ਹਿਜ਼ਕੀਏਲ 18
18
ਜਿਹੜਾ ਪਾਪ ਕਰਦਾ ਹੈ, ਉਹ ਮਰ ਜਾਵੇਗਾ
1ਯਾਹਵੇਹ ਦਾ ਬਚਨ ਮੇਰੇ ਕੋਲ ਆਇਆ: 2“ਇਸਰਾਏਲ ਦੀ ਧਰਤੀ ਬਾਰੇ ਇਸ ਕਹਾਵਤ ਦਾ ਹਵਾਲਾ ਦੇਣ ਦਾ ਤੁਹਾਡਾ ਕੀ ਅਰਥ ਹੈ:
“ ‘ਕਿ ਮਾਤਾ ਪਿਤਾ ਨੇ ਖੱਟੇ ਅੰਗੂਰ ਖਾਧੇ,
ਪਰ ਬੱਚਿਆਂ ਦੇ ਦੰਦ ਖੱਟੇ ਹੋ ਗਏ’?
3“ਜਿਵੇਂ ਕਿ ਮੈਂ ਜਿਉਂਦਾ ਹਾਂ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ, ਤੁਸੀਂ ਫਿਰ ਇਸਰਾਏਲ ਵਿੱਚ ਇਹ ਕਹਾਵਤ ਨਹੀਂ ਆਖੋਗੇ। 4ਕਿਉਂਕਿ ਹਰ ਕੋਈ ਮੇਰਾ ਹੈ, ਮਾਤਾ-ਪਿਤਾ ਅਤੇ ਬੱਚਾ ਦੋਵੇਂ ਹੀ ਮੇਰੇ ਹਨ। ਜਿਹੜਾ ਪਾਪ ਕਰਦਾ ਹੈ ਉਹੀ ਮਰੇਗਾ।
5“ਫ਼ਰਜ਼ ਕਰੋ ਕਿ ਇੱਕ ਧਰਮੀ ਆਦਮੀ ਹੈ,
ਅਤੇ ਉਸ ਦੇ ਕੰਮ ਨਿਆਂ ਅਤੇ ਧਰਮ ਦੇ ਹਨ।
6ਉਹ ਪਹਾੜੀ ਅਸਥਾਨਾਂ ਉੱਤੇ ਨਹੀਂ ਖਾਂਦਾ
ਅਤੇ ਨਾ ਹੀ ਇਸਰਾਏਲ ਦੀਆਂ ਮੂਰਤੀਆਂ ਵੱਲ ਵੇਖਦਾ ਹੈ।
ਉਹ ਆਪਣੇ ਗੁਆਂਢੀ ਦੀ ਪਤਨੀ ਨੂੰ ਅਪਵਿੱਤਰ ਨਹੀਂ ਕਰਦਾ,
ਅਤੇ ਕਿਸੇ ਔਰਤ ਨਾਲ ਉਸ ਦੇ ਮਾਸਿਕ ਦੇ ਸਮੇਂ ਸਰੀਰਕ ਸੰਬੰਧ ਨਹੀਂ ਰੱਖਦਾ।
7ਉਹ ਕਿਸੇ ਤੇ ਜ਼ੁਲਮ ਨਹੀਂ ਕਰਦਾ,
ਪਰ ਜੋ ਕੁਝ ਉਸ ਨੇ ਕਰਜ਼ੇ ਲਈ ਗਿਰਵੀ ਰੱਖਿਆ ਸੀ ਉਹ ਵਾਪਸ ਕਰ ਦਿੰਦਾ ਹੈ।
ਉਹ ਲੁੱਟ-ਖਸੁੱਟ ਨਹੀਂ ਕਰਦਾ
ਸਗੋਂ ਭੁੱਖਿਆ ਨੂੰ ਭੋਜਨ ਦਿੰਦਾ ਹੈ
ਅਤੇ ਨੰਗੇ ਲੋਕਾਂ ਨੂੰ ਕੱਪੜੇ ਦਿੰਦਾ ਹੈ।
8ਉਹ ਉਹਨਾਂ ਨੂੰ ਵਿਆਜ ਉੱਤੇ ਉਧਾਰ ਨਹੀਂ ਦਿੰਦਾ,
ਨਾ ਵਿਆਜ ਤੋਂ ਕੋਈ ਲਾਭ ਲੈਂਦਾ ਹੈ।
ਉਹ ਗਲਤ ਕੰਮ ਕਰਨ ਤੋਂ ਆਪਣਾ ਹੱਥ ਰੋਕਦਾ ਹੈ
ਅਤੇ ਦੋ ਧਿਰਾਂ ਵਿਚਕਾਰ ਨਿਰਪੱਖਤਾ ਨਾਲ ਨਿਆਂ ਕਰਦਾ ਹੈ।
9ਉਹ ਮੇਰੀਆਂ ਬਿਧੀਆਂ ਤੇ ਚਲਦਾ ਹੈ,
ਅਤੇ ਵਫ਼ਾਦਾਰੀ ਨਾਲ ਮੇਰੇ ਨਿਯਮਾਂ ਦੀ ਪਾਲਨਾ ਕਰਦਾ ਹੈ।
ਉਹ ਆਦਮੀ ਧਰਮੀ ਹੈ;
ਉਹ ਜ਼ਰੂਰ ਜੀਉਂਦਾ ਰਹੇਗਾ,
ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।
10“ਫ਼ਰਜ਼ ਕਰੋ ਕਿ ਉਸ ਦਾ ਇੱਕ ਲੁਟੇਰਾ ਪੁੱਤਰ ਹੈ, ਜੋ ਖੂਨ ਕਰੇ ਅਤੇ ਇਹਨਾਂ ਵਿੱਚੋਂ ਕੋਈ ਹੋਰ ਕੰਮ ਕਰੇ 11(ਹਾਲਾਂਕਿ ਪਿਤਾ ਨੇ ਇਹਨਾਂ ਵਿੱਚੋਂ ਕੋਈ ਵੀ ਕੰਮ ਨਹੀਂ ਕੀਤਾ):
“ਸਗੋਂ ਉਹ ਪਹਾੜਾਂ ਉੱਤੇ ਖਾਵੇ।
ਉਹ ਆਪਣੇ ਗੁਆਂਢੀ ਦੀ ਪਤਨੀ ਨੂੰ ਭ੍ਰਿਸ਼ਟ ਕਰੇ।
12ਉਹ ਗਰੀਬਾਂ ਅਤੇ ਲੋੜਵੰਦਾਂ ਉੱਤੇ ਜ਼ੁਲਮ ਕਰੇ।
ਉਹ ਲੁੱਟ-ਖਸੁੱਟ ਕਰੇ।
ਉਹ ਉਸ ਚੀਜ਼ ਨੂੰ ਵਾਪਸ ਨਹੀਂ ਕਰਦਾ ਜੋ ਉਸਨੇ ਗਿਰਵੀ ਰੱਖੀ ਹੈ।
ਉਹ ਮੂਰਤੀਆਂ ਵੱਲ ਵੇਖਦਾ ਹੈ।
ਉਹ ਘਿਣਾਉਣੇ ਕੰਮ ਕਰਦਾ ਹੈ।
13ਉਹ ਵਿਆਜ ਤੇ ਉਧਾਰ ਦਿੰਦਾ ਹੈ ਅਤੇ ਮੁਨਾਫਾ ਲੈਂਦਾ ਹੈ।
ਕੀ ਅਜਿਹਾ ਆਦਮੀ ਜਿਉਂਦਾ ਰਹੇਗਾ? ਉਹ ਕਦੀ ਜਿਉਂਦਾ ਨਹੀਂ ਰਹੇਗਾ! ਕਿਉਂਕਿ ਉਸਨੇ ਇਹ ਸਾਰੇ ਘਿਣਾਉਣੇ ਕੰਮ ਕੀਤੇ ਹਨ, ਉਸਨੂੰ ਮਾਰਿਆ ਜਾਣਾ ਚਾਹੀਦਾ ਹੈ। ਉਸਦਾ ਖੂਨ ਉਸਦੇ ਆਪਣੇ ਸਿਰ ਉੱਤੇ ਹੋਵੇਗਾ।
14“ਪਰ ਫ਼ਰਜ਼ ਕਰੋ ਕਿ ਉਸ ਦੇ ਇੱਕ ਪੁੱਤਰ ਜੰਮੇ ਜਿਹੜਾ ਆਪਣੇ ਪਿਉ ਦੇ ਸਾਰੇ ਪਾਪ ਵੇਖੇ, ਜਿਹੜੇ ਉਸ ਨੇ ਕੀਤੇ ਅਤੇ ਡਰ ਕੇ ਉਹ ਜਿਹੇ ਕੰਮ ਨਾ ਕਰੇ:
15“ਉਹ ਨਾ ਤਾਂ ਪਹਾੜੀ ਮੰਦਰਾਂ ਵਿੱਚ ਭੋਜਨ ਖਾਂਦਾ
ਅਤੇ ਨਾ ਹੀ ਇਸਰਾਏਲ ਦੇ ਬੁੱਤਾਂ ਵੱਲ ਵੇਖਦਾ ਹੈ।
ਉਹ ਆਪਣੇ ਗੁਆਂਢੀ ਦੀ ਪਤਨੀ ਨੂੰ ਭ੍ਰਿਸ਼ਟ ਨਹੀਂ ਕਰਦਾ।
16ਉਹ ਕਿਸੇ ਤੇ ਜ਼ੁਲਮ ਨਹੀਂ ਕਰਦਾ
ਅਤੇ ਨਾ ਹੀ ਕਿਸੇ ਚੀਜ਼ ਗਿਰਵੀ ਰੱਖਦਾ ਹੈ।
ਉਹ ਲੁੱਟ-ਖਸੁੱਟ ਨਹੀਂ ਕਰਦਾ
ਸਗੋਂ ਭੁੱਖਿਆ ਨੂੰ ਭੋਜਨ ਦਿੰਦਾ ਹੈ ਅਤੇ ਨੰਗੇ ਲੋਕਾਂ ਨੂੰ ਕੱਪੜੇ ਦਿੰਦਾ ਹੈ।
17ਉਹ ਗਰੀਬਾਂ ਨਾਲ ਦੁਰਵਿਹਾਰ ਕਰਨ ਤੋਂ ਆਪਣਾ ਹੱਥ ਰੋਕਦਾ ਹੈ
ਅਤੇ ਉਹਨਾਂ ਤੋਂ ਕੋਈ ਵਿਆਜ ਜਾਂ ਲਾਭ ਨਹੀਂ ਲੈਂਦਾ।
ਉਹ ਮੇਰੇ ਕਾਨੂੰਨਾਂ ਨੂੰ ਮੰਨਦਾ ਹੈ ਅਤੇ ਮੇਰੇ ਹੁਕਮਾਂ ਦੀ ਪਾਲਣਾ ਕਰਦਾ ਹੈ।
ਉਹ ਆਪਣੇ ਪਿਤਾ ਦੇ ਪਾਪ ਲਈ ਨਹੀਂ ਮਰੇਗਾ; ਉਹ ਜ਼ਰੂਰ ਜਿਉਂਦਾ ਰਹੇਗਾ। 18ਪਰ ਉਸਦਾ ਪਿਤਾ ਉਸਦੇ ਆਪਣੇ ਪਾਪ ਲਈ ਮਰ ਜਾਵੇਗਾ, ਕਿਉਂਕਿ ਉਸਨੇ ਬਿਨ੍ਹਾਂ ਤਰਸ ਤੋਂ ਜ਼ੁਲਮ ਕੀਤੇ, ਆਪਣੇ ਭਰਾ ਨੂੰ ਲੁੱਟਿਆ ਅਤੇ ਉਸਦੇ ਲੋਕਾਂ ਵਿੱਚ ਗਲਤ ਕੰਮ ਕੀਤਾ।
19“ਫਿਰ ਵੀ ਤੁਸੀਂ ਪੁੱਛਦੇ ਹੋ, ‘ਪੁੱਤਰ ਆਪਣੇ ਪਿਤਾ ਦੇ ਦੋਸ਼ਾਂ ਦਾ ਭਾਗੀਦਾਰ ਕਿਉਂ ਨਹੀਂ ਹੁੰਦਾ?’ ਕਿਉਂਕਿ ਪੁੱਤਰ ਨੇ ਉਹੀ ਕੀਤਾ ਹੈ ਜੋ ਸਹੀ ਅਤੇ ਚੰਗਾ ਹੈ ਅਤੇ ਮੇਰੇ ਸਾਰੇ ਹੁਕਮਾਂ ਦੀ ਪਾਲਣਾ ਕਰਨ ਲਈ ਸਾਵਧਾਨ ਰਿਹਾ ਹੈ, ਉਹ ਜ਼ਰੂਰ ਜੀਉਂਦਾ ਰਹੇਗਾ। 20ਜਿਹੜੀ ਜਾਨ ਪਾਪ ਕਰਦੀ ਹੈ, ਉਹੀ ਮਰੇਗੀ। ਪੁੱਤਰ ਪਿਉ ਦੀ ਬਦੀ ਨਾ ਚੁੱਕੇਗਾ, ਨਾ ਪਿਉ ਪੁੱਤਰ ਦੀ ਬਦੀ ਚੁੱਕੇਗਾ। ਧਰਮੀ ਦਾ ਧਰਮ ਉਹ ਦੇ ਲਈ ਹੋਵੇਗਾ ਅਤੇ ਦੁਸ਼ਟ ਦੀ ਦੁਸ਼ਟਤਾ ਉਹ ਦੇ ਉੱਤੇ ਹੋਵੇਗੀ।
21“ਪਰ ਜੇਕਰ ਕੋਈ ਦੁਸ਼ਟ ਵਿਅਕਤੀ ਆਪਣੇ ਕੀਤੇ ਹੋਏ ਸਾਰੇ ਪਾਪਾਂ ਤੋਂ ਮੂੰਹ ਮੋੜ ਲੈਂਦਾ ਹੈ ਅਤੇ ਮੇਰੇ ਸਾਰੇ ਹੁਕਮਾਂ ਦੀ ਪਾਲਨਾ ਕਰਦਾ ਹੈ ਅਤੇ ਉਹੀ ਕਰਦਾ ਹੈ ਜੋ ਸਹੀ ਅਤੇ ਚੰਗਾ ਹੈ, ਤਾਂ ਉਹ ਵਿਅਕਤੀ ਜ਼ਰੂਰ ਜਿਉਂਦਾ ਰਹੇਗਾ; ਉਹ ਨਹੀਂ ਮਰੇਗਾ। 22ਉਹਨਾਂ ਵੱਲੋਂ ਕੀਤੇ ਗਏ ਅਪਰਾਧਾਂ ਵਿੱਚੋਂ ਕਿਸੇ ਨੂੰ ਵੀ ਯਾਦ ਨਹੀਂ ਕੀਤਾ ਜਾਵੇਗਾ। ਉਹਨਾਂ ਨੇ ਕੀਤੇ ਧਰਮੀ ਕੰਮਾਂ ਦੇ ਕਾਰਨ, ਉਹ ਜਿਉਂਦੇ ਰਹਿਣਗੇ। 23ਕੀ ਮੈਂ ਦੁਸ਼ਟਾਂ ਦੀ ਮੌਤ ਦਾ ਅਨੰਦ ਲੈਂਦਾ ਹਾਂ? ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ। ਕੀ ਮੈਨੂੰ ਦੁਸ਼ਟ ਦੀ ਮੌਤ ਵਿੱਚ ਕੋਈ ਖੁਸ਼ੀ ਹੈ, ਕੀ ਇਸ ਵਿੱਚ ਨਹੀਂ ਕਿ ਉਹ ਆਪਣੇ ਬੁਰੇ ਰਾਹ ਤੋਂ ਮੁੜੇ ਅਤੇ ਜੀਉਂਦਾ ਰਹੇ?
24“ਪਰ ਜੇਕਰ ਕੋਈ ਧਰਮੀ ਵਿਅਕਤੀ ਆਪਣੀ ਧਾਰਮਿਕਤਾ ਤੋਂ ਮੁੜੇ ਅਤੇ ਪਾਪ ਕਰੇ ਅਤੇ ਉਹੀ ਘਿਣਾਉਣੇ ਕੰਮ ਕਰੇ ਜੋ ਦੁਸ਼ਟ ਵਿਅਕਤੀ ਕਰਦਾ ਹੈ, ਤਾਂ ਕੀ ਉਹ ਜੀਵੇਗਾ? ਕੋਈ ਵੀ ਧਰਮੀ ਕੰਮ ਜੋ ਉਸ ਵਿਅਕਤੀ ਨੇ ਕੀਤਾ ਹੈ ਯਾਦ ਨਹੀਂ ਕੀਤਾ ਜਾਵੇਗਾ। ਬੇਵਫ਼ਾਈ ਦੇ ਕਾਰਨ ਉਹ ਦੋਸ਼ੀ ਹਨ ਅਤੇ ਉਹਨਾਂ ਦੇ ਪਾਪਾਂ ਦੇ ਕਾਰਨ ਉਹ ਮਰ ਜਾਣਗੇ।
25“ਫਿਰ ਵੀ ਤੁਸੀਂ ਕਹਿੰਦੇ ਹੋ, ‘ਯਾਹਵੇਹ ਦਾ ਰਾਹ ਧਰਮੀ ਨਹੀਂ ਹੈ।’ ਸੁਣੋ, ਹੇ ਇਸਰਾਏਲੀਓ, ਕੀ ਮੇਰਾ ਰਾਹ ਬੇਇਨਸਾਫ਼ੀ ਹੈ? ਕੀ ਇਹ ਤੁਹਾਡੇ ਰਾਹ ਬੇਇਨਸਾਫ਼ੀ ਦੇ ਨਹੀਂ ਹਨ? 26ਜੇਕਰ ਕੋਈ ਧਰਮੀ ਮਨੁੱਖ ਆਪਣੀ ਧਾਰਮਿਕਤਾ ਤੋਂ ਮੁੜਦਾ ਹੈ ਅਤੇ ਪਾਪ ਕਰਦਾ ਹੈ, ਤਾਂ ਉਹ ਇਸਦੇ ਲਈ ਮਰ ਜਾਣਗੇ; ਕਿਉਂਕਿ ਉਹਨਾਂ ਨੇ ਪਾਪ ਕੀਤਾ ਅਤੇ ਉਹ ਇਸਦੇ ਕਾਰਨ ਮਰ ਜਾਣਗੇ। 27ਪਰ ਜੇ ਕੋਈ ਦੁਸ਼ਟ ਵਿਅਕਤੀ ਉਸ ਦੁਸ਼ਟਤਾ ਤੋਂ ਹਟ ਜਾਂਦਾ ਹੈ ਜੋ ਉਸਨੇ ਕੀਤੀ ਹੈ ਅਤੇ ਉਹੀ ਕਰਦਾ ਹੈ ਜੋ ਸਹੀ ਅਤੇ ਧਰਮ ਹੈ, ਤਾਂ ਉਹ ਆਪਣੀ ਜਾਨ ਬਚਾ ਲਵੇਗਾ। 28ਕਿਉਂਕਿ ਉਹ ਆਪਣੇ ਕੀਤੇ ਹੋਏ ਸਾਰੇ ਅਪਰਾਧਾਂ ਨੂੰ ਸਮਝਦੇ ਹਨ ਅਤੇ ਉਹਨਾਂ ਤੋਂ ਮੂੰਹ ਮੋੜ ਲੈਂਦੇ ਹਨ, ਉਹ ਵਿਅਕਤੀ ਜ਼ਰੂਰ ਜਿਉਂਦਾ ਰਹੇਗਾ; ਉਹ ਨਹੀਂ ਮਰਨਗੇ। 29ਫਿਰ ਵੀ ਇਸਰਾਏਲੀ ਆਖਦੇ ਹਨ, ‘ਯਾਹਵੇਹ ਦਾ ਰਾਹ ਧਰਮੀ ਨਹੀਂ ਹੈ।’ ਹੇ ਇਸਰਾਏਲ ਦੇ ਲੋਕੋ, ਕੀ ਮੇਰੇ ਰਾਹ ਬੇਇਨਸਾਫ਼ੀ ਵਾਲੇ ਹਨ? ਕੀ ਇਹ ਤੁਹਾਡੇ ਰਾਹ ਬੇਇਨਸਾਫ਼ੀ ਵਾਲੇ ਨਹੀਂ ਹਨ?
30“ਇਸ ਲਈ, ਹੇ ਇਸਰਾਏਲੀਓ, ਮੈਂ ਤੁਹਾਡੇ ਵਿੱਚੋਂ ਹਰੇਕ ਦਾ ਨਿਆਂ ਤੁਹਾਡੇ ਆਪਣੇ ਤਰੀਕਿਆਂ ਅਨੁਸਾਰ ਕਰਾਂਗਾ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ। ਤੋਬਾ ਕਰੋ! ਆਪਣੇ ਸਾਰੇ ਅਪਰਾਧਾਂ ਤੋਂ ਮੁੜ ਜਾਓ; ਤਾਂ ਜੋ ਤੁਹਾਡੀ ਬਦੀ ਤੁਹਾਡੇ ਲਈ ਠੋਕਰ ਦਾ ਕਾਰਨ ਨਾ ਹੋਵੇ। 31ਆਪਣੇ ਉਹਨਾਂ ਸਾਰੇ ਅਪਰਾਧਾਂ ਨੂੰ ਜਿਹਨਾਂ ਵਿੱਚ ਤੁਸੀਂ ਅਪਰਾਧੀ ਬਣੇ ਆਪਣੇ ਤੋਂ ਦੂਰ ਕਰੋ ਅਤੇ ਆਪਣੇ ਲਈ ਨਵਾਂ ਦਿਲ ਤੇ ਨਵੀਂ ਆਤਮਾ ਬਣਾਓ। ਹੇ ਇਸਰਾਏਲ ਦੇ ਘਰਾਣੇ, ਤੁਸੀਂ ਕਿਉਂ ਮਰੋਗੇ? 32ਕਿਉਂ ਜੋ ਮੈਂ ਕਿਸੇ ਦੀ ਮੌਤ ਤੋਂ ਪ੍ਰਸੰਨ ਨਹੀਂ ਹਾਂ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ। ਤੋਬਾ ਕਰੋ ਅਤੇ ਜੀਉਂਦੇ ਰਹੋ!
Currently Selected:
ਹਿਜ਼ਕੀਏਲ 18: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.