13
ਯਾਹਵੇਹ ਦਾ ਇਸਰਾਏਲ ਉੱਤੇ ਕ੍ਰੋਧ
1ਜਦੋਂ ਇਫ਼ਰਾਈਮ ਬੋਲਿਆ, ਲੋਕ ਕੰਬ ਗਏ।
ਉਹ ਇਸਰਾਏਲ ਵਿੱਚ ਉੱਚਾ ਹੋਇਆ।
ਪਰ ਉਹ ਬਆਲ ਦੀ ਉਪਾਸਨਾ ਦਾ ਦੋਸ਼ੀ ਹੋ ਗਿਆ ਅਤੇ ਮਰ ਗਿਆ।
2ਹੁਣ ਉਹ ਵੱਧ ਤੋਂ ਵੱਧ ਪਾਪ ਕਰਦੇ ਹਨ।
ਉਹ ਆਪਣੀ ਚਾਂਦੀ ਤੋਂ ਆਪਣੇ ਲਈ ਮੂਰਤੀਆਂ ਬਣਾਉਂਦੇ ਹਨ,
ਚਤੁਰਾਈ ਨਾਲ ਬਣਾਈਆਂ ਗਈਆਂ ਮੂਰਤੀਆਂ,
ਇਹ ਸਭ ਕਾਰੀਗਰਾਂ ਦਾ ਕੰਮ ਹਨ।
ਇਨ੍ਹਾਂ ਲੋਕਾਂ ਬਾਰੇ ਕਿਹਾ ਗਿਆ ਹੈ,
“ਇਹ ਮਨੁੱਖਾਂ ਦੀਆਂ ਬਲੀਆਂ ਚੜ੍ਹਾਉਂਦੇ ਹਨ!
ਉਹ ਵੱਛੇ ਦੀਆਂ ਮੂਰਤੀਆਂ ਨੂੰ ਚੁੰਮਦੇ ਹਨ!”
3ਇਸ ਲਈ ਉਹ ਸਵੇਰ ਦੀ ਧੁੰਦ ਵਰਗੇ ਹੋਣਗੇ,
ਤੜਕੇ ਦੀ ਤ੍ਰੇਲ ਵਰਗੇ ਹੋਣਗੇ ਜੋ ਗਾਇਬ ਹੋ ਜਾਂਦੀ ਹੈ,
ਪਿੜ ਵਿੱਚੋਂ ਤੂੜੀ ਵਾਂਗ,
ਖਿੜਕੀ ਵਿੱਚੋਂ ਨਿਕਲਦਾ ਧੂੰਆਂ ਵਰਗਾ ਹੋਵੇਗਾ।
4“ਪਰ ਜਦੋਂ ਤੋਂ ਤੁਸੀਂ ਮਿਸਰ ਵਿੱਚੋਂ ਬਾਹਰ ਆਏ ਹੋ,
ਮੈਂ ਤੁਹਾਡਾ ਯਾਹਵੇਹ ਤੁਹਾਡਾ ਪਰਮੇਸ਼ਵਰ ਰਿਹਾ ਹਾਂ।
ਤੁਸੀਂ ਮੇਰੇ ਤੋਂ ਬਿਨਾਂ ਕਿਸੇ ਪਰਮੇਸ਼ਵਰ ਨੂੰ ਨਹੀਂ ਮੰਨੋਗੇ,
ਮੇਰੇ ਤੋਂ ਬਿਨਾਂ ਕੋਈ ਮੁਕਤੀਦਾਤਾ ਨਹੀਂ ਹੈ।
5ਮੈਂ ਉਜਾੜ ਵਿੱਚ ਅਤੇ
ਤਪਦੀ ਧਰਤੀ ਵਿੱਚ ਤੇਰੀ ਪਰਵਾਹ ਕੀਤੀ।
6ਜਦੋਂ ਮੈਂ ਉਨ੍ਹਾਂ ਨੂੰ ਖੁਆਇਆ ਤਾਂ ਉਹ ਰੱਜ ਗਏ।
ਜਦੋਂ ਉਹ ਸੰਤੁਸ਼ਟ ਹੋਏ, ਉਹ ਹੰਕਾਰੀ ਹੋਏ;
ਫਿਰ ਉਹ ਮੈਨੂੰ ਭੁੱਲ ਗਏ।
7ਇਸ ਲਈ ਮੈਂ ਉਨ੍ਹਾਂ ਲਈ ਸ਼ੇਰ ਵਾਂਗੂੰ ਹੋਵਾਂਗਾ,
ਚੀਤੇ ਵਾਂਗੂੰ ਮੈਂ ਰਾਹ ਵਿੱਚ ਲੁਕਿਆ ਰਹਾਂਗਾ।
8ਜਿਵੇਂ ਇੱਕ ਰਿੱਛ ਆਪਣੇ ਬੱਚਿਆਂ ਨੂੰ ਲੁਟ ਲੈਂਦਾ ਹੈ,
ਮੈਂ ਉਨ੍ਹਾਂ ਉੱਤੇ ਹਮਲਾ ਕਰਾਂਗਾ ਅਤੇ ਉਨ੍ਹਾਂ ਨੂੰ ਪਾੜ ਸੁੱਟਾਂਗਾ।
ਸ਼ੇਰ ਵਾਂਗੂੰ ਮੈਂ ਉਨ੍ਹਾਂ ਨੂੰ ਨਿਗਲ ਲਵਾਂਗਾ,
ਇੱਕ ਜੰਗਲੀ ਜਾਨਵਰ ਉਨ੍ਹਾਂ ਨੂੰ ਪਾੜ ਸੁੱਟੇਗਾ।
9“ਹੇ ਇਸਰਾਏਲ, ਤੂੰ ਤਬਾਹ ਹੋ ਗਿਆ ਹੈ,
ਕਿਉਂਕਿ ਤੂੰ ਮੇਰੇ ਵਿਰੁੱਧ ਹੈ, ਆਪਣੇ ਸਹਾਇਕ ਦੇ ਵਿਰੁੱਧ ਹੈ।
10ਤੇਰਾ ਰਾਜਾ ਕਿੱਥੇ ਹੈ ਜੋ ਤੈਨੂੰ ਬਚਾਵੇ?
ਤੁਹਾਡੇ ਸਾਰੇ ਨਗਰਾਂ ਵਿੱਚ ਤੁਹਾਡੇ ਹਾਕਮ ਕਿੱਥੇ ਹਨ,
ਜਿਨ੍ਹਾਂ ਬਾਰੇ ਤੁਸੀਂ ਕਿਹਾ ਸੀ,
‘ਮੈਨੂੰ ਇੱਕ ਰਾਜਾ ਅਤੇ ਸਰਦਾਰ ਦਿਓ’?
11ਇਸ ਲਈ ਮੈਂ ਆਪਣੇ ਕ੍ਰੋਧ ਵਿੱਚ ਤੁਹਾਨੂੰ ਇੱਕ ਰਾਜਾ ਦਿੱਤਾ,
ਅਤੇ ਆਪਣੇ ਕ੍ਰੋਧ ਵਿੱਚ ਮੈਂ ਉਹ ਨੂੰ ਖੋਹ ਲਿਆ।
12ਇਫ਼ਰਾਈਮ ਦਾ ਦੋਸ਼ ਸੰਭਾਲਿਆ ਹੋਇਆ ਹੈ,
ਉਹ ਦੇ ਪਾਪ ਲੇਖ ਵਿੱਚ ਰੱਖੇ ਗਏ ਹਨ।
13ਜਣੇਪੇ ਵਿੱਚ ਔਰਤ ਵਾਂਗ ਦੁੱਖ ਉਸ ਨੂੰ ਆਉਂਦੇ ਹਨ,
ਪਰ ਉਹ ਬੁੱਧੀ ਤੋਂ ਰਹਿਤ ਬੱਚਾ ਹੈ।
ਜਦੋਂ ਸਮਾਂ ਆਉਂਦਾ ਹੈ,
ਉਸ ਨੂੰ ਕੁੱਖ ਵਿੱਚੋਂ ਬਾਹਰ ਆਉਣ ਦੀ ਸਮਝ ਨਹੀਂ ਹੁੰਦੀ।
14“ਮੈਂ ਇਨ੍ਹਾਂ ਲੋਕਾਂ ਨੂੰ ਕਬਰ ਦੀ ਸ਼ਕਤੀ ਤੋਂ ਬਚਾਵਾਂਗਾ।
ਮੈਂ ਉਨ੍ਹਾਂ ਨੂੰ ਮੌਤ ਤੋਂ ਛੁਡਾਵਾਂਗਾ।
ਹੇ ਮੌਤ, ਤੇਰੀਆਂ ਬਿਪਤਾਵਾਂ ਕਿੱਥੇ ਹਨ?
ਹੇ ਕਬਰ, ਤੇਰੀ ਤਬਾਹੀ ਕਿੱਥੇ ਹੈ?
“ਮੈਨੂੰ ਕੋਈ ਤਰਸ ਨਹੀਂ ਹੋਵੇਗਾ,
15ਭਾਵੇਂ ਉਹ ਆਪਣੇ ਭਰਾਵਾਂ ਵਿੱਚ ਵਧਦਾ-ਫੁੱਲਦਾ ਹੈ।
ਯਾਹਵੇਹ ਵੱਲੋਂ ਇੱਕ ਪੂਰਬੀ ਹਵਾ ਆਵੇਗੀ,
ਮਾਰੂਥਲ ਵਿੱਚੋਂ ਵਗਦੀ ਹੈ;
ਉਹ ਦਾ ਝਰਨਾ ਮੁੱਕ ਜਾਵੇਗਾ
ਅਤੇ ਉਹ ਦਾ ਖੂਹ ਸੁੱਕ ਜਾਵੇਗਾ।
ਉਸ ਦਾ ਭੰਡਾਰਾ ਉਸ ਦੇ ਸਾਰੇ ਖ਼ਜ਼ਾਨਿਆਂ ਵਿੱਚੋਂ ਲੁੱਟਿਆ ਜਾਵੇਗਾ।
16ਸਾਮਰਿਯਾ ਦੇ ਲੋਕਾਂ ਨੂੰ ਆਪਣਾ ਗੁਨਾਹ ਭੁਗਤਣਾ ਪਵੇਗਾ,
ਕਿਉਂਕਿ ਉਨ੍ਹਾਂ ਨੇ ਆਪਣੇ ਪਰਮੇਸ਼ਵਰ ਦੇ ਵਿਰੁੱਧ ਬਗਾਵਤ ਕੀਤੀ ਹੈ।
ਉਹ ਤਲਵਾਰ ਨਾਲ ਡਿੱਗਣਗੇ;
ਉਨ੍ਹਾਂ ਦੇ ਨਿਆਣੇ ਜ਼ਮੀਨ ਤੇ ਚਕਨਾਚੂਰ ਕੀਤੇ ਜਾਣਗੇ,
ਉਨ੍ਹਾਂ ਦੀਆਂ ਗਰਭਵਤੀ ਔਰਤਾਂ ਨੂੰ ਫਾੜ ਦਿੱਤਾ ਜਾਵੇਗਾ।”