16
ਯੇਰੂਸ਼ਲੇਮ ਇੱਕ ਵਿਭਚਾਰੀ ਪਤਨੀ ਵਜੋਂ
1ਯਾਹਵੇਹ ਦਾ ਬਚਨ ਮੇਰੇ ਕੋਲ ਆਇਆ: 2“ਹੇ ਮਨੁੱਖ ਦੇ ਪੁੱਤਰ, ਯੇਰੂਸ਼ਲੇਮ ਨੂੰ ਉਸ ਦੇ ਘਿਣਾਉਣੇ ਕੰਮਾਂ ਬਾਰੇ ਦੱਸ 3ਅਤੇ ਆਖ, ‘ਸਰਬਸ਼ਕਤੀਮਾਨ ਯਾਹਵੇਹ ਯੇਰੂਸ਼ਲੇਮ ਨੂੰ ਇਹ ਆਖਦਾ ਹੈ ਕਿ ਤੁਹਾਡਾ ਵੰਸ਼ ਅਤੇ ਜਨਮ ਕਨਾਨੀਆਂ ਦੇ ਦੇਸ਼ ਵਿੱਚ ਸੀ; ਤੇਰਾ ਪਿਤਾ ਅਮੋਰੀ ਸੀ ਅਤੇ ਤੇਰੀ ਮਾਂ ਹਿੱਤੀ ਸੀ। 4ਜਿਸ ਦਿਨ ਤੇਰਾ ਜਨਮ ਹੋਇਆ, ਉਸ ਦਿਨ ਤੇਰਾ ਨਾੜੂ ਨਾ ਕੱਟਿਆ ਗਿਆ, ਨਾ ਤੈਨੂੰ ਸ਼ੁੱਧ ਕਰਨ ਲਈ ਪਾਣੀ ਨਾਲ ਧੋਤਾ ਗਿਆ, ਨਾ ਤੇਰੇ ਉੱਤੇ ਲੂਣ ਮਲਿਆ ਗਿਆ ਅਤੇ ਨਾ ਹੀ ਕੱਪੜੇ ਵਿੱਚ ਲਪੇਟਿਆ ਗਿਆ। 5ਕਿਸੇ ਨੇ ਵੀ ਤੇਰੇ ਵੱਲ ਤਰਸ ਦੀ ਨਜ਼ਰ ਨਾਲ ਨਹੀਂ ਵੇਖਿਆ ਤਾਂ ਜੋ ਇਹਨਾਂ ਕੰਮਾਂ ਵਿੱਚੋਂ ਤੇਰੇ ਲਈ ਇੱਕ ਵੀ ਕੰਮ ਕੀਤਾ ਜਾਂਦਾ, ਸਗੋਂ ਤੂੰ ਆਪਣੇ ਜਨਮ ਦੇ ਦਿਨ ਬਾਹਰ ਮੈਦਾਨ ਵਿੱਚ ਸੁੱਟ ਦਿੱਤੀ ਗਈ, ਕਿਉਂ ਜੋ ਤੇਰੇ ਤੋਂ ਘਿਰਣਾ ਕਰਦੇ ਸਨ।
6“ ‘ਫਿਰ ਮੈਂ ਤੇਰੇ ਕੋਲੋਂ ਲੰਘਿਆ ਅਤੇ ਤੈਨੂੰ ਤੇਰੇ ਲਹੂ ਵਿੱਚ ਲਿੱਬੜਿਆ ਹੋਇਆ ਵੇਖਿਆ ਅਤੇ ਮੈਂ ਤੈਨੂੰ ਆਖਿਆ ਕਿ ਤੂੰ ਜੋ ਲਹੂ ਵਿੱਚ ਲਿੱਬੜੀ ਹੋਈ ਹੈ, ਜੀਉਂਦੀ ਰਹਿ! ਹਾਂ ਮੈਂ ਤੈਨੂੰ ਹੀ ਕਿਹਾ ਕਿ ਤੂੰ ਜੋ ਲਹੂ ਵਿੱਚ ਲਿੱਬੜੀ ਹੋਈ ਹੈ, “ਜੀਉਂਦੀ ਰਹਿ!” 7ਮੈਂ ਤੈਨੂੰ ਖੇਤ ਦੇ ਪੌਦੇ ਵਾਂਗ ਉਗਾਇਆ। ਇਸ ਲਈ ਤੂੰ ਵਧੀ ਅਤੇ ਮੁਟਿਆਰ ਹੋਈ ਅਤੇ ਸੁੰਦਰ ਜਵਾਨੀ ਵਾਲੀ ਬਣੀ, ਤੇਰੀਆਂ ਛਾਤੀਆਂ ਸੁਡੌਲ ਹੋ ਗਈਆਂ ਅਤੇ ਤੇਰੇ ਵਾਲ ਵਧੇ, ਪਰ ਤੂੰ ਨੰਗੀ ਧੜੰਗੀ ਸੀ।
8“ ‘ਬਾਅਦ ਵਿੱਚ ਮੈਂ ਲੰਘਿਆ, ਅਤੇ ਜਦੋਂ ਮੈਂ ਤੇਰੇ ਵੱਲ ਵੇਖਿਆ ਤਾਂ ਵੇਖੋ ਤੇਰੇ ਲਈ ਪਿਆਰ ਦਾ ਸਮਾਂ ਆ ਗਿਆ ਸੀ, ਇਸ ਲਈ ਮੈਂ ਆਪਣਾ ਕੱਪੜਾ ਤੇਰੇ ਉੱਤੇ ਪਾਇਆ ਅਤੇ ਤੇਰੇ ਨੰਗੇਜ਼ ਨੂੰ ਢੱਕਿਆ, ਹਾਂ, ਸਹੁੰ ਖਾ ਕੇ ਤੇਰੇ ਨਾਲ ਨੇਮ ਬੰਨ੍ਹਿਆ ਅਤੇ ਤੂੰ ਮੇਰੀ ਹੋ ਗਈ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।
9“ ‘ਮੈਂ ਤੈਨੂੰ ਪਾਣੀ ਨਾਲ ਨਹਿਲਾ ਕੇ ਤੇਰੇ ਉੱਤੋਂ ਲਹੂ ਨੂੰ ਪੂਰੀ ਤਰ੍ਹਾਂ ਦੇ ਨਾਲ ਧੋ ਸੁੱਟਿਆ ਅਤੇ ਤੇਰੇ ਉੱਤੇ ਸੁਗੰਧ ਵਾਲਾ ਤੇਲ ਮਲਿਆ। 10ਮੈਂ ਤੈਨੂੰ ਕਢਾਈ ਵਾਲਾ ਪਹਿਰਾਵਾ ਪਹਿਨਾਇਆ ਅਤੇ ਚਮੜੇ ਦੀ ਜੁੱਤੀ ਪਵਾਈ, ਵਧੀਆ ਕਤਾਨ ਦੀ ਤੇਰੀ ਪੇਟੀ ਬਣਵਾਈ ਅਤੇ ਤੈਨੂੰ ਮਹਿੰਗੇ ਰੇਸ਼ਮ ਨਾਲ ਢੱਕਿਆ। 11ਮੈਂ ਤੈਨੂੰ ਗਹਿਣਿਆਂ ਨਾਲ ਸ਼ਿੰਗਾਰਿਆ: ਮੈਂ ਤੇਰੀਆਂ ਬਾਹਾਂ ਵਿੱਚ ਕੰਗਣ ਅਤੇ ਤੇਰੇ ਗਲੇ ਵਿੱਚ ਇੱਕ ਹਾਰ ਪਾਇਆ, 12ਅਤੇ ਮੈਂ ਤੇਰੇ ਨੱਕ ਵਿੱਚ ਨੱਥ, ਤੇਰੇ ਕੰਨਾਂ ਵਿੱਚ ਮੁੰਦਰੀਆਂ ਅਤੇ ਤੇਰੇ ਸਿਰ ਉੱਤੇ ਇੱਕ ਸੁੰਦਰ ਤਾਜ ਰੱਖਿਆ। 13ਇਸ ਲਈ ਤੈਨੂੰ ਸੋਨੇ ਅਤੇ ਚਾਂਦੀ ਨਾਲ ਸ਼ਿੰਗਾਰਿਆ ਗਿਆ ਸੀ; ਅਤੇ ਤੇਰੇ ਕੱਪੜੇ ਕਤਾਨੀ, ਮਹਿੰਗੀ ਰੇਸ਼ਮੀ ਅਤੇ ਕਸੀਦਾਕਾਰੀ ਦੇ ਸਨ। ਤੇਰਾ ਭੋਜਨ ਸ਼ਹਿਦ, ਜ਼ੈਤੂਨ ਦਾ ਤੇਲ ਅਤੇ ਵਧੀਆ ਆਟਾ ਸੀ। ਤੂੰ ਬਹੁਤ ਸੁੰਦਰ ਸੀ ਅਤੇ ਤੂੰ ਰਾਣੀ ਬਣ ਗਈ। 14ਅਤੇ ਤੇਰੀ ਸੁੰਦਰਤਾ ਦੇ ਕਾਰਨ ਕੌਮਾਂ ਵਿੱਚ ਤੇਰੀ ਪ੍ਰਸਿੱਧੀ ਫੈਲ ਗਈ, ਕਿ ਤੂੰ ਮੇਰੇ ਉਸ ਪਰਤਾਪ ਨਾਲ ਜੋ ਮੈਂ ਤੈਨੂੰ ਬਖਸ਼ਿਆ ਸੀ, ਸੰਪੂਰਨ ਹੋ ਗਈ, ਦਾ ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।
15“ ‘ਪਰ ਤੂੰ ਆਪਣੀ ਸੁੰਦਰਤਾ ਤੇ ਭਰੋਸਾ ਕੀਤਾ ਅਤੇ ਆਪਣੀ ਮਸ਼ਹੂਰੀ ਕਰਕੇ ਵਿਭਚਾਰ ਕਰਨ ਲੱਗੀ। ਹਰੇਕ ਦੇ ਨਾਲ ਜਿਹੜਾ ਤੇਰੇ ਨੇੜਿਓਂ ਲੰਘਿਆ, ਉਸੇ ਨਾਲ ਤੂੰ ਵਿਭਚਾਰ ਕਰਕੇ ਤੂੰ ਉਸੇ ਦੀ ਹੀ ਬਣ ਗਈ। 16ਆਪਣੇ ਕੱਪੜੇ ਲੈ ਕੇ ਅਤੇ ਕਈ ਪ੍ਰਕਾਰ ਦੇ ਰੰਗਾਂ ਨਾਲ ਉੱਚੇ ਸਥਾਨਾਂ ਨੂੰ ਸਜਾਇਆ ਅਤੇ ਉਹਨਾਂ ਉੱਚੇ ਸਥਾਨਾਂ ਉੱਤੇ ਅਜਿਹੇ ਵਿਭਚਾਰ ਕੀਤੇ, ਜੋ ਨਾ ਕਦੀ ਹੋਏ ਤੇ ਨਾ ਹੋਣਗੇ। 17ਤੂੰ ਮੇਰੇ ਸੋਨੇ, ਚਾਂਦੀ ਦੇ ਕੀਮਤੀ ਗਹਿਣਿਆਂ ਤੋਂ ਜੋ ਮੈਂ ਤੈਨੂੰ ਦਿੱਤੇ ਸਨ, ਆਪਣੇ ਲਈ ਮਰਦਾਂ ਦੀਆਂ ਮੂਰਤੀਆਂ ਬਣਾਈਆਂ ਅਤੇ ਉਹਨਾਂ ਨਾਲ ਵਿਭਚਾਰ ਕੀਤਾ। 18ਅਤੇ ਤੂੰ ਉਹਨਾਂ ਨੂੰ ਪਹਿਨਣ ਲਈ ਆਪਣੇ ਕਢਾਈ ਵਾਲੇ ਕੱਪੜੇ ਲਏ ਅਤੇ ਤੂੰ ਉਹਨਾਂ ਦੇ ਅੱਗੇ ਮੇਰਾ ਤੇਲ ਅਤੇ ਧੂਪ ਚੜ੍ਹਾਈ। 19ਨਾਲੇ ਉਹ ਭੋਜਨ ਜੋ ਮੈਂ ਤੈਨੂੰ ਦਿੱਤਾ, ਅਰਥਾਤ ਮੈਦਾ, ਤੇਲ ਤੇ ਸ਼ਹਿਦ ਜੋ ਮੈਂ ਤੈਨੂੰ ਖੁਆਉਂਦਾ ਸੀ, ਤੂੰ ਉਹਨਾਂ ਦੇ ਸਾਹਮਣੇ ਸੁਗੰਧੀ ਦੇ ਲਈ ਰੱਖਿਆ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।
20“ ‘ਤੂੰ ਆਪਣੇ ਪੁੱਤਰਾਂ ਅਤੇ ਧੀਆਂ ਨੂੰ ਜਿਹਨਾਂ ਨੂੰ ਤੂੰ ਮੇਰੇ ਲਈ ਜਨਮ ਦਿੱਤਾ ਸੀ, ਲੈ ਕੇ ਉਹਨਾਂ ਅੱਗੇ ਬਲੀਦਾਨ ਕੀਤਾ, ਤਾਂ ਜੋ ਉਹ ਉਹਨਾਂ ਨੂੰ ਖਾ ਜਾਣ! ਕੀ ਤੇਰੀ ਜ਼ਨਾਹਕਾਰੀ ਕੋਈ ਨਿੱਕੀ ਗੱਲ ਸੀ? 21ਤੂੰ ਮੇਰੇ ਬੱਚਿਆਂ ਨੂੰ ਵੱਢ ਕੇ ਮੂਰਤੀਆਂ ਅੱਗੇ ਚੜ੍ਹਾ ਦਿੱਤਾ। 22ਤੂੰ ਆਪਣੇ ਸਾਰੇ ਘਿਣਾਉਣੇ ਕੰਮਾਂ ਵਿੱਚ ਅਤੇ ਵਿਭਚਾਰ ਕਰਦੇ ਹੋਏ, ਆਪਣੇ ਬਚਪਨ ਦੇ ਦਿਨਾਂ ਨੂੰ ਕਦੇ ਵੀ ਯਾਦ ਨਾ ਕੀਤਾ, ਜਦੋਂ ਤੂੰ ਨੰਗੀ ਧੜੰਗੀ ਤੇ ਆਪਣੇ ਲਹੂ ਵਿੱਚ ਲਿੱਬੜੀ ਹੋਈ ਸੀ।
23“ ‘ਤੁਹਾਡੇ ਉੱਤੇ ਹਾਏ ਹਾਏ! ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ। 24ਤੂੰ ਹੋਰ ਸਾਰੀਆਂ ਬੁਰਾਈਆਂ ਤੋਂ ਇਲਾਵਾ, ਤੂੰ ਆਪਣੇ ਲਈ ਇੱਕ ਟਿੱਲਾ ਬਣਾਇਆ ਅਤੇ ਹਰ ਇੱਕ ਚੌਂਕ ਵਿੱਚ ਇੱਕ ਉੱਚਾ ਅਸਥਾਨ ਬਣਾਇਆ। 25ਹਰ ਗਲੀ ਦੇ ਨੁੱਕਰ ਤੇ ਤੂੰ ਆਪਣੇ ਉੱਚੇ ਤੀਰਥ ਅਸਥਾਨ ਬਣਾਏ ਅਤੇ ਤੁੂੰ ਸੁੰਦਰਤਾ ਨੂੰ ਘਟਾਇਆ, ਤੁਹਾਡੇ ਕੋਲੋਂ ਲੰਘਣ ਵਾਲੇ ਕਿਸੇ ਵੀ ਵਿਅਕਤੀ ਨਾਲ ਆਪਣੇ ਪੈਰ ਪਸਾਰ ਲਏ। 26ਤੂੰ ਆਪਣੇ ਗੁਆਂਢੀ ਮਿਸਰੀਆਂ ਦੇ ਨਾਲ ਜੋ ਮੋਟੇ ਡਾਢੇ ਸਨ ਵਿਭਚਾਰ ਕੀਤਾ ਅਤੇ ਆਪਣੇ ਬਹੁਤੇ ਵਿਭਚਾਰ ਕਰਕੇ ਮੈਨੂੰ ਕ੍ਰੋਧਿਤ ਕੀਤਾ। 27ਇਸ ਲਈ ਮੈਂ ਤੇਰੇ ਵਿਰੁੱਧ ਆਪਣਾ ਹੱਥ ਚੁੱਕਿਆ ਅਤੇ ਤੇਰੇ ਇਲਾਕੇ ਨੂੰ ਘਟਾ ਦਿੱਤਾ; ਮੈਂ ਤੈਨੂੰ ਤੇਰੇ ਦੁਸ਼ਮਣ, ਫ਼ਲਿਸਤੀਆਂ ਦੀਆਂ ਧੀਆਂ ਦੇ ਲਾਲਚ ਦੇ ਹਵਾਲੇ ਕਰ ਦਿੱਤਾ, ਜੋ ਤੇਰੇ ਗੰਦੇ ਚਾਲ-ਚਲਣ ਤੋਂ ਹੈਰਾਨ ਸਨ। 28ਤੂੰ ਅੱਸ਼ੂਰੀਆਂ ਨਾਲ ਵੀ ਵਿਭਚਾਰ ਕੀਤਾ, ਕਿਉਂਕਿ ਤੂੰ ਸੰਤੁਸ਼ਟ ਨਹੀਂ ਹੁੰਦੀ ਸੀ; ਅਤੇ ਉਹਨਾਂ ਨਾਲ ਵਿਭਚਾਰ ਕਰਨ ਤੋਂ ਬਾਅਦ ਵੀ ਤੂੰ ਸੰਤੁਸ਼ਟ ਨਹੀਂ ਹੋਈ ਸੀ। 29ਫਿਰ ਤੂੰ ਕਸਦੀਆਂ ਦੇ ਦੇਸ ਤੱਕ ਆਪਣੇ ਵਿਭਚਾਰ ਨੂੰ ਖਿਲਾਰਿਆ, ਪਰ ਉਸ ਨਾਲ ਵੀ ਤੂੰ ਸੰਤੁਸ਼ਟ ਨਹੀਂ ਹੋਈ।
30“ ‘ਮੈਂ ਤੇਰੇ ਵਿਰੁੱਧ ਗੁੱਸੇ ਨਾਲ ਭਰਿਆ ਹੋਇਆ ਹਾਂ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ, ਤੇਰਾ ਮਨ ਕਿੰਨਾ ਨਿਰਬਲ ਹੈ ਕਿ ਤੂੰ ਇਹ ਸਭ ਕੁਝ ਕਰਦੀ ਹੈ, ਜੋ ਇੱਕ ਬੇਸ਼ਰਮ ਅਤੇ ਵੇਸਵਾ ਦਾ ਕੰਮ ਹੈ! 31ਜਦੋਂ ਤੂੰ ਹਰ ਗਲੀ ਦੇ ਕੋਨੇ ਵਿੱਚ ਆਪਣੇ ਟਿੱਲੇ ਬਣਾਇਆ ਅਤੇ ਹਰ ਜਨਤਕ ਚੌਂਕ ਵਿੱਚ ਆਪਣਾ ਉੱਚਾ ਧਰਮ ਅਸਥਾਨ ਬਣਾਇਆ, ਤੂੰ ਅਸਲ ਵਿੱਚ ਇੱਕ ਵੇਸਵਾ ਨਹੀਂ ਹੈ, ਕਿਉਂ ਜੋ ਆਪਣੇ ਕੰਮ ਲਈ ਖਰਚਾ ਨਹੀਂ ਲੈਂਦੀ।
32“ ‘ਤੂੰ ਵਿਭਚਾਰਨ ਪਤਨੀ ਹੈ! ਜਿਹੜੀ ਆਪਣੇ ਪਤੀ ਦੇ ਥਾਂ ਓਪਰੇ ਨੂੰ ਕਬੂਲ ਕਰਦੀ ਹੈ! 33ਸਾਰੀਆਂ ਵੇਸਵਾਵਾਂ ਨੂੰ ਤੋਹਫ਼ੇ ਮਿਲਦੇ ਹਨ, ਪਰ ਤੂੰ ਆਪਣੇ ਸਾਰੇ ਪ੍ਰੇਮੀਆਂ ਨੂੰ ਤੋਹਫ਼ੇ ਦਿੰਦੀ ਹੈ, ਉਹਨਾਂ ਨੂੰ ਰਿਸ਼ਵਤ ਦਿੰਦੀ ਹੈ ਤਾਂ ਜੋ ਉਹ ਚੁਫ਼ੇਰਿਓਂ ਤੇਰੇ ਕੋਲ ਆਉਣ ਅਤੇ ਤੇਰੇ ਨਾਲ ਵਿਭਚਾਰ ਕਰਨ। 34ਇਸ ਲਈ ਤੂੰ ਵਿਭਚਾਰ ਵਿੱਚ ਹੋਰਨਾਂ ਔਰਤਾਂ ਦੇ ਵਾਂਗੂੰ ਨਹੀਂ, ਕਿਉਂ ਜੋ ਵਿਭਚਾਰ ਦੇ ਲਈ ਤੇਰੇ ਪਿੱਛੇ ਕੋਈ ਨਹੀਂ ਆਉਂਦਾ, ਤੂੰ ਪੈਸੇ ਨਹੀਂ ਲੈਂਦੀ ਸਗੋਂ ਆਪ ਦਿੰਦੀ ਹੈ, ਸੋ ਤੂੰ ਓਪਰੀ ਹੈ।
35“ ‘ਇਸ ਲਈ, ਹੇ ਵਿਭਚਾਰਨ, ਯਾਹਵੇਹ ਦਾ ਬਚਨ ਸੁਣ! 36ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਕਿਉਂਕਿ ਤੂੰ ਆਪਣੀ ਲਾਲਸਾ ਨੂੰ ਵਧਾਇਆ ਅਤੇ ਆਪਣਾ ਨੰਗੇਜ਼ ਆਪਣੇ ਵਿਭਚਾਰ ਦੇ ਕਾਰਨ, ਤੂੰ ਆਪਣੇ ਪ੍ਰੇਮਿਆ ਅੱਗੇ ਖੋਲ੍ਹ ਦਿੱਤਾ ਅਤੇ ਆਪਣੀਆਂ ਸਾਰੀਆਂ ਘਿਣਾਉਣੀਆਂ ਮੂਰਤਾਂ ਦੇ ਕਾਰਨ ਅਤੇ ਤੇਰੇ ਬੱਚਿਆਂ ਦੇ ਲਹੂ ਦੇ ਕਾਰਨ ਜੋ ਤੂੰ ਉਹਨਾਂ ਦੇ ਅੱਗੇ ਚੜ੍ਹਾਇਆ, 37ਇਸ ਲਈ ਮੈਂ ਤੇਰੇ ਸਾਰੇ ਪ੍ਰੇਮੀਆਂ ਨੂੰ ਇਕੱਠਾ ਕਰਨ ਜਾ ਰਿਹਾ ਹਾਂ, ਜਿਨ੍ਹਾਂ ਨਾਲ ਤੂੰ ਸੰਬੰਧ ਬਣਾਏ, ਜਿਨ੍ਹਾਂ ਨੂੰ ਤੂੰ ਪਿਆਰ ਕੀਤਾ ਅਤੇ ਜਿਨ੍ਹਾਂ ਨੂੰ ਤੂੰ ਨਫ਼ਰਤ ਕੀਤੀ। ਮੈਂ ਉਹਨਾਂ ਨੂੰ ਚਾਰੇ ਪਾਸਿਓਂ ਤੇਰੇ ਵਿਰੁੱਧ ਇਕੱਠਾ ਕਰਾਂਗਾ ਅਤੇ ਉਹਨਾਂ ਦੇ ਸਾਹਮਣੇ ਮੈਂ ਤੇਰਾ ਪੜਦਾ ਖੋਲ੍ਹਾਂਗਾ ਤਾਂ ਜੋ ਉਹ ਤੇਰੇ ਨੰਗੇਜ ਨੂੰ ਵੇਖਣ। 38ਮੈਂ ਤੇਰਾ ਨਿਆਂ ਕਰਾਂਗਾ, ਜਿਵੇਂ ਵਿਭਚਾਰਨ ਔਰਤ ਦਾ ਅਤੇ ਲਹੂ ਵਗਦੀ ਔਰਤ ਦਾ ਨਿਆਂ ਕੀਤਾ ਜਾਂਦਾ ਹੈ ਅਤੇ ਮੈਂ ਕਹਿਰ ਅਤੇ ਅਣਖ ਦਾ ਲਹੂ ਤੇਰੇ ਉੱਤੇ ਲਿਆਵਾਂਗਾ। 39ਫਿਰ ਮੈਂ ਤੈਨੂੰ ਤੇਰੇ ਪ੍ਰੇਮੀਆਂ ਦੇ ਹਵਾਲੇ ਕਰ ਦਿਆਂਗਾ, ਅਤੇ ਉਹ ਤੇਰੇ ਟਿੱਲੇ ਢਾਹ ਦੇਣਗੇ ਅਤੇ ਤੇਰੇ ਉੱਚੇ ਸਥਾਨਾਂ ਨੂੰ ਤਬਾਹ ਕਰ ਦੇਣਗੇ। ਉਹ ਤੇਰੇ ਕੱਪੜੇ ਉਤਾਰ ਦੇਣਗੇ ਅਤੇ ਤੇਰੇ ਸਭ ਤੋਂ ਵਧੀਆ ਗਹਿਣੇ ਲੈ ਜਾਣਗੇ ਅਤੇ ਤੈਨੂੰ ਪੂਰੀ ਤਰ੍ਹਾਂ ਨੰਗਾ ਛੱਡ ਦੇਣਗੇ। 40ਉਹ ਤੇਰੇ ਵਿਰੁੱਧ ਇੱਕ ਭੀੜ ਲਿਆਉਣਗੇ, ਜੋ ਤੈਨੂੰ ਪੱਥਰ ਮਾਰਨਗੇ ਅਤੇ ਆਪਣੀਆਂ ਤਲਵਾਰਾਂ ਨਾਲ ਤੇਰੇ ਟੁਕੜੇ-ਟੁਕੜੇ ਕਰਨਗੇ। 41ਉਹ ਤੇਰੇ ਘਰਾਂ ਨੂੰ ਸਾੜ ਦੇਣਗੇ ਅਤੇ ਬਹੁਤ ਸਾਰੀਆਂ ਔਰਤਾਂ ਦੇ ਸਾਹਮਣੇ ਤੈਨੂੰ ਸਜ਼ਾ ਦੇਣਗੇ। ਮੈਂ ਤੇਰੇ ਵਿਭਚਾਰ ਨੂੰ ਰੋਕ ਦਿਆਂਗਾ, ਅਤੇ ਤੂੰ ਹੁਣ ਆਪਣੇ ਪ੍ਰੇਮੀਆਂ ਨੂੰ ਭੁਗਤਾਨ ਨਹੀਂ ਕਰੇਂਗਾ। 42ਫਿਰ ਤੇਰੇ ਵਿਰੁੱਧ ਮੇਰਾ ਕ੍ਰੋਧ ਘੱਟ ਜਾਵੇਗਾ ਅਤੇ ਮੇਰਾ ਈਰਖਾਲੂ ਕ੍ਰੋਧ ਤੇਰੇ ਤੋਂ ਹਟ ਜਾਵੇਗਾ। ਮੈਂ ਸ਼ਾਂਤ ਰਹਾਂਗਾ ਅਤੇ ਹੁਣ ਗੁੱਸੇ ਨਹੀਂ ਹੋਵਾਂਗਾ।
43“ ‘ਕਿਉਂਕਿ ਤੂੰ ਆਪਣੀ ਜਵਾਨੀ ਦੇ ਦਿਨਾਂ ਨੂੰ ਯਾਦ ਨਹੀਂ ਕੀਤਾ ਪਰ ਇਨ੍ਹਾਂ ਸਾਰੀਆਂ ਗੱਲਾਂ ਨਾਲ ਮੈਨੂੰ ਕ੍ਰੋਧਿਤ ਕੀਤਾ, ਮੈਂ ਤੇਰੇ ਸਿਰ ਉੱਤੇ ਜੋ ਕੁਝ ਤੂੰ ਕੀਤਾ ਹੈ ਉਹ ਜ਼ਰੂਰ ਹੇਠਾਂ ਲਿਆਵਾਂਗਾ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ। ਕੀ ਤੂੰ ਆਪਣੇ ਹੋਰ ਸਾਰੇ ਘਿਣਾਉਣੇ ਕੰਮਾਂ ਵਿੱਚ ਅਸ਼ਲੀਲਤਾ ਨਹੀਂ ਜੋੜੀ?
44“ ‘ਸਾਰੇ ਕਹਾਉਤਾਂ ਆਖਣ ਵਾਲੇ ਤੇਰੇ ਵਿਰੁੱਧ ਇਹ ਕਹਾਵਤ ਆਖਣਗੇ ਕਿ “ਜਿਵੇਂ ਦੀ ਮਾਂ ਉਸੇ ਤਰ੍ਹਾਂ ਦੀ ਧੀ।” 45ਤੂੰ ਆਪਣੀ ਮਾਂ ਦੀ ਸੱਚੀ ਧੀ ਹੈ, ਜਿਸ ਨੇ ਆਪਣੇ ਪਤੀ ਅਤੇ ਆਪਣੇ ਬੱਚਿਆਂ ਨੂੰ ਤੁੱਛ ਸਮਝਿਆ; ਅਤੇ ਤੂੰ ਆਪਣੀਆਂ ਭੈਣਾਂ ਦੀ ਸੱਚੀ ਭੈਣ ਹੈ, ਜਿਸ ਨੇ ਆਪਣੇ ਪਤੀਆਂ ਅਤੇ ਉਹਨਾਂ ਦੇ ਬੱਚਿਆਂ ਨੂੰ ਤੁੱਛ ਸਮਝਿਆ ਸੀ। ਤੇਰੀ ਮਾਤਾ ਹਿੱਤੀ ਸੀ ਅਤੇ ਤੇਰਾ ਪਿਤਾ ਅਮੋਰੀ ਸੀ। 46ਤੇਰੀ ਵੱਡੀ ਭੈਣ ਸਾਮਰਿਯਾ ਹੈ, ਜੋ ਤੇਰੇ ਖੱਬੇ ਪਾਸੇ ਵੱਸਦੀ ਹੈ, ਉਹ ਅਤੇ ਉਹ ਦੀਆਂ ਧੀਆਂ, ਅਤੇ ਤੇਰੀ ਛੋਟੀ ਭੈਣ ਜੋ ਤੇਰੇ ਸੱਜੇ ਪਾਸੇ ਵੱਸਦੀ ਹੈ, ਸੋਦੋਮ ਅਤੇ ਉਸ ਦੀਆਂ ਧੀਆਂ ਹਨ। 47ਤੂੰ ਕੇਵਲ ਉਹਨਾਂ ਦੇ ਰਾਹਾਂ ਉੱਤੇ ਨਹੀਂ ਤੁਰ੍ਹੀ ਅਤੇ ਕੇਵਲ ਉਹਨਾਂ ਵਰਗੇ ਘਿਣਾਉਣੇ ਕੰਮ ਨਹੀਂ ਕੀਤੇ, ਜਾਣੋ ਇਹ ਤਾਂ ਇੱਕ ਨਿੱਕੀ ਜਿਹੀ ਗੱਲ ਸੀ, ਸਗੋਂ ਤੂੰ ਉਹਨਾਂ ਨਾਲੋਂ ਆਪਣਿਆਂ ਸਾਰਿਆਂ ਮਾਰਗਾਂ ਵਿੱਚ ਬਹੁਤ ਭੈੜੀ ਨਿੱਕਲੀ। 48ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ ਕਿ ਮੈਂ ਜਿਉਂਦਾ ਹਾਂ, ਸੱਚਮੁੱਚ, ਤੇਰੀ ਭੈਣ ਸੋਦੋਮ ਅਤੇ ਉਸ ਦੀਆਂ ਧੀਆਂ ਨੇ ਕਦੇ ਵੀ ਉਹ ਨਹੀਂ ਕੀਤਾ ਜੋ ਤੂੰ ਅਤੇ ਤੇਰੀਆਂ ਧੀਆਂ ਨੇ ਕੀਤਾ ਹੈ।
49“ ‘ਹੁਣ ਤੇਰੀ ਭੈਣ ਸੋਦੋਮ ਦਾ ਇਹ ਪਾਪ ਸੀ: ਉਹ ਅਤੇ ਉਸ ਦੀਆਂ ਧੀਆਂ ਹੰਕਾਰੀ, ਬਹੁਤ ਜ਼ਿਆਦਾ ਅਤੇ ਬੇਫਿਕਰ ਸਨ; ਉਹਨਾਂ ਨੇ ਗਰੀਬਾਂ ਅਤੇ ਲੋੜਵੰਦਾਂ ਦੀ ਮਦਦ ਨਹੀਂ ਕੀਤੀ। 50ਉਹ ਹੰਕਾਰੀ ਸਨ ਅਤੇ ਮੇਰੇ ਸਾਹਮਣੇ ਘਿਣਾਉਣੀਆਂ ਗੱਲਾਂ ਕਰਦੀਆਂ ਸਨ। ਇਸ ਲਈ ਮੈਂ ਉਹਨਾਂ ਨੂੰ ਦੂਰ ਕਰ ਦਿੱਤਾ ਜਿਵੇਂ ਤੂੰ ਦੇਖਿਆ ਹੈ। 51ਸਾਮਰਿਯਾ ਨੇ ਤੇਰੇ ਨਾਲੋਂ ਅੱਧੇ ਪਾਪ ਵੀ ਨਹੀਂ ਕੀਤੇ। ਤੂੰ ਉਹਨਾਂ ਨਾਲੋਂ ਵੀ ਵੱਧ ਘਿਣਾਉਣੇ ਕੰਮ ਕੀਤੇ ਹਨ, ਅਤੇ ਆਪਣੀਆਂ ਭੈਣਾਂ ਨੂੰ ਇਨ੍ਹਾਂ ਸਾਰੀਆਂ ਗੱਲਾਂ ਦੁਆਰਾ ਧਰਮੀ ਬਣਾਇਆ ਹੈ। 52ਇਸ ਲਈ ਤੂੰ ਆਪ ਜੋ ਆਪਣੀਆਂ ਭੈਣਾਂ ਨੂੰ ਦੋਸ਼ੀ ਠਹਿਰਉਂਦੀ ਹੈ, ਇਹਨਾਂ ਪਾਪਾਂ ਦੇ ਕਾਰਨ ਜੋ ਤੂੰ ਕੀਤੇ, ਜੋ ਉਹਨਾਂ ਦੇ ਪਾਪਾਂ ਨਾਲੋਂ ਬਹੁਤ ਘਿਣਾਉਣੇ ਹਨ, ਤੂੰ ਸ਼ਰਮਿੰਦੀ ਹੋ। ਉਹ ਤੇਰੇ ਨਾਲੋਂ ਧਰਮੀ ਹਨ, ਇਸ ਲਈ ਤੂੰ ਸ਼ਰਮਿੰਦੀ ਹੋ ਅਤੇ ਸ਼ਰਮ ਕਰ ਕਿਉਂ ਜੋ ਤੇਰੀਆਂ ਭੈਣਾਂ ਤੇਰੇ ਨਾਲੋਂ ਧਰਮੀ ਜਾਪਦੀਆਂ ਹਨ।
53“ ‘ਪਰ ਮੈਂ ਸੋਦੋਮ ਅਤੇ ਉਸ ਦੀਆਂ ਧੀਆਂ ਅਤੇ ਸਾਮਰਿਯਾ ਅਤੇ ਉਸ ਦੀਆਂ ਧੀਆਂ ਅਤੇ ਤੇਰੀ ਕਿਸਮਤ ਨੂੰ ਉਹਨਾਂ ਦੇ ਨਾਲ ਬਹਾਲ ਕਰ ਦਿਆਂਗਾ, 54ਤਾਂ ਜੋ ਤੁਸੀਂ ਆਪਣੀ ਬੇਇੱਜ਼ਤੀ ਆਪ ਝੱਲ ਸਕੇ ਅਤੇ ਉਹਨਾਂ ਨੂੰ ਦਿਲਾਸਾ ਦੇਣ ਲਈ ਜੋ ਕੁਝ ਕੀਤਾ ਹੈ ਉਸ ਤੋਂ ਸ਼ਰਮਿੰਦਾ ਹੋਵੋ। 55ਤੇਰੀਆਂ ਭੈਣਾਂ ਸੋਦੋਮ ਅਤੇ ਸਾਮਰਿਯਾ ਆਪਣੀਆਂ ਧੀਆਂ ਸਮੇਤ ਮੁੜ ਪਹਿਲੀ ਹਾਲਤ ਤੇ ਆ ਜਾਣਗੀਆਂ, ਤੂੰ ਅਤੇ ਤੇਰੀਆਂ ਧੀਆਂ ਮੁੜ ਆਪਣੀ ਪਹਿਲੀ ਹਾਲਤ ਤੇ ਆ ਜਾਣਗੀਆਂ। 56ਤੂੰ ਆਪਣੇ ਘਮੰਡ ਦੇ ਦਿਨਾਂ ਵਿੱਚ ਆਪਣੀ ਭੈਣ ਸੋਦੋਮ ਦਾ ਨਾਮ ਆਪਣੇ ਮੂੰਹ ਨਾਲ ਨਹੀਂ ਲੈਂਦੀ ਸੀ 57ਆਪਣੀ ਦੁਸ਼ਟਤਾ ਦੇ ਪਰਦਾਫਾਸ਼ ਹੋਣ ਤੋਂ ਪਹਿਲਾਂ, ਅਰਾਮ ਦੀਆਂ ਧੀਆਂ ਨੇ ਅਤੇ ਉਹਨਾਂ ਸਾਰੀਆਂ ਨੇ ਜੋ ਉਹਨਾਂ ਦੇ ਆਲੇ-ਦੁਆਲੇ ਸਨ ਤੈਨੂੰ ਨਫ਼ਰਤ ਕੀਤੀ ਅਤੇ ਫ਼ਲਿਸਤੀਆਂ ਦੀਆਂ ਧੀਆਂ ਨੇ ਚਾਰੇ ਪਾਸਿਓਂ ਤੋਂ ਤੈਨੂੰ ਬੁਰਾ ਆਖਿਆ। 58ਤੂੰ ਆਪਣੇ ਲੁੱਚ-ਪੁਣੇ ਨੂੰ ਅਤੇ ਘਿਰਣਾ ਜੋਗ ਕੰਮਾਂ ਨੂੰ ਚੁੱਕਿਆ ਹੈ, ਯਾਹਵੇਹ ਦਾ ਐਲਾਨ ਹੈ।
59“ ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਮੈਂ ਤੇਰੇ ਨਾਲ ਇਹੋ ਜਿਹਾ ਵਰਤਾਓ ਕਰਾਂਗਾ ਜਿਹੋ ਜਿਹੇ ਕੰਮ ਤੂੰ ਕੀਤੇ, ਇਸ ਲਈ ਕਿ ਤੂੰ ਨੇਮ ਦੇ ਤੋੜਨ ਵਿੱਚ ਸਹੁੰ ਨੂੰ ਤੁੱਛ ਸਮਝਿਆ। 60ਫਿਰ ਵੀ ਮੈਂ ਉਸ ਨੇਮ ਨੂੰ ਚੇਤੇ ਰੱਖਾਂਗਾ ਜੋ ਮੈਂ ਤੇਰੇ ਨਾਲ ਤੇਰੀ ਜਵਾਨੀ ਦੇ ਦਿਨਾਂ ਵਿੱਚ ਕੀਤਾ ਸੀ, ਅਤੇ ਮੈਂ ਤੇਰੇ ਨਾਲ ਇੱਕ ਸਦੀਵੀ ਨੇਮ ਕਾਇਮ ਕਰਾਂਗਾ। 61ਜਦੋਂ ਤੂੰ ਆਪਣੀ ਛੋਟੀ ਤੇ ਵੱਡੀ ਭੈਣ ਨੂੰ ਆਪਣੇ ਨਾਲ ਮਿਲਾਵੇਂਗੀ, ਤਦ ਤੂੰ ਆਪਣੀਆਂ ਪਿੱਛਲੀਆਂ ਚਾਲਾਂ ਨੂੰ ਚੇਤੇ ਕਰਕੇ ਸ਼ਰਮਿੰਦਾ ਹੋਵੇਗੀ ਅਤੇ ਮੈਂ ਉਹਨਾਂ ਨੂੰ ਧੀਆਂ ਕਰਕੇ ਤੈਨੂੰ ਦਿਆਂਗਾ, ਪਰ ਇਹ ਤੇਰੇ ਨੇਮ ਦੇ ਅਨੁਸਾਰ ਨਹੀਂ ਹੈ। 62ਇਸ ਲਈ ਮੈਂ ਤੇਰੇ ਨਾਲ ਆਪਣਾ ਨੇਮ ਕਾਇਮ ਕਰਾਂਗਾ, ਅਤੇ ਤੂੰ ਜਾਣੇਗੀ ਕਿ ਮੈਂ ਯਾਹਵੇਹ ਹਾਂ। 63ਫਿਰ, ਜਦੋਂ ਮੈਂ ਤੇਰੇ ਲਈ ਤੇਰੇ ਕੀਤੇ ਸਾਰੇ ਕੰਮਾਂ ਲਈ ਪ੍ਰਾਸਚਿਤ ਕਰਾਂਗਾ, ਤਾਂ ਤੂੰ ਚੇਤੇ ਕਰੇਗੀ ਅਤੇ ਸ਼ਰਮਿੰਦਾ ਹੋਵੋਗੇ ਅਤੇ ਆਪਣੀ ਬੇਇੱਜ਼ਤੀ ਦੇ ਕਾਰਨ ਕਦੇ ਵੀ ਆਪਣਾ ਮੂੰਹ ਨਹੀਂ ਖੋਲ੍ਹੋਗੇ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।’ ”