2
1ਮੈਂ ਆਪਣੇ ਪਹਿਰੇ ਉੱਤੇ ਖੜ੍ਹਾ ਹੋਵਾਂਗਾ
ਅਤੇ ਮੈਂ ਕਿਲੇ ਦੀ ਉੱਚੀ ਕੰਧ ਉੱਤੇ ਖੜ੍ਹਾ ਹੋਵਾਂਗਾ;
ਮੈਂ ਦੇਖਾਂਗਾ ਕਿ ਉਹ ਮੈਨੂੰ ਕੀ ਕਹੇਗਾ,
ਅਤੇ ਮੈਂ ਇਸ ਸ਼ਿਕਾਇਤ ਦਾ ਕੀ ਜਵਾਬ ਦੇਵਾਂਗਾ।
ਯਾਹਵੇਹ ਦਾ ਉੱਤਰ
2ਯਾਹਵੇਹ ਨੇ ਉੱਤਰ ਦਿੱਤਾ
“ਦਰਸ਼ਣ ਦੀਆਂ ਗੱਲਾਂ ਨੂੰ ਲਿਖ
ਅਤੇ ਇਸ ਨੂੰ ਫੱਟੀਆ ਉੱਤੇ ਸਾਫ਼-ਸਾਫ਼ ਲਿਖ
ਤਾਂ ਜੋ ਕੋਈ ਦੌੜਦਾ-ਦੌੜਦਾ ਵੀ ਉਸ ਨੂੰ ਪੜ੍ਹ ਸਕੇ
3ਕਿਉਂ ਜੋ ਇਸ ਦਰਸ਼ਣ ਦੀ ਗੱਲ ਤਾਂ ਇੱਕ ਠਹਿਰਾਏ ਹੋਏ ਸਮੇਂ ਤੇ ਪੂਰੀ ਹੋਣ ਦੀ ਉਡੀਕ ਹੈ;
ਇਹ ਅੰਤ ਦੇ ਸਮੇਂ ਬਾਰੇ ਦੱਸਦਾ ਹੈ
ਅਤੇ ਝੂਠਾ ਸਾਬਤ ਨਹੀਂ ਹੋਵੇਗਾ।
ਤਾਂ ਵੀ ਉਹ ਦੀ ਉਡੀਕ ਕਰ,
ਉਹ ਜ਼ਰੂਰ ਆਵੇਗਾ,
ਉਹ ਚਿਰ ਨਾ ਲਾਵੇਗਾ।
4“ਵੇਖੋ, ਦੁਸ਼ਮਣ ਫੁੱਲਿਆ ਹੋਇਆ ਹੈ;
ਉਸ ਦੀਆਂ ਇੱਛਾਵਾਂ ਸਿੱਧੀਆਂ ਨਹੀਂ ਹਨ
ਪਰ ਧਰਮੀ ਵਿਅਕਤੀ ਆਪਣੀ ਵਫ਼ਾਦਾਰੀ ਦੇ ਕਾਰਨ ਜੀਉਂਦਾ ਰਹੇਗਾ,
5ਸੱਚਮੁੱਚ, ਦਾਖਰਸ ਉਸ ਨੂੰ ਧੋਖਾ ਦਿੰਦੀ ਹੈ।
ਉਹ ਹੰਕਾਰੀ ਹੈ ਅਤੇ ਕਦੇ ਅਰਾਮ ਨਹੀਂ ਕਰਦਾ।
ਉਹ ਪਤਾਲ ਵਾਂਗੂੰ ਆਪਣੀ ਲਾਲਸਾ ਵਧਾਉਂਦਾ ਹੈ
ਅਤੇ ਉਹ ਮੌਤ ਵਰਗਾ ਹੈ ਅਤੇ ਉਹ ਕਦੇ ਨਹੀਂ ਰੱਜਦਾ,
ਉਹ ਸਾਰੀਆਂ ਕੌਮਾਂ ਨੂੰ ਇਕੱਠਾ ਕਰਦਾ ਹੈ ਅਤੇ ਸਾਰੀਆਂ ਕੌਮਾਂ ਨੂੰ ਬੰਦੀ ਬਣਾ ਲੈਂਦਾ ਹੈ।
6“ਕੀ ਉਹ ਸਾਰੇ ਉਸ ਨੂੰ ਮਖੌਲ ਅਤੇ ਬੇਇੱਜ਼ਤੀ ਨਾਲ ਤਾਅਨੇ ਨਹੀਂ ਮਾਰਨਗੇ,
“ ‘ਹਾਏ ਉਸ ਨੂੰ, ਜੋ ਪਰਾਇਆ ਧਨ ਲੁੱਟ ਕੇ
ਆਪਣੇ ਲਈ ਉਸ ਨੂੰ ਵਧਾਉਂਦਾ ਹੈ!
ਅਤੇ ਜੋ ਨਜਾਇਜ਼ ਕੰਮ ਕਰਕੇ ਆਪਣੇ ਆਪ ਨੂੰ ਅਮੀਰ ਬਣਾਉਂਦਾ ਹੈ!
ਪਰ ਇਹ ਕਦ ਤੱਕ ਚੱਲਦਾ ਰਹੇਗਾ?’
7ਕੀ ਤੁਹਾਡੇ ਲੈਣਦਾਰ ਅਚਾਨਕ ਨਹੀਂ ਉੱਠਣਗੇ?
ਤਾਂ ਜੋ ਉਹ ਜਾਗਣ ਅਤੇ ਤੈਨੂੰ ਮੁਸੀਬਤ ਵਿੱਚ ਪਾਉਣਗੇ?
ਫਿਰ ਤੂੰ ਉਨ੍ਹਾਂ ਦਾ ਸ਼ਿਕਾਰ ਨਾ ਬਣੇਗਾ।
8ਕਿਉਂ ਜੋ ਤੁਸੀਂ ਬਹੁਤ ਸਾਰੀਆਂ ਕੌਮਾਂ ਨੂੰ ਲੁੱਟ ਲਿਆ ਹੈ,
ਜਿਹੜੀਆਂ ਕੌਮਾਂ ਰਹਿ ਗਈਆਂ ਹਨ ਉਹ ਤੈਨੂੰ ਲੁੱਟਣਗੀਆਂ।
ਕਿਉਂ ਜੋ ਤੂੰ ਮਨੁੱਖਾਂ ਦਾ ਲਹੂ ਵਹਾਇਆ ਹੈ।
ਤੂੰ ਧਰਤੀ ਅਤੇ ਸ਼ਹਿਰਾਂ ਨੂੰ ਅਤੇ ਉਨ੍ਹਾਂ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਨੂੰ ਤਬਾਹ ਕਰ ਦਿੱਤਾ ਹੈ।
9“ਹਾਏ ਉਸ ਨੂੰ, ਜਿਹੜਾ ਆਪਣਾ ਘਰ ਨਜਾਇਜ਼ ਕਮਾਈ ਨਾਲ ਬਣਾਉਂਦਾ ਹੈ,
ਅਤੇ ਤਬਾਹੀ ਤੋਂ ਬਚਣ ਲਈ
ਇਹ ਆਪਣਾ ਆਲ੍ਹਣਾ ਉੱਚਾ ਰੱਖਦਾ ਹੈ!
10ਤੁਸੀਂ ਬਹੁਤ ਸਾਰੇ ਲੋਕਾਂ ਦੇ ਨਾਸ ਕਰਨ ਦੀ ਸਾਜ਼ਿਸ਼ ਰਚੀ ਹੈ,
ਤੁਸੀਂ ਆਪਣੇ ਘਰ ਨੂੰ ਸ਼ਰਮਸਾਰ ਕੀਤਾ ਅਤੇ ਆਪਣੀ ਜਾਨ ਗੁਆ ਦਿੱਤੀ।
11ਕੰਧ ਦੇ ਪੱਥਰ ਚੀਕਣਗੇ,
ਅਤੇ ਲੱਕੜ ਦੇ ਸ਼ਤੀਰ ਉਸ ਨੂੰ ਉੱਤਰ ਦੇਣਗੇ।
12“ਹਾਏ ਉਸ ਉੱਤੇ ਜਿਹੜਾ ਖ਼ੂਨ ਨਾਲ ਸ਼ਹਿਰ ਉਸਾਰਦਾ ਹੈ
ਅਤੇ ਬੁਰਿਆਈ ਨਾਲ ਨਗਰ ਵਸਾਉਂਦਾ ਹੈ!
13ਕੀ ਸਰਬਸ਼ਕਤੀਮਾਨ ਯਾਹਵੇਹ ਨੇ ਇਹ ਨਿਸ਼ਚਤ ਨਹੀਂ ਕੀਤਾ ਹੈ
ਕਿ ਲੋਕਾਂ ਦੀ ਮਿਹਨਤ ਉਸ ਲੱਕੜ ਵਰਗੀ ਹੈ ਜੋ ਅੱਗ ਬਾਲਣ ਲਈ ਵਰਤੀ ਜਾਂਦੀ ਹੈ,
ਕਿ ਕੌਮਾਂ ਆਪਣੇ ਆਪ ਨੂੰ ਵਿਅਰਥ ਮਿਹਨਤ ਕਰਕੇ ਥਕਾ ਦਿੰਦੀਆਂ ਹਨ?
14ਕਿਉਂਕਿ ਧਰਤੀ ਯਾਹਵੇਹ ਦੀ ਮਹਿਮਾ ਦੇ ਗਿਆਨ ਨਾਲ ਭਰੀ ਹੋਈ ਹੋਵੇਗੀ,
ਜਿਵੇਂ ਪਾਣੀ ਸਮੁੰਦਰ ਨਾਲ ਭਰਿਆ ਹੋਇਆ ਹੁੰਦਾ ਹੈ।
15“ਹਾਏ ਉਸ ਉੱਤੇ ਜਿਹੜਾ ਆਪਣੇ ਗੁਆਂਢੀਆਂ ਨੂੰ ਸ਼ਰਾਬ ਪਿਲਾਉਂਦਾ ਹੈ,
ਅਤੇ ਉਦੋਂ ਤੱਕ ਪਿਲਾਉਂਦਾ ਹੈ, ਜਦੋਂ ਤੱਕ ਉਹ ਮਤਵਾਲਾ ਨਾ ਜਾਵੇ
ਤਾਂ ਜੋ ਉਹ ਉਨ੍ਹਾਂ ਦੇ ਨੰਗੇ ਸਰੀਰਾਂ ਨੂੰ ਦੇਖ ਸਕੇ।
16ਤੂੰ ਮਹਿਮਾ ਦੀ ਬਜਾਏ ਸ਼ਰਮ ਨਾਲ ਭਰ ਜਾਵੇਗਾ।
ਹੁਣ ਤੇਰੀ ਵਾਰੀ ਹੈ! ਪੀ ਅਤੇ ਆਪਣੇ ਨੰਗੇਜ ਦਾ ਪਰਦਾਫਾਸ਼ ਹੋਣ ਦੇ!
ਯਾਹਵੇਹ ਦੇ ਸੱਜੇ ਹੱਥ ਦਾ ਪਿਆਲਾ ਤੁਹਾਡੇ ਕੋਲ ਆ ਰਿਹਾ ਹੈ,
ਅਤੇ ਬਦਨਾਮੀ ਤੁਹਾਡੀ ਮਹਿਮਾ ਨੂੰ ਢੱਕ ਲਵੇਗੀ।
17ਜਿਹੜਾ ਜ਼ੁਲਮ ਤੂੰ ਲਬਾਨੋਨ ਨਾਲ ਕੀਤਾ ਹੈ,
ਤੈਨੂੰ ਢੱਕ ਲਵੇਗਾ ਅਤੇ ਉੱਥੋਂ ਦੇ ਪਸ਼ੂਆਂ ਉੱਤੇ ਕੀਤੀ ਹੋਈ ਬਰਬਾਦੀ,
ਜਿਸਨੇ ਉਨ੍ਹਾਂ ਨੂੰ ਡਰਾਇਆ ਤੇਰੇ ਉੱਤੇ ਆ ਪਵੇਗੀ, ਇਹ ਮਨੁੱਖਾਂ ਦਾ ਲਹੂ ਵਹਾਉਣ ਅਤੇ ਉਸ ਜ਼ੁਲਮ ਦੇ ਕਾਰਨ ਹੋਵੇਗਾ,
ਜਿਹੜਾ ਇਸ ਦੇਸ਼, ਸ਼ਹਿਰ ਅਤੇ ਉਸ ਦੇ ਸਾਰੇ ਵਾਸੀਆਂ ਉੱਤੇ ਹੋਇਆ।
18“ਇੱਕ ਕਾਰੀਗਰ ਦੁਆਰਾ ਬਣਾਈ ਗਈ ਮੂਰਤੀ ਦਾ ਕੀ ਮੁੱਲ ਹੈ?
ਜਾਂ ਝੂਠ ਬੋਲਣਾ ਸਿਖਾਉਣ ਵਾਲੀ ਮੂਰਤੀ ਦਾ ਕੀ ਫ਼ਾਇਦਾ?
ਕਿਉਂਕਿ ਇਸ ਨੂੰ ਰਚਣ ਵਾਲਾ ਆਪਣੀ ਹੀ ਰਚਨਾ ਉੱਤੇ ਭਰੋਸਾ ਰੱਖਦਾ ਹੈ;
ਕਿ ਉਹ ਮੂਰਤੀਆਂ ਬਣਾਉਂਦਾ ਹੈ ਜੋ ਬੋਲ ਨਹੀਂ ਸਕਦੀਆਂ।
19ਹਾਏ ਉਹ ਨੂੰ ਜੋ ਲੱਕੜੀ ਨੂੰ ਆਖਦਾ ਹੈ, ਜਾਗ!
ਜਾਂ ਬੇਜਾਨ ਪੱਥਰ ਨੂੰ ਆਖਦਾ ਹੈ, ‘ਉੱਠ!’
ਅਤੇ ਸਾਨੂੰ ਸਿਖਾ,
ਵੇਖੋ, ਉਹ ਸੋਨੇ ਚਾਂਦੀ ਨਾਲ ਮੜ੍ਹਿਆ ਹੋਇਆ ਹੈ,
ਪਰ ਉਸ ਦੇ ਵਿੱਚ ਕੋਈ ਸਾਹ ਨਹੀਂ।”
20ਯਾਹਵੇਹ ਆਪਣੇ ਪਵਿੱਤਰ ਹੈਕਲ ਵਿੱਚ ਹੈ;
ਸਾਰੀ ਧਰਤੀ ਉਸ ਦੇ ਅੱਗੇ ਚੁੱਪ ਰਹੇ।