16
ਮੰਨਾ ਅਤੇ ਬਟੇਰੇ
1ਇਸਰਾਏਲ ਦੀ ਸਾਰੀ ਕੌਮ ਏਲਿਮ ਤੋਂ ਕੂਚ ਕੀਤੀ ਅਤੇ ਮਿਸਰ ਵਿੱਚੋਂ ਨਿਕਲਣ ਤੋਂ ਬਾਅਦ ਦੂਜੇ ਮਹੀਨੇ ਦੀ ਪੰਦਰਵੀਂ ਤਾਰੀਖ਼ ਨੂੰ ਸੀਨਾਈ ਦੇ ਉਜਾੜ ਵਿੱਚ ਆਈ ਜੋ ਏਲਿਮ ਅਤੇ ਸੀਨਾਈ ਦੇ ਵਿਚਕਾਰ ਹੈ। 2ਮਾਰੂਥਲ ਵਿੱਚ ਸਾਰੀ ਇਸਰਾਏਲ ਕੌਮ ਮੋਸ਼ੇਹ ਅਤੇ ਹਾਰੋਨ ਦੇ ਵਿਰੁੱਧ ਬੁੜਬੁੜਾਉਣ ਲੱਗੀ। 3ਇਸਰਾਏਲੀਆਂ ਨੇ ਉਹਨਾਂ ਨੂੰ ਆਖਿਆ, “ਕਾਸ਼ ਅਸੀਂ ਮਿਸਰ ਵਿੱਚ ਯਾਹਵੇਹ ਦੇ ਹੱਥੋਂ ਮਰੇ ਹੁੰਦੇ! ਉੱਥੇ ਅਸੀਂ ਮਾਸ ਦੇ ਭਾਂਡੇ ਦੇ ਕੋਲ ਬੈਠ ਕੇ ਭੋਜਨ ਖਾਂਦੇ ਸੀ, ਜੋ ਅਸੀਂ ਚਾਹੁੰਦੇ ਸੀ, ਪਰ ਤੁਸੀਂ ਸਾਨੂੰ ਇਸ ਸਾਰੀ ਸਭਾ ਨੂੰ ਭੁੱਖੇ ਮਰਾਉਣ ਲਈ ਇਸ ਉਜਾੜ ਵਿੱਚ ਬਾਹਰ ਲੈ ਆਏ ਹੋ।”
4ਤਦ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, “ਮੈਂ ਤੇਰੇ ਲਈ ਸਵਰਗ ਤੋਂ ਰੋਟੀ ਵਰ੍ਹਾਵਾਂਗਾ। ਲੋਕ ਹਰ ਰੋਜ਼ ਬਾਹਰ ਜਾ ਕੇ ਇੱਕ ਦਿਨ ਦਾ ਭੋਜਨ ਉਸੇ ਦਿਨ ਇਕੱਠਾ ਕਰਨ। ਇਸ ਤਰ੍ਹਾਂ ਮੈਂ ਉਹਨਾਂ ਦੀ ਜਾਂਚ ਕਰਾਂਗਾ ਅਤੇ ਦੇਖਾਂਗਾ ਕਿ ਉਹ ਮੇਰੇ ਹੁਕਮ ਦੀ ਪਾਲਣਾ ਕਰਨਗੇ ਜਾਂ ਨਹੀਂ। 5ਛੇਵੇਂ ਦਿਨ, ਜਦੋਂ ਉਹ ਇਕੱਠੇ ਕੀਤੇ ਭੋਜਨ ਪਦਾਰਥਾਂ ਤੋਂ ਭੋਜਨ ਤਿਆਰ ਕਰਨ, ਤਾਂ ਇਹ ਦੂਜੇ ਦਿਨਾਂ ਨਾਲੋਂ ਦੁੱਗਣਾ ਹੋਵੇਗਾ ਜਿਹੜਾ ਉਹ ਨਿੱਤ ਇਕੱਠਾ ਕਰਨਗੇ।”
6ਇਸ ਲਈ ਮੋਸ਼ੇਹ ਅਤੇ ਹਾਰੋਨ ਨੇ ਸਾਰੇ ਇਸਰਾਏਲੀਆਂ ਨੂੰ ਆਖਿਆ, “ਸ਼ਾਮ ਨੂੰ ਤੁਸੀਂ ਜਾਣ ਜਾਵੋਂਗੇ ਕਿ ਇਹ ਯਾਹਵੇਹ ਹੀ ਸੀ ਜੋ ਤੁਹਾਨੂੰ ਮਿਸਰ ਵਿੱਚੋਂ ਬਾਹਰ ਲਿਆਇਆ ਸੀ। 7ਅਤੇ ਸਵੇਰ ਨੂੰ ਤੁਸੀਂ ਯਾਹਵੇਹ ਦੀ ਮਹਿਮਾ ਦੇਖੋਂਗੇ ਕਿਉਂਕਿ ਉਸਨੇ ਸੁਣਿਆ ਹੈ ਕਿ ਤੁਸੀਂ ਉਸਦੇ ਵਿਰੁੱਧ ਬੁੜ-ਬੁੜ ਕਰਦੇ ਹੋ, ਅਸੀਂ ਕੌਣ ਹਾਂ ਜੋ ਤੁਸੀਂ ਸਾਡੇ ਵਿਰੁੱਧ ਬੁੜ-ਬੁੜ ਕਰੋ?” 8ਮੋਸ਼ੇਹ ਨੇ ਇਹ ਵੀ ਕਿਹਾ, “ਤੁਸੀਂ ਜਾਣਦੇ ਹੋਵੋਗੇ ਕਿ ਇਹ ਯਾਹਵੇਹ ਹੈ ਜੋ ਤੁਹਾਨੂੰ ਸ਼ਾਮ ਨੂੰ ਖਾਣ ਲਈ ਮਾਸ ਦਿੰਦਾ ਹੈ ਅਤੇ ਸਵੇਰ ਨੂੰ ਉਹ ਰੋਟੀਆਂ ਦਿੰਦਾ ਹੈ ਜੋ ਤੁਸੀਂ ਚਾਹੁੰਦੇ ਹੋ, ਕਿਉਂਕਿ ਉਸਨੇ ਤੁਹਾਡੀ ਬੁੜ-ਬੁੜ ਸੁਣੀ ਹੈ। ਅਸੀਂ ਕੌਣ ਹਾਂ? ਤੁਸੀਂ ਸਾਡੇ ਵਿਰੁੱਧ ਨਹੀਂ, ਸਗੋਂ ਯਾਹਵੇਹ ਦੇ ਵਿਰੁੱਧ ਬੁੜ-ਬੁੜ ਕਰ ਰਹੇ ਹੋ।”
9ਫਿਰ ਮੋਸ਼ੇਹ ਨੇ ਹਾਰੋਨ ਨੂੰ ਕਿਹਾ, “ਇਸਰਾਏਲ ਦੇ ਸਾਰੇ ਲੋਕਾਂ ਨੂੰ ਆਖ, ‘ਯਾਹਵੇਹ ਦੇ ਸਾਹਮਣੇ ਆਓ, ਕਿਉਂਕਿ ਉਸਨੇ ਤੁਹਾਡੀ ਬੁੜ-ਬੁੜ ਸੁਣੀ ਹੈ।’ ”
10ਜਦੋਂ ਹਾਰੋਨ ਇਸਰਾਏਲ ਦੇ ਸਾਰੇ ਲੋਕਾਂ ਨਾਲ ਗੱਲ ਕਰ ਰਿਹਾ ਸੀ, ਤਾਂ ਉਹਨਾਂ ਨੇ ਉਜਾੜ ਵੱਲ ਦੇਖਿਆ, ਅਤੇ ਬੱਦਲ ਵਿੱਚ ਯਾਹਵੇਹ ਦਾ ਪਰਤਾਪ ਦਿਖਾਈ ਦੇ ਰਿਹਾ ਸੀ।
11ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, 12“ਮੈਂ ਇਸਰਾਏਲੀਆਂ ਦੀ ਬੁੜ-ਬੁੜ ਸੁਣੀ ਹੈ। ਉਹਨਾਂ ਨੂੰ ਆਖੋ, ‘ਸਵੇਰ ਦੇ ਵੇਲੇ ਤੁਸੀਂ ਮਾਸ ਖਾਓਗੇ, ਅਤੇ ਸਵੇਰ ਨੂੰ ਤੁਸੀਂ ਰੋਟੀ ਨਾਲ ਰੱਜ ਜਾਓਗੇ। ਫਿਰ ਤੁਸੀਂ ਜਾਣ ਜਾਵੋਂਗੇ ਕਿ ਮੈਂ ਹੀ ਤੁਹਾਡਾ ਯਾਹਵੇਹ ਪਰਮੇਸ਼ਵਰ ਹਾਂ।’ ”
13ਉਸ ਸ਼ਾਮ ਬਟੇਰਿਆਂ ਨੇ ਆ ਕੇ ਡੇਰੇ ਨੂੰ ਢੱਕ ਲਿਆ ਅਤੇ ਸਵੇਰੇ ਡੇਰੇ ਦੇ ਆਲੇ-ਦੁਆਲੇ ਤ੍ਰੇਲ ਦੀ ਪਰਤ ਸੀ। 14ਜਦੋਂ ਤ੍ਰੇਲ ਖਤਮ ਹੋ ਗਈ, ਤਾਂ ਉਹਨਾਂ ਦੇਖਿਆ ਕਿ ਧਰਤੀ ਉੱਤੇ ਇੱਕ ਪਤਲੀ ਪਰਤ ਪਈ ਹੋਈ ਹੈ ਜੋ ਬ਼ਰਫ ਵਾਂਗ ਹੈ। 15ਜਦੋਂ ਇਸਰਾਏਲੀਆਂ ਨੇ ਇਹ ਦੇਖਿਆ, ਤਾਂ ਉਹ ਇੱਕ-ਦੂਜੇ ਨੂੰ ਕਹਿਣ ਲੱਗੇ, “ਇਹ ਕੀ ਹੈ?” ਕਿਉਂਕਿ ਉਹ ਨਹੀਂ ਜਾਣਦੇ ਸਨ ਕਿ ਇਹ ਕੀ ਸੀ।
ਮੋਸ਼ੇਹ ਨੇ ਉਹਨਾਂ ਨੂੰ ਆਖਿਆ, “ਇਹ ਉਹ ਰੋਟੀ ਹੈ ਜੋ ਯਾਹਵੇਹ ਨੇ ਤੁਹਾਨੂੰ ਖਾਣ ਲਈ ਦਿੱਤੀ ਹੈ। 16ਇਹ ਉਹ ਹੈ ਜੋ ਯਾਹਵੇਹ ਨੇ ਹੁਕਮ ਦਿੱਤਾ ਹੈ ਕਿ, ‘ਹਰੇਕ ਨੂੰ ਓਨਾ ਹੀ ਇਕੱਠਾ ਕਰਨਾ ਚਾਹੀਦਾ ਹੈ ਜਿੰਨਾ ਉਹਨਾਂ ਨੂੰ ਚਾਹੀਦਾ ਹੈ। ਤੁਹਾਡੇ ਤੰਬੂ ਵਿੱਚ ਮੌਜੂਦ ਹਰੇਕ ਵਿਅਕਤੀ ਲਈ ਇੱਕ ਓਮਰ#16:16 ਓਮਰ ਲਗਭਗ 1.4 ਕਿੱਲੋਗ੍ਰਾਮ ਲਓ।’ ”
17ਇਸਰਾਏਲੀਆਂ ਨੇ ਉਵੇਂ ਹੀ ਕੀਤਾ ਜਿਵੇਂ ਉਹਨਾਂ ਨੂੰ ਕਿਹਾ ਗਿਆ ਸੀ; ਕੁਝ ਨੇ ਬਹੁਤ ਕੁਝ ਇਕੱਠਾ ਕੀਤਾ, ਕੁਝ ਨੇ ਥੋੜ੍ਹਾ। 18ਅਤੇ ਜਦੋਂ ਉਹਨਾਂ ਨੇ ਇਸਨੂੰ ਓਮਰ ਦੁਆਰਾ ਮਾਪਿਆ, ਤਾਂ ਜਿਸ ਨੇ ਵੱਧ ਇਕੱਠਾ ਕੀਤਾ ਸੀ ਉਸਦਾ ਵੱਧ ਨਾ ਨਿੱਕਲਿਆ ਅਤੇ ਜਿਸ ਨੇ ਥੋੜ੍ਹਾ ਇਕੱਠਾ ਕੀਤਾ ਉਸਦਾ ਘੱਟ ਨਾ ਨਿੱਕਲਿਆ, ਸਾਰਿਆਂ ਨੇ ਓਨਾ ਹੀ ਇਕੱਠਾ ਕੀਤਾ ਸੀ ਜਿੰਨਾ ਉਹਨਾਂ ਨੂੰ ਚਾਹੀਦਾ ਸੀ।
19ਤਦ ਮੋਸ਼ੇਹ ਨੇ ਉਹਨਾਂ ਨੂੰ ਆਖਿਆ, “ਕੋਈ ਵੀ ਇਸ ਵਿੱਚੋਂ ਸਵੇਰ ਤੱਕ ਨਹੀਂ ਰੱਖੇਗਾ।”
20ਹਾਲਾਂਕਿ, ਉਹਨਾਂ ਵਿੱਚੋਂ ਕੁਝ ਨੇ ਮੋਸ਼ੇਹ ਵੱਲ ਕੋਈ ਧਿਆਨ ਨਹੀਂ ਦਿੱਤਾ ਉਹਨਾਂ ਨੇ ਸਵੇਰ ਤੱਕ ਇਸ ਦਾ ਕੁਝ ਹਿੱਸਾ ਰੱਖਿਆ, ਪਰ ਇਹ ਕੀੜਿਆਂ ਨਾਲ ਭਰਿਆ ਹੋਇਆ ਸੀ ਅਤੇ ਦੁਰਗੰਧ ਆਉਣ ਲੱਗ ਪਿਆ ਸੀ। ਇਸ ਲਈ ਮੋਸ਼ੇਹ ਉਹਨਾਂ ਨਾਲ ਨਾਰਾਜ਼ ਸੀ।
21ਹਰ ਸਵੇਰ ਨੂੰ ਹਰ ਕੋਈ ਆਪਣੀ ਲੋੜ ਅਨੁਸਾਰ ਇਕੱਠਾ ਕਰਦਾ ਸੀ ਅਤੇ ਜਦੋਂ ਧੁੱਪ ਨਿੱਕਲਦੀ ਸੀ, ਇਹ ਪਿਘਲ ਜਾਂਦਾ ਸੀ। 22ਛੇਵੇਂ ਦਿਨ ਉਹਨਾਂ ਨੇ ਦੁੱਗਣਾ ਇਕੱਠਾ ਕੀਤਾ, ਹਰੇਕ ਵਿਅਕਤੀ ਲਈ ਦੋ-ਦੋ ਓਮਰ#16:22 ਦੋ-ਦੋ ਓਮਰ ਲਗਭਗ 2.8 ਕਿੱਲੋਗ੍ਰਾਮ ਅਤੇ ਮੰਡਲੀ ਦੇ ਸਾਰੇ ਆਗੂ ਆਏ ਅਤੇ ਮੋਸ਼ੇਹ ਨੂੰ ਇਸ ਦੀ ਖ਼ਬਰ ਦਿੱਤੀ। 23ਮੋਸ਼ੇਹ ਨੇ ਉਹਨਾਂ ਨੂੰ ਕਿਹਾ, “ਯਾਹਵੇਹ ਨੇ ਇਹ ਹੁਕਮ ਦਿੱਤਾ ਹੈ, ‘ਕੱਲ੍ਹ ਨੂੰ ਸਬਤ#16:23 ਸਬਤ ਅਰਥਾਤ ਹਫ਼ਤੇ ਦਾ ਸਤਵਾਂ ਦਿਨ ਜੋ ਅਰਾਮ ਕਰਨ ਦਾ ਪਵਿੱਤਰ ਦਿਨ ਹੈ ਦਾ ਦਿਨ, ਯਾਹਵੇਹ ਲਈ ਇੱਕ ਪਵਿੱਤਰ ਸਬਤ ਹੈ। ਇਸ ਲਈ ਜੋ ਤੁਸੀਂ ਪਕਾਉਣਾ ਚਾਹੁੰਦੇ ਹੋ ਉਸਨੂੰ ਪਕਾ ਲਓ ਅਤੇ ਜੋ ਤੁਸੀਂ ਉਬਾਲਣਾ ਚਾਹੁੰਦੇ ਹੋ ਉਸਨੂੰ ਉਬਾਲੋ। ਜੋ ਵੀ ਬਚਿਆ ਹੈ, ਉਸ ਨੂੰ ਸੰਭਾਲੋ ਅਤੇ ਸਵੇਰ ਤੱਕ ਰੱਖ ਦਿਓ।’ ”
24ਇਸ ਲਈ ਉਹਨਾਂ ਨੇ ਮੋਸ਼ੇਹ ਦੇ ਹੁਕਮ ਅਨੁਸਾਰ ਸਵੇਰ ਤੱਕ ਇਸ ਨੂੰ ਬਚਾ ਲਿਆ, ਇਸ ਤੋਂ ਬਦਬੂ ਨਹੀਂ ਆਈ ਅਤੇ ਨਾ ਹੀ ਇਸ ਵਿੱਚ ਕੀੜੇ ਨਿਕਲੇ। 25ਮੋਸ਼ੇਹ ਨੇ ਕਿਹਾ, “ਅੱਜ ਇਸ ਨੂੰ ਖਾਓ, ਕਿਉਂਕਿ ਅੱਜ ਯਾਹਵੇਹ ਲਈ ਸਬਤ ਦਾ ਦਿਨ ਹੈ। ਤੁਹਾਨੂੰ ਅੱਜ ਜ਼ਮੀਨ ਤੇ ਇਸ ਵਿੱਚੋਂ ਕੋਈ ਵੀ ਨਹੀਂ ਮਿਲੇਗਾ। 26ਛੇ ਦਿਨ ਤੁਸੀਂ ਇਸ ਨੂੰ ਇਕੱਠਾ ਕਰਨਾ ਹੈ, ਪਰ ਸੱਤਵੇਂ ਦਿਨ ਸਬਤ ਦੇ ਦਿਨ ਕੁਝ ਨਹੀਂ ਹੋਵੇਗਾ।”
27ਤਾਂ ਵੀ, ਕੁਝ ਲੋਕ ਸੱਤਵੇਂ ਦਿਨ ਇਸ ਨੂੰ ਇਕੱਠਾ ਕਰਨ ਲਈ ਬਾਹਰ ਗਏ, ਪਰ ਉਹਨਾਂ ਨੂੰ ਕੁਝ ਨਾ ਮਿਲਿਆ। 28ਤਦ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, “ਤੁਸੀਂ ਕਦ ਤੱਕ ਮੇਰੇ ਹੁਕਮਾਂ ਅਤੇ ਹਿਦਾਇਤਾਂ ਨੂੰ ਮੰਨਣ ਤੋਂ ਇਨਕਾਰ ਕਰੋਗੇ? 29ਯਾਦ ਰੱਖੋ ਕਿ ਯਾਹਵੇਹ ਨੇ ਤੁਹਾਨੂੰ ਸਬਤ ਦਿੱਤਾ ਹੈ, ਇਸ ਲਈ ਛੇਵੇਂ ਦਿਨ ਉਹ ਤੁਹਾਨੂੰ ਦੋ ਦਿਨਾਂ ਲਈ ਰੋਟੀ ਦਿੰਦਾ ਹੈ। ਹਰ ਕਿਸੇ ਨੇ ਸੱਤਵੇਂ ਦਿਨ ਜਿੱਥੇ ਉਹ ਹਨ ਉੱਥੇ ਹੀ ਰਹਿਣਾ ਹੈ ਕਿਸੇ ਨੇ ਬਾਹਰ ਨਹੀਂ ਜਾਣਾ ਹੈ।” 30ਇਸ ਲਈ ਲੋਕਾਂ ਨੇ ਸੱਤਵੇਂ ਦਿਨ ਆਰਾਮ ਕੀਤਾ।
31ਇਸਰਾਏਲ ਦੇ ਲੋਕ ਰੋਟੀ ਨੂੰ ਮੰਨ ਕਹਿੰਦੇ ਸਨ। ਇਹ ਮੰਨ ਧਣੀਏ ਦੇ ਛੋਟੇ ਸਫ਼ੇਦ ਬੀਜਾਂ ਵਰਗਾ ਸੀ ਅਤੇ ਉਸਦਾ ਸੁਆਦ ਸ਼ਹਿਦ ਨਾਲ ਬਣੇ ਪੂੜੇ ਵਰਗਾ ਸੀ 32ਮੋਸ਼ੇਹ ਨੇ ਆਖਿਆ, “ਯਾਹਵੇਹ ਨੇ ਇਹ ਹੁਕਮ ਦਿੱਤਾ ਹੈ, ‘ਮੰਨ ਦਾ ਇੱਕ ਓਮਰ ਲੈ ਕੇ ਆਉਣ ਵਾਲੀਆਂ ਪੀੜ੍ਹੀਆਂ ਲਈ ਰੱਖੋ, ਤਾਂ ਜੋ ਉਹ ਰੋਟੀ ਦੇਖ ਸਕਣ ਜੋ ਮੈਂ ਤੁਹਾਨੂੰ ਉਜਾੜ ਵਿੱਚ ਖਾਣ ਲਈ ਦਿੱਤੀ ਸੀ ਜਦੋਂ ਮੈਂ ਤੁਹਾਨੂੰ ਮਿਸਰ ਤੋਂ ਬਾਹਰ ਲਿਆਇਆ ਸੀ।’ ”
33ਇਸ ਲਈ ਮੋਸ਼ੇਹ ਨੇ ਹਾਰੋਨ ਨੂੰ ਆਖਿਆ, “ਇੱਕ ਘੜਾ ਲੈ ਅਤੇ ਉਸ ਵਿੱਚ ਮੰਨ ਦਾ ਇੱਕ ਓਮਰ ਪਾ। ਫਿਰ ਇਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਯਾਹਵੇਹ ਦੇ ਅੱਗੇ ਰੱਖ ਛੱਡਣਾ।”
34ਜਿਵੇਂ ਕਿ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ, ਹਾਰੋਨ ਨੇ ਮੰਨ ਨੂੰ ਨੇਮ ਦੀ ਬਿਵਸਥਾ ਦੀਆਂ ਫੱਟੀਆਂ ਦੇ ਨਾਲ ਪਾ ਦਿੱਤਾ, ਤਾਂ ਜੋ ਇਸਨੂੰ ਸੁਰੱਖਿਅਤ ਰੱਖਿਆ ਜਾ ਸਕੇ। 35ਇਸਰਾਏਲੀਆਂ ਨੇ ਚਾਲੀ ਸਾਲਾਂ ਤੱਕ ਮੰਨ ਖਾਧਾ, ਜਦ ਤੱਕ ਉਹ ਆਪਣੇ ਦੇਸ਼ ਵਿੱਚ ਨਾ ਆਏ। ਉਹਨਾਂ ਨੇ ਮੰਨ ਖਾਧਾ ਜਦੋਂ ਤੱਕ ਉਹ ਕਨਾਨ ਦੀ ਹੱਦ ਤੱਕ ਨਾ ਪਹੁੰਚੇ।
36(ਇੱਕ ਓਮਰ ਇੱਕ ਏਫਾਹ ਦਾ ਦਸਵਾਂ ਹਿੱਸਾ ਹੁੰਦਾ ਹੈ।)