ਨਿਆਂਈਆਂ 9
9
ਅਬੀਮੇਲੇਕ
1ਯਰੁੱਬਆਲ ਦਾ ਪੁੱਤਰ ਅਬੀਮੇਲੇਕ ਸ਼ੇਕੇਮ ਵਿੱਚ ਆਪਣਿਆ ਮਾਮਿਆ ਕੋਲ ਜਾ ਕੇ ਉਨ੍ਹਾਂ ਦੇ ਸਾਰੇ ਘਰਾਣੇ ਨੂੰ ਕਹਿਣ ਲੱਗਾ, 2“ਸ਼ੇਕੇਮ ਦੇ ਸਾਰੇ ਨਿਵਾਸੀਆਂ ਨੂੰ ਪੁੱਛੋ, ‘ਤੁਹਾਡੇ ਲਈ ਕਿਹੜਾ ਚੰਗਾ ਹੈ: ਯਰੁੱਬਆਲ ਦੇ ਸੱਤਰ ਪੁੱਤਰ ਤੁਹਾਡੇ ਉੱਤੇ ਰਾਜ ਕਰਨ, ਜਾਂ ਸਿਰਫ ਇੱਕ ਆਦਮੀ?’ ਯਾਦ ਰੱਖੋ, ਮੈਂ ਤੁਹਾਡੇ ਹੀ ਘਰਾਣੇ ਦਾ ਹਾਂ।”
3ਜਦੋਂ ਅਬੀਮੇਲੇਕ ਮਾਮਿਆਂ ਨੇ ਸ਼ੇਕੇਮ ਦੇ ਸਾਰੇ ਲੋਕਾਂ ਨੂੰ ਇਹ ਸਭ ਕੁਝ ਦੁਹਰਾਇਆ, ਤਾਂ ਉਹ ਅਬੀਮੇਲੇਕ ਦੇ ਪਿੱਛੇ ਚੱਲਣ ਲਈ ਤਿਆਰ ਸਨ, ਕਿਉਂਕਿ ਉਨ੍ਹਾਂ ਨੇ ਕਿਹਾ, “ਇਹ ਸਾਡਾ ਰਿਸ਼ਤੇਦਾਰ ਹੈ।” 4ਉਨ੍ਹਾਂ ਨੇ ਉਸ ਨੂੰ ਬਆਲ ਬਰੀਤ ਦੇ ਮੰਦਰ ਵਿੱਚੋਂ ਚਾਂਦੀ ਦੇ ਸੱਤਰ ਤੋਲੇ#9:4 ਲਗਭਗ 70 ਸ਼ੈਕੇਲ ਕੱਢ ਦਿੱਤੇ, ਅਤੇ ਉਸ ਦੇ ਨਾਲ ਅਬੀਮੇਲੇਕ ਨੇ ਗੁੰਡੇ ਅਤੇ ਲੁੱਚੇ ਲੋਕ ਰੱਖੇ ਜੋ ਉਸ ਦੇ ਪਿੱਛੇ ਹੋ ਗਏ। 5ਉਹ ਆਫ਼ਰਾਹ ਵਿੱਚ ਆਪਣੇ ਪਿਤਾ ਦੇ ਘਰ ਗਿਆ ਅਤੇ ਇੱਕ ਪੱਥਰ ਉੱਤੇ ਆਪਣੇ ਸੱਤਰ ਭਰਾਵਾਂ, ਯਰੁੱਬਆਲ ਦੇ ਪੁੱਤਰਾਂ ਨੂੰ ਮਾਰ ਦਿੱਤਾ। ਪਰ ਯਰੁੱਬਆਲ ਦਾ ਸਭ ਤੋਂ ਛੋਟਾ ਪੁੱਤਰ ਯੋਥਾਮ ਲੁੱਕ ਕੇ ਬਚ ਗਿਆ। 6ਤਦ ਸ਼ੇਕੇਮ ਦੇ ਸਾਰੇ ਲੋਕ ਅਤੇ ਬੈਤ-ਮਿਲੋ ਦੇ ਸਾਰੇ ਨਾਗਰਿਕ ਇਕੱਠੇ ਹੋਏ ਅਤੇ ਉਨ੍ਹਾਂ ਨੇ ਬਲੂਤ ਦੇ ਰੁੱਖ ਦੇ ਥਮ੍ਹ ਦੇ ਕੋਲ ਜਿਹੜਾ ਸ਼ਕਮ ਵਿੱਚ ਸੀ, ਜਾ ਕੇ ਅਬੀਮੇਲੇਕ ਨੂੰ ਰਾਜਾ ਬਣਾਇਆ।
7ਜਦੋਂ ਯੋਥਾਮ ਨੂੰ ਇਸ ਬਾਰੇ ਦੱਸਿਆ ਗਿਆ, ਤਾਂ ਉਹ ਗਰਿੱਜ਼ੀਮ ਪਹਾੜ ਦੀ ਚੋਟੀ ਉੱਤੇ ਚੜ੍ਹ ਗਿਆ ਅਤੇ ਉੱਚੀ-ਉੱਚੀ ਬੋਲ ਕਹਿਣ ਲੱਗਾ, “ਹੇ ਸ਼ੇਕੇਮ ਦੇ ਵਾਸੀਓ, ਮੇਰੀ ਗੱਲ ਸੁਣੋ, ਤਾਂ ਜੋ ਪਰਮੇਸ਼ਵਰ ਤੁਹਾਡੀ ਸੁਣੇ। 8ਇੱਕ ਦਿਨ ਦਰਖ਼ਤ ਆਪਣੇ ਲਈ ਇੱਕ ਰਾਜੇ ਨੂੰ ਮਸਹ ਕਰਨ ਲਈ ਨਿਕਲੇ। ਉਨ੍ਹਾਂ ਨੇ ਜ਼ੈਤੂਨ ਦੇ ਦਰਖ਼ਤ ਨੂੰ ਕਿਹਾ, ‘ਸਾਡਾ ਰਾਜਾ ਬਣ।’
9“ਪਰ ਜ਼ੈਤੂਨ ਦੇ ਦਰਖ਼ਤ ਨੇ ਜਵਾਬ ਦਿੱਤਾ, ‘ਕੀ ਮੈਂ ਦਰਖ਼ਤਾਂ ਉੱਤੇ ਰਾਜ ਕਰਨ ਲਈ ਆਪਣਾ ਤੇਲ ਦੇਣ ਛੱਡ ਦੇਵਾਂ, ਜਿਸ ਨਾਲ ਪਰਮੇਸ਼ਵਰ ਅਤੇ ਮਨੁੱਖ ਦੋਵੇਂ ਸਤਿਕਾਰੇ ਜਾਂਦੇ ਹਨ?’
10“ਇਸ ਤੋਂ ਬਾਅਦ ਦਰਖ਼ਤਾਂ ਨੇ ਹੰਜੀਰ ਦੇ ਦਰਖ਼ਤ ਨੂੰ ਕਿਹਾ, ‘ਆ ਅਤੇ ਸਾਡਾ ਰਾਜਾ ਬਣ।’
11“ਪਰ ਹੰਜੀਰ ਦੇ ਦਰਖ਼ਤ ਨੇ ਜਵਾਬ ਦਿੱਤਾ, ‘ਕੀ ਮੈਂ ਦਰਖ਼ਤਾਂ ਉੱਤੇ ਰਾਜ ਕਰਨ ਲਈ ਆਪਣੇ ਚੰਗੇ ਅਤੇ ਮਿੱਠੇ ਫਲ ਨੂੰ ਛੱਡ ਦੇਵਾਂ?’
12“ਤਦ ਦਰਖ਼ਤਾਂ ਨੇ ਅੰਗੂਰ ਦੀ ਵੇਲ ਨੂੰ ਕਿਹਾ, ‘ਆ ਅਤੇ ਸਾਡਾ ਰਾਜਾ ਬਣ।’
13“ਪਰ ਅੰਗੂਰ ਦੀ ਵੇਲ ਨੇ ਜਵਾਬ ਦਿੱਤਾ, ‘ਕੀ ਮੈਂ ਦਰਖ਼ਤਾਂ ਉੱਤੇ ਰਾਜ ਕਰਨ ਲਈ ਆਪਣੀ ਦਾਖ਼ ਛੱਡ ਦੇਵਾਂ ਜੋ ਪਰਮੇਸ਼ਵਰ ਅਤੇ ਮਨੁੱਖਾਂ ਦੋਵਾਂ ਨੂੰ ਖੁਸ਼ ਕਰਦੀ ਹੈ?’
14“ਆਖਰਕਾਰ ਸਾਰੇ ਦਰਖ਼ਤਾਂ ਨੇ ਕੰਡਿਆਲੀ ਝਾੜੀ ਨੂੰ ਕਿਹਾ, ‘ਆ ਅਤੇ ਸਾਡਾ ਰਾਜਾ ਬਣ।’
15“ਕੰਡਿਆਲੀ ਝਾੜੀ ਨੇ ਦਰਖ਼ਤਾਂ ਨੂੰ ਕਿਹਾ, ‘ਜੇ ਤੁਸੀਂ ਸੱਚਮੁੱਚ ਮੈਨੂੰ ਆਪਣੇ ਉੱਤੇ ਰਾਜਾ ਅਭਿਸ਼ੇਕ ਕਰਨਾ ਚਾਹੁੰਦੇ ਹੋ ਤਾਂ ਆਓ ਅਤੇ ਮੇਰੀ ਛਾਂ ਵਿੱਚ ਪਨਾਹ ਲਓ, ਪਰ ਜੇ ਨਹੀਂ ਤਾਂ ਕੰਡਿਆਲੀ ਝਾੜੀ ਵਿੱਚੋਂ ਅੱਗ ਨਿੱਕਲ ਕੇ ਲਬਾਨੋਨ ਦੇ ਦਿਆਰਾ ਨੂੰ ਭਸਮ ਕਰ ਦੇਵੇ!’
16“ਕੀ ਤੁਸੀਂ ਅਬੀਮੇਲੇਕ ਨੂੰ ਰਾਜਾ ਬਣਾ ਕੇ ਇੱਜ਼ਤ ਅਤੇ ਨੇਕ ਦਾ ਕੰਮ ਕੀਤਾ ਹੈ? ਕੀ ਤੁਸੀਂ ਯਰੁੱਬਆਲ ਅਤੇ ਉਸ ਦੇ ਪਰਿਵਾਰ ਨਾਲ ਨਿਆਂ ਕੀਤਾ ਹੈ? ਕੀ ਤੁਸੀਂ ਉਸ ਨਾਲ ਅਜਿਹਾ ਵਿਵਹਾਰ ਕੀਤਾ ਹੈ ਜਿਸਦਾ ਉਹ ਹੱਕਦਾਰ ਹੈ? 17ਯਾਦ ਰੱਖੋ ਕਿ ਮੇਰਾ ਪਿਤਾ ਤੁਹਾਡੇ ਲਈ ਲੜਿਆ ਸੀ ਅਤੇ ਆਪਣੀ ਜਾਨ ਤਲੀ ਉੱਤੇ ਰੱਖ ਕੇ ਤੁਹਾਨੂੰ ਮਿਦਯਾਨੀਆਂ ਦੇ ਹੱਥੋਂ ਛੁਡਾਇਆ। 18ਪਰ ਅੱਜ ਤੁਸੀਂ ਮੇਰੇ ਪਿਤਾ ਦੇ ਪਰਿਵਾਰ ਦੇ ਵਿਰੁੱਧ ਬਗਾਵਤ ਕਰ ਦਿੱਤੀ ਹੈ। ਤੁਸੀਂ ਉਸ ਦੇ ਸੱਤਰ ਪੁੱਤਰਾਂ ਨੂੰ ਇੱਕੋ ਪੱਥਰ ਉੱਤੇ ਵੱਢ ਸੁੱਟਿਆ ਅਤੇ ਉਸ ਦੀ ਦਾਸੀ ਦੇ ਪੁੱਤਰ ਅਬੀਮੇਲੇਕ ਨੂੰ ਸ਼ੇਕੇਮ ਦੇ ਲੋਕਾਂ ਦਾ ਰਾਜਾ ਬਣਾ ਦਿੱਤਾ ਕਿਉਂਕਿ ਉਹ ਤੁਹਾਡੇ ਰਿਸ਼ਤੇਦਾਰ ਹੈ। 19ਇਸ ਲਈ ਜੇਕਰ ਤੁਸੀਂ ਅੱਜ ਦੇ ਦਿਨ ਸਚਿਆਈ ਅਤੇ ਖਰਿਆਈ ਨਾਲ ਯਰੁੱਬਆਲ ਅਤੇ ਉਸ ਘਰਾਣੇ ਨਾਲ ਵਰਤਾਉ ਕੀਤਾ ਹੈ ਤਾਂ ਤੁਸੀਂ ਅਬੀਮੇਲੇਕ ਨਾਲ ਅਨੰਦ ਰਹੋ, ਅਤੇ ਉਹ ਤੁਹਾਡੇ ਨਾਲ ਅਨੰਦ ਰਹੇ! 20ਪਰ ਜੇ ਨਹੀਂ ਤਾਂ ਅਬੀਮੇਲੇਕ ਤੋਂ ਅੱਗ ਨਿੱਕਲੇ ਅਤੇ ਸ਼ੇਕੇਮ ਦੇ ਲੋਕਾਂ ਨੂੰ ਅਤੇ ਮਿਲੋ ਦੀ ਸੰਤਾਨ ਨੂੰ ਭਸਮ ਕਰ ਦੇਵੇ! ਅਤੇ ਸ਼ੇਕੇਮ ਦੇ ਲੋਕਾਂ ਅਤੇ ਮਿੱਲੋ ਦੀ ਸੰਤਾਨ ਵੱਲੋ ਅਜਿਹੀ ਅੱਗ ਨਿੱਕਲੇ ਅਤੇ ਅਬੀਮੇਲੇਕ ਨੂੰ ਭਸਮ ਕਰ ਦੇਵੇ!”
21ਤਦ ਯੋਥਾਮ ਭੱਜ ਕੇ ਬਏਰ ਨੂੰ ਗਿਆ ਅਤੇ ਉਹ ਉੱਥੇ ਰਹਿਣ ਲੱਗਾ ਕਿਉਂਕਿ ਉਹ ਆਪਣੇ ਭਰਾ ਅਬੀਮੇਲੇਕ ਤੋਂ ਡਰਦਾ ਸੀ।
22ਅਬੀਮੇਲੇਕ ਦੇ ਇਸਰਾਏਲ ਉੱਤੇ ਤਿੰਨ ਸਾਲ ਰਾਜ ਕਰਨ ਤੋਂ ਬਾਅਦ, 23ਪਰਮੇਸ਼ਵਰ ਨੇ ਅਬੀਮੇਲੇਕ ਅਤੇ ਸ਼ੇਕੇਮ ਦੇ ਲੋਕਾਂ ਵਿਚਕਾਰ ਇੱਕ ਦੁਸ਼ਟ ਆਤਮਾ ਭੇਜ ਦਿੱਤਾ ਤਾਂ ਸ਼ਕਮ ਦੇ ਲੋਕ ਅਬੀਮੇਲੇਕ ਦੇ ਨਾਲ ਧੋਖਾ ਕਰਨ ਲੱਗ ਪਏ। 24ਪਰਮੇਸ਼ਵਰ ਨੇ ਅਜਿਹਾ ਇਸ ਲਈ ਕੀਤਾ ਤਾਂ ਜੋ ਯਰੁੱਬਆਲ ਦੇ ਪੁੱਤਰਾਂ ਨਾਲ ਹੋਇਆ ਸੀ ਮੁੜ ਕੇ ਉਨ੍ਹਾਂ ਦਾ ਖੂਨ ਉਨ੍ਹਾਂ ਦੇ ਭਰਾ ਅਬੀਮੇਲੇਕ ਦੇ ਸਿਰ ਉੱਤੇ ਆ ਪਵੇ, ਜਿਸ ਨੇ ਉਨ੍ਹਾਂ ਨੂੰ ਵੱਢ ਸੁੱਟਿਆਂ ਅਤੇ ਸ਼ੇਕੇਮ ਦੇ ਵਾਸੀਆਂ ਦੇ ਸਿਰ ਉੱਤੇ ਵੀ ਜਿਨ੍ਹਾਂ ਨੇ ਉਸ ਦੇ ਭਰਾਵਾਂ ਨੂੰ ਮਾਰਨ ਵਿੱਚ ਉਸ ਦੀ ਮਦਦ ਕੀਤੀ ਸੀ। 25ਉਸ ਦੇ ਵਿਰੋਧ ਵਿੱਚ ਸ਼ੇਕੇਮ ਦੇ ਲੋਕਾਂ ਨੇ ਪਹਾੜਾਂ ਦੀ ਚੋਟੀ ਉੱਤੇ ਆਪਣੇ ਆਦਮੀਆਂ ਨੂੰ ਮਰਨ ਲਈ ਬਿਠਾਇਆ ਅਤੇ ਹਰ ਇੱਕ ਜੋ ਉੱਥੋਂ ਲੰਘਦਾ ਸੀ ਉਸਨੂੰ ਲੁੱਟ ਲੈਂਦੇ ਸਨ ਅਤੇ ਅਬੀਮੇਲੇਕ ਨੂੰ ਇਹ ਖ਼ਬਰ ਦਿੱਤੀ ਗਈ ਸੀ।
26ਹੁਣ ਏਬੇਦ ਦਾ ਪੁੱਤਰ ਗਆਲ ਆਪਣੇ ਪਰਿਵਾਰ ਸਮੇਤ ਸ਼ੇਕੇਮ ਵਿੱਚ ਆਇਆ ਅਤੇ ਉੱਥੋਂ ਦੇ ਲੋਕਾਂ ਨੇ ਉਸ ਉੱਤੇ ਭਰੋਸਾ ਕੀਤਾ। 27ਫਿਰ ਉਹਨਾਂ ਨੇ ਖੇਤਾਂ ਵਿੱਚ ਜਾ ਕੇ ਆਪਣੇ ਅੰਗੂਰਾਂ ਦੇ ਬਾਗਾਂ ਦਾ ਫਲ ਤੋੜਿਆ ਅਤੇ ਅੰਗੂਰਾਂ ਨੂੰ ਨਿਚੋੜ ਕੇ ਅਨੰਦ ਕੀਤਾ, ਉਨ੍ਹਾਂ ਨੇ ਆਪਣੇ ਦੇਵਤੇ ਦੇ ਮੰਦਰ ਵਿੱਚ ਇੱਕ ਤਿਉਹਾਰ ਮਨਾਇਆ। ਜਦੋਂ ਉਹ ਖਾਂਦੇ-ਪੀਂਦੇ ਸਨ, ਉਨ੍ਹਾਂ ਨੇ ਅਬੀਮੇਲੇਕ ਨੂੰ ਸਰਾਪ ਦਿੱਤਾ। 28ਤਦ ਏਬੇਦ ਦੇ ਪੁੱਤਰ ਗਆਲ ਨੇ ਆਖਿਆ, “ਅਬੀਮੇਲੇਕ ਕੌਣ ਹੈ ਅਤੇ ਸ਼ੇਕੇਮ ਕੌਣ ਹੈ ਕਿ ਅਸੀਂ ਉਸ ਦੇ ਅਧੀਨ ਹੋਈਏ? ਕੀ ਉਹ ਯਰੁੱਬਆਲ ਦਾ ਪੁੱਤਰ ਨਹੀਂ ਹੈ, ਅਤੇ ਜ਼ਬੂਲ ਉਸਦਾ ਹਾਕਮ ਨਹੀਂ ਹੈ? ਸ਼ਕਮ ਦੇ ਪਿਤਾ ਹਮੋਰ ਦੇ ਪਰਿਵਾਰ ਦੀ ਸੇਵਾ ਕਰੋ! ਅਸੀਂ ਅਬੀਮੇਲੇਕ ਦੀ ਸੇਵਾ ਕਿਉਂ ਕਰੀਏ? 29ਕਾਸ਼ ਇਹ ਲੋਕ ਮੇਰੇ ਅਧੀਨ ਹੁੰਦੇ! ਫਿਰ ਮੈਂ ਅਬੀਮੇਲੇਕ ਨੂੰ ਇੱਕ ਪਾਸੇ ਕਰ ਦਿੰਦਾ। ਮੈਂ ਅਬੀਮੇਲੇਕ ਨੂੰ ਕਹਾਂਗਾ, ‘ਆਪਣੀ ਸਾਰੀ ਫ਼ੌਜ ਨੂੰ ਬੁਲਾ, ਅਤੇ ਨਿੱਕਲ ਆ!’ ”
30ਜਦੋਂ ਜ਼ਬੂਲ ਸ਼ਹਿਰ ਦੇ ਹਾਕਮ ਨੇ ਸੁਣਿਆ ਜੋ ਏਬੇਦ ਦੇ ਪੁੱਤਰ ਗਆਲ ਨੇ ਇਹ ਗੱਲਾਂ ਆਖੀਆਂ ਹਨ, ਤਾਂ ਉਹ ਬਹੁਤ ਗੁੱਸੇ ਵਿੱਚ ਆ ਗਿਆ। 31ਅਤੇ ਚਲਾਕੀ ਨਾਲ ਉਸ ਨੇ ਅਬੀਮੇਲੇਕ ਕੋਲ ਸੰਦੇਸ਼ਵਾਹਕ ਭੇਜੇ ਅਤੇ ਕਿਹਾ, “ਏਬੇਦ ਦਾ ਪੁੱਤਰ ਗਆਲ ਅਤੇ ਉਸਦਾ ਪਰਿਵਾਰ ਸ਼ੇਕੇਮ ਵਿੱਚ ਆਏ ਹਨ ਅਤੇ ਸ਼ਹਿਰ ਨੂੰ ਤੁਹਾਡੇ ਵਿਰੁੱਧ ਭੜਕਾਉਂਦੇ ਹਨ। 32ਹੁਣ ਉੱਠ ਅਤੇ ਆਪਣੇ ਲੋਕਾਂ ਨਾਲ ਰਾਤ ਨੂੰ ਮੈਦਾਨ ਵਿੱਚ ਘਾਤ ਲਾ ਕੇ ਬੈਠ। 33ਸਵੇਰੇ ਸੂਰਜ ਚੜ੍ਹਨ ਵੇਲੇ, ਸ਼ਹਿਰ ਦੇ ਵਿਰੁੱਧ ਅੱਗੇ ਵਧੋ। ਜਦੋਂ ਗਆਲ ਅਤੇ ਉਸਦੇ ਆਦਮੀ ਤੁਹਾਡੇ ਵਿਰੁੱਧ ਆਉਣ, ਤਾਂ ਜੋ ਕੁਝ ਤੇਰੇ ਕੋਲੋ ਹੋ ਸਕੇ, ਤੂੰ ਉਨ੍ਹਾਂ ਨਾਲ ਕਰੀ।”
34ਇਸ ਲਈ ਅਬੀਮੇਲੇਕ ਅਤੇ ਉਸਦੀ ਸਾਰੀ ਫ਼ੌਜ ਰਾਤ ਨੂੰ ਉੱਠ ਕੇ ਚੱਲ ਪਈ ਅਤੇ ਚਾਰ ਟੋਲੀਆਂ ਬਣਾ ਕੇ ਸ਼ੇਕੇਮ ਦੇ ਸਾਮ੍ਹਣੇ ਘਾਤ ਲਾ ਕੇ ਬੈਠ ਗਏ। 35ਅਤੇ ਏਬੇਦ ਦਾ ਪੁੱਤਰ ਗਆਲ ਬਾਹਰ ਜਾ ਕੇ ਸ਼ਹਿਰ ਦੇ ਫਾਟਕ ਦੇ ਦਰਵਾਜ਼ੇ ਉੱਤੇ ਖੜ੍ਹਾ ਹੋਇਆ ਜਿਵੇਂ ਅਬੀਮੇਲੇਕ ਅਤੇ ਉਹ ਦੀਆਂ ਫ਼ੌਜਾਂ ਆਪਣੇ ਛੁਪਣ ਦੇ ਸਥਾਨ ਤੋਂ ਬਾਹਰ ਆਈਆਂ ਸਨ।
36ਜਦੋਂ ਗਆਲ ਨੇ ਉਨ੍ਹਾਂ ਨੂੰ ਦੇਖਿਆ ਤਾਂ ਜ਼ਬੂਲ ਨੂੰ ਕਿਹਾ, “ਵੇਖੋ, ਲੋਕ ਪਹਾੜਾਂ ਦੀਆਂ ਚੋਟੀਆਂ ਤੋਂ ਹੇਠਾਂ ਆ ਰਹੇ ਹਨ!”
ਜ਼ਬੂਲ ਨੇ ਜਵਾਬ ਦਿੱਤਾ, “ਇਹ ਸਿਰਫ ਪਹਾੜੀਆਂ ਤੇ ਪਰਛਾਵੇਂ ਹਨ ਜੋ ਆਦਮੀਆਂ ਵਰਗੇ ਦਿਖਾਈ ਦਿੰਦੇ ਹਨ।”
37ਪਰ ਗਆਲ ਫਿਰ ਬੋਲਿਆ: “ਵੇਖੋ, ਲੋਕ ਪਹਾੜੀ ਤੋਂ ਹੇਠਾਂ ਆ ਰਹੇ ਹਨ, ਅਤੇ ਇੱਕ ਟੋਲੀ ਮਾਓਨਾਨੀਮ ਦੇ ਬਲੂਤ ਦੇ ਰੁੱਖ ਵੱਲੋ ਆਉਂਦੀ ਹੈ।”
38ਤਦ ਜ਼ਬੂਲ ਨੇ ਉਹ ਨੂੰ ਆਖਿਆ, “ਹੁਣ ਤੇਰੀਆਂ ਵੱਡੀਆਂ-ਵੱਡੀਆਂ ਗੱਲਾਂ ਕਿੱਥੇ ਹਨ, ਤੂੰ ਜਿਹੜਾ ਆਖਦਾ ਸੀ, ‘ਅਬੀਮੇਲੇਕ ਕੌਣ ਹੈ ਜੋ ਅਸੀਂ ਉਹ ਦੇ ਅਧੀਨ ਹੋਈਏ?’ ਕੀ ਇਹ ਉਹ ਮਨੁੱਖ ਨਹੀਂ ਹਨ ਜਿਨ੍ਹਾਂ ਦਾ ਤੂੰ ਮਜ਼ਾਕ ਉਡਾਇਆ ਸੀ? ਇਸ ਲਈ ਹੁਣ ਬਾਹਰ ਜਾ ਅਤੇ ਉਨ੍ਹਾਂ ਨਾਲ ਲੜ!”
39ਇਸ ਲਈ ਗਆਲ ਨੇ ਸ਼ੇਕੇਮ ਦੇ ਲੋਕਾਂ ਦੇ ਅੱਗੇ ਬਾਹਰ ਨਿੱਕਲ ਕੇ ਅਬੀਮੇਲੇਕ ਨਾਲ ਲੜਿਆ। 40ਅਬੀਮੇਲੇਕ ਨੇ ਫਾਟਕ ਦੇ ਪ੍ਰਵੇਸ਼ ਦੁਆਰ ਤੱਕ ਉਸਦੇ ਪਿੱਛੇ ਭੱਜਿਆ ਅਤੇ ਬਹੁਤ ਸਾਰੇ ਲੋਕ ਭੱਜਦੇ ਹੋਏ ਮਾਰੇ ਗਏ। 41ਤਦ ਅਬੀਮੇਲੇਕ ਅਰੂਮਾਹ ਵਿੱਚ ਰਿਹਾ ਅਤੇ ਜ਼ਬੂਲ ਨੇ ਗਆਲ ਅਤੇ ਉਸਦੇ ਪਰਿਵਾਰ ਨੂੰ ਸ਼ੇਕੇਮ ਤੋਂ ਬਾਹਰ ਕੱਢ ਦਿੱਤਾ।
42ਅਗਲੇ ਦਿਨ ਸ਼ੇਕੇਮ ਦੇ ਲੋਕ ਮੈਦਾਨ ਵਿੱਚ ਨਿੱਕਲ ਗਏ ਅਤੇ ਅਬੀਮੇਲੇਕ ਨੂੰ ਇਹ ਖ਼ਬਰ ਦਿੱਤੀ ਗਈ। 43ਇਸ ਲਈ ਉਸਨੇ ਆਪਣੇ ਆਦਮੀਆਂ ਨੂੰ ਲੈ ਕੇ, ਉਨ੍ਹਾਂ ਨੂੰ ਤਿੰਨ ਦਲਾਂ ਵਿੱਚ ਵੰਡਿਆ ਅਤੇ ਮੈਦਾਨ ਵਿੱਚ ਘਾਤ ਲਗਾ ਕੇ ਬੈਠ ਗਿਆ। ਜਦੋਂ ਉਸਨੇ ਲੋਕਾਂ ਨੂੰ ਸ਼ਹਿਰ ਤੋਂ ਬਾਹਰ ਆਉਂਦੇ ਦੇਖਿਆ, ਤਾਂ ਉਨ੍ਹਾਂ ਤੇ ਹਮਲਾ ਕਰ ਕੇ ਉਨ੍ਹਾਂ ਨੂੰ ਮਾਰ ਲਿਆ। 44ਅਬੀਮੇਲੇਕ ਅਤੇ ਉਸਦੇ ਨਾਲ ਦੇ ਦਲ ਸ਼ਹਿਰ ਦੇ ਪ੍ਰਵੇਸ਼ ਫਾਟਕ ਉੱਤੇ ਜਾ ਪਹੁੰਚੇ। ਫਿਰ ਟੋਲੀਆਂ ਨੇ ਮੈਦਾਨ ਵਿੱਚ ਬੈਠੇ ਲੋਕਾਂ ਤੇ ਹਮਲਾ ਕੀਤਾ ਅਤੇ ਉਨ੍ਹਾਂ ਨੂੰ ਮਾਰ ਦਿੱਤਾ। 45ਉਸ ਪੂਰੇ ਦਿਨ ਅਬੀਮੇਲੇਕ ਨੇ ਸ਼ਹਿਰ ਉੱਤੇ ਆਪਣਾ ਹਮਲਾ ਉਦੋਂ ਤੱਕ ਕੀਤਾ ਜਦੋਂ ਤੱਕ ਉਸਨੇ ਸ਼ਹਿਰ ਉੱਤੇ ਕਬਜ਼ਾ ਨਹੀਂ ਕਰ ਲਿਆ ਅਤੇ ਇਸਦੇ ਲੋਕਾਂ ਨੂੰ ਮਾਰ ਦਿੱਤਾ। ਫਿਰ ਉਸਨੇ ਸ਼ਹਿਰ ਨੂੰ ਤਬਾਹ ਕਰ ਦਿੱਤਾ ਅਤੇ ਉਸਦੇ ਉੱਪਰ ਲੂਣ ਖਿਲਾਰ ਦਿੱਤਾ।
46ਇਹ ਸੁਣ ਕੇ, ਸ਼ਕਮ ਦੇ ਬੁਰਜ ਵਿੱਚ ਰਹਿਣ ਵਾਲੇ ਲੋਕ ਅਲ-ਬੇਰੀਥ ਦੇ ਮੰਦਰ ਦੇ ਗੜ੍ਹ ਵਿੱਚ ਇੱਕਠੇ ਹੋ ਗਏ। 47ਜਦੋਂ ਅਬੀਮੇਲੇਕ ਨੇ ਸੁਣਿਆ ਕਿ ਉਹ ਉੱਥੇ ਇਕੱਠੇ ਹੋਏ ਹਨ, 48ਤਾਂ ਅਬੀਮੇਲੇਕ ਅਤੇ ਉਸਦੇ ਸਾਰੇ ਆਦਮੀ ਜ਼ਾਲਮੋਨ ਪਹਾੜ ਉੱਤੇ ਗਏ। ਉਸਨੇ ਇੱਕ ਕੁਹਾੜਾ ਲਿਆ ਅਤੇ ਕੁਝ ਟਹਿਣੀਆਂ ਕੱਟ ਦਿੱਤੀਆਂ, ਜੋ ਉਸਨੇ ਆਪਣੇ ਮੋਢਿਆਂ ਤੇ ਚੁੱਕ ਲਈਆਂ। ਉਸਨੇ ਆਪਣੇ ਨਾਲ ਦੇ ਬੰਦਿਆਂ ਨੂੰ ਹੁਕਮ ਦਿੱਤਾ, “ਛੇਤੀ ਉਹੀ ਕਰੋ ਜੋ ਤੁਸੀਂ ਮੈਨੂੰ ਕਰਦੇ ਦੇਖਿਆ ਹੈ!” 49ਇਸ ਲਈ ਸਾਰੇ ਆਦਮੀਆਂ ਨੇ ਟਹਿਣੀਆਂ ਕੱਟੀਆਂ ਅਤੇ ਅਬੀਮੇਲੇਕ ਦੇ ਮਗਰ ਹੋ ਤੁਰੇ। ਉਨ੍ਹਾਂ ਨੇ ਟਹਿਣੀਆਂ ਦਾ ਉਸ ਗੜ੍ਹ ਉੱਤੇ ਢੇਰ ਲਾ ਦਿੱਤਾ ਅਤੇ ਅੰਦਰਲੇ ਲੋਕਾਂ ਸਮੇਤ ਉਸ ਨੂੰ ਅੱਗ ਲਗਾ ਦਿੱਤੀ। ਇਸ ਲਈ ਸ਼ੇਕੇਮ ਦੇ ਬੁਰਜ ਦੇ ਸਾਰੇ ਲੋਕ, ਲਗਭਗ ਇੱਕ ਹਜ਼ਾਰ ਆਦਮੀ ਅਤੇ ਔਰਤਾਂ ਮਰ ਗਏ।
50ਫਿਰ ਅਬੀਮੇਲੇਕ ਤੇਬੇਸ ਨੂੰ ਗਿਆ ਅਤੇ ਉਸ ਨੂੰ ਘੇਰਾ ਪਾ ਲਿਆ। 51ਸ਼ਹਿਰ ਦੇ ਅੰਦਰ, ਹਾਲਾਂਕਿ, ਇੱਕ ਮਜ਼ਬੂਤ ਬੁਰਜ ਸੀ, ਜਿਸ ਵੱਲ ਸਾਰੇ ਆਦਮੀ ਅਤੇ ਔਰਤਾਂ, ਸ਼ਹਿਰ ਦੇ ਸਾਰੇ ਲੋਕ ਭੱਜ ਗਏ ਸਨ। ਉਹ ਆਪਣੇ ਆਪ ਨੂੰ ਅੰਦਰ ਬੰਦ ਕਰਕੇ ਬੁਰਜ ਦੀ ਛੱਤ ਤੇ ਚੜ੍ਹ ਗਏ ਸਨ। 52ਅਬੀਮੇਲੇਕ ਬੁਰਜ ਕੋਲ ਗਿਆ ਅਤੇ ਉਸ ਉੱਤੇ ਹਮਲਾ ਕੀਤਾ। ਪਰ ਜਦੋਂ ਉਹ ਅੱਗ ਲਗਾਉਣ ਲਈ ਬੁਰਜ ਦੇ ਦਰਵਾਜ਼ੇ ਦੇ ਕੋਲ ਪਹੁੰਚਿਆ, 53ਤਦ ਕਿਸੇ ਔਰਤ ਨੇ ਅਬੀਮੇਲੇਕ ਦੇ ਸਿਰ ਤੇ ਚੱਕੀ ਦਾ ਉੱਪਰਲਾ ਪੁੜਾ ਸੁੱਟਿਆ ਅਤੇ ਉਸਦਾ ਸਿਰ ਫੱਟ ਗਿਆ।
54ਉਸ ਨੇ ਜਲਦੀ ਨਾਲ ਆਪਣੇ ਸ਼ਸਤਰ ਚੁੱਕਣ ਵਾਲੇ ਨੂੰ ਬੁਲਾਇਆ ਅਤੇ ਕਿਹਾ, “ਆਪਣੀ ਤਲਵਾਰ ਕੱਢ ਕੇ ਮੈਨੂੰ ਮਾਰ ਦੇ, ਤਾਂ ਜੋ ਉਹ ਇਹ ਨਾ ਕਹਿ ਸਕਣ, ‘ਇੱਕ ਔਰਤ ਨੇ ਉਸਨੂੰ ਮਾਰਿਆ ਹੈ।’ ” ਇਸ ਲਈ ਉਸਦੇ ਨੌਕਰ ਨੇ ਉਸਨੂੰ ਤਲਵਾਰ ਨਾਲ ਵਿੰਨ੍ਹ ਦਿੱਤਾ ਅਤੇ ਉਹ ਮਰ ਗਿਆ। 55ਜਦੋਂ ਇਸਰਾਏਲੀਆਂ ਨੇ ਦੇਖਿਆ ਕਿ ਅਬੀਮੇਲੇਕ ਮਰ ਗਿਆ ਹੈ, ਤਾਂ ਉਹ ਘਰ ਚਲੇ ਗਏ।
56ਇਸ ਤਰ੍ਹਾਂ ਪਰਮੇਸ਼ਵਰ ਨੇ ਉਸ ਬੁਰਾਈ ਦਾ ਬਦਲਾ ਦਿੱਤਾ ਜੋ ਅਬੀਮੇਲੇਕ ਨੇ ਆਪਣੇ ਸੱਤਰ ਭਰਾਵਾਂ ਦਾ ਕਤਲ ਕਰਕੇ ਆਪਣੇ ਪਿਤਾ ਨਾਲ ਕੀਤੀ ਸੀ। 57ਪਰਮੇਸ਼ਵਰ ਨੇ ਸ਼ੇਕੇਮ ਦੇ ਲੋਕਾਂ ਦੀ ਬੁਰਿਆਈ ਵੀ ਪਰਮੇਸ਼ਵਰ ਨੇ ਉਨ੍ਹਾਂ ਦੇ ਸਿਰ ਉੱਤੇ ਪਾਈ। ਯਰੁੱਬਆਲ ਦੇ ਪੁੱਤਰ ਯੋਥਾਮ ਦਾ ਸਰਾਪ ਉਨ੍ਹਾਂ ਉੱਤੇ ਆਇਆ।
Currently Selected:
ਨਿਆਂਈਆਂ 9: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.