Bible App logo
Search Icon

ਯਹੋਸ਼ੂਆ 22

22
ਪੂਰਬੀ ਕਬੀਲਿਆਂ ਦੀ ਘਰ ਵਾਪਸੀ
1ਤਦ ਯਹੋਸ਼ੂਆ ਨੇ ਰਊਬੇਨੀਆਂ, ਗਾਦੀਆਂ ਅਤੇ ਮਨੱਸ਼ੇਹ ਦੇ ਅੱਧੇ ਗੋਤ ਨੂੰ ਬੁਲਾਇਆ 2ਅਤੇ ਉਨ੍ਹਾਂ ਨੂੰ ਕਿਹਾ, “ਤੁਸੀਂ ਉਹ ਸਭ ਕੁਝ ਕੀਤਾ ਹੈ ਜਿਸਦਾ ਯਾਹਵੇਹ ਦੇ ਦਾਸ ਮੋਸ਼ੇਹ ਨੇ ਹੁਕਮ ਦਿੱਤਾ ਸੀ ਅਤੇ ਤੁਸੀਂ ਉਨ੍ਹਾਂ ਸਾਰੀਆਂ ਗੱਲਾਂ ਵਿੱਚ ਮੇਰੀ ਪਾਲਣਾ ਕੀਤੀ ਹੈ ਜਿਸਦਾ ਮੈਂ ਹੁਕਮ ਦਿੱਤਾ ਸੀ। 3ਲੰਬੇ ਸਮੇਂ ਤੋਂ ਅੱਜ ਤੱਕ ਤੁਸੀਂ ਆਪਣੇ ਸੰਗੀ ਇਸਰਾਏਲੀਆਂ ਨੂੰ ਤਿਆਗਿਆ ਨਹੀਂ ਹੈ ਪਰ ਉਸ ਕੰਮ ਨੂੰ ਪੂਰਾ ਕੀਤਾ ਹੈ ਜੋ ਯਾਹਵੇਹ ਤੁਹਾਡੇ ਪਰਮੇਸ਼ਵਰ ਨੇ ਤੁਹਾਨੂੰ ਦਿੱਤਾ ਸੀ। 4ਹੁਣ ਜਦੋਂ ਯਾਹਵੇਹ ਤੁਹਾਡੇ ਪਰਮੇਸ਼ਵਰ ਨੇ ਉਨ੍ਹਾਂ ਨੂੰ ਆਪਣੇ ਵਾਅਦੇ ਅਨੁਸਾਰ ਅਰਾਮ ਦਿੱਤਾ ਹੈ, ਤਾਂ ਤੁਸੀਂ ਉਸ ਧਰਤੀ ਵਿੱਚ ਆਪਣੇ ਘਰਾਂ ਨੂੰ ਮੁੜੋ ਜਿਹੜੀ ਯਾਹਵੇਹ ਦੇ ਸੇਵਕ ਮੋਸ਼ੇਹ ਨੇ ਤੁਹਾਨੂੰ ਯਰਦਨ ਦੇ ਦੂਜੇ ਪਾਸੇ ਦਿੱਤੀ ਸੀ। 5ਪਰ ਉਸ ਹੁਕਮ ਅਤੇ ਬਿਵਸਥਾ ਦੀ ਪਾਲਣਾ ਕਰਨ ਲਈ ਜੋ ਯਾਹਵੇਹ ਦੇ ਦਾਸ ਮੋਸ਼ੇਹ ਨੇ ਤੁਹਾਨੂੰ ਦਿੱਤੀ ਸੀ, ਬਹੁਤ ਧਿਆਨ ਰੱਖੋ, ਯਾਹਵੇਹ ਆਪਣੇ ਪਰਮੇਸ਼ਵਰ ਨੂੰ ਪਿਆਰ ਕਰੋ, ਉਸ ਦੀ ਆਗਿਆਕਾਰੀ ਵਿੱਚ ਰਹੋ, ਉਸ ਦੇ ਹੁਕਮਾਂ ਦੀ ਪਾਲਣਾ ਕਰੋ, ਉਸ ਨੂੰ ਫੜੀ ਰੱਖੋ ਅਤੇ ਆਪਣੇ ਸਾਰੇ ਦਿਲ ਅਤੇ ਆਪਣੀ ਸਾਰੀ ਆਤਮਾ ਨਾਲ ਉਸ ਦੀ ਸੇਵਾ ਕਰੋ।”
6ਤਦ ਯਹੋਸ਼ੂਆ ਨੇ ਉਨ੍ਹਾਂ ਨੂੰ ਅਸੀਸ ਦਿੱਤੀ ਅਤੇ ਉਨ੍ਹਾਂ ਨੂੰ ਵਿਦਾ ਕੀਤਾ ਅਤੇ ਉਹ ਆਪਣੇ ਘਰਾਂ ਨੂੰ ਚਲੇ ਗਏ। 7(ਮਨੱਸ਼ੇਹ ਦੇ ਅੱਧੇ ਗੋਤ ਨੂੰ ਮੋਸ਼ੇਹ ਨੇ ਬਾਸ਼ਾਨ ਵਿੱਚ ਜ਼ਮੀਨ ਦਿੱਤੀ ਸੀ ਅਤੇ ਬਾਕੀ ਦੇ ਅੱਧੇ ਗੋਤ ਨੂੰ ਯਹੋਸ਼ੂਆ ਨੇ ਯਰਦਨ ਦੇ ਪੱਛਮ ਵਾਲੇ ਪਾਸੇ ਆਪਣੇ ਸਾਥੀ ਇਸਰਾਏਲੀਆਂ ਸਮੇਤ ਜ਼ਮੀਨ ਦਿੱਤੀ ਸੀ।) ਜਦੋਂ ਯਹੋਸ਼ੂਆ ਨੇ ਉਨ੍ਹਾਂ ਨੂੰ ਘਰ ਭੇਜਿਆ, ਉਸਨੇ ਉਨ੍ਹਾਂ ਨੂੰ ਅਸੀਸ ਦਿੱਤੀ। 8ਅਤੇ ਯਹੋਸ਼ੂਆ ਨੇ ਉਹਨਾਂ ਨੂੰ ਆਖਿਆ, “ਆਪਣੀ ਵੱਡੀ ਦੌਲਤ ਨਾਲ, ਪਸ਼ੂਆਂ ਦੇ ਵੱਡੇ ਇੱਜੜ, ਚਾਂਦੀ, ਸੋਨਾ, ਪਿੱਤਲ, ਲੋਹਾ ਅਤੇ ਬਹੁਤ ਸਾਰੇ ਕੱਪੜੇ ਲੈ ਕੇ ਆਪਣੇ ਘਰਾਂ ਨੂੰ ਮੁੜੋ ਅਤੇ ਆਪਣੇ ਦੁਸ਼ਮਣਾਂ ਤੋਂ ਲੁੱਟ ਨੂੰ ਆਪਣੇ ਸਾਥੀ ਇਸਰਾਏਲੀਆਂ ਨਾਲ ਵੰਡੋ।”
9ਇਸ ਲਈ ਰਊਬੇਨੀਆਂ, ਗਾਦੀਆਂ ਅਤੇ ਮਨੱਸ਼ੇਹ ਦੇ ਅੱਧੇ ਗੋਤ ਨੇ ਇਸਰਾਏਲੀਆਂ ਨੂੰ ਕਨਾਨ ਦੇ ਸ਼ੀਲੋਹ ਵਿੱਚ ਛੱਡ ਦਿੱਤਾ ਤਾਂ ਜੋ ਉਨ੍ਹਾਂ ਦੀ ਆਪਣੀ ਧਰਤੀ ਗਿਲਆਦ ਵਿੱਚ ਵਾਪਸ ਆ ਜਾਣ ਜੋ ਉਨ੍ਹਾਂ ਨੇ ਮੋਸ਼ੇਹ ਦੇ ਰਾਹੀਂ ਯਾਹਵੇਹ ਦੇ ਹੁਕਮ ਦੇ ਅਨੁਸਾਰ ਹਾਸਲ ਕੀਤੀ ਸੀ।
10ਜਦੋਂ ਉਹ ਕਨਾਨ ਦੇਸ਼ ਵਿੱਚ ਯਰਦਨ ਦੇ ਨੇੜੇ ਗਲੀਲੋਥ ਵਿੱਚ ਆਏ, ਤਾਂ ਰਊਬੇਨੀਆਂ, ਗਾਦੀਆਂ ਅਤੇ ਮਨੱਸ਼ੇਹ ਦੇ ਅੱਧੇ ਗੋਤ ਨੇ ਯਰਦਨ ਦੇ ਕੋਲ ਇੱਕ ਸ਼ਾਨਦਾਰ ਜਗਵੇਦੀ ਬਣਾਈ। 11ਅਤੇ ਜਦੋਂ ਇਸਰਾਏਲੀਆਂ ਨੇ ਸੁਣਿਆ “ਕਿ ਰਊਬੇਨੀਆਂ, ਗਾਦੀਆਂ ਅਤੇ ਮਨੱਸ਼ੇਹ ਨੇ ਕਨਾਨ ਦੀ ਸਰਹੱਦ ਉੱਤੇ ਯਰਦਨ ਦੇ ਨੇੜੇ ਗਲੀਲੋਥ ਵਿੱਚ ਇਸਰਾਏਲੀਆਂ ਦੇ ਪਾਸੇ ਜਗਵੇਦੀ ਬਣਾਈ ਹੈ।” 12ਇਸਰਾਏਲ ਦੀ ਸਾਰੀ ਸਭਾ ਸ਼ੀਲੋਹ ਵਿੱਚ ਉਨ੍ਹਾਂ ਦੇ ਵਿਰੁੱਧ ਲੜਨ ਲਈ ਇਕੱਠੀ ਹੋਈ।
13ਇਸ ਲਈ ਇਸਰਾਏਲੀਆਂ ਨੇ ਅਲਆਜ਼ਾਰ ਜਾਜਕ ਦੇ ਪੁੱਤਰ ਫੀਨਹਾਸ ਨੂੰ ਗਿਲਆਦ ਦੀ ਧਰਤੀ ਨੂੰ ਰਊਬੇਨ, ਗਾਦ ਅਤੇ ਮਨੱਸ਼ੇਹ ਦੇ ਅੱਧੇ ਗੋਤ ਕੋਲ ਭੇਜਿਆ। 14ਉਸ ਦੇ ਨਾਲ ਉਨ੍ਹਾਂ ਨੇ ਇਸਰਾਏਲ ਦੇ ਹਰੇਕ ਗੋਤ ਵਿੱਚੋਂ ਇੱਕ-ਇੱਕ, ਇਸਰਾਏਲ ਦੇ ਗੋਤਾਂ ਵਿੱਚੋਂ ਇੱਕ-ਇੱਕ ਪਰਿਵਾਰ-ਸਮੂਹ ਦੇ ਮੁਖੀਆਂ ਵਿੱਚੋਂ ਦਸ ਆਦਮੀ ਭੇਜੇ।
15ਜਦੋਂ ਉਹ ਗਿਲਆਦ ਵਿੱਚ ਰਊਬੇਨ, ਗਾਦ ਅਤੇ ਮਨੱਸ਼ੇਹ ਦੇ ਅੱਧੇ ਗੋਤ ਦੇ ਕੋਲ ਗਏ ਉਨ੍ਹਾਂ ਨੇ ਉਨ੍ਹਾਂ ਨੂੰ ਕਿਹਾ, 16“ਯਾਹਵੇਹ ਦੀ ਸਾਰੀ ਸਭਾ ਆਖਦੀ ਹੈ, ‘ਤੁਸੀਂ ਇਸਰਾਏਲ ਦੇ ਪਰਮੇਸ਼ਵਰ ਨਾਲ ਇਸ ਤਰ੍ਹਾਂ ਵਿਸ਼ਵਾਸ ਕਿਵੇਂ ਤੋੜ ਸਕਦੇ ਹੋ? ਤੁਸੀਂ ਹੁਣ ਯਾਹਵੇਹ ਤੋਂ ਦੂਰ ਕਿਵੇਂ ਹੋ ਸਕਦੇ ਹੋ ਅਤੇ ਉਸ ਦੇ ਵਿਰੁੱਧ ਬਗਾਵਤ ਵਿੱਚ ਆਪਣੇ ਆਪ ਲਈ ਕਿਵੇਂ ਇੱਕ ਜਗਵੇਦੀ ਬਣਾ ਸਕਦੇ ਹੋ? 17ਕੀ ਪਿਓਰ ਦਾ ਪਾਪ ਸਾਡੇ ਲਈ ਕਾਫ਼ੀ ਨਹੀਂ ਸੀ? ਅੱਜ ਤੱਕ ਅਸੀਂ ਆਪਣੇ ਆਪ ਨੂੰ ਉਸ ਪਾਪ ਤੋਂ ਸ਼ੁੱਧ ਨਹੀਂ ਕੀਤਾ, ਭਾਵੇਂ ਕਿ ਯਾਹਵੇਹ ਦੀ ਸੰਗਤ ਉੱਤੇ ਇੱਕ ਮਹਾਂਮਾਰੀ ਡਿੱਗ ਪਈ! 18ਅਤੇ ਕੀ ਤੁਸੀਂ ਹੁਣ ਯਾਹਵੇਹ ਤੋਂ ਮੂੰਹ ਮੋੜ ਰਹੇ ਹੋ?
“ ‘ਜੇ ਤੁਸੀਂ ਅੱਜ ਯਾਹਵੇਹ ਦੇ ਵਿਰੁੱਧ ਬਗਾਵਤ ਕਰਦੇ ਹੋ, ਤਾਂ ਕੱਲ੍ਹ ਉਹ ਇਸਰਾਏਲ ਦੀ ਸਾਰੀ ਕੌਮ ਨਾਲ ਗੁੱਸੇ ਹੋ ਜਾਵੇਗਾ। 19ਜੇਕਰ ਤੁਹਾਡੀ ਧਰਤੀ ਅਸ਼ੁੱਧ ਹੈ, ਤਾਂ ਯਾਹਵੇਹ ਦੀ ਧਰਤੀ ਉੱਤੇ ਆਓ, ਜਿੱਥੇ ਯਾਹਵੇਹ ਦਾ ਤੰਬੂ ਹੈ ਅਤੇ ਸਾਡੇ ਨਾਲ ਧਰਤੀ ਸਾਂਝੀ ਕਰੋ, ਪਰ ਯਾਹਵੇਹ ਸਾਡੇ ਪਰਮੇਸ਼ਵਰ ਦੀ ਜਗਵੇਦੀ ਨੂੰ ਛੱਡ ਕੇ ਆਪਣੇ ਲਈ ਇੱਕ ਜਗਵੇਦੀ ਬਣਾ ਕੇ ਯਾਹਵੇਹ ਦੇ ਵਿਰੁੱਧ ਜਾਂ ਸਾਡੇ ਵਿਰੁੱਧ ਵਿਦਰੋਹ ਨਾ ਕਰੋ। 20ਜਦੋਂ ਜ਼ੇਰਾਹ ਦਾ ਪੁੱਤਰ ਆਕਾਨ ਭੇਟ ਯਾਹਵੇਹ ਨੂੰ ਕੀਤੀਆਂ ਚੀਜ਼ਾਂ ਵਿੱਚ ਬੇਵਫ਼ਾ ਸੀ, ਤਾਂ ਕੀ ਇਸਰਾਏਲ ਦੀ ਸਾਰੀ ਕੌਮ ਉੱਤੇ ਕ੍ਰੋਧ ਨਹੀਂ ਆਇਆ? ਉਹ ਇਕੱਲਾ ਨਹੀਂ ਸੀ ਜੋ ਆਪਣੇ ਪਾਪ ਲਈ ਮਰਿਆ ਸੀ।’ ”
21ਤਦ ਰਊਬੇਨ, ਗਾਦ ਅਤੇ ਮਨੱਸ਼ੇਹ ਦੇ ਅੱਧੇ ਗੋਤ ਨੇ ਇਸਰਾਏਲ ਦੇ ਗੋਤਾਂ ਦੇ ਮੁਖੀਆਂ ਨੂੰ ਉੱਤਰ ਦਿੱਤਾ: 22“ਸ਼ਕਤੀਮਾਨ, ਪਰਮੇਸ਼ਵਰ, ਯਾਹਵੇਹ! ਸ਼ਕਤੀਮਾਨ, ਪਰਮੇਸ਼ਵਰ, ਯਾਹਵੇਹ! ਜੋ ਸਭ ਕੁਝ ਜਾਣਦਾ ਹੈ ਅਤੇ ਇਸਰਾਏਲ ਨੂੰ ਦੱਸੋ! ਜੇ ਇਹ ਯਾਹਵੇਹ ਦੀ ਬਗਾਵਤ ਜਾਂ ਅਣ-ਆਗਿਆਕਾਰੀ ਵਿੱਚ ਹੋਇਆ ਹੈ, ਤਾਂ ਅੱਜ ਸਾਨੂੰ ਨਾ ਬਖਸ਼ੋ। 23ਜੇ ਅਸੀਂ ਆਪਣੀ ਜਗਵੇਦੀ ਯਾਹਵੇਹ ਤੋਂ ਦੂਰ ਰਹਿਣ ਅਤੇ ਹੋਮ ਦੀਆਂ ਭੇਟਾਂ ਅਤੇ ਅਨਾਜ ਦੀਆਂ ਭੇਟਾਂ ਚੜ੍ਹਾਉਣ ਲਈ ਬਣਾਈ ਹੈ ਜਾਂ ਉਸ ਉੱਤੇ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾਉਣ ਲਈ ਬਣਾਈ ਹੈ, ਤਾਂ ਯਾਹਵੇਹ ਆਪ ਸਾਨੂੰ ਲੇਖਾ ਦੇਵੇ।
24“ਨਹੀਂ! ਅਸੀਂ ਇਹ ਇਸ ਡਰੋਂ ਕੀਤਾ ਹੈ ਕਿ ਕਿਸੇ ਦਿਨ ਤੁਹਾਡੇ ਉੱਤਰਾਧਿਕਾਰੀ ਸਾਨੂੰ ਆਖਣਗੇ, ‘ਇਸਰਾਏਲ ਦੇ ਯਾਹਵੇਹ ਪਰਮੇਸ਼ਵਰ ਨਾਲ ਤੁਹਾਡਾ ਕੀ ਲੈਣਾ-ਦੇਣਾ ਹੈ? 25ਯਾਹਵੇਹ ਨੇ ਯਰਦਨ ਨਦੀ ਨੂੰ ਸਾਡੇ ਅਤੇ ਤੁਹਾਡੇ ਵਿਚਕਾਰ ਇੱਕ ਸੀਮਾ ਬਣਾ ਦਿੱਤਾ ਹੈ, ਹੇ ਰਊਬੇਨੀਓ ਅਤੇ ਗਾਦੀਓ! ਯਾਹਵੇਹ ਵਿੱਚ ਤੁਹਾਡਾ ਕੋਈ ਹਿੱਸਾ ਨਹੀਂ ਹੈ।’ ਇਸ ਲਈ ਤੁਹਾਡੀ ਪੀੜ੍ਹੀਆਂ ਸ਼ਾਇਦ ਸਾਡੀ ਪੀੜ੍ਹੀਆਂ ਯਾਹਵੇਹ ਤੋਂ ਡਰਨਾ ਛੱਡ ਦੇਣ।
26“ਇਸੇ ਕਰਕੇ ਅਸੀਂ ਕਿਹਾ, ‘ਆਓ ਅਸੀਂ ਤਿਆਰ ਹੋਈਏ ਅਤੇ ਇੱਕ ਜਗਵੇਦੀ ਬਣਾਈਏ, ਪਰ ਹੋਮ ਦੀਆਂ ਭੇਟਾਂ ਜਾਂ ਬਲੀਆਂ ਲਈ ਨਹੀਂ।’ 27ਇਸ ਦੇ ਉਲਟ, ਇਹ ਸਾਡੇ ਅਤੇ ਤੁਹਾਡੇ ਵਿਚਕਾਰ ਅਤੇ ਉਸ ਤੋਂ ਬਾਅਦ ਆਉਣ ਵਾਲੀਆਂ ਪੀੜ੍ਹੀਆਂ ਵਿਚਕਾਰ ਗਵਾਹ ਹੋਣ ਲਈ, ਕਿ ਅਸੀਂ ਉਸ ਦੇ ਪਵਿੱਤਰ ਸਥਾਨ ਵਿੱਚ ਆਪਣੀਆਂ ਹੋਮ ਦੀਆਂ ਭੇਟਾਂ, ਬਲੀਆਂ ਅਤੇ ਸੰਗਤੀ ਭੇਟਾਂ ਨਾਲ ਯਾਹਵੇਹ ਦੀ ਪੂਜਾ ਕਰਾਂਗੇ। ਫਿਰ ਭਵਿੱਖ ਵਿੱਚ ਤੁਹਾਡੀ ਸੰਤਾਨ ਸਾਡੇ ਲੋਕਾਂ ਨੂੰ ਇਹ ਨਹੀਂ ਕਹਿ ਸਕੇਗੀ, ‘ਯਾਹਵੇਹ ਵਿੱਚ ਤੁਹਾਡਾ ਕੋਈ ਹਿੱਸਾ ਨਹੀਂ ਹੈ।’
28“ਅਤੇ ਅਸੀਂ ਕਿਹਾ, ‘ਜੇਕਰ ਉਹ ਕਦੇ ਸਾਨੂੰ ਜਾਂ ਸਾਡੇ ਉੱਤਰਾਧਿਕਾਰੀਆਂ ਨੂੰ ਇਹ ਕਹਿੰਦੇ ਹਨ, ਤਾਂ ਅਸੀਂ ਜਵਾਬ ਦੇਵਾਂਗੇ, ਯਾਹਵੇਹ ਦੀ ਜਗਵੇਦੀ ਦੀ ਨਮੂਨਾ ਵੇਖੋ, ਜੋ ਸਾਡੇ ਪੁਰਖਿਆਂ ਨੇ ਹੋਮ ਦੀਆਂ ਭੇਟਾਂ ਅਤੇ ਬਲੀਆਂ ਲਈ ਨਹੀਂ, ਸਗੋਂ ਸਾਡੇ ਵਿਚਕਾਰ ਇੱਕ ਗਵਾਹ ਵਜੋਂ ਬਣਾਈ ਸੀ।’
29“ਅਜਿਹਾ ਨਾ ਹੋਵੇ ਕਿ ਅਸੀਂ ਯਾਹਵੇਹ ਦੇ ਵਿਰੁੱਧ ਬਗਾਵਤ ਕਰੀਏ ਅਤੇ ਯਾਹਵੇਹ ਸਾਡੇ ਪਰਮੇਸ਼ਵਰ ਦੀ ਜਗਵੇਦੀ ਤੋਂ ਇਲਾਵਾ ਜੋ ਉਸ ਦੇ ਤੰਬੂ ਦੇ ਅੱਗੇ ਖੜ੍ਹੀ ਹੈ, ਹੋਮ ਦੀਆਂ ਭੇਟਾਂ, ਅਨਾਜ ਦੀਆਂ ਭੇਟਾਂ ਅਤੇ ਬਲੀਆਂ ਲਈ ਇੱਕ ਜਗਵੇਦੀ ਬਣਾ ਕੇ ਅੱਜ ਉਸ ਤੋਂ ਦੂਰ ਰਹੀਏ।”
30ਜਦੋਂ ਫੀਨਹਾਸ ਜਾਜਕ ਅਤੇ ਕੌਮ ਦੇ ਆਗੂਆਂ ਅਤੇ ਇਸਰਾਏਲੀਆਂ ਦੇ ਪਰਿਵਾਰਾਂ ਦੇ ਸਮੂਹਾਂ ਦੇ ਮੁਖੀਆਂ ਨੇ ਸੁਣਿਆ ਕਿ ਰਊਬੇਨ, ਗਾਦ ਅਤੇ ਮਨੱਸ਼ੇਹ ਨੇ ਕੀ ਕਹਿਣਾ ਹੈ, ਉਹ ਖੁਸ਼ ਹੋਏ। 31ਅਤੇ ਜਾਜਕ ਅਲਆਜ਼ਾਰ ਦੇ ਪੁੱਤਰ ਫੀਨਹਾਸ ਨੇ ਰਊਬੇਨ, ਗਾਦ ਅਤੇ ਮਨੱਸ਼ੇਹ ਨੂੰ ਆਖਿਆ, “ਅੱਜ ਅਸੀਂ ਜਾਣਦੇ ਹਾਂ ਕਿ ਯਾਹਵੇਹ ਸਾਡੇ ਨਾਲ ਹੈ, ਕਿਉਂਕਿ ਤੁਸੀਂ ਇਸ ਗੱਲ ਵਿੱਚ ਯਾਹਵੇਹ ਨਾਲ ਬੇਵਫ਼ਾ ਨਹੀਂ ਹੋਏ। ਹੁਣ ਤੁਸੀਂ ਇਸਰਾਏਲੀਆਂ ਨੂੰ ਯਾਹਵੇਹ ਦੇ ਹੱਥੋਂ ਛੁਡਾਇਆ ਹੈ।”
32ਤਦ ਅਲਆਜ਼ਾਰ ਦਾ ਪੁੱਤਰ ਫੀਨਹਾਸ ਜਾਜਕ ਅਤੇ ਆਗੂ ਗਿਲਆਦ ਵਿੱਚ ਰਊਬੇਨੀਆਂ ਅਤੇ ਗਾਦੀਆਂ ਨਾਲ ਮਿਲਾਪ ਕਰਕੇ ਕਨਾਨ ਨੂੰ ਮੁੜੇ ਅਤੇ ਇਸਰਾਏਲੀਆਂ ਨੂੰ ਖ਼ਬਰ ਦਿੱਤੀ। 33ਅਤੇ ਇਸਰਾਏਲੀ ਉਹ ਖ਼ਬਰ ਸੁਣ ਕੇ ਬਹੁਤ ਖੁਸ਼ ਹੋਏ ਅਤੇ ਪਰਮੇਸ਼ਵਰ ਦੀ ਉਸਤਤ ਕੀਤੀ ਅਤੇ ਉਨ੍ਹਾਂ ਨੇ ਉਸ ਦੇਸ਼ ਨੂੰ ਤਬਾਹ ਕਰਨ ਲਈ ਜਿੱਥੇ ਰਊਬੇਨੀਆਂ ਅਤੇ ਗਾਦੀਆਂ ਦੇ ਲੋਕ ਰਹਿੰਦੇ ਸਨ, ਉਨ੍ਹਾਂ ਦੇ ਵਿਰੁੱਧ ਯੁੱਧ ਕਰਨ ਬਾਰੇ ਹੋਰ ਕੋਈ ਗੱਲ ਨਹੀਂ ਕੀਤੀ।
34ਅਤੇ ਰਊਬੇਨੀਆਂ ਅਤੇ ਗਾਦੀਆਂ ਨੇ ਜਗਵੇਦੀ ਨੂੰ ਇਹ ਨਾਮ ਦਿੱਤਾ: ਸਾਡੇ ਵਿਚਕਾਰ ਯਾਹਵੇਹ ਪਰਮੇਸ਼ਵਰ ਇੱਕ ਗਵਾਹ ਹੈ।

Highlight

Copy

Compare

Share

None

Want to have your highlights saved across all your devices? Sign up or sign in