ਲੂਕਸ 6:27-49
ਲੂਕਸ 6:27-49 PMT
“ਪਰ ਤੁਸੀਂ ਜਿਹੜੇ ਸੁਣਦੇ ਹੋ ਉਹਨਾਂ ਨੂੰ ਮੈਂ ਆਖਦਾ ਹਾਂ, ਆਪਣੇ ਦੁਸ਼ਮਣਾਂ ਨਾਲ ਪਿਆਰ ਕਰੋ ਅਤੇ ਉਹਨਾਂ ਨਾਲ ਭਲਾ ਕਰੋ ਜਿਹੜੇ ਤੁਹਾਡੇ ਤੋਂ ਨਫ਼ਰਤ ਕਰਦੇ ਹਨ। ਉਹਨਾਂ ਨੂੰ ਅਸੀਸ ਦਿਓ ਜੋ ਤੁਹਾਨੂੰ ਸਰਾਪ ਦਿੰਦੇ ਹਨ, ਜੋ ਤੁਹਾਨੂੰ ਗਾਲਾਂ ਕੱਢਦੇ ਹਨ ਉਹਨਾਂ ਲਈ ਪ੍ਰਾਰਥਨਾ ਕਰੋ। ਜੇ ਕੋਈ ਤੁਹਾਡੀ ਇੱਕ ਗੱਲ੍ਹ ਉੱਤੇ ਚਪੇੜ ਮਾਰੇ, ਤਾਂ ਉਸ ਵੱਲ ਦੂਸਰੀ ਗੱਲ੍ਹ ਵੀ ਕਰ ਦਿਓ। ਜੇ ਕੋਈ ਤੁਹਾਡੀ ਚੋਗਾ ਲੈਣਾ ਚਾਹੁੰਦਾ ਹੈ, ਤਾਂ ਉਸ ਨੂੰ ਆਪਣੀ ਕਮੀਜ਼ ਦੇਣ ਤੋਂ ਵੀ ਨਾ ਝਿਜਕੋ। ਜਦੋਂ ਵੀ ਕੋਈ ਤੁਹਾਡੇ ਤੋਂ ਕੁਝ ਮੰਗੇ ਤਾਂ ਉਸ ਨੂੰ ਦੇ ਦਿਓ ਅਤੇ ਜੇ ਕੋਈ ਤੁਹਾਡੀ ਚੀਜ਼ ਲੈ ਲਵੇ ਤਾਂ ਵਾਪਸ ਨਾ ਮੰਗੋ। ਜਿਵੇਂ ਤੁਸੀਂ ਚਾਹੁੰਦੇ ਹੋ ਜੋ ਦੂਸਰੇ ਲੋਕ ਤੁਹਾਡੇ ਨਾਲ ਕਰਨ ਤੁਸੀਂ ਵੀ ਦੂਜਿਆਂ ਨਾਲ ਉਵੇਂ ਦਾ ਹੀ ਵਰਤਾਓ ਕਰੋ। “ਜੇ ਤੁਸੀਂ ਸਿਰਫ ਉਹਨਾਂ ਨੂੰ ਪਿਆਰ ਕਰਦੇ ਹੋ ਜੋ ਤੁਹਾਨੂੰ ਪਿਆਰ ਕਰਦੇ ਹਨ, ਤਾਂ ਇਸ ਦਾ ਕੀ ਫ਼ਾਇਦਾ? ਕਿਉਂਕਿ ਪਾਪੀ ਲੋਕ ਵੀ ਆਪਣੇ ਪਿਆਰ ਕਰਨ ਵਾਲਿਆਂ ਨਾਲ ਪਿਆਰ ਕਰਦੇ ਹਨ। ਇਸੇ ਤਰ੍ਹਾਂ, ਜੇ ਤੁਸੀਂ ਉਹਨਾਂ ਦਾ ਭਲਾ ਕਰਦੇ ਹੋ ਜਿਨ੍ਹਾਂ ਨੇ ਤੁਹਾਡੇ ਨਾਲ ਭਲਾ ਕੀਤਾ ਹੈ, ਤਾਂ ਤੁਸੀਂ ਕੀ ਵੱਖਰਾ ਕਰਦੇ ਹੋ? ਕਿਉਂਕਿ ਪਾਪੀ ਵੀ ਇਹੀ ਕਰਦੇ ਹਨ। ਅਤੇ ਜੇ ਤੁਸੀਂ ਉਹਨਾਂ ਨੂੰ ਹੀ ਉਧਾਰ ਦਿੰਦੇ ਹੋ ਜਿਨ੍ਹਾਂ ਤੋਂ ਪੈਸੇ ਵਾਪਸ ਮਿਲਣ ਦੀ ਉਮੀਦ ਹੋਵੇ, ਤਾਂ ਤੁਸੀਂ ਕੀ ਵੱਖਰਾ ਕਰਦੇ ਹੋ? ਪਾਪੀ ਵੀ ਇਸੇ ਤਰ੍ਹਾਂ ਕਰਦੇ ਹਨ, ਇਸ ਉਮੀਦ ਵਿੱਚ ਕਿ ਉਹਨਾਂ ਦੇ ਸਾਰੇ ਪੈਸੇ ਉਹਨਾਂ ਨੂੰ ਵਾਪਸ ਮਿਲ ਜਾਣਗੇ। ਪਰ ਤੁਸੀਂ ਆਪਣੇ ਦੁਸ਼ਮਣਾਂ ਨਾਲ ਪਿਆਰ ਕਰੋ, ਉਹਨਾਂ ਨਾਲ ਭਲਾ ਕਰੋ ਅਤੇ ਉਹਨਾਂ ਤੋਂ ਵਾਪਸ ਲੈਣ ਦੀ ਉਮੀਦ ਬਿਨਾਂ ਉਹਨਾਂ ਨੂੰ ਉਧਾਰ ਦੇਓ। ਫੇਰ ਤੁਹਾਡਾ ਇਨਾਮ ਬਹੁਤ ਵੱਡਾ ਹੋਵੇਗਾ ਅਤੇ ਤੁਸੀਂ ਉਸ ਅੱਤ ਮਹਾਨ ਪਰਮੇਸ਼ਵਰ ਦੀ ਸੰਤਾਨ ਠਹਿਰਾਈ ਜਾਓ ਕਿਉਂਕਿ ਉਹ ਉਹਨਾਂ ਲਈ ਵੀ ਦਿਆਲੂ ਹੈ, ਜੋ ਨਾਸ਼ੁਕਰੇ ਅਤੇ ਬੁਰੇ ਹਨ। ਦਿਆਲੂ ਬਣੋ, ਜਿਵੇਂ ਤੁਹਾਡਾ ਪਿਤਾ ਪਰਮੇਸ਼ਵਰ ਦਿਆਲੂ ਹੈ। “ਕਿਸੇ ਦਾ ਨਿਆਂ ਨਾ ਕਰੋ ਅਤੇ ਤੁਹਾਡਾ ਵੀ ਨਿਆਂ ਨਾ ਕੀਤਾ ਜਾਵੇਗਾ। ਕਿਸੇ ਤੇ ਦੋਸ਼ ਨਾ ਲਾਓ, ਤੁਹਾਡੇ ਤੇ ਵੀ ਦੋਸ਼ ਨਹੀਂ ਲਾਇਆ ਜਾਵੇਗਾ। ਮਾਫ ਕਰੋ ਤਾਂ ਤੁਹਾਨੂੰ ਵੀ ਮਾਫ਼ ਕੀਤਾ ਜਾਵੇਗਾ। ਦਿਓ ਤਾਂ ਫੇਰ ਤੁਹਾਨੂੰ ਵੀ ਦਿੱਤਾ ਜਾਵੇਗਾ, ਪੂਰਾ ਮਾਪ ਦੱਬ-ਦੱਬ ਕੇ ਅਤੇ ਹਿਲਾ-ਹਿਲਾ ਕੇ ਬਾਹਰ ਡੁੱਲਦਾ ਹੋਇਆ ਤੁਹਾਡੀ ਚੋਲੀ ਵਿੱਚ ਦਿੱਤਾ ਜਾਵੇਗਾ। ਕਿਉਂਕਿ ਜਿਸ ਮਾਪ ਨਾਲ ਤੁਸੀਂ ਮਾਪਦੇ ਹੋ, ਉਸੇ ਨਾਲ ਤੁਹਾਡੇ ਲਈ ਵੀ ਮਾਪਿਆ ਜਾਵੇਗਾ।” ਯਿਸ਼ੂ ਨੇ ਉਹਨਾਂ ਨੂੰ ਇਹ ਦ੍ਰਿਸ਼ਟਾਂਤ ਦੱਸਿਆ, “ਕਿ ਇੱਕ ਅੰਨ੍ਹਾ ਦੂਸਰੇ ਅੰਨ੍ਹੇ ਨੂੰ ਰਸਤਾ ਦਿੱਖਾ ਸਕਦਾ ਹੈ? ਕੀ ਉਹ ਦੋਵੇਂ ਟੋਏ ਵਿੱਚ ਨਹੀਂ ਡਿੱਗ ਪੈਣਗੇ? ਚੇਲਾ ਆਪਣੇ ਗੁਰੂ ਨਾਲੋਂ ਵੱਡਾ ਨਹੀਂ ਹੈ ਪਰ ਹਰ ਕੋਈ ਜਿਸ ਨੇ ਸਿੱਖਿਆ ਪੂਰੀ ਕਰ ਲਈ ਹੈ ਉਹ ਉਸ ਦੇ ਅਧਿਆਪਕ ਵਰਗਾ ਹੋਵੇਗਾ। “ਤੂੰ ਕਿਉਂ ਆਪਣੇ ਭਰਾ ਦੀ ਅੱਖ ਦੇ ਕਣ ਵੱਲ ਤਾਂ ਵੇਖਦਾ ਹੈ ਪਰ ਆਪਣੀ ਅੱਖ ਵਿੱਚਲੇ ਸ਼ਤੀਰ ਵੱਲ ਤਾਂ ਧਿਆਨ ਨਹੀਂ ਦਿੰਦਾ? ਤੂੰ ਆਪਣੇ ਭਰਾ ਨੂੰ ਇਹ ਕਿਵੇਂ ਆਖ ਸਕਦਾ ਹੈ, ‘ਕਿ ਲਿਆ ਤੇਰੀ ਅੱਖ ਵਿੱਚੋਂ ਕੱਖ ਕੱਢ ਦਿਆਂ,’ ਜਦਕਿ ਤੇਰੀ ਆਪਣੀ ਅੱਖ ਵਿੱਚ ਸ਼ਤੀਰ ਹੈ ਤੂੰ ਦੇਖ ਨਹੀਂ ਪਾਉਂਦਾ? ਹੇ ਪਖੰਡੀ, ਪਹਿਲਾਂ ਉਸ ਸ਼ਤੀਰ ਨੂੰ ਆਪਣੀ ਅੱਖ ਵਿੱਚੋਂ ਕੱਢ ਤਾਂ ਫਿਰ ਤੂੰ ਸਾਫ਼ ਤਰੀਕੇ ਨਾਲ ਦੇਖ ਕੇ ਉਸ ਕੱਖ ਨੂੰ ਜਿਹੜਾ ਤੇਰੇ ਭਰਾ ਦੀ ਅੱਖ ਵਿੱਚ ਹੈ ਕੱਢ ਸਕੇਂਗਾ। “ਕੋਈ ਵੀ ਚੰਗਾ ਰੁੱਖ ਮਾੜਾ ਫਲ ਨਹੀਂ ਦਿੰਦਾ ਅਤੇ ਨਾ ਹੀ ਮਾੜਾ ਰੁੱਖ ਚੰਗਾ ਫਲ ਦਿੰਦਾ ਹੈ। ਹਰ ਰੁੱਖ ਆਪਣੇ ਫਲਾਂ ਦੁਆਰਾ ਪਛਾਣਿਆ ਜਾਂਦਾ ਹੈ। ਲੋਕ ਕੰਡਿਆਂ ਦੇ ਰੁੱਖਾਂ ਤੋਂ ਹੰਜ਼ੀਰ ਜਾਂ ਕੰਡਿਆਲੀਆਂ ਝਾੜੀਆਂ ਤੋਂ ਅੰਗੂਰ ਇਕੱਠਾ ਨਹੀਂ ਕਰਦੇ। ਅਤੇ ਇੱਕ ਚੰਗਾ ਵਿਅਕਤੀ ਆਪਣੇ ਮਨ ਦੇ ਖ਼ਜ਼ਾਨੇ ਵਿੱਚੋਂ ਚੰਗੀਆ ਗੱਲਾਂ ਕੱਢਦਾ ਹੈ, ਅਤੇ ਇੱਕ ਬੁਰਾ ਵਿਅਕਤੀ ਆਪਣੇ ਮਨ ਦੇ ਬੁਰੇ ਖ਼ਜ਼ਾਨੇ ਵਿੱਚੋਂ ਬੁਰੀਆ ਗੱਲਾਂ ਕੱਢਦਾ ਹੈ; ਕਿਉਂਕਿ ਜੋ ਮਨ ਵਿੱਚ ਭਰਿਆ ਹੁੰਦਾ ਹੈ ਉਹ ਹੀ ਮੂੰਹ ਵਿੱਚੋਂ ਬਾਹਰ ਨਿਕਲਦਾ ਹੈ। “ਜਦੋਂ ਤੁਸੀਂ ਮੇਰੇ ਹੁਕਮਾਂ ਦੀ ਪਾਲਣਾ ਨਹੀਂ ਕਰਦੇ ਤਾਂ ਤੁਸੀਂ ਮੈਨੂੰ, ‘ਪ੍ਰਭੂ, ਪ੍ਰਭੂ,’ ਕਿਉਂ ਕਹਿੰਦੇ ਹੋ? ਜਿਵੇਂ ਕਿ ਹਰ ਕੋਈ ਜੋ ਮੇਰੇ ਕੋਲ ਆਉਂਦਾ ਹੈ ਅਤੇ ਮੇਰੇ ਸ਼ਬਦਾਂ ਨੂੰ ਸੁਣਦਾ ਹੈ ਅਤੇ ਉਹਨਾਂ ਤੇ ਅਮਲ ਕਰਦਾ ਹੈ, ਮੈਂ ਤੁਹਾਨੂੰ ਦਿਖਾਵਾਂਗਾ ਕਿ ਉਹ ਕਿਸ ਤਰ੍ਹਾਂ ਦੇ ਹਨ: ਉਹ ਉਸ ਆਦਮੀ ਦੀ ਤਰ੍ਹਾਂ ਹਨ ਜੋ ਘਰ ਬਣਾ ਰਿਹਾ ਹੈ, ਜਿਸਨੇ ਡੂੰਘੀ ਖੁਦਾਈ ਕੀਤੀ ਅਤੇ ਚੱਟਾਨ ਤੇ ਨੀਂਹ ਰੱਖੀ। ਜਦੋਂ ਹੜ੍ਹ ਆਇਆ ਤਾਂ ਉਸ ਘਰ ਨੂੰ ਟੱਕਰ ਮਾਰੀ ਪਰ ਉਸ ਨੂੰ ਹਿਲਾ ਨਾ ਸਕਿਆ ਕਿਉਂਕਿ ਉਹ ਘਰ ਮਜ਼ਬੂਤ ਸੀ। ਪਰ ਉਹ ਵਿਅਕਤੀ ਜੋ ਮੇਰਾ ਬਚਨ ਸੁਣਦਾ ਹੈ ਅਤੇ ਇਸ ਦੀ ਪਾਲਣਾ ਨਹੀਂ ਕਰਦਾ ਉਹ ਉਸ ਵਿਅਕਤੀ ਵਰਗਾ ਹੈ ਜਿਸਨੇ ਜ਼ਮੀਨ ਉੱਤੇ ਬਿਨਾਂ ਨੀਂਹ ਤੋਂ ਘਰ ਬਣਾਇਆ ਅਤੇ ਜਦੋਂ ਹੜ੍ਹ ਆਇਆ, ਉਹ ਘਰ ਡਿੱਗ ਗਿਆ ਅਤੇ ਨਾਸ ਹੋ ਗਿਆ।”