ਯਾਕੋਬ 5
5
ਅਮੀਰ ਜ਼ੁਲਮ ਕਰਨ ਵਾਲਿਆਂ ਨੂੰ ਚੇਤਾਵਨੀ
1ਹੁਣ ਸੁਣੋ, ਅਮੀਰ ਲੋਕੋ, ਤੁਹਾਡੇ ਉੱਤੇ ਆਉਣ ਵਾਲੇ ਦੁੱਖਾਂ ਦੇ ਕਾਰਨ ਤੁਸੀਂ ਉੱਚੀ ਰੋਵੋ ਅਤੇ ਕੁਰਲਾਉ। 2ਤੁਹਾਡੀ ਦੌਲਤ ਖਰਾਬ ਹੋ ਗਈ, ਅਤੇ ਕੀੜਿਆਂ ਨੇ ਤੁਹਾਡੇ ਕੱਪੜੇ ਖਾ ਲਏ। 3ਤੁਹਾਡੇ ਸੋਨੇ ਚਾਂਦੀ ਨੂੰ ਜੰਗਾਲ ਲੱਗਿਆ ਹੋਇਆ ਹੈ। ਉਨ੍ਹਾਂ ਦਾ ਜੰਗਾਲ ਤੁਹਾਡੇ ਵਿਰੁੱਧ ਗਵਾਹੀ ਦੇਵੇਗਾ ਅਤੇ ਤੁਹਾਡਾ ਮਾਸ ਅੱਗ ਵਾਂਗ ਖਾ ਲਵੇਗਾ। ਤੁਸੀਂ ਆਖਰੀ ਦਿਨਾਂ ਵਿੱਚ ਧਨ-ਦੌਲਤ ਇਕੱਠੀ ਕੀਤੀ ਹੈ। 4ਦੇਖੋ! ਜਿਹੜੀ ਮਜ਼ਦੂਰੀ ਤੁਸੀਂ ਉਨ੍ਹਾਂ ਖੇਤਾਂ ਨੂੰ ਕੱਟਣ ਵਾਲੇ ਕਾਮਿਆਂ ਨੂੰ ਦੇਣ ਵਿੱਚ ਅਸਫ਼ਲ ਰਹੇ ਹੋ ਉਹ ਤੁਹਾਡੇ ਵਿਰੁੱਧ ਫ਼ਰਿਆਦ ਕਰ ਰਹੀ ਹੈ। ਵਾਢਿਆਂ ਦੀ ਦੁਹਾਈ ਸਰਵਸ਼ਕਤੀਮਾਨ ਪ੍ਰਭੂ ਦੇ ਕੰਨਾਂ ਤੱਕ ਪਹੁੰਚ ਗਈ ਹੈ।#5:4 ਲੇਵਿ 19:13 5ਤੁਸੀਂ ਧਰਤੀ ਉੱਤੇ ਐਸ਼-ਪ੍ਰਸਤੀ ਅਤੇ ਬੜਾ ਹੀ ਸੁੱਖ ਭੋਗਿਆ। ਤੁਸੀਂ ਨਾਸ਼ ਦੇ ਦਿਨਾਂ ਲਈ ਆਪਣੇ ਆਪ ਨੂੰ ਪਾਲਿਆ। 6ਤੁਸੀਂ ਉਸ ਨਿਰਦੋਸ਼ ਦੀ ਨਿੰਦਾ ਕਰਕੇ ਅਤੇ ਉਸ ਦੀ ਹੱਤਿਆ ਕਰ ਦਿੱਤੀ, ਜੋ ਤੁਹਾਡਾ ਵਿਰੋਧ ਨਹੀਂ ਕਰ ਰਿਹਾ ਸੀ।
ਦੁੱਖ ਵਿੱਚ ਸਬਰ
7ਹੇ ਭਰਾਵੋ ਅਤੇ ਭੈਣੋ, ਫਿਰ ਪ੍ਰਭੂ ਦੇ ਵਾਪਸ ਆਉਣ ਤੱਕ ਧੀਰਜ ਰੱਖੋ। ਵੇਖੋ ਕਿਵੇਂ ਕਿਸਾਨ ਆਪਣੀ ਜ਼ਮੀਨ ਵਿੱਚ ਉੱਤਮ ਫਸਲ ਦੀ ਉਪਜ ਦਾ ਇੰਤਜ਼ਾਰ ਕਰਦਾ ਹੈ, ਧੀਰਜ ਨਾਲ ਪਤਝੜ ਅਤੇ ਬਸੰਤ ਦੇ ਮੀਂਹ ਦੀ ਉਡੀਕ ਕਰਦਾ ਹੈ।#5:7 ਲੇਵਿ 11:14 8ਤੁਸੀਂ ਵੀ, ਧੀਰਜ ਰੱਖੋ ਅਤੇ ਦ੍ਰਿੜ੍ਹ ਰਹੋ, ਕਿਉਂਕਿ ਪ੍ਰਭੂ ਦਾ ਵਾਪਸ ਆਉਣਾ ਨੇੜੇ ਹੈ। 9ਹੇ ਭਰਾਵੋ ਅਤੇ ਭੈਣੋ, ਇੱਕ-ਦੂਜੇ ਦੇ ਵਿਰੁੱਧ ਬੁੜ-ਬੁੜ ਨਾ ਕਰੋ, ਨਹੀਂ ਤਾਂ ਤੁਹਾਡਾ ਨਿਆਂ ਕੀਤਾ ਜਾਵੇਗਾ। ਨਿਆਈਂ ਦਰਵਾਜ਼ੇ ਤੇ ਖੜ੍ਹਾ ਹੈ!
10ਹੇ ਭਰਾਵੋ ਅਤੇ ਭੈਣੋ, ਜਿਹੜੇ ਨਬੀ ਪ੍ਰਭੂ ਦਾ ਨਾਮ ਲੈ ਕੇ ਬੋਲਦੇ ਹਨ, ਉਹਨਾਂ ਨੂੰ ਦੁੱਖ ਝੱਲਣ ਦਾ ਅਤੇ ਧੀਰਜ ਕਰਨ ਦਾ ਨਮੂਨਾ ਸਮਝ ਲਵੋ। 11ਜਿਵੇਂ ਕਿ ਤੁਸੀਂ ਜਾਣਦੇ ਹੋ, ਅਸੀਂ ਉਨ੍ਹਾਂ ਨੂੰ ਧੰਨ ਮੰਨਦੇ ਹਾਂ ਜਿਨ੍ਹਾਂ ਨੇ ਸਬਰ ਕੀਤਾ ਹੈ। ਤੁਸੀਂ ਅਯੂਬ ਦੇ ਸਬਰ ਬਾਰੇ ਸੁਣਿਆ ਹੈ ਅਤੇ ਵੇਖਿਆ ਹੈ ਕਿ ਆਖਰਕਾਰ ਪ੍ਰਭੂ ਦੇ ਵਲੋਂ ਉਸ ਦਾ ਫ਼ਲ ਵੀ ਜਾਣਦੇ ਹੋ ਕਿ ਪ੍ਰਭੂ ਰਹਿਮਦਿਲੀ ਅਤੇ ਦਇਆ ਨਾਲ ਭਰਪੂਰ ਹੈ।
12ਹੇ ਮੇਰੇ ਭਰਾਵੋ ਅਤੇ ਭੈਣੋ, ਸਭ ਤੋਂ ਪਹਿਲਾਂ ਇਹ ਹੈ, ਕਿ ਸਹੁੰ ਨਾ ਖਾਓ, ਨਾ ਸਵਰਗ ਦੀ, ਨਾ ਧਰਤੀ ਦੀ, ਨਾ ਹੀ ਕਿਸੇ ਹੋਰ ਚੀਜ਼ ਦੀ ਸਹੁੰ ਖਾਓ। ਤੁਹਾਡੀ “ਹਾਂ ਦੀ ਹਾਂ” ਅਤੇ “ਨਾਂਹ ਦੀ ਨਾਂਹ” ਹੋਵੇ। ਨਹੀਂ ਤਾਂ ਤੁਸੀਂ ਦੋਸ਼ੀ ਠਹਿਰਾਏ ਜਾਓਗੇ।
ਵਿਸ਼ਵਾਸ ਦੀ ਪ੍ਰਾਰਥਨਾ
13ਕੀ ਤੁਹਾਡੇ ਵਿੱਚੋਂ ਕੋਈ ਮੁਸੀਬਤ ਵਿੱਚ ਹੈ? ਉਹ ਪ੍ਰਾਰਥਨਾ ਕਰੇ। ਕੀ ਕੋਈ ਖੁਸ਼ ਹੈ? ਤਾਂ ਉਹ ਉਸਤਤ ਦੇ ਗੀਤ ਗਾਵੇ। 14ਕੀ ਤੁਹਾਡੇ ਵਿੱਚੋਂ ਕੋਈ ਬਿਮਾਰ ਹੈ? ਤਾਂ ਉਹ ਕਲੀਸਿਆ ਦੇ ਬਜ਼ੁਰਗਾਂ ਨੂੰ ਬੁਲਾਉਣ ਅਤੇ ਉਹ ਉਨ੍ਹਾਂ ਦੇ ਲਈ ਪ੍ਰਾਰਥਨਾ ਕਰਨ ਅਤੇ ਉਨ੍ਹਾਂ ਨੂੰ ਪ੍ਰਭੂ ਦੇ ਨਾਮ ਤੇ ਤੇਲ ਨਾਲ ਮਸਹ ਕਰਨ। 15ਅਤੇ ਵਿਸ਼ਵਾਸ ਵਿੱਚ ਕੀਤੀ ਗਈ ਪ੍ਰਾਰਥਨਾ ਬਿਮਾਰ ਵਿਅਕਤੀ ਨੂੰ ਤੰਦਰੁਸਤ ਕਰੇਗੀ; ਪ੍ਰਭੂ ਉਨ੍ਹਾਂ ਨੂੰ ਉੱਚਾ ਕਰੇਗਾ। ਜੇ ਉਨ੍ਹਾਂ ਨੇ ਪਾਪ ਕੀਤਾ ਹੈ, ਤਾਂ ਉਨ੍ਹਾਂ ਨੂੰ ਮਾਫ਼ ਕਰ ਦਿੱਤਾ ਜਾਵੇਗਾ। 16ਇਸ ਲਈ ਇੱਕ-ਦੂਜੇ ਦੇ ਅੱਗੇ ਆਪਣੇ ਪਾਪ ਕਬੂਲ ਕਰੋ ਅਤੇ ਇੱਕ-ਦੂਜੇ ਲਈ ਪ੍ਰਾਰਥਨਾ ਕਰੋ ਤਾਂ ਜੋ ਤੁਸੀਂ ਚੰਗੇ ਹੋ ਜਾਵੋ। ਇੱਕ ਧਰਮੀ ਵਿਅਕਤੀ ਦੀ ਪ੍ਰਾਰਥਨਾ ਸ਼ਕਤੀਸ਼ਾਲੀ ਅਤੇ ਪ੍ਰਭਾਵਸ਼ਾਲੀ ਹੁੰਦੀ ਹੈ।
17ਏਲੀਯਾਹ#5:17 ਏਲੀਯਾਹ ਏਲੀਯਾਹ ਪੁਰਾਣੇ ਨੇਮ ਦੇ ਸਮੇਂ ਦੇ ਇਸਰਾਏਲੀ ਨਬੀਆਂ ਵਿੱਚੋਂ ਇੱਕ ਸੀ, 1 ਰਾਜਾ 17:1; 18:1 ਇੱਕ ਮਨੁੱਖ ਸੀ, ਜਿਵੇਂ ਕਿ ਅਸੀਂ ਹਾਂ। ਉਸ ਨੇ ਦਿਲੋਂ ਪ੍ਰਾਰਥਨਾ ਕੀਤੀ ਕਿ ਮੀਂਹ ਨਾ ਪਵੇ, ਅਤੇ ਸਾਢੇ ਤਿੰਨ ਸਾਲਾਂ ਤੱਕ ਜ਼ਮੀਨ ਤੇ ਮੀਂਹ ਨਹੀਂ ਪਿਆ। 18ਫੇਰ ਉਸ ਨੇ ਪ੍ਰਾਰਥਨਾ ਕੀਤੀ, ਅਤੇ ਅਕਾਸ਼ ਨੇ ਮੀਂਹ ਪਾਇਆ ਅਤੇ ਧਰਤੀ ਨੇ ਆਪਣੀਆਂ ਫਸਲਾਂ ਪੈਦਾ ਕੀਤੀਆਂ।#5:18 1 ਰਾਜਾ 18:42-45
19ਹੇ ਮੇਰੇ ਭਰਾਵੋ ਅਤੇ ਭੈਣੋ, ਜੇ ਤੁਹਾਡੇ ਵਿੱਚੋਂ ਕੋਈ ਸੱਚ ਤੋਂ ਭਟਕ ਗਿਆ ਹੈ ਅਤੇ ਕੋਈ ਵਿਅਕਤੀ ਉਸ ਨੂੰ ਵਾਪਸ ਮੋੜ ਲਿਆਵੇ, 20ਇਸ ਨੂੰ ਯਾਦ ਰੱਖੋ: ਕਿ ਜੇ ਕੋਈ ਇੱਕ ਪਾਪੀ ਨੂੰ ਉਹ ਦੇ ਬੁਰੇ ਰਾਹ ਤੋਂ ਮੋੜ ਲਿਆਵੇ ਉਹ ਇੱਕ ਜਾਨ ਨੂੰ ਮੌਤ ਤੋਂ ਬਚਾਵੇਗਾ ਅਤੇ ਬਹੁਤਿਆਂ ਪਾਪਾਂ ਨੂੰ ਢੱਕ ਦੇਵੇਗਾ।#5:20 ਕਹਾ 10:12
Currently Selected:
ਯਾਕੋਬ 5: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.