਹੁਣ ਫੜਵਾਉਣ ਵਾਲੇ ਨੇ ਉਹਨਾਂ ਨੂੰ ਇੱਕ ਸੰਕੇਤ ਦਿੱਤਾ ਸੀ: “ਕਿ ਜਿਸ ਆਦਮੀ ਨੂੰ ਮੈਂ ਚੁੰਮਾਂ ਉਸ ਨੂੰ ਫੜ੍ਹ ਲੈਣਾ ਅਤੇ ਉਸ ਨੂੰ ਨਿਗਰਾਨੀ ਹੇਠ ਲੈ ਲੈਣਾ।” 45ਉਸੇ ਵਕਤ ਯਿਸ਼ੂ ਕੋਲ ਗਿਆ ਅਤੇ ਯਹੂਦਾਹ ਨੇ ਕਿਹਾ, “ਗੁਰੂ ਜੀ!” ਅਤੇ ਉਸ ਨੂੰ ਚੁੰਮਿਆ। 46ਆਦਮੀਆਂ ਨੇ ਯਿਸ਼ੂ ਨੂੰ ਫੜ੍ਹ ਕੇ ਗਿਰਫ਼ਤਾਰ ਕਰ ਲਿਆ। 47ਤਾਂ ਨੇੜੇ ਖੜ੍ਹੇ ਲੋਕਾਂ ਵਿੱਚੋਂ ਇੱਕ ਨੇ ਆਪਣੀ ਤਲਵਾਰ ਕੱਢੀ ਅਤੇ ਮਹਾਂ ਜਾਜਕ ਦੇ ਨੌਕਰ ਤੇ ਚਲਾ ਕੇ ਉਸ ਦਾ ਕੰਨ ਵੱਢ ਸੁੱਟਿਆ।
48ਯਿਸ਼ੂ ਨੇ ਉਹਨਾਂ ਨੂੰ ਆਖਿਆ, “ਕੀ ਮੈਂ ਇੱਕ ਰਾਜ ਦਰੋਹੀ ਹਾਂ, ਜੋ ਤੁਸੀਂ ਮੈਨੂੰ ਫੜ੍ਹਨ ਲਈ ਤਲਵਾਰਾਂ ਅਤੇ ਡਾਂਗਾ ਲੈ ਕੇ ਆਏ ਹੋ? 49ਹਰ ਦਿਨ ਮੈਂ ਤੁਹਾਡੇ ਨਾਲ ਹੈਕਲ ਦੇ ਵਿਹੜੇ ਵਿੱਚ ਉਪਦੇਸ਼ ਦੇ ਰਿਹਾ ਸੀ, ਅਤੇ ਤੁਸੀਂ ਮੈਨੂੰ ਗਿਰਫ਼ਤਾਰ ਨਹੀਂ ਕੀਤਾ? ਪਰ ਪਵਿੱਤਰ ਸ਼ਾਸਤਰ ਦਾ ਪੂਰਾ ਹੋਣਾ ਜ਼ਰੂਰੀ ਹੈ।” 50ਤਦ ਸਾਰੇ ਚੇਲੇ ਯਿਸ਼ੂ ਨੂੰ ਛੱਡ ਕੇ ਭੱਜ ਗਏ।
51ਇੱਕ ਜਵਾਨ ਆਦਮੀ, ਜਿਸਨੇ ਇੱਕ ਮਖਮਲ ਦੀ ਚਾਦਰ ਨੂੰ ਛੱਡ ਕੁਝ ਵੀ ਨਹੀਂ ਪਾਇਆ ਹੋਇਆ ਸੀ ਅਤੇ ਯਿਸ਼ੂ ਦੇ ਮਗਰ ਤੁਰ ਪਿਆ। ਜਦੋਂ ਉਹਨਾਂ ਨੇ ਉਸ ਨੂੰ ਫੜਨਾ ਚਾਹਿਆ, 52ਉਹ ਨੰਗਾ ਹੀ ਭੱਜ ਗਿਆ, ਅਤੇ ਆਪਣੇ ਕੱਪੜੇ ਨੂੰ ਪਿੱਛੇ ਛੱਡ ਗਿਆ।
ਯਿਸ਼ੂ ਮਹਾਸਭਾ ਤੋਂ ਪਹਿਲਾਂ
53ਉਹ ਯਿਸ਼ੂ ਨੂੰ ਮਹਾਂ ਜਾਜਕ ਕੋਲ ਲੈ ਗਏ ਅਤੇ ਸਾਰੇ ਮੁੱਖ ਜਾਜਕਾਂ, ਬਜ਼ੁਰਗ ਅਤੇ ਨੇਮ ਦੇ ਉਪਦੇਸ਼ਕ ਇੱਕਠੇ ਹੋਏ। 54ਪਤਰਸ ਕੁਝ ਦੂਰੀ ਤੇ ਯਿਸ਼ੂ ਦੇ ਪਿੱਛੇ-ਪਿੱਛੇ ਚਲਦਾ ਹੋਇਆ, ਮਹਾਂ ਜਾਜਕ ਦੇ ਵਿਹੜੇ ਵਿੱਚ ਆ ਪਹੁੰਚਿਆ। ਉੱਥੇ ਉਹ ਪਹਿਰੇਦਾਰਾਂ ਨਾਲ ਬੈਠ ਕੇ ਅੱਗ ਸੇਕਣ ਲੱਗਾ।
55ਮੁੱਖ ਜਾਜਕਾਂ ਅਤੇ ਸਾਰੀ ਮਹਾਂ ਸਭਾ ਯਿਸ਼ੂ ਨੂੰ ਜਾਨੋਂ ਮਾਰਨ ਲਈ ਉਸ ਦੇ ਵਿਰੁੱਧ ਝੂਠੀ ਗਵਾਹੀ ਲੱਭਦੇ ਸਨ। ਪਰ ਉਹਨਾਂ ਨੂੰ ਕੁਝ ਨਾ ਮਿਲਿਆ। 56ਕਈਆਂ ਨੇ ਉਹ ਦੇ ਵਿਰੁੱਧ ਝੂਠੀ ਗਵਾਹੀ ਦਿੱਤੀ, ਪਰ ਉਹਨਾਂ ਦੇ ਬਿਆਨ ਨਹੀਂ ਮਿਲਦੇ ਸਨ।
57ਤਦ ਕੁਝ ਲੋਕ ਖੜ੍ਹੇ ਹੋ ਗਏ ਅਤੇ ਉਸ ਦੇ ਵਿਰੁੱਧ ਇਹ ਝੂਠੀ ਗਵਾਹੀ ਦਿੱਤੀ: 58“ਅਸੀਂ ਉਸ ਨੂੰ ਇਹ ਕਹਿੰਦੇ ਸੁਣਿਆ, ‘ਮੈਂ ਮਨੁੱਖਾਂ ਦੇ ਹੱਥਾਂ ਨਾਲ ਬਣੀ ਇਸ ਹੈਕਲ ਨੂੰ ਢਾਹ ਦੇਵਾਂਗਾ ਅਤੇ ਤਿੰਨਾਂ ਦਿਨਾਂ ਵਿੱਚ ਇੱਕ ਹੋਰ ਬਣਾਵਾਂਗਾ, ਜਿਹੜਾ ਹੱਥਾਂ ਨਾਲ ਨਹੀਂ ਬਣਾਇਆ ਹੋਵੇਗਾ।’ ” 59ਫਿਰ ਵੀ ਉਹਨਾਂ ਦੀ ਗਵਾਹੀ ਨਹੀਂ ਮਿਲਦੀ ਸੀ।
60ਤਦ ਮਹਾਂ ਜਾਜਕ ਨੇ ਖੜ੍ਹੇ ਹੋ ਕੇ ਉਹਨਾਂ ਦੇ ਸਾਮ੍ਹਣੇ ਯਿਸ਼ੂ ਨੂੰ ਪੁੱਛਿਆ, “ਕੀ ਤੂੰ ਕੁਝ ਜਵਾਬ ਨਹੀਂ ਦਿੰਦਾ? ਇਹ ਤੇਰੇ ਵਿਰੁੱਧ ਕੀ ਗਵਾਹੀ ਦੇ ਰਹੇ ਹਨ?” 61ਪਰ ਯਿਸ਼ੂ ਚੁੱਪ ਹੀ ਰਿਹਾ ਅਤੇ ਕੋਈ ਜਵਾਬ ਨਾ ਦਿੱਤਾ।
ਮਹਾਂ ਜਾਜਕ ਨੇ ਉਸ ਨੂੰ ਫਿਰ ਪੁੱਛਿਆ, “ਕੀ ਤੂੰ ਮਸੀਹ, ਪਰਮ ਪ੍ਰਧਾਨ ਦਾ ਪੁੱਤਰ ਹੈਂ?”
62ਯਿਸ਼ੂ ਨੇ ਕਿਹਾ, “ਮੈਂ ਹਾਂ, ਅਤੇ ਤੁਸੀਂ ਮਨੁੱਖ ਦੇ ਪੁੱਤਰ ਨੂੰ ਸਰਵਸ਼ਕਤੀਮਾਨ ਦੇ ਸੱਜੇ ਹੱਥ ਬੈਠੇ ਹੋਏ ਅਤੇ ਸਵਰਗ ਦੇ ਬੱਦਲਾਂ ਉੱਤੇ ਆਉਂਦੇ ਹੋਏ ਵੇਖੋਗੇ।”
63ਮਹਾਂ ਜਾਜਕ ਨੇ ਆਪਣੇ ਕੱਪੜੇ ਪਾੜੇ। ਉਸ ਨੇ ਪੁੱਛਿਆ, “ਹੁਣ ਸਾਨੂੰ ਹੋਰ ਗਵਾਹਾਂ ਦੀ ਕੀ ਲੋੜ ਹੈ? 64ਹੁਣ ਤੁਸੀਂ ਇਹ ਨਿੰਦਿਆ ਸੁਣੀ ਹੈ। ਹੁਣ ਤੁਹਾਡਾ ਕੀ ਵਿਚਾਰ ਹੈ?”
ਉਹਨਾਂ ਸਾਰਿਆਂ ਨੇ ਉਸ ਨੂੰ ਮੌਤ ਦੀ ਸਜ਼ਾ ਦੇ ਯੋਗ ਮੰਨਿਆ। 65ਫੇਰ ਕੁਝ ਉਸ ਉੱਤੇ ਥੁੱਕਣ ਲੱਗੇ; ਉਹਨਾਂ ਨੇ ਯਿਸ਼ੂ ਦੀਆਂਂ ਅੱਖਾਂ ਤੇ ਕੱਪੜਾ ਬੰਨ੍ਹ ਦਿੱਤਾ ਅਤੇ ਉਸ ਨੂੰ ਮੁੱਕੇ ਮਾਰ ਕੇ ਆਖਿਆ, “ਭਵਿੱਖਬਾਣੀ ਕਰ!” ਅਤੇ ਪਹਿਰੇਦਾਰਾਂ ਨੇ ਉਸ ਨੂੰ ਫੜ ਲਿਆ ਅਤੇ ਕੁੱਟਿਆ।
ਪਤਰਸ ਦਾ ਯਿਸ਼ੂ ਨੂੰ ਇਨਕਾਰ ਕਰਨਾ
66ਉਸ ਸਮੇਂ ਜਦੋਂ ਪਤਰਸ ਵਿਹੜੇ ਦੇ ਹੇਠਾਂ ਸੀ, ਮਹਾਂ ਜਾਜਕ ਦੀ ਇੱਕ ਦਾਸੀ ਲੜਕੀ ਆ ਗਈ। 67ਜਦੋਂ ਉਸ ਨੇ ਪਤਰਸ ਨੂੰ ਅੱਗ ਸੇਕਦਿਆਂ ਵੇਖਿਆ, ਤਾਂ ਉਸ ਨੇ ਉਸ ਵੱਲ ਨਜ਼ਦੀਕੀ ਨਾਲ ਵੇਖਿਆ।
ਉਸ ਨੇ ਕਿਹਾ, “ਤੂੰ ਵੀ ਉਸ ਨਾਜ਼ਰੇਥ ਵਾਸੀ ਯਿਸ਼ੂ ਨਾਲ ਸੀ।”
68ਪਰ ਉਸ ਨੇ ਇਸ ਤੋਂ ਇਨਕਾਰ ਕੀਤਾ। “ਮੈਂ ਨਹੀਂ ਜਾਣਦਾ ਜਾਂ ਸਮਝ ਨਹੀਂ ਰਿਹਾ ਕਿ ਤੂੰ ਕਿਸ ਬਾਰੇ ਗੱਲ ਕਰ ਰਹੀ ਹੈ,” ਅਤੇ ਉਹ ਬੂਹੇ ਵੱਲ ਚਲਾ ਗਿਆ।
69ਜਦੋਂ ਨੌਕਰ ਕੁੜੀ ਨੇ ਉਸ ਨੂੰ ਉੱਥੇ ਵੇਖਿਆ ਤਾਂ ਉਸ ਨੇ ਦੁਬਾਰਾ ਖੜ੍ਹੇ ਲੋਕਾਂ ਨੂੰ ਕਿਹਾ, “ਇਹ ਵਿਅਕਤੀ ਵੀ ਉਹਨਾਂ ਵਿੱਚੋਂ ਇੱਕ ਹੈ।” 70ਦੁਬਾਰਾ ਉਸ ਨੇ ਇਸ ਤੋਂ ਇਨਕਾਰ ਕੀਤਾ।
ਥੋੜ੍ਹੀ ਦੇਰ ਬਾਅਦ, ਜਿਹੜੇ ਲੋਕ ਖੜ੍ਹੇ ਸਨ ਉਹਨਾਂ ਨੇ ਪਤਰਸ ਨੂੰ ਕਿਹਾ, “ਸੱਚ-ਮੁੱਚ ਤੂੰ ਉਹਨਾਂ ਵਿੱਚੋਂ ਇੱਕ ਹੋ, ਕਿਉਂਕਿ ਤੂੰ ਵੀ ਗਲੀਲੀ ਵਾਸੀ ਹੈ।”
71ਪਤਰਸ ਸ਼ਰਾਪਾਂ ਨੂੰ ਬੁਲਾਉਂਦਾ ਹੋਇਆ ਉਹਨਾਂ ਅੱਗੇ ਸੋਂਹਾ ਖਾਂਦਾ ਹੈ ਕਿ, “ਮੈਂ ਇਸ ਮਨੁੱਖ ਨੂੰ ਨਹੀਂ ਜਾਣਦਾ ਜਿਸ ਬਾਰੇ ਤੁਸੀਂ ਗੱਲ ਕਰ ਰਹੇ ਹੋ।”
72ਤੁਰੰਤ ਹੀ ਕੁੱਕੜ ਨੇ ਦੂਜੀ ਵਾਰ ਬਾਂਗ ਦਿੱਤੀ। ਤਦ ਪਤਰਸ ਨੂੰ ਯਾਦ ਆਇਆ ਕਿ ਯਿਸ਼ੂ ਨੇ ਉਸਨੂੰ ਕੀ ਕਿਹਾ ਸੀ: “ਕੁੱਕੜ ਦੇ ਦੋ ਵਾਰ ਬਾਂਗ ਦੇਣ ਤੋਂ ਪਹਿਲਾਂ ਤੂੰ ਤਿੰਨ ਵਾਰ ਮੇਰਾ ਇਨਕਾਰ ਕਰੇਂਗਾ।” ਅਤੇ ਉਹ ਟੁੱਟ ਗਿਆ ਅਤੇ ਰੋਇਆ।
Currently Selected:
ਮਾਰਕਸ 14: PCB
Highlight
Share
Copy

Want to have your highlights saved across all your devices? Sign up or sign in
ਪਵਿੱਤਰ ਬਾਈਬਲ ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.