27
ਬਲਦੀ ਭੇਟ ਦੀ ਵੇਦੀ
1“ਤਿੰਨ ਹੱਥ ਉੱਚੀ ਕਿੱਕਰ ਦੀ ਲੱਕੜ ਦੀ ਜਗਵੇਦੀ ਬਣਾਓ। ਇਹ ਚੌਰਸ, ਪੰਜ ਹੱਥ ਲੰਬਾ ਅਤੇ ਪੰਜ ਹੱਥ ਚੌੜਾ ਹੋਣਾ ਚਾਹੀਦਾ ਹੈ। 2ਚਾਰੇ ਕੋਨਿਆਂ ਵਿੱਚ ਇੱਕ-ਇੱਕ ਸਿੰਗ ਬਣਾਉ ਤਾਂ ਜੋ ਸਿੰਗ ਅਤੇ ਜਗਵੇਦੀ ਇੱਕ ਟੁਕੜੇ ਦੇ ਹੋਣ ਅਤੇ ਜਗਵੇਦੀ ਨੂੰ ਪਿੱਤਲ ਨਾਲ ਮੜ੍ਹ ਦਿਓ। 3ਜਗਵੇਦੀ ਤੋਂ ਸੁਆਹ ਇਕੱਠੀ ਕਰਨ ਲਈ ਭਾਂਡੇ, ਬੇਲਚੇ, ਛਿੜਕਣ ਵਾਲੇ ਕਟੋਰੇ, ਮੀਟ ਲਈ ਚਮਚੇ ਅਤੇ ਚੁੱਲੇ ਪਿੱਤਲ ਦੇ ਬਣਾਈ। 4ਇਸਦੇ ਦੇ ਸਾਰੇ ਭਾਂਡੇ ਤੂੰ ਪਿੱਤਲ ਦੇ ਬਣਾਈਂ। ਤੂੰ ਉਹ ਦੇ ਲਈ ਪਿੱਤਲ ਦੀ ਇੱਕ ਜਾਲੀਦਾਰ ਝੰਜਰੀ ਬਣਾਈਂ ਅਤੇ ਤੂੰ ਜਾਲੀ ਉੱਤੇ ਉਹ ਦੇ ਚੌਹਾਂ ਖੂੰਜਿਆਂ ਉੱਤੇ ਚਾਰ ਕੜੇ ਪਿੱਤਲ ਦੇ ਬਣਾਈਂ। 5ਇਸ ਨੂੰ ਜਗਵੇਦੀ ਦੇ ਕਿਨਾਰੇ ਦੇ ਹੇਠਾਂ ਰੱਖੋ ਤਾਂ ਜੋ ਇਹ ਜਗਵੇਦੀ ਦੇ ਅੱਧੇ ਪਾਸੇ ਹੋਵੇ। 6ਜਗਵੇਦੀ ਲਈ ਕਿੱਕਰ ਦੀ ਲੱਕੜ ਦੇ ਡੰਡੇ ਬਣਾਉ ਅਤੇ ਉਹਨਾਂ ਨੂੰ ਪਿੱਤਲ ਨਾਲ ਮੜ੍ਹ ਦਿਓ। 7ਤੂੰ ਉਹ ਦੀਆਂ ਚੋਬਾਂ ਨੂੰ ਕੜਿਆਂ ਵਿੱਚ ਪਾਵੀਂ ਅਤੇ ਉਹ ਚੋਬਾਂ ਜਗਵੇਦੀ ਦੇ ਚੁੱਕਣ ਲਈ ਦੋਹੀਂ ਪਾਸੀਂ ਹੋਣਗੀਆਂ। 8ਜਗਵੇਦੀ ਨੂੰ ਤੱਖਤਿਆਂ ਨਾਲ ਇਸ ਤਰਾਂ ਬਣਨਾ ਕਿ ਉਹ ਅੰਦਰੋਂ ਖਾਲੀ ਹੋਵੇ। ਇਹ ਉਸੇ ਤਰ੍ਹਾਂ ਬਣਾਈ ਜਾਵੇ ਜਿਸ ਦਾ ਜ਼ਿਕਰ ਪਹਾੜ ਉੱਤੇ ਕੀਤਾ ਗਿਆ ਸੀ।
ਵਿਹੜੇ ਦਾ ਨਿਰਮਾਣ
9“ਤੰਬੂ ਲਈ ਇੱਕ ਵਿਹੜਾ ਬਣਾਓ, ਦੱਖਣ ਦੇ ਪਾਸੇ ਵੱਲ ਸੌ ਹੱਥ#27:9 ਸੌ ਹੱਥ ਇਹ ਲਗਭਗ 150 ਫੁੱਟ ਲੰਮਾ ਹੋਵੇ ਅਤੇ ਉਸ ਉੱਤੇ ਉਣੇ ਹੋਏ ਵਧੀਆ ਸੂਤੀ ਪਰਦੇ ਹੋਣ। 10ਵੀਹ ਖੰਭੇ ਅਤੇ ਪਿੱਤਲ ਦੀਆਂ ਵੀਹ ਚੀਥੀਆਂ ਹੋਣ ਅਤੇ ਥੰਮ੍ਹੀਆਂ ਦੇ ਕੁੰਡੇ ਅਤੇ ਉਨ੍ਹਾਂ ਦੇ ਕੜੇ ਚਾਂਦੀ ਦੇ ਹੋਣ। 11ਇਸ ਤਰ੍ਹਾਂ ਉੱਤਰ ਦੇ ਪਾਸੇ ਵੱਲ ਸੌ ਹੱਥ ਲੰਮੇ ਪਰਦੇ ਹੋਣ ਅਤੇ ਉਨ੍ਹਾਂ ਦੀਆਂ ਥੰਮ੍ਹੀਆਂ ਵੀਹ ਅਤੇ ਉਨ੍ਹਾਂ ਦੀਆਂ ਵੀਹ ਚੀਥੀਆਂ ਪਿੱਤਲ ਦੀਆਂ ਹੋਣ ਅਤੇ ਥੰਮ੍ਹੀਆਂ ਦੇ ਕੁੰਡੇ ਅਤੇ ਉਨ੍ਹਾਂ ਦੇ ਕੜੇ ਚਾਂਦੀ ਦੇ ਹੋਣ।
12“ਵਿਹੜੇ ਦਾ ਪੱਛਮੀ ਸਿਰਾ ਪੰਜਾਹ ਹੱਥ ਚੌੜਾ ਹੋਵੇਗਾ ਅਤੇ ਉਸ ਵਿੱਚ ਪਰਦੇ ਹੋਣ, ਦਸ ਥੰਮ੍ਹੀਆਂ ਅਤੇ ਦਸ ਚੀਥੀਆਂ ਹੋਣ। 13ਪੂਰਬ ਸਿਰੇ ਉੱਤੇ, ਸੂਰਜ ਚੜ੍ਹਨ ਵੱਲ, ਵਿਹੜਾ ਵੀ ਪੰਜਾਹ ਹੱਥ ਚੌੜਾ ਹੋਵੇ। 14ਦਰਵਾਜ਼ੇ ਦੇ ਇੱਕ ਪਾਸੇ ਦੇ ਪਰਦੇ ਪੰਦਰਾਂ ਹੱਥ ਲੰਬੇ ਹੋਣ, ਅਤੇ ਉਨ੍ਹਾਂ ਦੀਆਂ ਥੰਮ੍ਹੀਆਂ ਤਿੰਨ ਅਤੇ ਉਨ੍ਹਾਂ ਦੀਆਂ ਚੀਥੀਆਂ ਤਿੰਨ ਹੋਣ, 15ਅਤੇ ਦੂਜੇ ਪਾਸੇ ਦੇ ਪਰਦੇ ਪੰਦਰਾਂ ਹੱਥ ਹੋਣ। ਉਨ੍ਹਾਂ ਦੀਆਂ ਥੰਮ੍ਹੀਆਂ ਤਿੰਨ ਅਤੇ ਉਨ੍ਹਾਂ ਦੀਆਂ ਚੀਥੀਆਂ ਤਿੰਨ ਹੋਣ।
16“ਵਿਹੜੇ ਦੇ ਦਰਵਾਜ਼ੇ ਲਈ, ਨੀਲੇ, ਬੈਂਗਣੀ ਅਤੇ ਲਾਲ ਰੰਗ ਦੇ ਧਾਗੇ ਅਤੇ ਬਾਰੀਕ ਮਰੋੜੇ ਵਧੀਆ ਸੂਤੀ ਦਾ ਇੱਕ ਵੀਹ ਹੱਥ ਲੰਮਾ ਪਰਦਾ ਇੱਕ ਕਢਾਈ ਦਾ ਕੰਮ ਚਾਰ ਖੰਭਿਆਂ ਅਤੇ ਚਾਰ ਅਧਾਰਾਂ ਵਾਲਾ ਹੋਵੇ। 17ਅਤੇ ਵਿਹੜੇ ਦੇ ਆਲੇ-ਦੁਆਲੇ ਦੀਆਂ ਸਾਰੀਆਂ ਥੰਮ੍ਹੀਆਂ ਚਾਂਦੀ ਦੀਆਂ ਲਕੀਰਾਂ ਨਾਲ ਸਜਾਈਆਂ ਹੋਈਆਂ ਹੋਣ। ਉਨ੍ਹਾਂ ਦੇ ਕੁੰਡੇ ਚਾਂਦੀ ਦੇ ਅਤੇ ਉਨ੍ਹਾਂ ਦੀਆਂ ਥੰਮ੍ਹੀਆਂ ਪਿੱਤਲ ਦੀਆਂ ਹੋਣ। 18ਵਿਹੜਾ ਸੌ ਹੱਥ ਲੰਮਾ ਅਤੇ ਪੰਜਾਹ ਹੱਥ ਚੌੜਾ ਹੋਵੇ,#27:18 ਇਹ ਲਗਭਗ 150 ਫੁੱਟ ਲੰਬਾ ਅਤੇ 75 ਫੁੱਟ ਪੰਜ ਹੱਥ ਉੱਚੇ ਬਾਰੀਕ ਮਰੋੜੇ ਵੱਧੀਆ ਸੂਤੀ ਦੇ ਪਰਦੇ ਅਤੇ ਪਿੱਤਲ ਦੀਆਂ ਨੀਹਾਂ ਵਾਲਾ ਹੋਵੇ। 19ਡੇਰੇ ਦੀ ਸੇਵਾ ਵਿੱਚ ਵਰਤੀਆਂ ਜਾਣ ਵਾਲੀਆਂ ਸਾਰੀਆਂ ਵਸਤੂਆਂ, ਜੋ ਵੀ ਉਹਨਾਂ ਦਾ ਕੰਮ ਹੈ, ਜਿਸ ਵਿੱਚ ਤੰਬੂ ਦੀਆਂ ਸਾਰੀਆਂ ਕਿੱਲੀਆਂ ਅਤੇ ਵਿਹੜੇ ਦੀਆਂ ਸਾਰੀਆਂ ਕਿੱਲੀਆਂ ਪਿੱਤਲ ਦੀਆਂ ਹੋਣੀਆਂ ਚਾਹੀਦੀਆਂ ਹਨ।
ਸ਼ਮਾਦਾਨ ਲਈ ਤੇਲ
20“ਇਸਰਾਏਲ ਦੇ ਲੋਕਾਂ ਨੂੰ ਹੁਕਮ ਦਿਓ ਕਿ ਉਹ ਤੁਹਾਡੇ ਕੋਲ ਰੋਸ਼ਨੀ ਲਈ ਜ਼ੈਤੂਨ ਦਾ ਸ਼ੁੱਧ ਤੇਲ ਲਿਆਉਣ ਤਾਂ ਜੋ ਸ਼ਮਾਦਾਨ ਸਦਾ ਬਲਦੇ ਰਹਿਣ। 21ਅਤੇ ਮੰਡਲੀ ਦੇ ਤੰਬੂ ਵਿੱਚ ਉਸ ਪਰਦੇ ਤੋਂ ਬਾਹਰ ਜਿਹੜਾ ਸਾਖੀ ਦੇ ਅੱਗੇ ਹੈ ਹਾਰੋਨ ਅਤੇ ਉਸ ਦੇ ਪੁੱਤਰ ਉਸਨੂੰ ਸ਼ਾਮ ਤੋਂ ਲੈ ਕੇ ਸਵੇਰ ਤੱਕ ਯਾਹਵੇਹ ਦੇ ਅੱਗੇ ਬਲਦਾ ਹੋਇਆ ਰੱਖਣ। ਇਹ ਸਦਾ ਲਈ ਇੱਕ ਬਿਧੀ ਪੀੜ੍ਹੀਆਂ ਤੱਕ ਇਸਰਾਏਲੀਆਂ ਵੱਲੋਂ ਹੈ।