34
ਨੇਮ ਦੀਆਂ ਫੱਟੀਆਂ
1ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, “ਪਹਿਲੀਆਂ ਫੱਟੀਆਂ ਵਾਂਗ ਪੱਥਰ ਦੀਆਂ ਦੋ ਫੱਟੀਆਂ ਘੜ੍ਹ ਅਤੇ ਮੈਂ ਉਹਨਾਂ ਉੱਤੇ ਉਹ ਸ਼ਬਦ ਲਿਖਾਂਗਾ ਜੋ ਪਹਿਲੀਆਂ ਫੱਟੀਆਂ ਉੱਤੇ ਸਨ, ਜਿਨ੍ਹਾਂ ਨੂੰ ਤੂੰ ਤੋੜ ਸੁੱਟਿਆ ਸੀ। 2ਸਵੇਰ ਨੂੰ ਤਿਆਰ ਹੋ ਕੇ ਸੀਨਾਈ ਪਹਾੜ ਉੱਤੇ ਆ ਜਾ ਅਤੇ ਉੱਥੇ ਤੂੰ ਪਹਾੜ ਦੀ ਚੋਟੀ ਉੱਤੇ ਮੇਰੇ ਲਈ ਖੜ੍ਹੇ ਰਹਿ। 3ਕੋਈ ਵੀ ਤੇਰੇ ਨਾਲ ਨਾ ਆਵੇ, ਅਤੇ ਨਾ ਹੀ ਪਹਾੜ ਤੇ ਕਿਤੇ ਵੀ ਕੋਈ ਦਿਖਾਈ ਦੇਵੇ ਅਤੇ ਨਾ ਹੀ ਉਸ ਪਹਾੜ ਦੇ ਨੇੜੇ ਇੱਜੜਾਂ ਜਾਂ ਵੱਗਾਂ ਨੂੰ ਚਰਣ ਦੇਣ।”
4ਇਸ ਲਈ ਮੋਸ਼ੇਹ ਨੇ ਪਹਿਲਾ ਵਾਂਗ ਪੱਥਰ ਦੀਆਂ ਦੋ ਫੱਟੀਆਂ ਘੜ੍ਹ ਕੇ ਬਣਾਈਆਂ ਅਤੇ ਸਵੇਰ ਨੂੰ ਸੀਨਾਈ ਪਹਾੜ ਉੱਤੇ ਚੜ੍ਹ ਗਿਆ, ਜਿਵੇਂ ਕਿ ਯਾਹਵੇਹ ਨੇ ਉਸਨੂੰ ਹੁਕਮ ਦਿੱਤਾ ਸੀ ਅਤੇ ਉਸਨੇ ਪੱਥਰ ਦੀਆਂ ਦੋ ਫੱਟੀਆਂ ਆਪਣੇ ਹੱਥਾਂ ਵਿੱਚ ਚੁੱਕੀਆਂ। 5ਤਦ ਯਾਹਵੇਹ ਬੱਦਲ ਵਿੱਚ ਹੇਠਾਂ ਆਇਆ ਅਤੇ ਉੱਥੇ ਉਸ ਦੇ ਨਾਲ ਖੜ੍ਹਾ ਹੋ ਗਿਆ ਅਤੇ ਆਪਣੇ ਨਾਮ ਯਾਹਵੇਹ ਦਾ ਐਲਾਨ ਕੀਤਾ। 6ਅਤੇ ਯਾਹਵੇਹ ਮੋਸ਼ੇਹ ਦੇ ਸਾਹਮਣੇ ਲੰਘਦਾ ਹੋਇਆ, ਇਹ ਐਲਾਨ ਕੀਤਾ, “ਯਾਹਵੇਹ, ਜੋ ਯਾਹਵੇਹ ਪਰਮੇਸ਼ਵਰ, ਦਿਆਲੂ ਅਤੇ ਕਿਰਪਾਲੂ ਹੈ, ਕ੍ਰੋਧ ਕਰਨ ਵਿੱਚ ਧੀਰਜ, ਪਿਆਰ ਅਤੇ ਵਫ਼ਾਦਾਰੀ ਵਿੱਚ ਭਰਪੂਰ, 7ਹਜ਼ਾਰਾਂ ਲੋਕਾਂ ਨਾਲ ਪਿਆਰ ਬਣਾਈ ਰੱਖਣ ਵਾਲਾ ਅਤੇ ਬੁਰਾਈ, ਬਗਾਵਤ ਅਤੇ ਪਾਪ ਨੂੰ ਮਾਫ਼ ਕਰਨ ਵਾਲਾ, ਫਿਰ ਵੀ ਉਹ ਦੋਸ਼ੀ ਨੂੰ ਸਜ਼ਾ ਤੋਂ ਬਿਨਾਂ ਨਹੀਂ ਛੱਡਦਾ। ਉਹ ਉਹਨਾਂ ਦੇ ਕੁਧਰਮ ਉਹਨਾਂ ਦੇ ਪੁੱਤਰਾਂ ਉੱਤੇ ਅਤੇ ਪੁੱਤਰਾਂ ਦੇ ਉੱਤੇ ਤੀਜੀ ਚੌਥੀ ਪੀੜ੍ਹੀ ਤੱਕ ਬਦਲਾ ਲੈਣ ਵਾਲਾ ਹੈ।”
8ਮੋਸ਼ੇਹ ਨੇ ਉਸੇ ਵੇਲੇ ਜ਼ਮੀਨ ਉੱਤੇ ਝੁਕ ਕੇ ਮੱਥਾ ਟੇਕਿਆ। 9ਉਸ ਆਖਿਆ, “ਹੇ ਪ੍ਰਭੂ ਜੇਕਰ ਮੈਨੂੰ ਤੇਰੀ ਨਿਗਾਹ ਵਿੱਚ ਕਿਰਪਾ ਮਿਲੀ ਹੈ ਤਾਂ ਯਾਹਵੇਹ ਸਾਡੇ ਨਾਲ ਚੱਲੇ। ਭਾਵੇਂ ਇਹ ਕਠੋਰ ਲੋਕ ਹਨ, ਸਾਡੀ ਬਦੀ ਅਤੇ ਸਾਡੇ ਪਾਪ ਨੂੰ ਮਾਫ਼ ਕਰ ਅਤੇ ਸਾਨੂੰ ਆਪਣੇ ਅਧਿਕਾਰੀ ਬਣਾ।”
10ਫਿਰ ਯਾਹਵੇਹ ਨੇ ਕਿਹਾ, “ਮੈਂ ਤੇਰੇ ਨਾਲ ਇੱਕ ਨੇਮ ਬੰਨ੍ਹਦਾ ਹਾਂ। ਮੈਂ ਤੁਹਾਡੇ ਸਾਰੇ ਲੋਕਾਂ ਦੇ ਸਾਹਮਣੇ ਉਹ ਅਚੰਭੇ ਕਰਾਂਗਾ ਜੋ ਦੁਨੀਆਂ ਦੀ ਕਿਸੇ ਕੌਮ ਵਿੱਚ ਪਹਿਲਾਂ ਕਦੇ ਨਹੀਂ ਹੋਏ। ਜਿਨ੍ਹਾਂ ਲੋਕਾਂ ਵਿੱਚ ਤੂੰ ਰਹਿੰਦਾ ਹੈ ਉਹ ਦੇਖਣਗੇ ਕਿ ਉਹ ਕੰਮ ਕਿੰਨੇ ਹੀ ਸ਼ਾਨਦਾਰ ਹਨ ਜੋ ਮੈਂ, ਯਾਹਵੇਹ, ਤੁਹਾਡੇ ਲਈ ਕਰਾਂਗਾ। 11ਅੱਜ ਜੋ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ ਉਸ ਦੀ ਪਾਲਣਾ ਕਰੋ। ਮੈਂ ਤੁਹਾਡੇ ਅੱਗੇ ਅਮੋਰੀਆਂ, ਕਨਾਨੀਆਂ, ਹਿੱਤੀਆਂ, ਪਰਿੱਜ਼ੀਆਂ, ਹਿੱਵੀਆਂ ਅਤੇ ਯਬੂਸੀਆਂ ਨੂੰ ਬਾਹਰ ਕੱਢ ਦਿਆਂਗਾ। 12ਸਾਵਧਾਨ ਰਹੋ! ਤੁਸੀਂ ਦੇਸ਼ ਵਿੱਚ ਰਹਿਣ ਵਾਲੇ ਲੋਕਾਂ ਨਾਲ ਨੇਮ ਨਾ ਬੰਨਣਾ ਜਿੱਥੇ ਤੁਸੀਂ ਜਾ ਰਹੇ ਹੋ, ਨਹੀਂ ਤਾਂ ਉਹ ਤੁਹਾਡੇ ਲਈ ਫੰਦਾ ਬਣ ਜਾਣਗੇ। 13ਉਹਨਾਂ ਦੀਆਂ ਜਗਵੇਦੀਆਂ ਨੂੰ ਢਾਹ ਦਿਓ, ਉਹਨਾਂ ਦੇ ਪੱਥਰਾਂ ਨੂੰ ਤੋੜ ਸੁੱਟੋ ਅਤੇ ਉਹਨਾਂ ਦੇ ਅਸ਼ੇਰਾਹ ਦੇਵੀ ਦੇ ਥੰਮ੍ਹਾਂ ਨੂੰ ਵੱਢ ਸੁੱਟੋ। 14ਕਿਸੇ ਹੋਰ ਦੇਵਤੇ ਦੀ ਪੂਜਾ ਨਾ ਕਰੋ ਕਿਉਂਕਿ ਯਾਹਵੇਹ, ਜਿਸਦਾ ਨਾਮ ਅਣਖ ਹੈ, ਇੱਕ ਅਣਖ ਵਾਲਾ ਪਰਮੇਸ਼ਵਰ ਹੈ।
15“ਸਾਵਧਾਨ ਰਹੋ! ਤੁਸੀਂ ਦੇਸ਼ ਵਿੱਚ ਰਹਿਣ ਵਾਲੇ ਲੋਕਾਂ ਨਾਲ ਨੇਮ ਨਾ ਬੰਨਣਾ ਕਿਉਂਕਿ ਜਦੋਂ ਉਹ ਆਪਣੇ ਦੇਵਤਿਆਂ ਦੇ ਪਿੱਛੇ ਵਿਭਚਾਰ ਕਰਨ ਅਤੇ ਉਹਨਾਂ ਨੂੰ ਬਲੀਆਂ ਚੜ੍ਹਾਉਣ, ਤਾਂ ਉਹ ਤੁਹਾਨੂੰ ਸੱਦਾ ਦੇਣਗੇ ਅਤੇ ਤੁਸੀਂ ਉਹਨਾਂ ਦੀਆਂ ਬਲੀਆਂ ਖਾਓਗੇ। 16ਅਤੇ ਜਦੋਂ ਤੁਸੀਂ ਉਹਨਾਂ ਦੀਆਂ ਕੁਝ ਧੀਆਂ ਨੂੰ ਆਪਣੇ ਪੁੱਤਰਾਂ ਲਈ ਪਤਨੀਆਂ ਵਜੋਂ ਚੁਣੋ ਅਤੇ ਉਹਨਾਂ ਦੀਆ ਧੀਆਂ ਆਪਣੇ ਦੇਵਤਿਆਂ ਦੇ ਪਿੱਛੇ ਵਿਭਚਾਰ ਕਰਨ, ਤਾਂ ਉਹ ਤੁਹਾਡੇ ਪੁੱਤਰਾਂ ਨੂੰ ਵੀ ਅਜਿਹਾ ਕਰਾਉਣ।
17“ਕਿਸੇ ਵੀ ਦੇਵਤਿਆਂ ਦੀਆ ਮੂਰਤੀਆਂ ਨਾ ਬਣਾਓ।
18“ਤੁਸੀਂ ਖਮੀਰ ਰਹਿਤ ਰੋਟੀ ਦਾ ਤਿਉਹਾਰ ਮਨਾਓ। ਸੱਤ ਦਿਨਾਂ ਤੱਕ ਬਿਨਾਂ ਖਮੀਰ ਦੀ ਰੋਟੀ ਖਾਓ, ਜਿਵੇਂ ਮੈਂ ਤੁਹਾਨੂੰ ਹੁਕਮ ਦਿੱਤਾ ਸੀ। ਇਹ ਅਵੀਵ ਦੇ ਮਹੀਨੇ ਵਿੱਚ ਨਿਸ਼ਚਿਤ ਸਮੇਂ ਉੱਤੇ ਕਰੋ ਕਿਉਂ ਜੋ ਤੁਸੀਂ ਉਸੇ ਮਹੀਨੇ ਮਿਸਰ ਵਿੱਚੋਂ ਬਾਹਰ ਨਿੱਕਲ ਆਏ ਸੀ।
19“ਹਰ ਕੁੱਖ ਦਾ ਪਹਿਲੌਠਾ ਮੇਰਾ ਹੈ, ਜਿਸ ਵਿੱਚ ਤੁਹਾਡੇ ਬਲਦਾਂ ਦੇ ਸਾਰੇ ਪਹਿਲੌਠੇ ਨਰ ਵੀ ਸ਼ਾਮਲ ਹਨ, ਭਾਵੇਂ ਉਹ ਭੇਡਾਂ ਵਿੱਚੋਂ ਹੋਵੇ ਜਾਂ ਬੱਕਰੀਆਂ ਵਿੱਚੋਂ। 20ਗਧੀ ਦੇ ਪਹਿਲੌਠੇ ਨੂੰ ਲੇਲੇ ਦੇ ਨਾਲ ਛੁਡਾਓ, ਪਰ ਜੇ ਤੁਸੀਂ ਉਹ ਨੂੰ ਨਹੀਂ ਛੁਡਾਉਂਦੇ, ਤਾਂ ਉਸਦੀ ਗਰਦਨ ਤੋੜ ਦਿਓ ਅਤੇ ਆਪਣੇ ਸਾਰੇ ਜੇਠੇ ਪੁੱਤਰਾਂ ਨੂੰ ਛੁਡਾਓ।
“ਕੋਈ ਵੀ ਮੇਰੇ ਸਾਹਮਣੇ ਖਾਲੀ ਹੱਥ ਨਹੀਂ ਆਵੇ।
21“ਛੇ ਦਿਨ ਮਿਹਨਤ ਕਰਨੀ, ਪਰ ਸੱਤਵੇਂ ਦਿਨ ਆਰਾਮ ਕਰਨਾ। ਵਾਹੁਣ ਦੇ ਵੇਲੇ ਅਤੇ ਵਾਢੀ ਦੇ ਵੇਲੇ ਤੂੰ ਅਰਾਮ ਕਰੀਂ।
22“ਕਣਕ ਦੀ ਵਾਢੀ ਦੇ ਪਹਿਲੇ ਫਲਾਂ ਦੇ ਨਾਲ ਹਫ਼ਤਿਆਂ ਦਾ ਤਿਉਹਾਰ, ਅਤੇ ਸਾਲ ਦੇ ਅੰਤ ਵਿੱਚ ਫਸਲ ਸਾਂਭਣ ਦਾ ਤਿਉਹਾਰ ਮਨਾਈ। 23ਸਾਲ ਵਿੱਚ ਤਿੰਨ ਵਾਰ ਤੁਹਾਡੇ ਸਾਰੇ ਆਦਮੀ ਸਰਬਸ਼ਕਤੀਮਾਨ ਯਾਹਵੇਹ, ਇਸਰਾਏਲ ਦੇ ਯਾਹਵੇਹ ਪਰਮੇਸ਼ਵਰ ਅੱਗੇ ਹਾਜ਼ਰ ਹੋਣ। 24ਮੈਂ ਤੁਹਾਡੇ ਅੱਗੇ ਕੌਮਾਂ ਨੂੰ ਬਾਹਰ ਕੱਢ ਦਿਆਂਗਾ ਅਤੇ ਤੁਹਾਡੇ ਖੇਤਰ ਨੂੰ ਵਧਾਵਾਂਗਾ, ਅਤੇ ਕੋਈ ਵੀ ਤੁਹਾਡੀ ਧਰਤੀ ਦਾ ਲਾਲਚ ਨਹੀਂ ਕਰੇਗਾ ਜਦੋਂ ਤੁਸੀਂ ਹਰ ਸਾਲ ਤਿੰਨ ਵਾਰ ਯਾਹਵੇਹ ਤੁਹਾਡੇ ਪਰਮੇਸ਼ਵਰ ਦੇ ਅੱਗੇ ਹਾਜ਼ਰ ਹੋਣ ਲਈ ਜਾਂਦੇ ਹੋ।
25“ਮੇਰੇ ਅੱਗੇ ਬਲੀ ਦਾ ਲਹੂ ਖਮੀਰ ਵਾਲੀ ਕਿਸੇ ਵੀ ਚੀਜ਼ ਨਾਲ ਨਾ ਚੜ੍ਹਾਵੀ ਅਤੇ ਪਸਾਹ ਦੇ ਤਿਉਹਾਰ ਵਿੱਚੋਂ ਕਿਸੇ ਵੀ ਬਲੀ ਨੂੰ ਸਵੇਰ ਤੱਕ ਨਾ ਛੱਡੀ।
26“ਆਪਣੀ ਜ਼ਮੀਨ ਦੇ ਸਭ ਤੋਂ ਉੱਤਮ ਫਲਾਂ ਨੂੰ ਯਾਹਵੇਹ ਆਪਣੇ ਪਰਮੇਸ਼ਵਰ ਦੇ ਘਰ ਲਿਆਓ।
“ਬੱਕਰੀ ਦੇ ਬੱਚੇ ਨੂੰ ਉਸਦੀ ਮਾਂ ਦੇ ਦੁੱਧ ਵਿੱਚ ਨਾ ਪਕਾਓ।”
27ਤਦ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਇਹ ਸ਼ਬਦ ਲਿਖ ਲੈ ਕਿਉਂ ਜੋ ਮੈਂ ਇਨ੍ਹਾਂ ਸ਼ਬਦਾਂ ਦੇ ਅਨੁਸਾਰ ਤੇਰੇ ਅਤੇ ਇਸਰਾਏਲ ਨਾਲ ਨੇਮ ਬੰਨ੍ਹਿਆ ਹੈ।” 28ਮੋਸ਼ੇਹ ਉੱਥੇ ਯਾਹਵੇਹ ਦੇ ਨਾਲ ਚਾਲੀ ਦਿਨ ਅਤੇ ਚਾਲੀ ਰਾਤਾਂ ਬਿਨਾਂ ਰੋਟੀ ਪਾਣੀ ਖਾਧੇ ਰਿਹਾ ਫਿਰ ਉਸਨੇ ਫੱਟੀਆਂ ਉੱਤੇ ਨੇਮ ਦੇ ਦਸ ਹੁਕਮ ਲਿਖੇ।
ਮੋਸ਼ੇਹ ਦਾ ਚਮਕਦਾਰ ਚਿਹਰਾ
29ਜਦੋਂ ਮੋਸ਼ੇਹ ਆਪਣੇ ਹੱਥਾਂ ਵਿੱਚ ਨੇਮ ਦੇ ਕਾਨੂੰਨ ਦੀਆਂ ਦੋ ਤੱਖ਼ਤੀਆ ਲੈ ਕੇ ਸੀਨਾਈ ਪਹਾੜ ਤੋਂ ਹੇਠਾਂ ਆਇਆ, ਤਾਂ ਉਸਨੂੰ ਪਤਾ ਨਹੀਂ ਸੀ ਕਿ ਉਸਦਾ ਚਿਹਰਾ ਯਾਹਵੇਹ ਨਾਲ ਗੱਲ ਕਰਨ ਨਾਲ ਚਮਕਦਾਰ ਸੀ। 30ਜਦੋਂ ਹਾਰੋਨ ਅਤੇ ਇਸਰਾਏਲ ਦੇ ਸਾਰੇ ਲੋਕਾਂ ਨੇ ਮੋਸ਼ੇਹ ਨੂੰ ਦੇਖਿਆ, ਤਾਂ ਉਸਦਾ ਚਿਹਰਾ ਚਮਕਦਾਰ ਸੀ ਅਤੇ ਉਹ ਉਸਦੇ ਨੇੜੇ ਆਉਣ ਤੋਂ ਡਰਦੇ ਸਨ। 31ਪਰ ਮੋਸ਼ੇਹ ਨੇ ਉਹਨਾਂ ਨੂੰ ਬੁਲਾਇਆ; ਇਸ ਲਈ ਹਾਰੋਨ ਅਤੇ ਮੰਡਲੀ ਦੇ ਸਾਰੇ ਆਗੂ ਉਸਦੇ ਕੋਲ ਵਾਪਸ ਆਏ ਅਤੇ ਉਸਨੇ ਉਹਨਾਂ ਨਾਲ ਗੱਲ ਕੀਤੀ। 32ਇਸ ਤੋਂ ਬਾਅਦ ਸਾਰੇ ਇਸਰਾਏਲੀ ਉਸ ਦੇ ਨੇੜੇ ਆਏ ਅਤੇ ਉਸ ਨੇ ਉਹਨਾਂ ਨੂੰ ਉਹ ਸਾਰੇ ਹੁਕਮ ਦਿੱਤੇ ਜੋ ਯਾਹਵੇਹ ਨੇ ਉਸ ਨੂੰ ਸੀਨਾਈ ਪਹਾੜ ਉੱਤੇ ਦਿੱਤੇ ਸਨ।
33ਜਦੋਂ ਮੋਸ਼ੇਹ ਨੇ ਉਹਨਾਂ ਨਾਲ ਗੱਲ ਕਰ ਲਈ, ਉਸਨੇ ਆਪਣੇ ਚਿਹਰੇ ਉੱਤੇ ਪਰਦਾ ਪਾ ਲਿਆ। 34ਪਰ ਜਦੋਂ ਵੀ ਮੋਸ਼ੇਹ ਯਾਹਵੇਹ ਨਾਲ ਗੱਲ ਕਰਨ ਲਈ ਉਸ ਦੀ ਹਜ਼ੂਰੀ ਵਿੱਚ ਦਾਖਲ ਹੁੰਦਾ ਸੀ, ਉਹ ਬਾਹਰ ਆਉਣ ਤੱਕ ਪਰਦਾ ਹਟਾ ਦਿੰਦਾ ਸੀ ਅਤੇ ਜਦੋਂ ਉਹ ਬਾਹਰ ਆਇਆ ਅਤੇ ਇਸਰਾਏਲੀਆਂ ਨੂੰ ਉਹ ਗੱਲਾਂ ਦੱਸੀਆਂ ਜੋ ਉਸ ਨੂੰ ਹੁਕਮ ਦਿੱਤਾ ਗਿਆ ਸੀ। 35ਇਸਰਾਏਲੀਆਂ ਨੇ ਦੇਖਿਆ ਕਿ ਉਸਦਾ ਚਿਹਰਾ ਚਮਕਦਾਰ ਸੀ। ਫਿਰ ਮੋਸ਼ੇਹ ਆਪਣੇ ਚਿਹਰੇ ਉੱਤੇ ਪਰਦਾ ਪਾ ਲੈਂਦਾ ਸੀ ਜਦੋਂ ਤੱਕ ਉਹ ਯਾਹਵੇਹ ਨਾਲ ਗੱਲ ਕਰਨ ਲਈ ਅੰਦਰ ਨਹੀਂ ਆਉਂਦਾ ਸੀ।