2
ਮਨੁੱਖਾਂ ਦੀਆਂ ਯੋਜਨਾਵਾਂ ਅਤੇ ਪਰਮੇਸ਼ਵਰ ਦੀਆਂ ਯੋਜਨਾਵਾਂ
1ਹਾਏ ਉਨ੍ਹਾਂ ਉੱਤੇ ਜਿਹੜੇ ਬੁਰਿਆਈ ਦੀ ਯੋਜਨਾ ਬਣਾਉਂਦੇ ਹਨ,
ਉਨ੍ਹਾਂ ਉੱਤੇ ਜਿਹੜੇ ਆਪਣੇ ਬਿਸਤਰੇ ਉੱਤੇ ਬੁਰਿਆਈ ਦੀ ਯੋਜਨਾ ਬਣਾਉਂਦੇ ਹਨ!
ਸਵੇਰ ਦੀ ਰੋਸ਼ਨੀ ਵਿੱਚ ਉਹ ਇਸ ਨੂੰ ਪੂਰਾ ਕਰਦੇ ਹਨ
ਕਿਉਂਕਿ ਅਜਿਹਾ ਕਰਨਾ ਉਨ੍ਹਾਂ ਦੇ ਹੱਥ ਵਿੱਚ ਹੈ।
2ਉਹ ਖੇਤਾਂ ਦਾ ਲਾਲਚ ਕਰਦੇ ਹਨ
ਅਤੇ ਉਨ੍ਹਾਂ ਨੂੰ ਖੋਹ ਲੈਂਦੇ ਹਨ,
ਉਹ ਲੋਕਾਂ ਦੇ ਘਰ ਦਾ ਲੋਭ ਕਰਦੇ ਅਤੇ ਉਨ੍ਹਾਂ ਨੂੰ ਲੈ ਲੈਂਦੇ ਹਨ,
ਉਹ ਉਨ੍ਹਾਂ ਦੀ ਵਿਰਾਸਤ ਲੁੱਟ ਲੈਂਦੇ ਹਨ।
3ਇਸ ਲਈ, ਯਾਹਵੇਹ ਆਖਦਾ ਹੈ:
“ਮੈਂ ਇਨ੍ਹਾਂ ਲੋਕਾਂ ਦੇ ਵਿਰੁੱਧ ਤਬਾਹੀ ਦੀ ਯੋਜਨਾ ਬਣਾ ਰਿਹਾ ਹਾਂ,
ਜਿਸ ਤੋਂ ਤੁਸੀਂ ਆਪਣੇ ਆਪ ਨੂੰ ਬਚਾ ਨਹੀਂ ਸਕਦੇ।
ਅਤੇ ਤੁਸੀਂ ਹੰਕਾਰ ਨਾਲ ਨਹੀਂ ਚੱਲ ਸਕੋਗੇ,
ਕਿਉਂ ਜੋ ਉਹ ਬਿਪਤਾ ਦਾ ਸਮਾਂ ਹੋਵੇਗਾ।
4ਉਸ ਦਿਨ ਲੋਕ ਤੁਹਾਡਾ ਮਖੌਲ ਉਡਾਉਣਗੇ।
ਉਹ ਇਸ ਸੋਗ ਭਰੇ ਗੀਤ ਨਾਲ ਤੁਹਾਨੂੰ ਤਾਅਨੇ ਮਾਰਨਗੇ:
‘ਅਸੀਂ ਪੂਰੀ ਤਰ੍ਹਾਂ ਬਰਬਾਦ ਹੋ ਗਏ ਹਾਂ;
ਮੇਰੇ ਲੋਕਾਂ ਦਾ ਵਿਰਾਸਤ ਵੰਡੀ ਗਈ ਹੈ।
ਉਹ ਉਸਨੂੰ ਮੇਰੇ ਕੋਲੋ ਲੈ ਲੈਂਦਾ ਹੈ!
ਉਹ ਸਾਡੇ ਖੇਤ ਵਿਸ਼ਵਾਸਘਾਤੀਆਂ ਨੂੰ ਸੌਂਪਦਾ ਹੈ।’ ”
5ਇਸ ਲਈ ਤੇਰੇ ਕੋਲ ਯਾਹਵੇਹ ਦੀ ਸਭਾ ਵਿੱਚ ਕੋਈ ਨਹੀਂ ਹੋਵੇਗਾ
ਜੋ ਜ਼ਮੀਨ ਨੂੰ ਗੁਣਾ ਪਾ ਕੇ ਵੰਡੇ।
ਝੂਠੇ ਨਬੀ
6ਉਨ੍ਹਾਂ ਦੇ ਨਬੀ ਆਖਦੇ ਹਨ, “ਭਵਿੱਖਬਾਣੀ ਨਾ ਕਰੋ।”
“ਇਨ੍ਹਾਂ ਗੱਲਾਂ ਬਾਰੇ ਅਗੰਮਵਾਕ ਨਾ ਕਰੋ;
ਬਦਨਾਮੀ ਸਾਡੇ ਉੱਤੇ ਨਹੀਂ ਆਵੇਗੀ।”
7ਹੇ ਯਾਕੋਬ ਦੀ ਸੰਤਾਨ, ਕੀ ਇਹ ਕਿਹਾ ਜਾਵੇ,
“ਕੀ ਯਾਹਵੇਹ ਦਾ ਆਤਮਾ ਬੇਸਬਰ ਹੋ ਗਿਆ ਹੈ?
ਕੀ ਉਹ ਅਜਿਹੇ ਕੰਮ ਕਰਦਾ ਹੈ?”
“ਕੀ ਮੇਰੇ ਬਚਨ ਉਸ ਆਦਮੀ ਲਈ ਭਲੇ ਨਹੀਂ ਹੁੰਦੇ
ਜਿਸ ਦੇ ਰਾਹ ਸਿੱਧੇ ਹਨ?
8ਹਾਲ ਹੀ ਵਿੱਚ ਮੇਰੇ ਲੋਕ ਦੁਸ਼ਮਣ ਵਾਂਗ ਉੱਠੇ ਹਨ।
ਤੁਸੀਂ ਉਨ੍ਹਾਂ ਲੋਕਾਂ ਤੋਂ ਕੱਪੜੇ ਅਤੇ ਚਾਦਰ ਖਿੱਚ ਦਿੰਦੇ ਹੋ
ਜੋ ਬਿਨਾਂ ਪਰਵਾਹ ਕੀਤੇ ਜਾਂਦੇ ਹਨ,
ਜਿਵੇਂ ਲੜਾਈ ਤੋਂ ਵਾਪਸ ਆਉਂਦੇ ਹਨ।
9ਤੁਸੀਂ ਮੇਰੀ ਪਰਜਾ ਦੀਆਂ ਇਸਤਰੀਆਂ ਨੂੰ,
ਉਹਨਾਂ ਦੇ ਸੋਹਣਿਆਂ ਘਰਾਂ ਤੋਂ ਕੱਢਦੇ ਹੋ,
ਤੁਸੀਂ ਉਹਨਾਂ ਦੇ ਨਿਆਣਿਆਂ ਤੋਂ ਮੇਰੀਆਂ ਦਿੱਤੀਆਂ ਹੋਈਆਂ
ਬਰਕਤਾਂ ਸਦਾ ਲਈ ਖੋਹ ਲੈਂਦੇ ਹੋ।
10ਉੱਠੋ, ਚਲੇ ਜਾਓ!
ਕਿਉਂ ਜੋ ਇਹ ਤੁਹਾਡਾ ਆਰਾਮ ਕਰਨ ਦਾ ਸਥਾਨ ਨਹੀਂ ਹੈ,
ਇਸ ਦਾ ਕਾਰਨ ਤੁਹਾਡੀ ਉਹ ਅਸ਼ੁੱਧਤਾ ਹੈ,
ਜਿਸ ਨਾਲ ਤੁਸੀਂ ਇਸ ਸਥਾਨ ਦਾ ਨਾਸ ਕਰ ਦਿੱਤਾ ਹੈ।
11ਜੇਕਰ ਇੱਕ ਝੂਠੀ ਆਤਮਾ ਵਿੱਚ ਚੱਲਦਾ ਹੋਇਆ,
ਝੂਠੀ ਅਤੇ ਵਿਅਰਥ ਗੱਲ ਬੋਲੇ ਅਤੇ ਆਖੇ,
‘ਮੈਂ ਤੇਰੇ ਲਈ ਦਾਖਰਸ ਅਤੇ ਸ਼ਰਾਬ ਦੀ ਭਵਿੱਖਬਾਣੀ ਕਰਾਂਗਾ,’
ਤਾਂ ਉਹ ਇਸ ਪਰਜਾ ਦਾ ਨਬੀ ਹੁੰਦਾ ਹੈ!
ਮੁਕਤੀ ਦਾ ਵਾਅਦਾ
12“ਯਾਕੋਬ, ਮੈਂ ਤੁਹਾਨੂੰ ਸਾਰਿਆਂ ਨੂੰ ਜ਼ਰੂਰ ਇਕੱਠਾ ਕਰਾਂਗਾ।
ਮੈਂ ਇਸਰਾਏਲ ਦੇ ਬਚੇ ਹੋਇਆ ਨੂੰ ਜ਼ਰੂਰ ਇਕੱਠਾ ਕਰਾਂਗਾ।
ਮੈਂ ਉਹਨਾਂ ਨੂੰ ਬਾਸਰਾਹ ਦੀਆਂ ਭੇਡਾਂ ਵਾਂਗੂੰ ਰਲਾ ਕੇ ਰੱਖਾਂਗਾ,
ਇੱਕ ਇੱਜੜ ਵਾਂਗੂੰ ਜੋ ਚੰਗੀ ਜੂਹ ਵਿੱਚ ਹੈ;
ਮਨੁੱਖਾਂ ਦੀ ਬਹੁਤਾਇਤ ਦੇ ਕਾਰਨ ਧਰਤੀ ਫੇਰ ਭਰ ਜਾਵੇਗੀ।
13ਜਿਹੜਾ ਰਾਹ ਤੋੜਦਾ ਹੈ ਉਹ ਉਨ੍ਹਾਂ ਦੇ ਅੱਗੇ ਚੜ੍ਹ ਜਾਵੇਗਾ।
ਉਹ ਫਾਟਕ ਨੂੰ ਤੋੜ ਕੇ ਬਾਹਰ ਨਿਕਲ ਜਾਣਗੇ।
ਉਨ੍ਹਾਂ ਦਾ ਰਾਜਾ ਉਨ੍ਹਾਂ ਦੇ ਅੱਗੇ-ਅੱਗੇ ਚੱਲੇਗਾ,
ਯਾਹਵੇਹ ਆਪ ਉਨ੍ਹਾਂ ਦਾ ਆਗੂ ਹੋਵੇਗਾ।”