15
ਮੋਸ਼ੇਹ ਅਤੇ ਮਿਰਯਮ ਦਾ ਗੀਤ
1ਫਿਰ ਮੋਸ਼ੇਹ ਅਤੇ ਇਸਰਾਏਲੀਆਂ ਨੇ ਇਹ ਗੀਤ ਯਾਹਵੇਹ ਲਈ ਗਾਇਆ,
“ਮੈਂ ਯਾਹਵੇਹ ਲਈ ਗਾਵਾਂਗਾ,
ਕਿਉਂਕਿ ਉਹ ਬਹੁਤ ਉੱਚਾ ਹੈ।
ਉਸਨੇ ਘੋੜੇ ਅਤੇ ਉਸਦੇ ਸਵਾਰ
ਸਮੁੰਦਰ ਵਿੱਚ ਸੁੱਟ ਦਿੱਤੇ।
2“ਯਾਹਵੇਹ ਮੇਰੀ ਤਾਕਤ ਅਤੇ ਮੇਰੀ ਰੱਖਿਆ ਹੈ,
ਉਹ ਮੇਰਾ ਮੁਕਤੀ ਬਣ ਗਿਆ ਹੈ।
ਉਹ ਮੇਰਾ ਪਰਮੇਸ਼ਵਰ ਹੈ ਅਤੇ ਮੈਂ ਉਹ ਦੀ ਉਸਤਤ ਕਰਾਂਗਾ,
ਮੇਰੇ ਪਿਤਾ ਦਾ ਪਰਮੇਸ਼ਵਰ ਅਤੇ ਮੈਂ ਉਸ ਨੂੰ ਉੱਚਾ ਕਰਾਂਗਾ।
3ਯਾਹਵੇਹ ਇੱਕ ਯੋਧਾ ਹੈ,
ਯਾਹਵੇਹ ਉਸਦਾ ਨਾਮ ਹੈ।
4ਫ਼ਿਰਾਊਨ ਦੇ ਰਥਾਂ ਅਤੇ ਉਸ ਦੀ ਫ਼ੌਜ ਨੂੰ ਉਸ ਨੇ ਸਮੁੰਦਰ ਵਿੱਚ ਸੁੱਟ ਦਿੱਤਾ ਹੈ,
ਫ਼ਿਰਾਊਨ ਦੇ ਸਾਰੇ ਅਧਿਕਾਰੀ
ਲਾਲ ਸਾਗਰ ਵਿੱਚ ਡੁੱਬ ਗਏ।
5ਡੂੰਘੇ ਪਾਣੀਆਂ ਨੇ ਉਹਨਾਂ ਨੂੰ ਢੱਕ ਲਿਆ ਹੈ,
ਉਹ ਪੱਥਰ ਵਾਂਗ ਡੂੰਘਾਈ ਵਿੱਚ ਡੁੱਬ ਗਏ।
6ਹੇ ਯਾਹਵੇਹ ਤੇਰਾ ਸੱਜਾ ਹੱਥ,
ਸ਼ਕਤੀ ਵਿੱਚ ਸ਼ਾਨਦਾਰ ਹੈ।
ਹੇ ਯਾਹਵੇਹ! ਤੇਰੇ ਸੱਜੇ ਹੱਥ ਨੇ
ਦੁਸ਼ਮਣ ਨੂੰ ਚਕਨਾਚੂਰ ਕਰ ਦਿੱਤਾ।
7“ਤੂੰ ਆਪਣੀ ਵੱਡੀ ਮਹਿਮਾ ਨਾਲ
ਉਹਨਾਂ ਨੂੰ ਸੁੱਟ ਦਿੱਤਾ ਜੋ ਤੇਰਾ ਵਿਰੋਧ ਕਰਦੇ ਸਨ।
ਤੂੰ ਆਪਣਾ ਪੂਰੇ ਕ੍ਰੋਧ ਵਿੱਚ
ਉਹਨਾਂ ਨੂੰ ਪਰਾਲੀ ਵਾਂਗ ਸਾੜ ਦਿੱਤਾ।
8ਤੇਰੀਆਂ ਨਾਸਾਂ ਦੇ ਸਾਹ ਨਾਲ,
ਪਾਣੀ ਦਾ ਢੇਰ ਲਗ ਗਿਆ,
ਵਗਦਾ ਪਾਣੀ ਕੰਧ ਵਾਂਗ ਖੜ੍ਹਾ ਹੋ ਗਿਆ,
ਸਮੁੰਦਰ ਦੇ ਹਿਰਦੇ ਦੇ ਡੂੰਘੇ ਪਾਣੀ ਜੰਮ ਗਏ ਹਨ।
9ਦੁਸ਼ਮਣ ਨੇ ਘੰਮਡ ਵਿੱਚ ਕਿਹਾ,
‘ਮੈਂ ਪਿੱਛਾ ਕਰਾਂਗਾ, ਮੈਂ ਉਹਨਾਂ ਨੂੰ ਫੜ ਲਵਾਂਗਾ।
ਮੈਂ ਲੁੱਟ ਦਾ ਮਾਲ ਵੰਡਾਂਗਾ;
ਮੈਂ ਆਪਣੇ ਆਪ ਨੂੰ ਉਹਨਾਂ ਤੇ ਖੋਖਲਾ ਕਰਾਂਗਾ।
ਮੈਂ ਆਪਣੀ ਤਲਵਾਰ ਕੱਢਾਂਗਾ
ਅਤੇ ਮੇਰਾ ਹੱਥ ਉਹਨਾਂ ਨੂੰ ਤਬਾਹ ਕਰ ਦੇਵੇਗਾ।’
10ਪਰ ਤੂੰ ਆਪਣੀ ਬਲਵੰਤ ਹਵਾ ਨਾਲ ਫੂਕ ਮਾਰੀ,
ਅਤੇ ਸਮੁੰਦਰ ਨੇ ਉਹਨਾਂ ਨੂੰ ਢੱਕ ਲਿਆ,
ਉਹ ਸਿੱਕੇ ਵਾਂਗੂੰ ਮਹਾਂ ਜਲ ਵਿੱਚ ਡੁੱਬ ਗਏ।
11ਹੇ ਯਾਹਵੇਹ, ਦੇਵਤਿਆਂ ਵਿੱਚੋਂ
ਤੇਰੇ ਵਰਗਾ ਕੌਣ ਹੈ?
ਤੂੰ ਪਵਿੱਤਰਤਾਈ ਵਿੱਚ ਪਰਤਾਪ ਵਾਲਾ,
ਮਹਿਮਾ ਵਿੱਚ ਸ਼ਾਨਦਾਰ,
ਅਚਰਜ ਕੰਮ ਕਰਨ ਵਾਲਾ ਹੈ?
12“ਤੂੰ ਆਪਣਾ ਸੱਜਾ ਹੱਥ ਪਸਾਰਦਾ ਹੈ,
ਅਤੇ ਧਰਤੀ ਤੇਰੇ ਵੈਰੀਆਂ ਨੂੰ ਨਿਗਲ ਜਾਂਦੀ ਹੈ।
13ਆਪਣੇ ਅਟੁੱਟ ਪਿਆਰ ਵਿੱਚ ਤੂੰ ਉਹਨਾਂ ਲੋਕਾਂ ਦੀ ਅਗਵਾਈ ਕਰੇਗਾ ਜਿਨ੍ਹਾਂ ਨੂੰ ਤੂੰ ਛੁਡਾਇਆ ਹੈ।
ਤੂੰ ਆਪਣੀ ਤਾਕਤ ਨਾਲ ਉਹਨਾਂ ਨੂੰ ਆਪਣੇ ਪਵਿੱਤਰ ਨਿਵਾਸ ਸਥਾਨ ਵੱਲ ਲੈ ਜਾਵੇਗਾ।
14ਕੌਮਾਂ ਸੁਣਨਗੀਆਂ ਅਤੇ ਕੰਬਣਗੀਆਂ,
ਫ਼ਲਿਸਤੀਆ ਦੇ ਲੋਕ ਦੁੱਖ ਝੱਲਣਗੇ।
15ਅਦੋਮ ਦੇ ਸਰਦਾਰ ਡਰ ਜਾਣਗੇ,
ਮੋਆਬ ਦੇ ਆਗੂ ਕੰਬਦੇ ਹੋਏ ਫੜੇ ਜਾਣਗੇ,
ਕਨਾਨ ਦੇ ਲੋਕ ਪਿਘਲ ਜਾਣਗੇ।
16ਦਹਿਸ਼ਤ ਅਤੇ ਡਰ ਉਹਨਾਂ ਉੱਤੇ ਡਿੱਗਣਗੇ।
ਤੇਰੀ ਬਾਂਹ ਦੀ ਸ਼ਕਤੀ ਨਾਲ
ਉਹ ਪੱਥਰ ਵਾਂਗ ਚੁੱਪ ਰਹਿਣਗੇ,
ਹੇ ਯਾਹਵੇਹ ਜਦੋਂ ਤੱਕ ਤੇਰੇ ਲੋਕ ਲੰਘ ਨਾ ਜਾਣ,
ਜਦੋਂ ਤੱਕ ਤੇਰੇ ਖਰੀਦੇ ਹੋਏ ਲੋਕ ਲੰਘ ਨਾ ਜਾਣ।
17ਤੁਸੀਂ ਉਹਨਾਂ ਨੂੰ ਅੰਦਰ ਲਿਆਓਗੇ ਅਤੇ ਉਹਨਾਂ ਨੂੰ ਆਪਣੀ ਵਿਰਾਸਤ ਦੇ ਪਹਾੜ ਉੱਤੇ ਲਗਾਓਗੇ,
ਉਹ ਸਥਾਨ,
ਯਾਹਵੇਹ, ਤੂੰ ਆਪਣੇ ਨਿਵਾਸ ਲਈ ਬਣਾਇਆ ਹੈ,
ਪਵਿੱਤਰ ਅਸਥਾਨ, ਯਾਹਵੇਹ, ਤੇਰੇ ਹੱਥਾਂ ਨੇ ਸਥਾਪਿਤ ਕੀਤਾ ਹੈ।
18“ਯਾਹਵੇਹ ਸਦਾ ਅਤੇ ਸਦਾ ਲਈ ਰਾਜ ਕਰਦਾ ਹੈ।”
19ਜਦੋਂ ਫ਼ਿਰਾਊਨ ਦੇ ਘੋੜੇ, ਰਥ ਅਤੇ ਘੋੜਸਵਾਰ ਸਮੁੰਦਰ ਵਿੱਚ ਗਏ, ਯਾਹਵੇਹ ਨੇ ਸਮੁੰਦਰ ਦੇ ਪਾਣੀ ਨੂੰ ਉਹਨਾਂ ਉੱਤੇ ਮੋੜ ਲਿਆਂਦਾਂ, ਪਰ ਇਸਰਾਏਲੀ ਸੁੱਕੀ ਜ਼ਮੀਨ ਉੱਤੇ ਸਮੁੰਦਰ ਵਿੱਚੋਂ ਲੰਘਦੇ ਸਨ। 20ਤਦ ਮਰਿਯਮ ਜੋ ਇੱਕ ਨਬੀਆਂ ਸੀ, ਹਾਰੋਨ ਦੀ ਭੈਣ ਨੇ ਆਪਣੇ ਹੱਥ ਵਿੱਚ ਇੱਕ ਡੱਫ ਲਿਆ ਅਤੇ ਸਾਰੀਆਂ ਔਰਤਾਂ ਡੱਫ ਵਜਾਉਂਦੀਆਂ ਅਤੇ ਨੱਚਦੀਆਂ ਹੋਈਆਂ ਉਸਦੇ ਪਿੱਛੇ-ਪਿੱਛੇ ਆਈਆਂ। 21ਮਰਿਯਮ ਨੇ ਉਹਨਾਂ ਲਈ ਗਾਇਆ,
“ਯਾਹਵੇਹ ਲਈ ਗਾਓ,
ਕਿਉਂਕਿ ਉਹ ਬਹੁਤ ਮਹਾਨ ਹੈ।
ਘੋੜੇ ਅਤੇ ਉਸਦੇ ਸਵਾਰ
ਉਸ ਨੇ ਸਮੁੰਦਰ ਵਿੱਚ ਸੁੱਟ ਦਿੱਤੇ।”
ਮਾਰਾਹ ਅਤੇ ਏਲਿਮ ਦੇ ਪਾਣੀ
22ਫਿਰ ਮੋਸ਼ੇਹ ਇਸਰਾਏਲੀਆਂ ਨੂੰ ਲਾਲ ਸਮੁੰਦਰ ਤੋਂ ਲੈ ਗਿਆ ਅਤੇ ਉਹ ਸ਼ੂਰ ਦੇ ਉਜਾੜ ਵਿੱਚ ਚਲੇ ਗਏ। ਤਿੰਨ ਦਿਨਾਂ ਤੱਕ ਉਹਨਾਂ ਨੂੰ ਪਾਣੀ ਨਾ ਲੱਭਾ ਅਤੇ ਉਹ ਉਜਾੜ ਵਿੱਚ ਘੁੰਮਦੇ ਰਹੇ। 23ਜਦੋਂ ਉਹ ਮਾਰਾਹ ਵਿੱਚ ਆਏ ਤਾਂ ਉਹ ਉਸ ਦਾ ਪਾਣੀ ਨਾ ਪੀ ਸਕੇ ਕਿਉਂਕਿ ਉਹ ਕੌੜਾ ਸੀ। (ਇਸੇ ਕਰਕੇ ਇਸ ਥਾਂ ਨੂੰ ਮਾਰਾਹ#15:23 ਮਾਰਾਹ ਅਰਥਾਤ ਕੌੜਾ ਕਿਹਾ ਜਾਂਦਾ ਹੈ) 24ਇਸ ਲਈ ਲੋਕ ਮੋਸ਼ੇਹ ਦੇ ਵਿਰੁੱਧ ਬੁੜਬੁੜਾਉਂਦੇ ਹੋਏ ਬੋਲੇ, “ਅਸੀਂ ਕੀ ਪੀਵਾਂਗੇ?”
25ਤਦ ਮੋਸ਼ੇਹ ਨੇ ਯਾਹਵੇਹ ਨੂੰ ਪੁਕਾਰਿਆ, ਅਤੇ ਯਾਹਵੇਹ ਨੇ ਉਸਨੂੰ ਲੱਕੜ ਦਾ ਇੱਕ ਟੁਕੜਾ ਦਿਖਾਇਆ। ਉਸਨੇ ਇਸਨੂੰ ਪਾਣੀ ਵਿੱਚ ਸੁੱਟ ਦਿੱਤਾ ਅਤੇ ਪਾਣੀ ਪੀਣ ਯੋਗ ਹੋ ਗਿਆ।
ਉੱਥੇ ਯਾਹਵੇਹ ਨੇ ਉਹਨਾਂ ਲਈ ਇੱਕ ਹੁਕਮ ਅਤੇ ਹਿਦਾਇਤ ਜਾਰੀ ਕੀਤੀ ਅਤੇ ਉਹਨਾਂ ਨੂੰ ਪਰਖਿਆ। 26ਉਸ ਨੇ ਕਿਹਾ, “ਜੇਕਰ ਤੁਸੀਂ ਆਪਣੇ ਪਰਮੇਸ਼ਵਰ ਯਾਹਵੇਹ ਦੀ ਧਿਆਨ ਨਾਲ ਸੁਣੋ ਅਤੇ ਉਹੀ ਕਰੋ ਜੋ ਉਸ ਦੀ ਨਿਗਾਹ ਵਿੱਚ ਸਹੀ ਹੈ, ਜੇ ਤੁਸੀਂ ਉਸ ਦੇ ਹੁਕਮਾਂ ਨੂੰ ਮੰਨੋਗੇ ਅਤੇ ਉਸ ਦੇ ਸਾਰੇ ਹੁਕਮਾਂ ਦੀ ਪਾਲਣਾ ਕਰੋਗੇ, ਤਾਂ ਮੈਂ ਤੁਹਾਡੇ ਉੱਤੇ ਕੋਈ ਵੀ ਬੀਮਾਰੀ ਨਹੀਂ ਲਿਆਵਾਂਗਾ। ਜੋ ਮੈਂ ਮਿਸਰੀ ਲੋਕਾਂ ਉੱਤੇ ਲਿਆਇਆ ਸੀ ਕਿਉਂਕਿ ਮੈਂ ਯਾਹਵੇਹ ਹਾਂ, ਜੋ ਤੁਹਾਨੂੰ ਚੰਗਾ ਕਰਦਾ ਹੈ।”
27ਇਸ ਤੋਂ ਬਆਦ ਉਹ ਏਲਿਮ ਵਿੱਚ ਆਏ ਜਿੱਥੇ ਬਾਰਾਂ ਚਸ਼ਮੇ ਅਤੇ ਸੱਤਰ ਖਜ਼ੂਰ ਦੇ ਰੁੱਖ ਸਨ ਅਤੇ ਉਹਨਾਂ ਨੇ ਉੱਥੇ ਪਾਣੀ ਦੇ ਨੇੜੇ ਡੇਰਾ ਲਾਇਆ।