ਲੇਵੀਆਂ 21
21
ਜਾਜਕਾਂ ਲਈ ਨਿਯਮ
1ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਹਾਰੋਨ ਦੇ ਪੁੱਤਰਾਂ ਨਾਲ ਗੱਲ ਕਰ, ਜੋ ਜਾਜਕ ਹਨ ਅਤੇ ਉਹਨਾਂ ਨੂੰ ਆਖ, ‘ਕੋਈ ਵੀ ਜਾਜਕ ਆਪਣੇ ਲੋਕਾਂ ਵਿੱਚੋਂ ਕਿਸੇ ਵੀ ਮਰੇ ਹੋਵੇ ਦੇ ਲਈ ਆਪਣੇ ਆਪ ਨੂੰ ਅਸ਼ੁੱਧ ਨਾ ਕਰੇ, 2ਕਿਸੇ ਨਜ਼ਦੀਕੀ ਰਿਸ਼ਤੇਦਾਰ ਨੂੰ ਛੱਡ ਕੇ, ਜਿਵੇਂ ਕਿ ਉਸਦੀ ਮਾਂ ਜਾਂ ਪਿਤਾ, ਉਸਦਾ ਪੁੱਤਰ ਜਾਂ ਧੀ, ਉਸਦਾ ਭਰਾ 3ਜਾਂ ਇੱਕ ਅਣਵਿਆਹੀ ਭੈਣ ਜੋ ਉਸ ਉੱਤੇ ਨਿਰਭਰ ਹੈ ਕਿਉਂਕਿ ਉਸਦਾ ਕੋਈ ਪਤੀ ਨਹੀਂ ਹੈ ਉਸਦੇ ਲਈ ਉਹ ਆਪਣੇ ਆਪ ਨੂੰ ਅਸ਼ੁੱਧ ਕਰ ਸਕਦਾ ਹੈ। 4ਉਸ ਨੂੰ ਆਪਣੇ ਆਪ ਨੂੰ ਵਿਆਹ ਕਰਕੇ ਆਪਣੇ ਆਪ ਨੂੰ ਉਹਨਾਂ ਲੋਕਾਂ ਲਈ ਅਸ਼ੁੱਧ ਨਹੀਂ ਬਣਾਉਣਾ ਚਾਹੀਦਾ, ਜਿਸ ਨਾਲ ਉਹ ਆਪਣੇ ਆਪ ਨੂੰ ਪਲੀਤ ਕਰੇ।
5“ ‘ਜਾਜਕ ਆਪਣੇ ਸਿਰ ਨਾ ਮੁੰਨਵਾਉਣ, ਨਾ ਹੀ ਆਪਣੀਆਂ ਦਾੜ੍ਹੀਆਂ ਦੇ ਕਿਨਾਰੇ ਕੱਟਣ ਅਤੇ ਨਾ ਹੀ ਆਪਣੇ ਸਰੀਰ ਨੂੰ ਚੀਰੇ ਲਗਵਾਉਣ। 6ਉਹਨਾਂ ਨੂੰ ਆਪਣੇ ਪਰਮੇਸ਼ਵਰ ਲਈ ਪਵਿੱਤਰ ਹੋਣਾ ਚਾਹੀਦਾ ਹੈ ਅਤੇ ਆਪਣੇ ਪਰਮੇਸ਼ਵਰ ਦੇ ਨਾਮ ਨੂੰ ਅਪਵਿੱਤਰ ਨਹੀਂ ਕਰਨਾ ਚਾਹੀਦਾ ਕਿਉਂਕਿ ਉਹ ਯਾਹਵੇਹ ਨੂੰ ਭੋਜਨ ਦੀ ਭੇਟ ਚੜ੍ਹਾਉਂਦੇ ਹਨ, ਇਸ ਲਈ ਉਹ ਪਵਿੱਤਰ ਰਹਿਣ।
7“ ‘ਉਹ ਕਿਸੇ ਵੇਸਵਾ ਜਾ ਭ੍ਰਿਸ਼ਟ ਔਰਤਾਂ ਨਾਲ ਵਿਆਹ ਨਾ ਕਰਨ, ਨਾ ਆਪਣੇ ਪਤੀ ਵੱਲੋ ਤਿਆਗੀ ਹੋਈ ਕਿਸੇ ਇਸਤਰੀ ਨੂੰ ਵਿਆਹੁਣ, ਕਿਉਂ ਜੋ ਉਹ ਆਪਣੇ ਪਰਮੇਸ਼ਵਰ ਲਈ ਪਵਿੱਤਰ ਹਨ। 8ਉਹਨਾਂ ਨੂੰ ਪਵਿੱਤਰ ਸਮਝੋ, ਕਿਉਂਕਿ ਉਹ ਤੁਹਾਡੇ ਪਰਮੇਸ਼ਵਰ ਦਾ ਭੋਜਨ ਚੜ੍ਹਾਉਂਦੇ ਹਨ। ਉਹਨਾਂ ਨੂੰ ਪਵਿੱਤਰ ਸਮਝੋ, ਕਿਉਂਕਿ ਮੈਂ ਯਾਹਵੇਹ ਪਵਿੱਤਰ ਹਾਂ ਜੋ ਤੁਹਾਨੂੰ ਪਵਿੱਤਰ ਬਣਾਉਂਦਾ ਹਾਂ।
9“ ‘ਜੇ ਕਿਸੇ ਜਾਜਕ ਦੀ ਧੀ ਵੇਸਵਾ ਬਣ ਕੇ ਆਪਣੇ ਆਪ ਨੂੰ ਭ੍ਰਿਸ਼ਟ ਕਰਦੀ ਹੈ ਤਾਂ ਉਹ ਆਪਣੇ ਪਿਤਾ ਦੀ ਬਦਨਾਮੀ ਕਰਦੀ ਹੈ, ਉਸਨੂੰ ਅੱਗ ਵਿੱਚ ਸਾੜ ਦੇਣਾ ਚਾਹੀਦਾ ਹੈ।
10“ ‘ਪ੍ਰਧਾਨ ਜਾਜਕ, ਆਪਣੇ ਭਰਾਵਾਂ ਵਿੱਚੋਂ ਇੱਕ ਜਿਸ ਦੇ ਸਿਰ ਉੱਤੇ ਮਸਹ ਦਾ ਤੇਲ ਪਾਇਆ ਗਿਆ ਹੈ ਅਤੇ ਜੋ ਪਵਿੱਤਰ ਬਸਤਰ ਪਾਉਣ ਲਈ ਥਾਪਿਆ ਗਿਆ ਹੈ, ਉਹ ਆਪਣਾ ਸਿਰ ਨੰਗਾ ਨਾ ਕਰੇ ਅਤੇ ਨਾ ਹੀ ਆਪਣੇ ਬਸਤਰ ਪਾੜੇ। 11ਉਹ ਕਿਸੇ ਅਜਿਹੀ ਜਗ੍ਹਾ ਵਿੱਚ ਨਾ ਜਾਵੇ ਜਿੱਥੇ ਇੱਕ ਲਾਸ਼ ਹੋਵੇ। ਉਹ ਆਪਣੇ ਆਪ ਨੂੰ ਅਸ਼ੁੱਧ ਨਾ ਕਰੇ, ਇੱਥੋਂ ਤੱਕ ਕਿ ਉਸਦੇ ਪਿਤਾ ਜਾਂ ਮਾਤਾ ਲਈ ਵੀ, 12ਨਾ ਆਪਣੇ ਪਰਮੇਸ਼ਵਰ ਦੇ ਪਵਿੱਤਰ ਸਥਾਨ ਨੂੰ ਛੱਡੇ ਅਤੇ ਨਾ ਹੀ ਉਸ ਨੂੰ ਅਪਵਿੱਤਰ ਕਰੇ, ਕਿਉਂਕਿ ਪਰਮੇਸ਼ਵਰ ਦੇ ਮਸਹ ਕੀਤੇ ਹੋਵੇ ਤੇਲ ਦਾ ਮੁਕਟ ਉਸ ਦੇ ਸਿਰ ਉੱਤੇ ਹੈ। ਮੈਂ ਯਾਹਵੇਹ ਹਾਂ।
13“ ‘ਉਹ ਕੁਆਰੀ ਔਰਤ ਨਾਲ ਹੀ ਵਿਆਹ ਕਰਵਾਏ। 14ਉਹ ਕਿਸੇ ਵਿਧਵਾ, ਤਲਾਕਸ਼ੁਦਾ ਔਰਤ ਜਾਂ ਵੇਸਵਾ ਔਰਤ ਨਾਲ ਵਿਆਹ ਨਾ ਕਰੇ, ਸਗੋਂ ਉਹ ਆਪਣੇ ਲੋਕਾਂ ਵਿੱਚੋਂ ਸਿਰਫ ਇੱਕ ਕੁਆਰੀ ਨਾਲ ਵਿਆਹ ਕਰੇ, 15ਤਾਂ ਜੋ ਉਹ ਆਪਣੇ ਲੋਕਾਂ ਵਿੱਚ ਆਪਣੇ ਵੰਸ਼ ਨੂੰ ਭ੍ਰਿਸ਼ਟ ਨਾ ਕਰੇ। ਮੈਂ ਯਾਹਵੇਹ ਹਾਂ, ਜੋ ਉਸਨੂੰ ਪਵਿੱਤਰ ਬਣਾਉਂਦਾ ਹੈ।’ ”
16ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, 17“ਹਾਰੋਨ ਨੂੰ ਆਖ: ‘ਆਉਣ ਵਾਲੀਆਂ ਪੀੜ੍ਹੀਆਂ ਤੱਕ ਤੇਰੇ ਉੱਤਰਾਧਿਕਾਰੀਆਂ ਵਿੱਚੋਂ ਕੋਈ ਵੀ ਜਿਸ ਵਿੱਚ ਨੁਕਸ ਹੈ, ਆਪਣੇ ਪਰਮੇਸ਼ਵਰ ਨੂੰ ਭੋਜਨ ਚੜ੍ਹਾਉਣ ਲਈ ਨੇੜੇ ਨਾ ਆਵੇ। 18ਕੋਈ ਵੀ ਆਦਮੀ ਜਿਸ ਵਿੱਚ ਕੋਈ ਨੁਕਸ ਹੈ ਨੇੜੇ ਨਾ ਆਵੇ: ਕੋਈ ਵੀ ਆਦਮੀ ਜੋ ਅੰਨ੍ਹਾ ਜਾਂ ਲੰਗੜਾ, ਵਿਗੜਿਆ ਜਾਂ ਅਸਧਾਰਨ ਹੈ; 19ਕੋਈ ਵੀ ਆਦਮੀ ਜਿਸਦਾ ਪੈਰ ਜਾਂ ਹੱਥ ਨਾ ਹੋਵੇ, 20ਜਾਂ ਕੁੱਬਾ ਜਾਂ ਬੌਣਾ ਹੈ, ਜਾਂ ਜਿਸਦੀ ਅੱਖ ਵਿੱਚ ਕੋਈ ਨੁਕਸ ਹੈ, ਜਾਂ ਜਿਸਦੇ ਅੰਡਕੋਸ਼ ਵਿੱਚ ਜ਼ਖਮ ਜਾਂ ਵਗਣ ਵਾਲੇ ਜ਼ਖਮ ਹਨ। 21ਹਾਰੋਨ ਜਾਜਕ ਦੇ ਉੱਤਰਾਧਿਕਾਰੀ ਜਿਸ ਵਿੱਚ ਕੋਈ ਨੁਕਸ ਹੈ, ਯਾਹਵੇਹ ਨੂੰ ਭੋਜਨ ਦੀ ਭੇਟ ਚੜ੍ਹਾਉਣ ਲਈ ਨੇੜੇ ਨਾ ਆਵੇ। ਉਸ ਵਿੱਚ ਇੱਕ ਦੋਸ਼ ਹੈ, ਉਸਨੂੰ ਆਪਣੇ ਪਰਮੇਸ਼ਵਰ ਨੂੰ ਭੋਜਨ ਭੇਟ ਕਰਨ ਲਈ ਨੇੜੇ ਨਹੀਂ ਆਉਣਾ ਚਾਹੀਦਾ। 22ਉਹ ਆਪਣੇ ਪਰਮੇਸ਼ਵਰ ਦੀ ਅੱਤ ਪਵਿੱਤਰ ਅਤੇ ਪਵਿੱਤਰ ਰੋਟੀ ਵਿੱਚੋਂ ਖਾਵੇ, 23ਪਰ ਉਹ ਪਰਦੇ ਦੇ ਅੰਦਰ ਨਾ ਜਾਵੇ ਅਤੇ ਨਾ ਹੀ ਜਗਵੇਦੀ ਦੇ ਨਜ਼ਦੀਕ ਜਾਵੇ, ਕਿਉਂ ਜੋ ਉਸ ਵਿੱਚ ਦੋਸ਼ ਹੈ, ਤਾਂ ਜੋ ਉਹ ਮੇਰੇ ਪਵਿੱਤਰ ਸਥਾਨਾਂ ਨੂੰ ਅਪਵਿੱਤਰ ਨਾ ਕਰੇ। ਕਿਉਂਕਿ ਮੈਂ ਯਾਹਵੇਹ ਹਾਂ, ਜੋ ਉਹਨਾਂ ਨੂੰ ਪਵਿੱਤਰ ਬਣਾਉਂਦਾ ਹੈ।’ ”
24ਇਸ ਲਈ ਮੋਸ਼ੇਹ ਨੇ ਇਹ ਗੱਲ ਹਾਰੋਨ ਅਤੇ ਉਸਦੇ ਪੁੱਤਰਾਂ ਅਤੇ ਇਸਰਾਏਲ ਦੇ ਸਾਰੇ ਲੋਕਾਂ ਨੂੰ ਦੱਸੀ।
Currently Selected:
ਲੇਵੀਆਂ 21: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.