Bible App logo
Search Icon

ਯਹੋਸ਼ੂਆ 23

23
ਨੇਤਾਵਾਂ ਤੋਂ ਯਹੋਸ਼ੂਆ ਦੀ ਵਿਦਾਈ
1ਬਹੁਤ ਸਮਾਂ ਬੀਤ ਜਾਣ ਤੋਂ ਬਾਅਦ ਜਦ ਯਾਹਵੇਹ ਨੇ ਇਸਰਾਏਲ ਨੂੰ ਉਨ੍ਹਾਂ ਦੇ ਆਲੇ-ਦੁਆਲੇ ਦੇ ਸਾਰੇ ਦੁਸ਼ਮਣਾਂ ਤੋਂ ਆਰਾਮ ਦਿੱਤਾ, ਯਹੋਸ਼ੂਆ ਬੁੱਢਾ ਅਤੇ ਵੱਡੀ ਉਮਰ ਦਾ ਹੋ ਗਿਆ ਸੀ। 2ਤਦ ਯਹੋਸ਼ੂਆ ਨੇ ਇਸਰਾਏਲ ਦੇ ਸਾਰੇ ਬਜ਼ੁਰਗਾ, ਸਰਦਾਰਾਂ, ਨਿਆਂਈਆਂ ਅਤੇ ਅਧਿਕਾਰੀਆਂ ਨੂੰ ਸੱਦ ਕੇ ਆਖਿਆ, “ਮੈ ਬੁੱਢਾ ਅਤੇ ਵੱਡੀ ਉਮਰ ਦਾ ਹੋ ਗਿਆ ਹਾਂ। 3ਤੁਸੀਂ ਉਹ ਸਭ ਕੁਝ ਵੇਖਿਆ ਹੈ ਜੋ ਯਾਹਵੇਹ ਤੁਹਾਡੇ ਪਰਮੇਸ਼ਵਰ ਨੇ ਤੁਹਾਡੇ ਲਈ ਇਨ੍ਹਾਂ ਸਾਰੀਆਂ ਕੌਮਾਂ ਨਾਲ ਕੀਤਾ ਹੈ। ਇਹ ਯਾਹਵੇਹ ਤੁਹਾਡਾ ਪਰਮੇਸ਼ਵਰ ਸੀ ਜੋ ਤੁਹਾਡੇ ਲਈ ਲੜਿਆ ਸੀ। 4ਯਾਦ ਰੱਖੋ ਕਿ ਕਿਵੇਂ ਮੈ ਤੁਹਾਡੇ ਲਈ ਇਨ੍ਹਾਂ ਬਾਕੀ ਦੀਆਂ ਕੌਮਾਂ ਨੂੰ ਤੁਹਾਡੀਆਂ ਗੋਤਾਂ ਅਨੁਸਾਰ ਮਿਲਖ਼ ਵਿੱਚ ਵੰਡ ਦਿੱਤਾ ਹੈ ਅਰਥਾਤ ਯਰਦਨ ਤੋਂ ਵੱਡੇ ਸਮੁੰਦਰ ਤੱਕ ਸੂਰਜ ਦੇ ਲਹਿੰਦੇ ਪਾਸੇ ਵੱਲ ਨੂੰ ਸਾਰੀਆਂ ਕੌਮਾਂ ਸਣੇ ਮੈ ਮਾਰ ਦਿੱਤਾ ਸੀ। 5ਯਾਹਵੇਹ, ਤੁਹਾਡਾ ਪਰਮੇਸ਼ਵਰ ਉਨ੍ਹਾਂ ਨੂੰ ਤੁਹਾਡੇ ਵਿੱਚੋਂ ਕੱਢ ਦੇਵੇਗਾ ਅਤੇ ਉਨ੍ਹਾਂ ਨੂੰ ਤੁਹਾਡੇ ਤੋਂ ਵੱਖ ਕਰ ਦੇਵੇਗਾ ਅਤੇ ਤੁਸੀਂ ਉਨ੍ਹਾਂ ਦੀ ਧਰਤੀ ਉੱਤੇ ਕਬਜ਼ਾ ਕਰ ਲਵੋਂਗੇ, ਜਿਵੇਂ ਯਾਹਵੇਹ ਤੁਹਾਡੇ ਪਰਮੇਸ਼ਵਰ ਨੇ ਆਖਿਆ ਹੈ।
6“ਮਜ਼ਬੂਤ ਬਣੋ ਅਤੇ ਮੋਸ਼ੇਹ ਦੀ ਬਿਵਸਥਾ ਦੀ ਪੋਥੀ ਵਿੱਚ ਲਿਖੀਆਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖੋ, ਤੁਸੀਂ ਉਸ ਤੋਂ ਨਾ ਸੱਜੇ ਨਾ ਖੱਬੇ ਪਾਸੇ ਮੁੜਨਾ। 7ਤੁਸੀਂ ਇਨ੍ਹਾਂ ਕੌਮਾਂ ਨਾਲ ਨਾ ਜੁੜੋ ਜੋ ਤੁਹਾਡੇ ਵਿਚਕਾਰ ਰਹਿੰਦੀਆਂ ਹਨ, ਉਨ੍ਹਾਂ ਦੇ ਦੇਵਤਿਆਂ ਦੇ ਨਾਮ ਵੀ ਜੁਬਾਨ ਉੱਤੇ ਨਾ ਲਿਆਓ ਨਾ ਉਨ੍ਹਾਂ ਦੀ ਸਹੁੰ ਨਾ ਖਾਓ। ਤੁਸੀਂ ਉਹਨਾਂ ਦੀ ਉਪਾਸਨਾ ਨਾ ਕਰੋ ਨਾ ਉਹਨਾਂ ਅੱਗੇ ਮੱਥਾ ਟੇਕੋ। 8ਪਰ ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਨੂੰ ਉਸੇ ਤਰ੍ਹਾਂ ਫੜੀ ਰੱਖੋ, ਜਿਵੇਂ ਹੁਣ ਤੱਕ ਹੈ।
9“ਯਾਹਵੇਹ ਨੇ ਤੁਹਾਡੇ ਅੱਗੇ ਮਹਾਨ ਅਤੇ ਸ਼ਕਤੀਸ਼ਾਲੀ ਕੌਮਾਂ ਨੂੰ ਬਾਹਰ ਕੱਢ ਦਿੱਤਾ ਹੈ, ਪਰ ਅੱਜ ਤੱਕ ਕੋਈ ਵੀ ਤੁਹਾਡਾ ਸਾਹਮਣਾ ਨਹੀਂ ਕਰ ਸਕਿਆ। 10ਤੁਹਾਡੇ ਵਿੱਚੋਂ ਇੱਕ ਮਨੁੱਖ ਇੱਕ ਹਜ਼ਾਰ ਨੂੰ ਭਜਾਵੇਗਾ, ਕਿਉਂਕਿ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਡੇ ਲਈ ਲੜਦਾ ਹੈ, ਜਿਵੇਂ ਉਸਨੇ ਇਕਰਾਰ ਕੀਤਾ ਸੀ। 11ਇਸ ਲਈ ਯਾਹਵੇਹ ਆਪਣੇ ਪਰਮੇਸ਼ਵਰ ਨੂੰ ਪਿਆਰ ਕਰਨ ਲਈ ਬਹੁਤ ਸਾਵਧਾਨ ਰਹੋ।
12“ਪਰ ਜੇ ਤੁਸੀਂ ਆਪਣੇ ਯਾਹਵੇਹ ਤੋਂ ਮੂੰਹ ਮੋੜ ਲੈਂਦੇ ਹੋ ਅਤੇ ਇਨ੍ਹਾਂ ਕੌਮਾਂ ਦੇ ਬਚੇ ਹੋਏ ਲੋਕਾਂ ਦੇ ਰੀਤੀ ਰਿਵਾਜਾਂ ਨੂੰ ਫੜੀ ਰੱਖਦੇ ਹੋ ਜੋ ਤੁਹਾਡੇ ਵਿੱਚ ਰਹਿ ਜਾਂਦੇ ਹਨ, ਅਤੇ ਜੇ ਤੁਸੀਂ ਉਨ੍ਹਾਂ ਨਾਲ ਵਿਆਹ ਕਰਾਉਂਦੇ ਹੋ, 13ਤਾਂ ਫਿਰ ਤੁਸੀਂ ਜਾਣ ਲਓ ਕਿ ਯਾਹਵੇਹ ਤੁਹਾਡਾ ਪਰਮੇਸ਼ਵਰ ਇਨ੍ਹਾਂ ਕੌਮਾਂ ਨੂੰ ਤੁਹਾਡੇ ਸਾਮ੍ਹਣੇ ਨਹੀਂ ਕੱਢੇਗਾ। ਇਸ ਦੀ ਬਜਾਏ, ਉਹ ਤੁਹਾਡੇ ਲਈ ਜਾਲ ਅਤੇ ਫਾਹੀ ਬਣ ਜਾਣਗੇ, ਤੁਹਾਡੀਆਂ ਪਿੱਠਾਂ ਉੱਤੇ ਕੋਰੜੇ ਅਤੇ ਤੁਹਾਡੀਆਂ ਅੱਖਾਂ ਵਿੱਚ ਕੰਡੇ, ਜਦ ਤੱਕ ਤੁਸੀਂ ਇਸ ਚੰਗੀ ਧਰਤੀ ਤੋਂ ਨਾਸ਼ ਹੋ ਜਾਓ, ਜਿਹੜੀ ਯਾਹਵੇਹ ਤੁਹਾਡੇ ਪਰਮੇਸ਼ਵਰ ਨੇ ਤੁਹਾਨੂੰ ਦਿੱਤੀ ਹੈ।
14“ਹੁਣ ਮੇਰੀ ਮੌਤ ਦਾ ਸਮਾਂ ਨੇੜੇ ਹੈ, ਜਿਵੇਂ ਧਰਤੀ ਉੱਤੇ ਸਾਰੇ ਲੋਕ ਮਰਦੇ ਹਨ। ਆਪਣੇ ਦਿਲ ਅਤੇ ਆਤਮਾ ਦੀਆਂ ਡੂੰਘਾਈਆਂ ਵਿੱਚ ਜਾਣੋ ਕਿ ਜੋ ਕੁਝ ਵੀ ਯਾਹਵੇਹ ਤੁਹਾਡੇ ਪਰਮੇਸ਼ਵਰ ਦੇ ਮੂੰਹੋਂ ਨਿੱਕਲਿਆ ਹੈ ਉਹ ਸਭ ਕੁੱਝ ਪੂਰਾ ਹੋਇਆ ਹੈ। ਉਹ ਸਭ ਕੁਝ ਜੋ ਤੁਹਾਡੇ ਲਈ ਕਿਹਾ ਗਿਆ ਸੀ ਸੱਚ ਹੋ ਗਿਆ ਹੈ 15ਇਸ ਤਰ੍ਹਾਂ ਹੋਵੇਗਾ ਕੇ ਜਿਵੇਂ ਸਾਰੀਆਂ ਚੰਗੀਆਂ ਗੱਲਾਂ ਤੁਹਾਡੇ ਉੱਤੇ ਆਈਆਂ ਹਨ ਜਿਹੜੀਆਂ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਡੇ ਵਿਖੇ ਬੋਲਿਆਂ ਸੀ ਉਸੇ ਤਰ੍ਹਾਂ ਯਾਹਵੇਹ ਤੁਹਾਡੇ ਉੱਤੇ ਸਾਰੀਆਂ ਬੁਰੀਆਂ ਗੱਲਾਂ ਵੀ ਲਿਆਵੇਗਾ ਜਦ ਤੱਕ ਕਿ ਉਹ ਇਸ ਚੰਗੀ ਜ਼ਮੀਨ ਉੱਤੇ ਜਿਹੜੀ ਯਾਹਵੇਹ ਤੁਹਾਡੇ ਪਰਮੇਸ਼ਵਰ ਨੇ ਤੁਹਾਨੂੰ ਦਿੱਤੀ ਹੈ ਤੁਹਾਡਾ ਨਾਸ ਨਾ ਕਰ ਦੇਵੇ। 16ਜੇ ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਦੇ ਨੇਮ ਦੀ ਉਲੰਘਣਾ ਕਰਦੇ ਹੋ, ਜਿਸਦਾ ਉਸ ਨੇ ਤੁਹਾਨੂੰ ਹੁਕਮ ਦਿੱਤਾ ਸੀ ਅਤੇ ਜਾ ਕੇ ਦੂਜੇ ਦੇਵਤਿਆਂ ਦੀ ਉਪਾਸਨਾ ਕਰੋ ਅਤੇ ਉਨ੍ਹਾਂ ਨੂੰ ਮੱਥਾ ਟੇਕੋਗੇ, ਤਾਂ ਯਾਹਵੇਹ ਦਾ ਕ੍ਰੋਧ ਤੁਹਾਡੇ ਉੱਤੇ ਭੜਕੇਗਾ ਅਤੇ ਤੁਸੀਂ ਉਸ ਚੰਗੀ ਧਰਤੀ ਤੋਂ ਛੇਤੀ ਹੀ ਨਸ਼ਟ ਹੋ ਜਾਓਗੇ ਜਿਹੜੀ ਉਸ ਨੇ ਤੁਹਾਨੂੰ ਦਿੱਤੀ ਹੈ।”

Highlight

Copy

Compare

Share

None

Want to have your highlights saved across all your devices? Sign up or sign in