YouVersion Logo
Search Icon

ਹਬੱਕੂਕ 3

3
ਹਬੱਕੂਕ ਦੀ ਪ੍ਰਾਰਥਨਾ
1ਸ਼ਿਗਯੋਨੋਥ#3:1 ਸ਼ਿਗਯੋਨੋਥ ਸ਼ਾਇਦ ਇੱਕ ਸਾਹਿਤਕ ਜਾਂ ਸੰਗੀਤਕ ਸ਼ਬਦ ਉੱਤੇ ਹਬੱਕੂਕ ਨਬੀ ਦੀ ਪ੍ਰਾਰਥਨਾ
2ਹੇ ਯਾਹਵੇਹ, ਮੈਂ ਤੇਰੀ ਪ੍ਰਸਿੱਧੀ ਸੁਣੀ ਹੈ;
ਹੇ ਯਾਹਵੇਹ, ਮੈਂ ਤੇਰੇ ਕੰਮਾਂ ਨੂੰ ਵੇਖ ਕੇ ਡਰਦਾ ਹਾਂ।
ਸਾਡੇ ਦਿਨਾਂ ਵਿੱਚ ਉਹਨਾਂ ਕੰਮਾਂ ਨੂੰ ਕਰ
ਅਤੇ ਸਾਡੇ ਦਿਨਾਂ ਵਿੱਚ ਉਹਨਾਂ ਨੂੰ ਫਿਰ ਪ੍ਰਗਟ ਕਰ,
ਆਪਣੇ ਕ੍ਰੋਧ ਵਿੱਚ ਵੀ ਸਾਡੇ ਤੇ ਦਯਾ ਕਰ।
3ਪਰਮੇਸ਼ਵਰ ਤੇਮਾਨ ਤੋਂ ਆਇਆ,
ਪਵਿੱਤਰ ਪੁਰਖ ਪਾਰਾਨ ਦੇ ਪਰਬਤ ਤੋਂ
ਉਸ ਦੀ ਮਹਿਮਾ ਨੇ ਅਕਾਸ਼ ਨੂੰ ਢੱਕ ਲਿਆ,
ਅਤੇ ਧਰਤੀ ਉਸ ਦੀ ਉਸਤਤ ਨਾਲ ਭਰ ਗਈ।
4ਉਹ ਦੀ ਸ਼ਾਨ ਸੂਰਜ ਦੇ ਚੜ੍ਹਨ ਵਰਗੀ ਸੀ।
ਕਿਰਨਾਂ ਉਸ ਦੇ ਹੱਥਾਂ ਵਿੱਚੋਂ ਚਮਕ ਦੀਆਂ ਸਨ,
ਜਿੱਥੇ ਉਸਦੀ ਸ਼ਕਤੀ ਛੁਪੀ ਹੋਈ ਸੀ।
5ਉਹ ਦੇ ਅੱਗੇ-ਅੱਗੇ ਬਵਾ ਚੱਲਦੀ ਸੀ,
ਅਤੇ ਮਹਾਂਮਾਰੀ ਉਹ ਦੇ ਪੈਰਾਂ ਦੇ ਪਿੱਛੇ-ਪਿੱਛੇ ਚੱਲਦੀ ਸੀ।
6ਉਸ ਨੇ ਖੜ੍ਹਾ ਹੋ ਕੇ ਧਰਤੀ ਨੂੰ ਹਿਲਾ ਦਿੱਤਾ।
ਉਸ ਨੇ ਨਿਗਾਹ ਕੀਤੀ, ਅਤੇ ਕੌਮਾਂ ਕੰਬ ਉੱਠੀਆਂ।
ਪ੍ਰਾਚੀਨ ਪਹਾੜ ਟੁੱਟ ਗਏ,
ਅਤੇ ਸਦੀਆਂ ਪੁਰਾਣੀਆਂ ਪਹਾੜੀਆਂ ਢਹਿ ਗਈਆਂ
ਪਰ ਉਹ ਸਦਾ ਲਈ ਅੱਗੇ ਵਧਦਾ ਹੈ।
7ਮੈਂ ਕੂਸ਼ਨ ਦੇ ਤੰਬੂਆਂ ਨੂੰ ਬਿਪਤਾ ਵਿੱਚ,
ਅਤੇ ਮਿਦਯਾਨ ਦੇ ਘਰ ਵਿੱਚ ਦੁੱਖ ਵੇਖਿਆ ਹੈ।
8ਹੇ ਯਾਹਵੇਹ, ਕੀ ਤੂੰ ਨਦੀਆਂ ਨਾਲ ਨਾਰਾਜ਼ ਸੀ?
ਕੀ ਤੇਰਾ ਕ੍ਰੋਧ ਨਦੀਆਂ ਦੇ ਵਿਰੁੱਧ ਸੀ?
ਜਾਂ ਤੇਰਾ ਕਹਿਰ ਸਮੁੰਦਰ ਉੱਤੇ ਸੀ,
ਜਦ ਤੂੰ ਆਪਣੇ ਘੋੜਿਆਂ ਉੱਤੇ,
ਅਤੇ ਆਪਣੇ ਛੁਡਾਉਣ ਵਾਲੇ ਰਥਾਂ ਉੱਤੇ ਸਵਾਰ ਸੀ?
9ਤੂੰ ਆਪਣਾ ਧਨੁਸ਼ ਮਿਆਨ ਵਿੱਚੋਂ ਕੱਢਿਆ,
ਤੂੰ ਬਹੁਤ ਤੀਰ ਮੰਗੇ।
ਤੂੰ ਧਰਤੀ ਨੂੰ ਨਦੀਆਂ ਨਾਲ ਚੀਰ ਦਿੱਤਾ;
10ਪਹਾੜਾਂ ਨੇ ਤੈਨੂੰ ਵੇਖਿਆ ਅਤੇ ਘਬਰਾ ਗਏ।
ਪਾਣੀ ਦੇ ਝਰਨੇ ਵਹਿ ਗਏ;
ਡੁੰਘਿਆਈ ਗਰਜ਼ ਉੱਠੀ
ਅਤੇ ਆਪਣੀਆਂ ਲਹਿਰਾਂ ਨੂੰ ਉੱਚਾ ਉਠਾਇਆ।
11ਤੇਰੇ ਉੱਡਦੇ ਤੀਰਾਂ ਦੀ ਚਮਕ ਨਾਲ,
ਅਤੇ ਤੇਰੇ ਚਮਕਦੇ ਬਰਛੇ ਦੀ ਲਸ਼ਕ ਦੇ ਕਾਰਨ
ਸੂਰਜ ਅਤੇ ਚੰਦਰਮਾ ਅਜੇ ਵੀ ਅਕਾਸ਼ ਵਿੱਚ ਖੜੇ ਹਨ।
12ਤੂੰ ਕ੍ਰੋਧ ਵਿੱਚ ਧਰਤੀ ਉੱਤੇ ਫਿਰਦਾ ਹੈ
ਅਤੇ ਗੁੱਸੇ ਵਿੱਚ ਤੂੰ ਕੌਮਾਂ ਦੇ ਲੋਕਾਂ ਨੂੰ ਲਤਾੜਿਆ।
13ਤੂੰ ਆਪਣੀ ਪਰਜਾ ਦੇ ਬਚਾਓ ਲਈ,
ਅਤੇ ਆਪਣੇ ਮਸਹ ਕੀਤੇ ਹੋਏ ਦੇ ਬਚਾਓ ਲਈ ਨਿੱਕਲਿਆ।
ਤੂੰ ਦੁਸ਼ਟ ਦੇ ਘਰਾਣੇ ਦੇ ਮੁਖੀਏ ਨੂੰ ਵੱਢ ਸੁੱਟਿਆ,
ਅਤੇ ਤੂੰ ਉਸ ਨੂੰ ਸਿਰ ਤੋਂ ਪੈਰਾਂ ਤੱਕ ਨੰਗਾ ਕੀਤਾ।
14ਤੂੰ ਉਸ ਦੇ ਹੀ ਬਰਛੇ ਨਾਲ ਉਸਦਾ ਸਿਰ ਵਿੰਨ੍ਹਿਆ
ਜਦੋਂ ਉਹ ਦੇ ਯੋਧੇ ਸਾਨੂੰ ਤੁਫਾਨ ਵਾਂਗੂੰ ਉਡਾਂਉਣ ਲਈ ਨਿੱਕਲੇ,
ਇਸ ਤਰ੍ਹਾਂ ਖੁਸ਼ ਹੋ ਰਿਹਾ ਹਨ
ਜਿਵੇਂ ਉਹ ਮਾੜੇ ਲੋਕਾਂ ਨੂੰ ਜਿਹੜੇ ਲੁਕੇ ਹੋਏ ਉਹਨਾਂ ਦਾ ਨਾਸ਼ ਕਰਨ ਲਈ ਘਾਤ ਲਗਾਉਂਦੇ ਹਨ।
15ਤੂੰ ਵੱਡੇ ਪਾਣੀ ਨੂੰ ਰਿੜਕਿਆ
ਅਤੇ ਆਪਣੇ ਘੋੜਿਆਂ ਨਾਲ ਸਮੁੰਦਰ ਨੂੰ ਮਿੱਧਿਆ।
16ਮੈਂ ਸੁਣਿਆ ਅਤੇ ਮੇਰਾ ਦਿਲ ਧੜਕਿਆ,
ਆਵਾਜ਼ ਸੁਣ ਕੇ ਮੇਰੇ ਬੁੱਲ੍ਹ ਕੰਬ ਗਏ।
ਮੇਰੀਆਂ ਹੱਡੀਆਂ ਸੜਨ ਲੱਗੀਆਂ,
ਮੈਂ ਆਪਣੇ ਸਥਾਨ ਤੇ ਖੜ੍ਹਾ-ਖੜ੍ਹਾ ਕੰਬਣ ਲੱਗਾ,
ਇਸ ਲਈ ਮੈਂ ਅਰਾਮ ਨਾਲ ਬਿਪਤਾ ਦੇ ਦਿਨ ਨੂੰ ਉਡੀਕਾਂਗਾ,
ਜੋ ਉਹ ਉਹਨਾਂ ਲੋਕਾਂ ਉੱਤੇ ਆਵੇ, ਜੋ ਸਾਡੇ ਉੱਤੇ ਚੜ੍ਹਾਈ ਕਰਦੇ ਹਨ।
17ਭਾਵੇਂ ਹੰਜੀਰ ਦੇ ਰੁੱਖ ਨਾ ਫਲਣ,
ਨਾ ਅੰਗੂਰੀ ਵੇਲਾਂ ਉੱਤੇ ਫਲ ਹੋਵੇ,
ਭਾਵੇਂ ਜ਼ੈਤੂਨ ਦੇ ਰੁੱਖ ਦੀ ਪੈਦਾਵਾਰ ਘਟੇ,
ਅਤੇ ਖੇਤਾਂ ਵਿੱਚ ਅੰਨ ਨਾ ਉਪਜੇ,
ਭਾਵੇਂ ਇੱਜੜ ਵਾੜੇ ਵਿੱਚੋਂ ਘੱਟ ਜਾਣ,
ਅਤੇ ਖੁਰਲੀਆਂ ਉੱਤੇ ਵੱਗ ਨਾ ਹੋਣ,
18ਫਿਰ ਵੀ ਮੈਂ ਯਾਹਵੇਹ ਵਿੱਚ ਅਨੰਦ ਅਤੇ ਮਗਨ ਹੋਵਾਗਾ,
ਮੈਂ ਆਪਣੇ ਮੁਕਤੀਦਾਤਾ ਪਰਮੇਸ਼ਵਰ ਵਿੱਚ ਖੁਸ਼ੀ ਮਨਾਵਾਂਗਾ।
19ਸਰਬਸ਼ਕਤੀਮਾਨ ਯਾਹਵੇਹ ਮੇਰੀ ਤਾਕਤ ਹੈ;
ਉਹ ਮੇਰੇ ਪੈਰਾਂ ਨੂੰ ਹਿਰਨੀ ਦੇ ਪੈਰਾਂ ਵਾਂਗ ਬਣਾਉਂਦਾ ਹੈ,
ਉਹ ਮੈਨੂੰ ਉਚਾਈਆਂ ਉੱਤੇ ਚੱਲਣ ਦੇ ਯੋਗ ਬਣਾਉਂਦਾ ਹੈ।
ਸੰਗੀਤ ਨਿਰਦੇਸ਼ਕ ਲਈ। ਮੇਰੇ ਤਾਰਾਂ ਵਾਲੇ ਸਾਜ਼ਾਂ ਤੇ।

Currently Selected:

ਹਬੱਕੂਕ 3: PCB

Highlight

Share

Copy

None

Want to have your highlights saved across all your devices? Sign up or sign in