YouVersion Logo
Search Icon

ਮੱਤੀਯਾਹ 26

26
ਯਿਸ਼ੂ ਦੇ ਵਿਰੁੱਧ ਸਾਜਿਸ਼
1ਜਦੋਂ ਯਿਸ਼ੂ ਇਹ ਸਾਰੀਆਂ ਗੱਲਾਂ ਕਰ ਹਟੇ, ਉਹਨਾਂ ਨੇ ਆਪਣੇ ਚੇਲਿਆਂ ਨੂੰ ਆਖਿਆ, 2“ਜਿਵੇਂ ਤੁਸੀਂ ਜਾਣਦੇ ਹੋ, ਪਸਾਹ ਦਾ ਤਿਉਹਾਰ#26:2 ਪਸਾਹ ਦਾ ਤਿਉਹਾਰ ਅਰਥਾਤ ਯਹੂਦੀਆਂ ਦਾ ਸਭ ਤੋਂ ਵੱਡਾ ਤਿਉਹਾਰੰ ਦੋ ਦਿਨਾਂ ਦੇ ਬਾਅਦ ਹੈ ਅਤੇ ਮਨੁੱਖ ਦਾ ਪੁੱਤਰ ਸਲੀਬ ਦਿੱਤੇ ਜਾਣ ਲਈ ਫੜਵਾਇਆ ਜਾਵੇਗਾ।”
3ਤਦ ਮੁੱਖ ਜਾਜਕਾਂ ਅਤੇ ਲੋਕਾਂ ਦੇ ਬਜ਼ੁਰਗ ਕਯਾਫ਼ਾਸ ਨਾਮ ਦੇ ਮਹਾਂ ਜਾਜਕ ਦੇ ਵਿਹੜੇ ਵਿੱਚ ਇਕੱਠੇ ਹੋਏ, 4ਅਤੇ ਉਹਨਾਂ ਨੇ ਯਿਸ਼ੂ ਨੂੰ ਗੁਪਤ ਤਰੀਕੇ ਨਾਲ ਗ੍ਰਿਫ਼ਤਾਰ ਕਰਨ ਅਤੇ ਉਹ ਨੂੰ ਮਾਰ ਦੇਣ ਦੀ ਯੋਜਨਾ ਬਣਾਈ। 5ਪਰ ਉਹਨਾਂ ਨੇ ਇੱਕ ਦੂਸਰੇ ਨੂੰ ਕਿਹਾ, “ਤਿਉਹਾਰ ਦੇ ਦਿਨ ਨਹੀਂ, ਕਿਤੇ ਅਜਿਹਾ ਨਾ ਹੋਵੇ ਕਿ ਲੋਕਾਂ ਵਿੱਚ ਹੰਗਾਮਾ ਹੋ ਜਾਵੇ।”
ਬੈਥਨੀਆ ਵਿੱਚ ਮਸੀਹ ਯਿਸ਼ੂ ਦਾ ਮਸਹ
6ਜਦੋਂ ਯਿਸ਼ੂ ਬੈਥਨੀਆ ਵਿੱਚ ਸ਼ਿਮਓਨ ਕੋੜ੍ਹੀ ਦੇ ਘਰ ਗਏ। 7ਇੱਕ ਔਰਤ ਉਸ ਕੋਲ ਸੰਗਮਰਮਰ ਦੀ ਸ਼ੀਸ਼ੀ ਦੇ ਵਿੱਚ ਮਹਿੰਗੇ ਮੁੱਲ ਦਾ ਅਤਰ ਲੈ ਕੇ ਆਈ, ਜਿਸ ਸਮੇਂ ਉਹ ਮੇਜ਼ ਤੇ ਰੋਟੀ ਖਾਣ ਲਈ ਬੈਠੇ ਹੋਏ ਸਨ ਉਸ ਦੇ ਸਿਰ ਉੱਪਰ ਡੋਲ੍ਹ ਦਿੱਤਾ।
8ਜਦੋਂ ਚੇਲਿਆਂ ਨੇ ਇਹ ਸਭ ਵੇਖਿਆ, ਤਾਂ ਉਹ ਖਿਝ ਗਏ। ਅਤੇ ਉਹਨਾਂ ਨੇ ਕਿਹਾ, “ਇਹ ਨੁਕਸਾਨ ਕਿਉਂ ਕੀਤਾ? 9ਇਹ ਅਤਰ ਜ਼ਿਆਦਾ ਮੁੱਲ ਦਾ ਵੇਚਿਆ ਜਾ ਸਕਦਾ ਸੀ ਅਤੇ ਪੈਸੇ ਗਰੀਬਾਂ ਨੂੰ ਦਿੱਤੇ ਜਾਂਦੇ।”
10ਇਸ ਬਾਰੇ ਜਾਣਦੇ ਹੋਏ ਯਿਸ਼ੂ ਨੇ ਉਹਨਾਂ ਨੂੰ ਕਿਹਾ, “ਤੁਸੀਂ ਇਸ ਔਰਤ ਨੂੰ ਕਿਉਂ ਪਰੇਸ਼ਾਨ ਕਰ ਰਹੇ ਹੋ? ਉਸਨੇ ਮੇਰੇ ਲਈ ਇੱਕ ਚੰਗਾ ਕੰਮ ਕੀਤਾ ਹੈ। 11ਗਰੀਬ ਤਾਂ ਤੁਹਾਡੇ ਨਾਲ ਹਮੇਸ਼ਾ ਰਹਿਣਗੇ, ਪਰ ਮੈਂ ਤੁਹਾਡੇ ਕੋਲ ਹਮੇਸ਼ਾ ਨਹੀਂ ਰਹਾਂਗਾ। 12ਜਦੋਂ ਉਸਨੇ ਇਹ ਅਤਰ ਮੇਰੇ ਸਰੀਰ ਉੱਤੇ ਡੋਲ੍ਹਿਆ, ਮੇਰੇ ਦਫ਼ਨਾਉਣ ਦੀ ਤਿਆਰੀ ਲਈ ਕੀਤਾ ਹੈ। 13ਮੈਂ ਤੁਹਾਨੂੰ ਸੱਚ ਆਖਦਾ ਹਾਂ, ਸਾਰੇ ਸੰਸਾਰ ਵਿੱਚ ਜਿੱਥੇ ਵੀ ਇਸ ਖੁਸ਼ਖ਼ਬਰੀ ਦਾ ਪ੍ਰਚਾਰ ਹੋਵੇਗਾ, ਉੱਥੇ ਉਸ ਦੀ ਯਾਦਗਾਰੀ ਲਈ ਜੋ ਉਸਨੇ ਕੀਤਾ ਹੈ, ਉਹ ਵੀ ਆਖਿਆ ਜਾਵੇਗਾ।”
ਯਹੂਦਾਹ ਇਸਕਾਰਿਯੋਤ ਵਾਸੀ ਦਾ ਵਿਸ਼ਵਾਸਘਾਤ
14ਤਦ ਉਹਨਾਂ ਬਾਰ੍ਹਾਂ ਚੇਲਿਆਂ ਵਿੱਚੋਂ ਇੱਕ ਨੇ ਜਿਸ ਦਾ ਨਾਮ ਯਹੂਦਾਹ ਇਸਕਾਰਿਯੋਤ ਵਾਸੀ ਮੁੱਖ ਜਾਜਕਾਂ ਕੋਲ ਗਿਆ। 15ਅਤੇ ਪੁੱਛਿਆ, “ਜੇ ਮੈਂ ਯਿਸ਼ੂ ਨੂੰ ਤਹਾਡੇ ਹੱਥ ਫੜਵਾ ਦਿਆਂ ਤਾਂ ਤੁਸੀਂ ਮੈਨੂੰ ਕੀ ਦਿਓਗੇ?” ਤਦ ਉਹਨਾਂ ਨੇ ਉਸਨੂੰ ਤੀਹ ਚਾਂਦੀ ਦੇ ਸਿੱਕੇ ਤੋਲ ਦਿੱਤੇ। 16ਅਤੇ ਉਸ ਸਮੇਂ ਤੋਂ ਯਹੂਦਾਹ ਯਿਸ਼ੂ ਨੂੰ ਫੜਵਾਉਣ ਦਾ ਮੌਕਾ ਲੱਭਣ ਲੱਗਾ।
ਚੇਲਿਆਂ ਨਾਲ ਪਸਾਹ ਦਾ ਆਖਰੀ ਭੋਜ
17ਪਤੀਰੀ ਰੋਟੀ ਦੇ ਤਿਉਹਾਰ ਦੇ ਪਹਿਲੇ ਦਿਨ, ਚੇਲਿਆਂ ਨੇ ਯਿਸ਼ੂ ਕੋਲ ਆ ਕੇ ਪੁੱਛਿਆ, “ਤੁਸੀਂ ਕਿੱਥੇ ਚਾਹੁੰਦੇ ਹੋ ਜੋ ਅਸੀਂ ਤੁਹਾਡੇ ਖਾਣ ਲਈ ਪਸਾਹ ਤਿਆਰ ਕਰੀਏ?”
18ਯਿਸ਼ੂ ਨੇ ਜਵਾਬ ਦਿੱਤਾ, “ਸ਼ਹਿਰ ਵਿੱਚ ਕਿਸੇ ਆਦਮੀ ਕੋਲ ਜਾਓ ਅਤੇ ਉਸਨੂੰ ਆਖੋ, ‘ਗੁਰੂ ਆਖਦਾ ਹੈ: ਮੇਰਾ ਨਿਰਧਾਰਤ ਸਮਾਂ ਨੇੜੇ ਹੈ। ਮੈਂ ਆਪਣੇ ਚੇਲਿਆਂ ਨਾਲ ਤੇਰੇ ਘਰ ਪਸਾਹ ਦਾ ਤਿਉਹਾਰ ਮਨਾਵਾਂਗਾ।’ ” 19ਚੇਲਿਆਂ ਨੇ ਉਸੇ ਤਰ੍ਹਾਂ ਕੀਤਾ ਅਤੇ ਪਸਾਹ ਦਾ ਤਿਉਹਾਰ ਤਿਆਰ ਕੀਤਾ ਜਿਸ ਤਰ੍ਹਾਂ ਯਿਸ਼ੂ ਨੇ ਉਹਨਾਂ ਨੂੰ ਹੁਕਮ ਦਿੱਤਾ ਸੀ।
20ਜਦੋਂ ਸ਼ਾਮ ਹੋਈ, ਯਿਸ਼ੂ ਉਹਨਾਂ ਬਾਰ੍ਹਾਂ ਚੇਲਿਆਂ ਨਾਲ ਬੈਠਾ ਖਾਂਦਾ ਸੀ। 21ਅਤੇ ਜਦੋਂ ਉਹ ਖਾ ਰਹੇ ਸਨ, ਉਸ ਨੇ ਆਖਿਆ, “ਮੈਂ ਤੁਹਾਨੂੰ ਸੱਚ ਆਖਦਾ ਹਾਂ, ਤੁਹਾਡੇ ਵਿੱਚੋਂ ਇੱਕ ਮੈਨੂੰ ਫੜਵਾਏਗਾ।”
22ਤਾਂ ਉਹ ਬਹੁਤ ਉਦਾਸ ਹੋਏ ਅਤੇ ਉਸਨੂੰ ਪੁੱਛਣ ਲੱਗੇ, “ਪ੍ਰਭੂ ਜੀ, ਉਹ ਮੈਂ ਤਾਂ ਨਹੀਂ?”
23ਯਿਸ਼ੂ ਨੇ ਉੱਤਰ ਦਿੱਤਾ, “ਜਿਸਨੇ ਮੇਰੇ ਨਾਲ ਕਟੋਰੇ ਵਿੱਚ ਹੱਥ ਪਾਇਆ ਹੈ, ਉਹੀ ਮੈਨੂੰ ਫੜਵਾਏਗਾ। 24ਮਨੁੱਖ ਦਾ ਪੁੱਤਰ ਤਾਂ ਉਸ ਤਰ੍ਹਾਂ ਜਾਵੇਗਾ, ਜਿਵੇਂ ਉਸ ਦੇ ਬਾਰੇ ਲਿਖਿਆ ਹੈ। ਪਰ ਹਾਏ ਉਸ ਮਨੁੱਖ ਉੱਤੇ ਜਿਸ ਦੇ ਰਾਹੀ ਮਨੁੱਖ ਦਾ ਪੁੱਤਰ ਫੜਵਾਇਆ ਜਾਂਦਾ ਹੈ! ਇਹ ਉਸ ਲਈ ਚੰਗਾ ਹੁੰਦਾ ਜੇ ਉਹ ਨਾ ਜੰਮਦਾ।”
25ਤਦ ਯਹੂਦਾਹ, ਜਿਸ ਨੇ ਉਸ ਯਿਸ਼ੂ ਨਾਲ ਧੋਖਾ ਕਰਨਾ ਸੀ, ਬੋਲਿਆ, “ਰੱਬੀ, ਉਹ ਮੈਂ ਤਾਂ ਨਹੀਂ?”
ਯਿਸ਼ੂ ਨੇ ਉੱਤਰ ਦਿੱਤਾ, “ਤੂੰ ਆਪ ਹੀ ਆਖ ਦਿੱਤਾ।”
26ਜਦੋਂ ਉਹ ਖਾ ਰਹੇ ਸਨ, ਯਿਸ਼ੂ ਨੇ ਰੋਟੀ ਲਈ ਅਤੇ ਪਰਮੇਸ਼ਵਰ ਦਾ ਧੰਨਵਾਦ ਕਰਕੇ ਤੋੜੀ ਅਤੇ ਆਪਣੇ ਚੇਲਿਆਂ ਨੂੰ ਦਿੱਤੀ, “ਲਓ ਅਤੇ ਖਾਓ; ਇਹ ਮੇਰਾ ਸਰੀਰ ਹੈ।”
27ਫਿਰ ਯਿਸ਼ੂ ਨੇ ਇੱਕ ਪਿਆਲਾ ਵੀ ਲਿਆ ਅਤੇ ਪਰਮੇਸ਼ਵਰ ਦਾ ਧੰਨਵਾਦ ਕੀਤਾ ਅਤੇ ਚੇਲਿਆਂ ਨੂੰ ਦੇ ਕੇ ਆਖਿਆ, “ਤੁਸੀਂ ਸਾਰੇ, ਇਸ ਵਿੱਚੋਂ ਪੀਓ। 28ਇਹ ਮੇਰੇ ਲਹੂ ਵਿੱਚ ਵਾਚਾ ਹੈ, ਜਿਹੜਾ ਬਹੁਤਿਆਂ ਦੇ ਪਾਪਾਂ ਦੀ ਮਾਫ਼ੀ ਲਈ ਵਹਾਇਆ ਜਾਂਦਾ ਹੈ। 29ਮੈਂ ਤੁਹਾਨੂੰ ਸੱਚ ਆਖਦਾ ਹਾਂ, ਮੈਂ ਇਸ ਤੋਂ ਬਾਅਦ ਇਸ ਦਾਖ ਦੇ ਰਸ ਨੂੰ ਕਦੇ ਨਹੀਂ ਪੀਵਾਂਗਾ ਜਿਸ ਦਿਨ ਤੱਕ ਤੁਹਾਡੇ ਨਾਲ ਆਪਣੇ ਪਿਤਾ ਦੇ ਰਾਜ ਵਿੱਚ ਉਹ ਨਵਾਂ ਨਾ ਪੀਵਾਂ।”
30ਫਿਰ ਉਹ ਭਜਨ ਗਾ ਕੇ ਜ਼ੈਤੂਨ ਦੇ ਪਹਾੜ ਵੱਲ ਨੂੰ ਚਲੇ ਗਏ।
ਪਤਰਸ ਦੇ ਇਨਕਾਰ ਦੀ ਭਵਿੱਖਬਾਣੀ
31ਤਦ ਯਿਸ਼ੂ ਨੇ ਉਹਨਾਂ ਨੂੰ ਕਿਹਾ, “ਅੱਜ ਰਾਤ ਤੁਸੀਂ ਸਾਰੇ ਮੇਰੇ ਕਾਰਨ ਠੋਕਰ ਖਾਓਗੇ, ਕਿਉਂਕਿ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੈ:
“ ‘ਮੈਂ ਚਰਵਾਹੇ ਨੂੰ ਮਾਰਾਂਗਾ,’
ਅਤੇ ਇੱਜੜ ਦੀਆਂਂ ਭੇਡਾਂ ਖਿੱਲਰ ਜਾਣਗੀਆਂ।#26:31 ਜ਼ਕ 13:7
32ਪਰ ਮੇਰੇ ਜੀ ਉੱਠਣ ਤੋਂ ਬਾਅਦ, ਮੈਂ ਤੁਹਾਡੇ ਤੋਂ ਪਹਿਲਾਂ ਗਲੀਲ ਨੂੰ ਜਾਂਵਾਂਗਾ।”
33ਤਦ ਪਤਰਸ ਨੇ ਉੱਤਰ ਦਿੱਤਾ, “ਭਾਵੇਂ ਤੁਹਾਡੇ ਕਾਰਨ ਸਾਰੇ ਠੋਕਰ ਖਾਣ, ਪਰ ਮੈਂ ਕਦੇ ਠੋਕਰ ਨਾ ਖਾਵਾਂਗਾ।”
34ਯਿਸ਼ੂ ਨੇ ਉੱਤਰ ਦਿੱਤਾ, “ਮੈਂ ਤੈਨੂੰ ਸੱਚ ਆਖਦਾ, ਅੱਜ ਰਾਤ ਕੁੱਕੜ ਦੇ ਬਾਂਗ ਦੇਣ ਤੋਂ ਪਹਿਲਾਂ ਤਿੰਨ ਵਾਰ ਤੂੰ ਮੇਰਾ ਇਨਕਾਰ ਕਰੇਂਗਾ।”
35ਪਰ ਪਤਰਸ ਨੇ ਆਖਿਆ, “ਭਾਵੇਂ ਮੈਨੂੰ ਤੁਹਾਡੇ ਨਾਲ ਮਰਨਾ ਵੀ ਪਵੇ, ਤਾਂ ਵੀ ਮੈਂ ਤੁਹਾਡਾ ਇਨਕਾਰ ਕਦੀ ਨਹੀਂ ਕਰਾਂਗਾ।” ਅਤੇ ਬਾਕੀ ਦੇ ਸਾਰੇ ਚੇਲੇ ਇਸੇ ਤਰ੍ਹਾਂ ਆਖਣ ਲੱਗੇ।
ਗਥਸਮਨੀ ਵਿੱਚ ਪ੍ਰਾਰਥਨਾ
36ਤਦ ਯਿਸ਼ੂ ਆਪਣੇ ਚੇਲਿਆਂ ਨਾਲ ਗਥਸਮਨੀ ਨਾਮ ਦੇ ਇੱਕ ਜਗ੍ਹਾ ਵਿੱਚ ਗਏ। ਅਤੇ ਆਪਣੇ ਚੇਲਿਆਂ ਨੂੰ ਆਖਿਆ, “ਤੁਸੀਂ ਇੱਥੇ ਬੈਠੋ, ਜਦੋਂ ਤੱਕ ਮੈਂ ਉੱਥੇ ਜਾ ਕੇ ਪ੍ਰਾਰਥਨਾ ਕਰਦਾ ਹਾਂ।” 37ਤਦ ਉਹ ਪਤਰਸ ਅਤੇ ਜ਼ਬਦੀ ਦੇ ਦੋਵੇਂ ਪੁੱਤਰਾਂ ਨੂੰ ਨਾਲ ਲੈ ਕੇ ਉਦਾਸ ਅਤੇ ਬਹੁਤ ਦੁੱਖੀ ਹੋਣ ਲੱਗੇ। 38ਤਦ ਉਸ ਨੇ ਉਹਨਾਂ ਨੂੰ ਕਿਹਾ, “ਮੇਰੀ ਆਤਮਾ ਬਹੁਤ ਉਦਾਸ ਹੈ ਸਗੋਂ ਮਰਨ ਦੇ ਦਰਜੇ ਤੱਕ। ਇੱਥੇ ਠਹਿਰੋ ਅਤੇ ਮੇਰੇ ਨਾਲ ਜਾਗਦੇ ਰਹੋ।”
39ਥੋੜ੍ਹੀ ਹੀ ਦੂਰ ਜਾ ਕੇ ਉਹ ਆਪਣੇ ਮੂੰਹ ਦੇ ਭਾਰ ਜ਼ਮੀਨ ਉੱਤੇ ਡਿੱਗ ਕੇ ਪ੍ਰਾਰਥਨਾ ਕਰਦਿਆਂ ਕਹਿਣ ਲੱਗਾ, “ਹੇ ਮੇਰੇ ਪਿਤਾ, ਜੇ ਹੋ ਸਕੇ, ਤਾਂ ਇਹ ਪਿਆਲਾ ਮੇਰੇ ਤੋਂ ਟਲ ਜਾਵੇ। ਪਰ ਉਹ ਨਾ ਹੋਵੇ ਜੋ ਮੈਂ ਚਾਹੁੰਦਾ ਹਾਂ, ਪਰ ਉਹ ਹੋਵੇ ਜੋ ਤੁਸੀਂ ਚਾਹੁੰਦੇ ਹੋ।”
40ਤਦ ਯਿਸ਼ੂ ਆਪਣੇ ਚੇਲਿਆਂ ਕੋਲ ਵਾਪਸ ਆਏ ਅਤੇ ਉਹਨਾਂ ਨੂੰ ਸੁੱਤਿਆ ਹੋਇਆ ਵੇਖਿਆ। ਅਤੇ ਪਤਰਸ ਨੂੰ ਪੁੱਛਿਆ, “ਕੀ ਤੁਸੀਂ ਮਨੁੱਖ ਮੇਰੇ ਨਾਲ ਇੱਕ ਘੜੀ ਵੀ ਨਾ ਜਾਗ ਸਕੇ? 41ਜਾਗਦੇ ਰਹੋ ਅਤੇ ਪ੍ਰਾਰਥਨਾ ਕਰੋ ਤਾਂ ਜੋ ਤੁਸੀਂ ਪਰਤਾਵੇ ਵਿੱਚ ਨਾ ਪਓ। ਆਤਮਾ ਤਾਂ ਤਿਆਰ ਹੈ ਪਰ ਸਰੀਰ ਕਮਜ਼ੋਰ ਹੈ।”
42ਉਹ ਫਿਰ ਦੂਸਰੀ ਵਾਰ ਗਿਆ ਅਤੇ ਪ੍ਰਾਰਥਨਾ ਕੀਤੀ, “ਹੇ ਮੇਰੇ ਪਿਤਾ, ਜੇ ਮੇਰੇ ਪੀਣ ਬਿਨ੍ਹਾਂ ਇਹ ਪਿਆਲਾ ਟਲ ਨਹੀਂ ਸਕਦਾ, ਤਾਂ ਤੁਹਾਡੀ ਮਰਜ਼ੀ ਪੂਰੀ ਹੋਵੇ।”
43ਅਤੇ ਜਦੋਂ ਉਹ ਵਾਪਸ ਆਏ, ਤਾਂ ਫਿਰ ਉਹਨਾਂ ਨੂੰ ਸੁੱਤੇ ਹੋਏ ਵੇਖਿਆ, ਕਿਉਂਕਿ ਉਹਨਾਂ ਦੀਆਂ ਅੱਖਾਂ ਨੀਂਦ ਨਾਲ ਭਰੀਆ ਹੋਈਆ ਸਨ। 44ਅਤੇ ਉਹ ਉਹਨਾਂ ਨੂੰ ਛੱਡ ਕੇ ਚਲੇ ਗਏ ਅਤੇ ਉਹੀ ਗੱਲ ਕਹਿ ਕੇ ਤੀਸਰੀ ਵਾਰ ਪ੍ਰਾਰਥਨਾ ਕੀਤੀ।
45ਤਦ ਉਹ ਚੇਲਿਆਂ ਕੋਲ ਵਾਪਸ ਆਏ ਅਤੇ ਉਹਨਾਂ ਨੂੰ ਆਖਿਆ, “ਕੀ ਤੁਸੀਂ ਅਜੇ ਤੱਕ ਸੁੱਤੇ ਅਤੇ ਆਰਾਮ ਕਰ ਰਹੇ ਹੋ? ਵੇਖੋ, ਉਹ ਸਮਾਂ ਆ ਗਿਆ ਹੈ ਅਤੇ ਮਨੁੱਖ ਦਾ ਪੁੱਤਰ ਪਾਪੀਆਂ ਦੇ ਹੱਥਾਂ ਵਿੱਚ ਫੜਵਾਇਆ ਜਾਂਦਾ ਹੈ। 46ਉੱਠੋ! ਆਉ ਚੱਲੀਏ! ਵੇਖੋ ਮੇਰਾ ਫੜਵਾਉਣ ਵਾਲਾ ਨੇੜੇ ਆ ਗਿਆ ਹੈ।”
ਪ੍ਰਭੂ ਯਿਸ਼ੂ ਦਾ ਫੜਵਾਇਆ ਜਾਣਾ
47ਜਦੋਂ ਯਿਸ਼ੂ ਬੋਲ ਹੀ ਰਿਹਾ ਸੀ ਤਾਂ ਯਹੂਦਾਹ ਆ ਪਹੁੰਚਿਆ ਜੋ ਬਾਰ੍ਹਾਂ ਚੇਲਿਆਂ ਵਿੱਚੋਂ ਇੱਕ ਸੀ। ਉਸਦੇ ਨਾਲ ਇੱਕ ਬੜੀ ਵੱਡੀ ਭੀੜ ਸੀ, ਜਿਹਨਾਂ ਨੇ ਤਲਵਾਰਾਂ ਅਤੇ ਡਾਂਗਾ ਨਾਲ ਫੜੀਆਂ ਹੋਈਆਂ ਸਨ, ਇਹ ਸਾਰੇ ਮੁੱਖ ਜਾਜਕਾਂ ਅਤੇ ਲੋਕਾਂ ਦੇ ਬਜ਼ੁਰਗਾ ਦੁਆਰਾ ਭੇਜੇ ਗਏ ਸਨ। 48ਉਸਦੇ ਫੜਵਾਉਣ ਵਾਲੇ ਨੇ ਉਹਨਾਂ ਨੂੰ ਸੰਕੇਤ ਦਿੱਤਾ ਸੀ: “ਕਿ ਜਿਸ ਆਦਮੀ ਨੂੰ ਮੈਂ ਚੁੰਮਾਂ; ਉਸ ਨੂੰ ਫੜ੍ਹ ਲੈਣਾ।” 49ਅਤੇ ਉਹ ਉਸੇ ਵਕਤ ਯਿਸ਼ੂ ਕੋਲ ਗਿਆ ਅਤੇ ਯਹੂਦਾਹ ਨੇ ਕਿਹਾ, “ਗੁਰੂ ਜੀ ਨਮਸਕਾਰ!” ਅਤੇ ਉਸਨੂੰ ਚੁੰਮਿਆ।
50ਯਿਸ਼ੂ ਨੇ ਉੱਤਰ ਦਿੱਤਾ, “ਮੇਰੇ ਮਿੱਤਰ, ਜਿਸ ਕੰਮ ਲਈ ਆਇਆ ਹੈ ਉਸਨੂੰ ਪੂਰਾ ਕਰ।”
ਤਦ ਉਹਨਾਂ ਨੇ ਕੋਲ ਆ ਕੇ ਯਿਸ਼ੂ ਨੂੰ ਫੜ੍ਹ ਕੇ ਗਿਰਫ਼ਤਾਰ ਕਰ ਲਿਆ। 51ਪਰ ਯਿਸ਼ੂ ਦੇ ਚੇਲਿਆਂ ਵਿੱਚੋਂ ਇੱਕ ਨੇ ਹੱਥ ਵਧਾ ਕੇ ਆਪਣੀ ਤਲਵਾਰ ਬਾਹਰ ਕੱਢੀ ਅਤੇ ਮਹਾਂ ਜਾਜਕ ਦੇ ਨੌਕਰ ਤੇ ਚਲਾ ਕੇ ਉਸਦਾ ਕੰਨ ਵੱਢ ਸੁੱਟਿਆ।
52ਤਦ ਯਿਸ਼ੂ ਨੇ ਉਸਨੂੰ ਆਖਿਆ, “ਆਪਣੀ ਤਲਵਾਰ ਨੂੰ ਮਿਆਨ ਵਿੱਚ ਰੱਖ ਦੇ, ਕਿਉਂਕਿ ਸਭ ਜੋ ਤਲਵਾਰ ਖਿੱਚਦੇ ਹਨ, ਤਲਵਾਰ ਨਾਲ ਮਾਰੇ ਜਾਣਗੇ। 53ਕੀ ਤੁਸੀਂ ਇਹ ਤੇ ਨਹੀਂ ਸੋਚਦੇ, ਕੀ ਮੈਂ ਆਪਣੇ ਪਿਤਾ ਕੋਲੋਂ ਬੇਨਤੀ ਨਹੀਂ ਕਰ ਸਕਦਾ ਅਤੇ ਉਹ ਹੁਣੇ ਸਵਰਗਦੂਤਾਂ ਦੀਆਂ ਬਾਰ੍ਹਾਂ ਫ਼ੌਜਾਂ ਅਤੇ ਉਸ ਤੋਂ ਵੀ ਵੱਧ ਮੇਰੇ ਕੋਲ ਨਹੀਂ ਭੇਜ ਸਕਦਾ? 54ਫਿਰ ਉਹ ਪਵਿੱਤਰ ਵਚਨ ਦੀਆਂ ਲਿਖਤਾਂ ਕਿਵੇਂ ਪੂਰੀਆਂ ਹੋਣਗੀਆਂ, ਜਿਹਨਾਂ ਵਿੱਚ ਲਿਖਿਆ ਹੈ ਕਿ ਇਹ ਹੋਣਾ ਜ਼ਰੂਰੀ ਹੈ?”
55ਉਸ ਸਮੇਂ ਯਿਸ਼ੂ ਨੇ ਭੀੜ ਨੂੰ ਆਖਿਆ, “ਕੀ ਮੈਂ ਇੱਕ ਰਾਜ ਦਰੋਹੀ ਹਾਂ, ਜੋ ਤੁਸੀਂ ਮੈਨੂੰ ਫੜ੍ਹਨ ਲਈ ਤਲਵਾਰਾਂ ਅਤੇ ਡਾਂਗਾ ਲੈ ਕੇ ਆਏ ਹੋ? ਹਰ ਦਿਨ ਮੈਂ ਹੈਕਲ ਦੇ ਵਿਹੜੇ ਵਿੱਚ ਬੈਠ ਕੇ ਉਪਦੇਸ਼ ਦਿੰਦਾ ਸੀ ਅਤੇ ਤੁਸੀਂ ਮੈਨੂੰ ਗ੍ਰਿਫ਼ਤਾਰ ਨਹੀਂ ਕੀਤਾ। 56ਪਰ ਇਹ ਇਸ ਲਈ ਹੋਇਆ ਤਾਂ ਜੋ ਨਬੀਆਂ ਦੁਆਰਾ ਲਿਖੀਆ ਗਈਆ ਪਵਿੱਤਰ ਸ਼ਾਸਤਰ ਦੀਆਂ ਲਿਖਤਾਂ ਪੂਰੀਆਂ ਹੋਣ।” ਤਦ ਸਾਰੇ ਚੇਲੇ ਯਿਸ਼ੂ ਨੂੰ ਛੱਡ ਕੇ ਭੱਜ ਗਏ।
ਮਸੀਹ ਯਿਸ਼ੂ ਮਹਾਂ ਸਭਾ ਦੇ ਸਾਹਮਣੇ
57ਜਿਹਨਾਂ ਨੇ ਯਿਸ਼ੂ ਨੂੰ ਗ੍ਰਿਫ਼ਤਾਰ ਕੀਤਾ ਸੀ ਉਹ ਉਸਨੂੰ ਮਹਾਂ ਜਾਜਕ ਕਯਾਫ਼ਾਸ ਦੇ ਕੋਲ ਲੈ ਗਏ, ਜਿੱਥੇ ਨੇਮ ਦੇ ਉਪਦੇਸ਼ਕ ਅਤੇ ਬਜ਼ੁਰਗ ਇਕੱਠੇ ਹੋਏ ਸਨ। 58ਪਤਰਸ ਕੁਝ ਦੂਰੀ ਤੇ ਯਿਸ਼ੂ ਦੇ ਪਿੱਛੇ-ਪਿੱਛੇ ਚੱਲਦਾ ਹੋਇਆ, ਮਹਾਂ ਜਾਜਕ ਦੇ ਵਿਹੜੇ ਵਿੱਚ ਆ ਪਹੁੰਚਿਆ ਅਤੇ ਅੰਦਰ ਜਾ ਕੇ ਪਹਿਰੇਦਾਰਾਂ ਨਾਲ ਬੈਠ ਗਿਆ, ਤਾਂ ਕਿ ਵੇਖ ਸਕੇ ਅੱਗੇ ਕੀ ਹੁੰਦਾ ਹੈ।
59ਮੁੱਖ ਜਾਜਕਾਂ ਅਤੇ ਸਾਰੀ ਮਹਾਂ ਸਭਾ ਯਿਸ਼ੂ ਨੂੰ ਜਾਨੋਂ ਮਾਰਨ ਲਈ ਉਸਦੇ ਵਿਰੁੱਧ ਝੂਠੀ ਗਵਾਹੀ ਲੱਭਦੇ ਸਨ। 60ਪਰ ਉਹਨਾਂ ਨੂੰ ਕੁਝ ਨਾ ਮਿਲਿਆ, ਭਾਵੇਂ ਬਹੁਤ ਸਾਰੇ ਝੂਠੇ ਗਵਾਹ ਆਏ।
ਆਖ਼ਿਰ ਦੋ ਗਵਾਹ ਸਾਹਮਣੇ ਆ ਕੇ ਬੋਲੇ 61ਅਤੇ ਆਖਿਆ, “ਇਹ ਵਿਅਕਤੀ ਕਹਿੰਦਾ ਸੀ, ‘ਮੈਂ ਪਰਮੇਸ਼ਵਰ ਦੀ ਹੈਕਲ ਨੂੰ ਢਾਹ ਕੇ ਤਿੰਨਾਂ ਦਿਨਾਂ ਵਿੱਚ ਉਸ ਨੂੰ ਬਣਾ ਸਕਦਾ ਹਾਂ।’ ”
62ਤਦ ਮਹਾਂ ਜਾਜਕ ਨੇ ਖੜ੍ਹੇ ਹੋ ਕੇ ਯਿਸ਼ੂ ਨੂੰ ਕਿਹਾ, “ਤੂੰ ਜਵਾਬ ਨਹੀਂ ਦਿੰਦਾ? ਇਹ ਤੇਰੇ ਵਿਰੁੱਧ ਕੀ ਗਵਾਹੀ ਦੇ ਰਹੇ ਹਨ?” 63ਪਰ ਯਿਸ਼ੂ ਚੁੱਪ ਹੀ ਰਹੇ।
ਮਹਾਂ ਜਾਜਕ ਨੇ ਉਸ ਨੂੰ ਆਖਿਆ, “ਮੈਂ ਤੈਨੂੰ ਜਿਉਂਦੇ ਪਰਮੇਸ਼ਵਰ ਦੀ ਸਹੁੰ ਦਿੰਦਾ ਹਾਂ: ਕਿ ਜੇ ਤੂੰ ਮਸੀਹ ਪਰਮੇਸ਼ਵਰ ਦਾ ਪੁੱਤਰ ਹੈ ਤਾਂ ਸਾਨੂੰ ਦੱਸ।”
64ਯਿਸ਼ੂ ਨੇ ਉਸ ਨੂੰ ਜਵਾਬ ਦਿੱਤਾ, “ਤੂੰ ਸੱਚ ਬੋਲਿਆ ਹੈ, ਪਰ ਮੈਂ ਤੁਹਾਨੂੰ ਸਾਰਿਆਂ ਨੂੰ ਆਖਦਾ ਹਾਂ: ਜੋ ਹੁਣ ਇਸ ਤੋਂ ਬਾਅਦ ਤੁਸੀਂ ਮਨੁੱਖ ਦੇ ਪੁੱਤਰ ਨੂੰ ਸਰਵਸ਼ਕਤੀਮਾਨ ਦੇ ਸੱਜੇ ਹੱਥ ਬੈਠੇ ਹੋਏ ਅਤੇ ਸਵਰਗ ਦੇ ਬੱਦਲਾਂ ਉੱਤੇ ਆਉਂਦੇ ਹੋਏ ਵੇਖੋਗੇ।”#26:64 ਜ਼ਬੂ 110:1; ਦਾਨੀ 7:13
65ਤਦ ਮਹਾਂ ਜਾਜਕ ਨੇ ਆਪਣੇ ਕੱਪੜੇ ਪਾੜੇ ਅਤੇ ਆਖਿਆ, “ਇਸ ਨੇ ਨਿੰਦਿਆ ਕੀਤੀ ਹੈ! ਹੁਣ ਸਾਨੂੰ ਹੋਰ ਗਵਾਹਾਂ ਦੀ ਕੀ ਲੋੜ ਹੈ? ਵੇਖੋ, ਹੁਣ ਤੁਸੀਂ ਇਹ ਨਿੰਦਿਆ ਸੁਣੀ ਹੈ। 66ਹੁਣ ਤੁਹਾਡਾ ਕੀ ਵਿਚਾਰ ਹੈ?”
ਉਹਨਾਂ ਨੇ ਉੱਤਰ ਦਿੱਤਾ, “ਇਹ ਮਾਰੇ ਜਾਣ ਦੇ ਯੋਗ ਹੈ।”
67ਤਦ ਉਹਨਾਂ ਨੇ ਯਿਸ਼ੂ ਦੇ ਮੂੰਹ ਤੇ ਥੁੱਕਿਆ ਅਤੇ ਉਸ ਨੂੰ ਮੁੱਕੇ ਮਾਰੇ ਅਤੇ ਹੋਰਨਾਂ ਨੇ ਚਪੇੜਾਂ ਮਾਰੀਆ 68ਅਤੇ ਕਿਹਾ, “ਹੇ ਮਸੀਹ, ਭਵਿੱਖਬਾਣੀ ਕਰਕੇ ਸਾਨੂੰ ਦੱਸ ਕਿ ਤੈਨੂੰ ਕਿਸ ਨੇ ਮਾਰਿਆ?”
ਪਤਰਸ ਦੁਆਰਾ ਯਿਸ਼ੂ ਦਾ ਇਨਕਾਰ ਕੀਤਾ ਜਾਣਾ
69ਪਤਰਸ ਬਾਹਰ ਵਿਹੜੇ ਵਿੱਚ ਬੈਠਾ ਹੋਇਆ ਸੀ, ਇੱਕ ਦਾਸੀ ਉਸ ਦੇ ਕੋਲ ਆ ਕੇ ਆਖਣ ਲੱਗੀ, “ਤੂੰ ਵੀ ਯਿਸ਼ੂ ਗਲੀਲੀ ਦੇ ਨਾਲ ਸੀ।”
70ਪਰ ਉਸਨੇ ਸਾਰਿਆਂ ਦੇ ਸਾਹਮਣੇ ਇਨਕਾਰ ਕਰ ਦਿੱਤਾ ਅਤੇ ਆਖਿਆ, “ਮੈਂ ਨਹੀਂ ਜਾਣਦਾ ਜੋ ਤੂੰ ਕੀ ਬੋਲ ਰਹੀ ਹੈ।”
71ਜਦ ਉਹ ਦਰਵਾਜ਼ੇ ਤੋਂ ਬਾਹਰ ਗਿਆ, ਤਾਂ ਦੂਸਰੀ ਨੌਕਰ ਕੁੜੀ ਨੇ ਉਸ ਨੂੰ ਵੇਖਿਆ ਅਤੇ ਲੋਕਾਂ ਨੂੰ ਆਖਿਆ, “ਇਹ ਵਿਅਕਤੀ ਵੀ ਯਿਸ਼ੂ ਨਾਸਰੀ ਦੇ ਨਾਲ ਸੀ।”
72ਅਤੇ ਉਹ ਸਹੁੰ ਖਾ ਕੇ ਫਿਰ ਮੁੱਕਰ ਗਿਆ: “ਮੈਂ ਉਸ ਮਨੁੱਖ ਨੂੰ ਨਹੀਂ ਜਾਣਦਾ!”
73ਥੋੜ੍ਹੀ ਦੇਰ ਬਾਅਦ, ਜਿਹੜੇ ਉੱਥੇ ਖੜ੍ਹੇ ਸਨ ਉਹਨਾਂ ਨੇ ਪਤਰਸ ਨੂੰ ਕੋਲ ਆ ਕੇ ਆਖਿਆ, “ਸੱਚ-ਮੁੱਚ ਤੂੰ ਉਹਨਾਂ ਵਿੱਚੋਂ ਇੱਕ ਹੈ; ਤੇਰੇ ਬੋਲਣ ਤੋਂ ਹੀ ਪਤਾ ਲੱਗ ਰਿਹਾ ਹੈ।”
74ਤਦ ਉਹ ਸਰਾਪ ਦੇਣ ਅਤੇ ਸਹੁੰ ਖਾਣ ਲੱਗਾ, “ਮੈਂ ਇਸ ਵਿਅਕਤੀ ਨੂੰ ਨਹੀਂ ਜਾਣਦਾ!”
ਉਸੇ ਵਕਤ ਕੁੱਕੜ ਨੇ ਬਾਂਗ ਦੇ ਦਿੱਤੀ। 75ਤਦ ਪਤਰਸ ਨੂੰ ਯਾਦ ਆਇਆ ਕਿ ਯਿਸ਼ੂ ਨੇ ਉਸਨੂੰ ਕੀ ਕਿਹਾ ਸੀ: “ਕੁੱਕੜ ਦੇ ਬਾਂਗ ਦੇਣ ਤੋਂ ਪਹਿਲਾਂ, ਤੂੰ ਤਿੰਨ ਵਾਰ ਮੇਰਾ ਇਨਕਾਰ ਕਰੇਂਗਾ।” ਅਤੇ ਉਹ ਬਾਹਰ ਜਾ ਕੇ ਬੁਰੀ ਤਰ੍ਹਾਂ ਰੋਇਆ।

Highlight

Share

Copy

None

Want to have your highlights saved across all your devices? Sign up or sign in