3
ਕੌਮਾਂ ਨੇ ਨਿਆਂ ਕੀਤਾ
1“ਉਨ੍ਹਾਂ ਦਿਨਾਂ ਵਿੱਚ ਅਤੇ ਉਸ ਸਮੇਂ,
ਜਦੋਂ ਮੈਂ ਯਹੂਦਾਹ ਅਤੇ ਯੇਰੂਸ਼ਲੇਮ ਦੀ ਗੁਲਾਮੀ ਨੂੰ ਮੁਕਾ ਦਿਆਂਗਾ,
2ਮੈਂ ਸਾਰੀਆਂ ਕੌਮਾਂ ਨੂੰ ਇਕੱਠਾ ਕਰਾਂਗਾ,
ਅਤੇ ਉਨ੍ਹਾਂ ਨੂੰ ਯਹੋਸ਼ਾਫ਼ਾਟ#3:2 ਯਹੋਸ਼ਾਫ਼ਾਟ ਅਰਥ ਯਾਹਵੇਹ ਨਿਆਂਕਾਰ ਦੀ ਘਾਟੀ ਹੇਠਾਂ ਲਿਆਵਾਂਗਾ।
ਉੱਥੇ ਮੈਂ ਉਹਨਾਂ ਦੀ ਜਾਂਚ ਕਰਾਂਗਾ,
ਜੋ ਉਨ੍ਹਾਂ ਨੇ ਮੇਰੀ ਵਿਰਾਸਤ, ਮੇਰੀ ਪਰਜਾ ਇਸਰਾਏਲ ਨਾਲ ਕੀਤਾ,
ਕਿਉਂਕਿ ਉਨ੍ਹਾਂ ਨੇ ਮੇਰੇ ਲੋਕਾਂ ਨੂੰ ਕੌਮਾਂ ਵਿੱਚ ਖਿੰਡਾ ਦਿੱਤਾ
ਅਤੇ ਮੇਰੀ ਧਰਤੀ ਨੂੰ ਵੰਡ ਦਿੱਤਾ।
3ਉਨ੍ਹਾਂ ਨੇ ਮੇਰੇ ਲੋਕਾਂ ਉੱਤੇ ਗੁਣਾ ਪਾਇਆ,
ਅਤੇ ਵੇਸਵਾਵਾਂ ਲਈ ਮੁੰਡਿਆਂ ਦਾ ਵਪਾਰ ਕੀਤਾ।
ਉਨ੍ਹਾਂ ਨੇ ਸ਼ਰਾਬ ਪੀਣ ਲਈ ਕੁੜੀਆਂ ਨੂੰ ਵੇਚ ਦਿੱਤਾ।
4“ਹੇ ਸੂਰ ਅਤੇ ਸੀਦੋਨ ਅਤੇ ਫ਼ਲਿਸਤ ਦੇ ਸਾਰੇ ਇਲਾਕਿਆਂ ਵਿੱਚ ਹੁਣ ਤੁਹਾਡੇ ਕੋਲ ਮੇਰੇ ਵਿਰੁੱਧ ਕੀ ਹੈ? ਕੀ ਤੁਸੀਂ ਮੈਨੂੰ ਮੇਰੇ ਕੀਤੇ ਕਿਸੇ ਕੰਮ ਦਾ ਬਦਲਾ ਦੇ ਰਹੇ ਹੋ? ਜੇ ਤੁਸੀਂ ਮੈਨੂੰ ਕੰਮ ਦਾ ਬਦਲਾ ਦੇ ਰਹੇ ਹੋ, ਤਾਂ ਮੈਂ ਝੱਟ ਹੀ ਤੁਹਾਡੇ ਸਿਰ ਉੱਤੇ ਤੁਹਾਡਾ ਬਦਲਾ ਮੋੜ ਦਿਆਂਗਾ। 5ਕਿਉਂ ਜੋ ਤੁਸੀਂ ਮੇਰੀ ਚਾਂਦੀ ਅਤੇ ਮੇਰਾ ਸੋਨਾ ਲੈ ਲਿਆ ਅਤੇ ਮੇਰੇ ਵਧੀਆ ਖਜ਼ਾਨੇ ਨੂੰ ਆਪਣੇ ਮੰਦਰਾਂ ਵਿੱਚ ਲੈ ਗਏ 6ਤੁਸੀਂ ਯਹੂਦਾਹ ਅਤੇ ਯੇਰੂਸ਼ਲੇਮ ਦੇ ਲੋਕਾਂ ਨੂੰ ਯੂਨਾਨੀਆਂ ਦੇ ਹੱਥ ਵੇਚ ਦਿੱਤਾ, ਤਾਂ ਜੋ ਤੁਸੀਂ ਉਨ੍ਹਾਂ ਨੂੰ ਉਨ੍ਹਾਂ ਦੇ ਦੇਸ਼ ਤੋਂ ਦੂਰ ਭੇਜ ਸਕੋ।
7“ਵੇਖੋ, ਮੈਂ ਉਹਨਾਂ ਨੂੰ ਉਹਨਾਂ ਥਾਵਾਂ ਤੋਂ ਉਭਾਰਾਂਗਾ ਜਿੱਥੇ ਤੁਸੀਂ ਉਹਨਾਂ ਨੂੰ ਵੇਚਿਆ ਸੀ ਅਤੇ ਮੈਂ ਤੁਹਾਡੇ ਦੁਆਰਾ ਕੀਤੇ ਗਏ ਕੰਮ ਨੂੰ ਤੁਹਾਡੇ ਆਪਣੇ ਸਿਰ ਤੇ ਪਾਵਾਂਗਾ। 8ਮੈਂ ਤੁਹਾਡੇ ਪੁੱਤਰਾਂ ਅਤੇ ਧੀਆਂ ਨੂੰ ਯਹੂਦਾਹ ਦੇ ਲੋਕਾਂ ਕੋਲ ਵੇਚ ਦਿਆਂਗਾ ਅਤੇ ਉਹ ਉਨ੍ਹਾਂ ਨੂੰ ਸਾਬੀਨ ਲੋਕਾਂ ਕੋਲ ਵੇਚ ਦੇਣਗੇ, ਦੂਰ ਇੱਕ ਕੌਮ ਹੈ।” ਯਾਹਵੇਹ ਬੋਲਿਆ ਹੈ।
9ਕੌਮਾਂ ਵਿੱਚ ਇਹ ਐਲਾਨ ਕਰੋ:
ਯੁੱਧ ਲਈ ਤਿਆਰ ਰਹੋ!
ਯੋਧਿਆਂ ਨੂੰ ਜਗਾਓ!
ਸਾਰੇ ਲੜਨ ਵਾਲੇ ਆਦਮੀਆਂ ਨੂੰ ਨੇੜੇ ਆਉਣ ਅਤੇ ਹਮਲਾ ਕਰਨ ਦਿਓ।
10ਆਪਣੇ ਹਲ ਨੂੰ ਕੁੱਟ ਕੇ ਤਲਵਾਰਾਂ ਬਣਾਉ
ਅਤੇ ਆਪਣੀਆਂ ਦਾਤਰਿਆਂ ਨੂੰ ਬਰਛੀਆਂ ਬਣਾਓ।
ਜੋ ਕਮਜ਼ੋਰ ਹਨ ਉਹ ਆਖਣ,
“ਮੈਂ ਸੂਰਬੀਰ ਹਾਂ!”
11ਹੇ ਸਾਰੀਆਂ ਕੌਮਾਂ, ਹਰ ਪਾਸਿਓਂ ਜਲਦੀ ਆਓ,
ਅਤੇ ਉੱਥੇ ਇਕੱਠੇ ਹੋਵੋ।
ਹੇ ਯਾਹਵੇਹ, ਉੱਥੇ ਆਪਣੇ ਸੂਰਬੀਰਾਂ ਨੂੰ ਉਤਾਰ ਦੇ!
12“ਕੌਮਾਂ ਆਪਣੇ ਆਪ ਨੂੰ ਜਗਾਉਣ;
ਉਨ੍ਹਾਂ ਨੂੰ ਯਹੋਸ਼ਾਫ਼ਾਟ ਦੀ ਵਾਦੀ ਵਿੱਚ ਅੱਗੇ ਵਧਣ ਦਿਓ,
ਕਿਉਂ ਜੋ ਮੈਂ ਉੱਥੇ ਬੈਠ ਕੇ ਸਾਰੀਆਂ ਕੌਮਾਂ ਦਾ
ਹਰ ਪਾਸਿਓਂ ਨਿਆਂ ਕਰਾਂਗਾ।
13ਦਾਤਰੀ ਚਲਾਓ,
ਕਿਉਂਕਿ ਵਾਢੀ ਪੱਕ ਚੁੱਕੀ ਹੈ।
ਆਓ, ਅੰਗੂਰਾਂ ਨੂੰ ਮਿੱਧੋ,
ਦਾਖਰਸ ਨਾਲ ਚੁਬੱਚਾ ਭਰਿਆ ਹੋਇਆ ਹੈ
ਅਤੇ ਮਟਕੇ ਭਰ-ਭਰ ਕੇ ਉੱਛਲਦੇ ਹਨ,
ਉਹਨਾਂ ਦੀ ਦੁਸ਼ਟਤਾ ਬਹੁਤ ਜ਼ਿਆਦਾ ਹੈ!”
14ਫੈਸਲੇ ਦੀ ਘਾਟੀ ਵਿੱਚ,
ਲੋਕਾਂ ਦੀ ਭੀੜ ਹੀ ਭੀੜ ਹੈ
ਕਿਉਂਕਿ ਯਾਹਵੇਹ ਦਾ ਦਿਨ ਫ਼ੈਸਲੇ ਦੀ ਵਾਦੀ ਵਿੱਚ ਨੇੜੇ ਹੈ।
15ਸੂਰਜ ਅਤੇ ਚੰਦ ਹਨੇਰਾ ਹੋ ਜਾਣਗੇ,
ਅਤੇ ਤਾਰੇ ਹੋਰ ਨਹੀਂ ਚਮਕਣਗੇ।
16ਯਾਹਵੇਹ ਸੀਯੋਨ ਤੋਂ ਗਰਜੇਗਾ ਅਤੇ ਯੇਰੂਸ਼ਲੇਮ ਤੋਂ ਵੱਡੀ ਆਵਾਜ਼ ਕਰੇਗਾ।
ਧਰਤੀ ਅਤੇ ਅਕਾਸ਼ ਕੰਬਣਗੇ।
ਪਰ ਯਾਹਵੇਹ ਆਪਣੇ ਲੋਕਾਂ ਲਈ ਪਨਾਹ ਹੋਵੇਗਾ,
ਇਸਰਾਏਲ ਦੇ ਲੋਕਾਂ ਲਈ ਇੱਕ ਗੜ੍ਹ ਹੋਵੇਗਾ।
ਪਰਮੇਸ਼ਵਰ ਦੇ ਲੋਕਾਂ ਲਈ ਅਸੀਸਾਂ
17“ਤਦ ਤੁਸੀਂ ਜਾਣ ਜਾਵੋਂਗੇ ਕਿ ਮੈਂ ਤੁਹਾਡਾ ਯਾਹਵੇਹ ਤੁਹਾਡੀ ਪਵਿੱਤਰ ਪਹਾੜੀ ਸੀਯੋਨ ਵਿੱਚ ਰਹਿੰਦਾ ਹਾਂ।
ਯੇਰੂਸ਼ਲੇਮ ਪਵਿੱਤਰ ਹੋਵੇਗਾ;
ਫੇਰ ਕਦੇ ਵੀ ਵਿਦੇਸ਼ੀ ਉਸ ਉੱਤੇ ਹਮਲਾ ਨਹੀਂ ਕਰਨਗੇ।
18“ਉਸ ਦਿਨ ਪਹਾੜਾਂ ਵਿੱਚੋਂ ਨਵੀਂ ਦਾਖਰਸ ਚੋਵੇਗੀ,
ਅਤੇ ਪਹਾੜੀਆਂ ਦੁੱਧ ਨਾਲ ਵਗਣਗੀਆਂ।
ਯਹੂਦਾਹ ਦੀਆਂ ਸਾਰੀਆਂ ਖੱਡਾਂ ਪਾਣੀ ਨਾਲ ਵਗਣਗੀਆਂ।
ਯਾਹਵੇਹ ਦੇ ਭਵਨ ਤੋਂ ਇੱਕ ਚਸ਼ਮਾ ਨਿੱਕਲੇਗਾ
ਅਤੇ ਸ਼ਿੱਟੀਮ ਦੀ ਵਾਦੀ ਨੂੰ ਸਿੰਜੇਗਾ।
19ਪਰ ਮਿਸਰ ਵਿਰਾਨ ਹੋ ਜਾਵੇਗਾ,
ਅਦੋਮ ਇੱਕ ਬੇਕਾਰ ਵਿਰਾਨ ਧਰਤੀ ਹੈ,
ਕਿਉਂਕਿ ਉਹਨਾਂ ਯਹੂਦਾਹ ਦੇ ਲੋਕਾਂ ਉੱਤੇ ਜ਼ੁਲਮ ਕੀਤਾ,
ਜਿਨ੍ਹਾਂ ਦੀ ਧਰਤੀ ਵਿੱਚ ਉਨ੍ਹਾਂ ਨੇ ਨਿਰਦੋਸ਼ਾਂ ਦਾ ਖੂਨ ਵਹਾਇਆ।
20ਲੋਕ ਯਹੂਦਿਯਾ ਵਿੱਚ ਸਦਾ ਲਈ ਰਹਿਣਗੇ
ਅਤੇ ਲੋਕ ਯੇਰੂਸ਼ਲੇਮ ਵਿੱਚ ਪੀੜ੍ਹੀ ਦਰ ਪੀੜ੍ਹੀ ਰਹਿਣਗੇ।
21ਕੀ ਮੈਂ ਉਨ੍ਹਾਂ ਨਿਰਦੋਸ਼ ਲੋਕਾਂ ਦੇ ਖੂਨ ਦਾ ਬਦਲਾ ਲਏ ਬਿਨਾਂ ਛੱਡਾਂਗਾ?
ਨਹੀਂ, ਬਿਲਕੁਲ ਨਹੀਂ।”
ਯਾਹਵੇਹ ਸੀਯੋਨ ਵਿੱਚ ਵੱਸਦਾ ਹੈ!