YouVersion Logo
Search Icon

ਹਿਜ਼ਕੀਏਲ 17

17
ਦੋ ਉਕਾਬ ਅਤੇ ਇੱਕ ਵੇਲ
1ਯਾਹਵੇਹ ਦਾ ਬਚਨ ਮੇਰੇ ਕੋਲ ਆਇਆ: 2“ਹੇ ਮਨੁੱਖ ਦੇ ਪੁੱਤਰ, ਇੱਕ ਬੁਝਾਰਤ ਬੁੱਝ ਅਤੇ ਇਸਰਾਏਲ ਦੇ ਘਰਾਣੇ ਅੱਗੇ ਇੱਕ ਕਹਾਵਤ ਆਖ। 3ਉਹਨਾਂ ਨੂੰ ਆਖ, ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ ਕਿ ਇੱਕ ਵੱਡਾ ਉਕਾਬ, ਜਿਸ ਦੇ ਵੱਡੇ ਖੰਭ ਅਤੇ ਲੰਮੀਆਂ ਬਾਹਾਂ ਸਨ, ਜੋ ਰੰਗ-ਬਿਰੰਗੇ ਖੰਭਾਂ ਨਾਲ ਭਰਿਆ ਹੋਇਆ ਸੀ, ਉਹ ਲਬਾਨੋਨ ਕੋਲ ਆਇਆ ਅਤੇ ਉਸ ਨੇ ਦਿਆਰ ਦੇ ਰੁੱਖ ਦੀ ਸਭ ਤੋਂ ਉੱਪਰਲੀ ਟਾਹਣੀ ਨੂੰ ਫੜ ਲਿਆ। 4ਉਸ ਨੇ ਦਿਆਰ ਦੀ ਸਭ ਤੋਂ ਉੱਪਰਲੀ ਟਾਹਣੀ ਨੂੰ ਫੜ ਕੇ ਤੋੜ ਦਿੱਤਾ ਅਤੇ ਵਪਾਰੀਆਂ ਦੇ ਦੇਸ਼ ਵਿੱਚ ਲੈ ਗਿਆ, ਜਿੱਥੇ ਉਸ ਨੇ ਇਸ ਨੂੰ ਵਪਾਰੀਆਂ ਦੇ ਸ਼ਹਿਰ ਵਿੱਚ ਲਾਇਆ।’
5“ ‘ਉਸ ਨੇ ਜ਼ਮੀਨ ਦੇ ਬੀਜਾਂ ਵਿੱਚੋਂ ਇੱਕ ਬੀਜ ਲਿਆ ਅਤੇ ਇਸ ਨੂੰ ਉਪਜਾਊ ਮਿੱਟੀ ਵਿੱਚ ਬੀਜ ਦਿੱਤਾ। ਉਸ ਨੇ ਉਹ ਨੂੰ ਬਹੁਤੇ ਪਾਣੀ ਨਾਲ ਇੱਕ ਵੇਲ ਵਾਂਗ ਲਾਇਆ, 6ਉਹ ਵਧਿਆ ਅਤੇ ਉਹ ਅੰਗੂਰ ਦਾ ਛਤਰੀਧਾਰ ਇੱਕ ਛੋਟਾ ਜਿਹਾ ਰੁੱਖ ਬਣ ਗਿਆ, ਉਸ ਦੀਆਂ ਟਹਿਣੀਆਂ ਉਹ ਦੇ ਵੱਲ ਝੁਕੀਆਂ ਹੋਈਆਂ ਸਨ ਅਤੇ ਉਸ ਦੀਆਂ ਜੜ੍ਹਾਂ ਉਹ ਦੇ ਹੇਠਾਂ ਸਨ, ਸੋ ਉਹ ਅੰਗੂਰੀ ਵੇਲ ਬਣੀ। ਉਸ ਦੀਆਂ ਟਹਿਣੀਆਂ ਨਿੱਕਲੀਆਂ ਅਤੇ ਉਸ ਦੀਆਂ ਪੱਤੀਆਂ ਵਧੀਆ।
7“ ‘ਇੱਕ ਹੋਰ ਵੱਡਾ ਉਕਾਬ ਸੀ, ਜਿਸ ਦੇ ਖੰਭ ਵੱਡੇ ਅਤੇ ਵਾਲ਼ ਬਹੁਤ ਸਨ, ਤਾਂ ਵੇਖੋ, ਇਸ ਅੰਗੂਰੀ ਵੇਲ ਨੇ ਆਪਣੀਆਂ ਜੜ੍ਹਾਂ ਉਸ ਵੱਲ ਮੋੜੀਆਂ ਅਤੇ ਆਪਣੀ ਕਿਆਰੀ ਵਿੱਚੋਂ ਜਿੱਥੇ ਉਹ ਲਾਇਆ ਹੋਇਆ ਸੀ, ਆਪਣੀਆਂ ਟਹਿਣੀਆਂ ਉਸ ਵੱਲ ਵਧਾਈਆਂ, ਤਾਂ ਜੋ ਉਕਾਬ ਉਸ ਨੂੰ ਸਿੰਜੇ। 8ਇਸ ਨੂੰ ਭਰਪੂਰ ਪਾਣੀ ਨਾਲ ਚੰਗੀ ਮਿੱਟੀ ਵਿੱਚ ਲਾਇਆ ਗਿਆ ਸੀ ਤਾਂ ਜੋ ਇਹ ਟਹਿਣੀਆਂ ਨਿੱਕਲਣ, ਉਹ ਦੇ ਵਿੱਚ ਫਲ ਲੱਗਣ ਅਤੇ ਇੱਕ ਸ਼ਾਨਦਾਰ ਅੰਗੂਰਾਂ ਵੇਲ ਬਣ ਜਾਵੇ।’
9“ਤੂੰ ਉਹਨਾਂ ਨੂੰ ਇਹ ਆਖ, ‘ਕਿ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ, ਕੀ ਇਹ ਖੁਸ਼ਹਾਲ ਹੋਵੇਗੀ? ਕੀ ਉਹ ਉਸ ਨੂੰ ਜੜ੍ਹਾਂ ਤੋਂ ਨਾ ਪੁੱਟ ਸੁੱਟੇਗਾ ਅਤੇ ਇਸ ਦਾ ਫਲ ਨਾ ਤੋੜ ਸੁੱਟੇਗਾ ਭਈ ਇਹ ਸੁੱਕ ਜਾਵੇ ਅਤੇ ਇਹ ਦੇ ਸਾਰੇ ਹਰੇ ਪੱਤੇ ਸੁੱਕ ਜਾਣ? ਇਸ ਨੂੰ ਜੜ੍ਹਾਂ ਤੋਂ ਪੁੱਟਣ ਦੇ ਲਈ ਬਹੁਤੇ ਲੋਕਾਂ ਅਤੇ ਬਹੁਤੇ ਜ਼ੋਰ ਦੀ ਲੋੜ ਨਾ ਹੋਵੇਗੀ। 10ਵੇਖੋ, ਇਹ ਲਾਈ ਤਾਂ ਗਈ ਹੈ ਪਰ ਕੀ ਇਹ ਫਲ ਵੀ ਦੇਵੇਗੀ? ਕੀ ਇਹ ਪੁਰੇ ਦੀ ਹਵਾ ਲੱਗਦਿਆਂ ਹੀ ਇਹ ਪੂਰੀ ਤਰ੍ਹਾਂ ਨਾਲ ਸੁੱਕ ਨਾ ਜਾਵੇਗੀ? ਇਹ ਆਪਣੀਆਂ ਕਿਆਰੀਆਂ ਵਿੱਚ ਹੀ ਸੁੱਕ ਜਾਵੇਗੀ?’ ”
11ਤਦ ਯਾਹਵੇਹ ਦਾ ਬਚਨ ਮੇਰੇ ਕੋਲ ਆਇਆ ਕਿ 12“ਇਸ ਬਾਗ਼ੀ ਲੋਕਾਂ ਨੂੰ ਆਖ, ‘ਕੀ ਤੁਸੀਂ ਨਹੀਂ ਜਾਣਦੇ ਇਨ੍ਹਾਂ ਗੱਲਾਂ ਦਾ ਕੀ ਅਰਥ ਹੈ?’ ਉਨ੍ਹਾਂ ਨੂੰ ਦੱਸੋ, ‘ਬਾਬੇਲ ਦਾ ਰਾਜਾ ਯੇਰੂਸ਼ਲੇਮ ਗਿਆ ਅਤੇ ਉਸ ਦੇ ਰਾਜੇ ਅਤੇ ਉਸ ਦੇ ਪ੍ਰਭਾਵਸ਼ਾਲੀ ਲੋਕਾਂ ਨੂੰ ਆਪਣੇ ਨਾਲ ਬਾਬੇਲ ਵਾਪਸ ਲੈ ਆਇਆ। 13ਫਿਰ ਉਸ ਨੇ ਸ਼ਾਹੀ ਪਰਿਵਾਰ ਦੇ ਇੱਕ ਮੈਂਬਰ ਨੂੰ ਲਿਆ ਅਤੇ ਉਸ ਨਾਲ ਨੇਮ ਬੰਨ੍ਹਿਆ, ਉਸ ਤੋਂ ਸਹੁੰ ਲਈ ਅਤੇ ਦੇਸ ਦੇ ਸੂਰਮਿਆਂ ਨੂੰ ਵੀ ਲੈ ਗਿਆ, 14ਤਾਂ ਜੋ ਰਾਜ ਨੂੰ ਨੀਵਾਂ ਕਰ ਦਿੱਤਾ ਜਾਵੇ, ਜੋ ਮੁੜ ਕੇ ਉੱਠਣ ਤੋਂ ਅਸਮਰੱਥ ਰਹੇ, ਕੇਵਲ ਆਪਣੇ ਨੇਮ ਦੀ ਪਾਲਣਾ ਕਰਕੇ ਹੀ ਬਚਿਆ ਰਹੇ। 15ਪਰ ਰਾਜੇ ਨੇ ਘੋੜੇ ਅਤੇ ਇੱਕ ਵੱਡੀ ਫੌਜ ਲੈਣ ਲਈ ਮਿਸਰ ਵਿੱਚ ਆਪਣੇ ਸੰਦੇਸ਼ਵਾਹਕ ਭੇਜ ਕੇ ਉਸ ਦੇ ਵਿਰੁੱਧ ਬਗਾਵਤ ਕੀਤੀ। ਕੀ ਉਹ ਕਾਮਯਾਬ ਹੋਵੇਗਾ? ਕੀ ਅਜਿਹਾ ਕਰਨ ਵਾਲਾ ਬਚ ਜਾਵੇਗਾ? ਕੀ ਉਹ ਨੇਮ ਤੋੜੇਗਾ ਅਤੇ ਫਿਰ ਵੀ ਬਚ ਜਾਵੇਗਾ?
16“ ‘ਜਿਵੇਂ ਕਿ ਮੈਂ ਜਿਉਂਦਾ ਹਾਂ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ, ਉਹ ਬਾਬੇਲ ਵਿੱਚ ਮਰ ਜਾਵੇਗਾ, ਉਸ ਰਾਜੇ ਦੇ ਦੇਸ਼ ਵਿੱਚ ਜਿਸ ਨੇ ਉਸ ਨੂੰ ਸਿੰਘਾਸਣ ਉੱਤੇ ਬਿਠਾਇਆ, ਜਿਸ ਦੀ ਸਹੁੰ ਨੂੰ ਉਸ ਨੇ ਤੁੱਛ ਸਮਝਿਆ ਅਤੇ ਜਿਸ ਨੇਮ ਨੂੰ ਉਸ ਨੇ ਤੋੜਿਆ। 17ਨਾ ਫ਼ਿਰਾਊਨ ਆਪਣੇ ਵੱਡਿਆਂ ਸੂਰਮਿਆਂ ਨੂੰ ਅਤੇ ਬਹੁਤੀ ਸਭਾ ਨੂੰ ਲੈ ਕੇ ਲੜਾਈ ਵਿੱਚ ਉਹ ਦੇ ਲਈ ਕੁਝ ਕਰ ਸਕੇਗਾ, ਜਦੋਂ ਬਾਬੇਲ ਦੇ ਲੋਕ ਮੋਰਚਾ ਬੰਨ੍ਹਦੇ ਹੋਣ ਅਤੇ ਬੁਰਜ ਬਣਾਉਂਦੇ ਹੋਣ ਕਿ ਬਹੁਤ ਸਾਰੀਆਂ ਜਾਨਾਂ ਨੂੰ ਮਾਰ ਦੇਣ। 18ਉਸ ਨੇ ਨੇਮ ਤੋੜ ਕੇ ਸਹੁੰ ਨੂੰ ਤੁੱਛ ਸਮਝਿਆ ਕਿਉਂਕਿ ਹੱਥ ਤੇ ਹੱਥ ਮਾਰ ਕੇ ਉਸ ਨੇ ਇਹ ਸਭ ਕੁਝ ਕੀਤਾ, ਇਸ ਲਈ ਉਹ ਬਚ ਨਹੀਂ ਸਕੇਗਾ।
19“ ‘ਇਸ ਲਈ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ ਕਿ ਜਿਵੇਂ ਮੈਂ ਜਿਉਂਦਾ ਹਾਂ, ਉਹ ਮੇਰੀ ਹੀ ਸਹੁੰ ਹੈ ਜਿਸ ਨੂੰ ਉਸ ਨੇ ਤੁੱਛ ਜਾਣਿਆ ਅਤੇ ਉਹ ਮੇਰਾ ਹੀ ਨੇਮ ਹੈ ਜਿਹੜਾ ਉਹ ਨੇ ਤੋੜਿਆ। ਮੈਂ ਜ਼ਰੂਰ ਇਹ ਸਭ ਕੁਝ ਉਹ ਦੇ ਸਿਰ ਉੱਤੇ ਲਿਆਵਾਂਗਾ। 20ਮੈਂ ਉਹ ਦੇ ਲਈ ਆਪਣਾ ਜਾਲ ਵਿਛਾਵਾਂਗਾ, ਅਤੇ ਉਹ ਮੇਰੇ ਜਾਲ ਵਿੱਚ ਫਸ ਜਾਵੇਗਾ। ਮੈਂ ਉਸ ਨੂੰ ਬਾਬੇਲ ਵਿੱਚ ਲਿਆਵਾਂਗਾ ਅਤੇ ਉੱਥੇ ਉਸ ਨੂੰ ਸਜ਼ਾ ਦੇਵਾਂਗਾ ਕਿਉਂਕਿ ਉਹ ਮੇਰੇ ਨਾਲ ਬੇਵਫ਼ਾ ਸੀ। 21ਉਸ ਦੀਆਂ ਸਾਰੀਆਂ ਮਨ ਪਸੰਦ ਦੀਆਂ ਫ਼ੌਜਾਂ ਤਲਵਾਰ ਨਾਲ ਡਿੱਗ ਜਾਣਗੀਆਂ, ਅਤੇ ਬਚਣ ਵਾਲੇ ਹਵਾਵਾਂ ਵਿੱਚ ਖਿੰਡ ਜਾਣਗੇ। ਫਿਰ ਤੁਸੀਂ ਜਾਣ ਜਾਵੋਂਗੇ ਕਿ ਮੈਂ ਯਾਹਵੇਹ ਬੋਲਿਆ ਹੈ।
22“ ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ ਕਿ ਮੈਂ ਵੀ ਦਿਆਰ ਦੀ ਟੀਸੀ ਲਵਾਂਗਾ ਅਤੇ ਉਹ ਨੂੰ ਲਾਵਾਂਗਾ, ਫੇਰ ਉਹ ਦੀਆਂ ਨਰਮ ਟਹਿਣੀਆਂ ਵਿੱਚੋਂ ਇੱਕ ਕਰੂੰਬਲ ਸਿਰ ਉੱਤੋਂ ਕੱਟ ਲਵਾਂਗਾ ਅਤੇ ਉਹ ਨੂੰ ਇੱਕ ਉੱਚੇ ਪਰਬਤ ਦੀ ਚੋਟੀ ਤੇ ਲਾਵਾਂਗਾ। 23ਮੈਂ ਉਹ ਨੂੰ ਇਸਰਾਏਲ ਦੇ ਉੱਚੇ ਪਰਬਤ ਉੱਤੇ ਲਾਵਾਂਗਾ ਅਤੇ ਉਹ ਕਰੂੰਬਲਾਂ ਕੱਢੇਗਾ ਅਤੇ ਫਲੇਗਾ ਅਤੇ ਵਧੀਆ ਦਿਆਰ ਹੋਵੇਗਾ ਅਤੇ ਹਰ ਪ੍ਰਕਾਰ ਦੇ ਖੰਭ ਵਾਲੇ ਪੰਛੀ ਉਹ ਦੇ ਹੇਠਾਂ ਵੱਸਣਗੇ, ਉਹ ਉਸ ਦੀਆਂ ਟਹਿਣੀਆਂ ਦੀ ਛਾਂ ਵਿੱਚ ਵੱਸਣਗੇ। 24ਜੰਗਲ ਦੇ ਸਾਰੇ ਰੁੱਖਾਂ ਨੂੰ ਪਤਾ ਲੱਗ ਜਾਵੇਗਾ ਕਿ ਮੈਂ ਯਾਹਵੇਹ ਉੱਚੇ ਰੁੱਖ ਨੂੰ ਹੇਠਾਂ ਲਿਆਉਂਦਾ ਹਾਂ ਅਤੇ ਨੀਵੇਂ ਰੁੱਖ ਨੂੰ ਉੱਚਾ ਕਰਦਾ ਹਾਂ। ਮੈਂ ਹਰੇ ਰੁੱਖ ਨੂੰ ਸੁੱਕਾ ਦਿੱਤਾ ਅਤੇ ਸੁੱਕੇ ਰੁੱਖ ਨੂੰ ਹਰਾ ਕਰਦਾ ਹਾਂ।
“ ‘ਮੈਂ ਯਾਹਵੇਹ ਬੋਲਿਆ ਹੈ, ਅਤੇ ਮੈਂ ਇਹ ਕਰਾਂਗਾ।’ ”

Highlight

Copy

Compare

Share

None

Want to have your highlights saved across all your devices? Sign up or sign in