13
ਪਹਿਲੇ ਜਨਮੇ ਨੂੰ ਪਵਿੱਤਰ ਕਰਨ
1ਯਾਹਵੇਹ ਨੇ ਮੋਸ਼ੇਹ ਨੂੰ ਆਖਿਆ ਕਿ 2“ਹਰੇਕ ਪਹਿਲੌਠੇ ਨਰ ਨੂੰ ਮੇਰੇ ਲਈ ਪਵਿੱਤਰ ਕਰ ਕਿਉਂ ਜੋ ਇਸਰਾਏਲੀਆਂ ਵਿੱਚ ਹਰ ਕੁੱਖ ਦੀ ਪਹਿਲੀ ਔਲਾਦ ਭਾਵੇਂ ਮਨੁੱਖ ਦੀ ਹੋਵੇ ਜਾਂ ਜਾਨਵਰ ਦੀ ਹੋਵੇ, ਉਹ ਮੇਰੇ ਹਨ।”
3ਫਿਰ ਮੋਸ਼ੇਹ ਨੇ ਲੋਕਾਂ ਨੂੰ ਆਖਿਆ, “ਇਸ ਦਿਨ ਨੂੰ ਯਾਦ ਰੱਖੋ, ਜਿਸ ਦਿਨ ਤੁਸੀਂ ਗੁਲਾਮੀ ਦੇ ਦੇਸ਼ ਮਿਸਰ ਵਿੱਚੋਂ ਬਾਹਰ ਆਏ ਸੀ, ਕਿਉਂਕਿ ਯਾਹਵੇਹ ਨੇ ਤੁਹਾਨੂੰ ਇੱਕ ਸ਼ਕਤੀਸ਼ਾਲੀ ਹੱਥ ਨਾਲ ਇਸ ਵਿੱਚੋਂ ਬਾਹਰ ਲਿਆਂਦਾ ਸੀ। ਖਮੀਰ ਵਾਲੀ ਕੋਈ ਵੀ ਚੀਜ਼ ਨਾ ਖਾਓ। 4ਅੱਜ ਅਵੀਵ ਦੇ ਮਹੀਨੇ ਵਿੱਚ, ਤੁਸੀਂ ਬਾਹਰ ਨਿੱਕਲ ਆਏ ਹੋ। 5ਜਦੋਂ ਯਾਹਵੇਹ ਤੁਹਾਨੂੰ ਕਨਾਨੀਆਂ, ਹਿੱਤੀਆਂ, ਅਮੋਰੀਆਂ, ਹਿੱਵੀਆਂ ਅਤੇ ਯਬੂਸੀਆਂ ਦੇ ਦੇਸ਼ ਵਿੱਚ ਲਿਆਉਂਦਾ ਹੈ, ਜਿਸ ਧਰਤੀ ਨੂੰ ਉਸ ਨੇ ਤੁਹਾਡੇ ਪੁਰਖਿਆਂ ਨਾਲ ਤੁਹਾਨੂੰ ਦੇਣ ਦੀ ਸਹੁੰ ਖਾਧੀ ਸੀ ਉਹ ਧਰਤੀ ਜਿਸ ਵਿੱਚ ਦੁੱਧ ਅਤੇ ਸ਼ਹਿਦ ਵਗਦਾ ਹੈ, ਤੁਸੀਂ ਇਸ ਰਸਮ ਨੂੰ ਇਸ ਮਹੀਨੇ ਵਿੱਚ ਮਨਾਉਣਾ ਹੈ। 6ਸੱਤ ਦਿਨਾਂ ਤੱਕ ਬਿਨਾਂ ਖਮੀਰ ਦੀ ਰੋਟੀ ਖਾਓ ਅਤੇ ਸੱਤਵੇਂ ਦਿਨ ਯਾਹਵੇਹ ਲਈ ਇੱਕ ਤਿਉਹਾਰ ਮਨਾਓ। 7ਉਹਨਾਂ ਸੱਤਾਂ ਦਿਨਾਂ ਵਿੱਚ ਪਤੀਰੀ ਰੋਟੀ ਖਾਓ। ਇਸ ਵਿੱਚ ਖਮੀਰ ਵਾਲੀ ਕੋਈ ਚੀਜ਼ ਤੁਹਾਡੇ ਵਿੱਚ ਦਿਖਾਈ ਨਹੀਂ ਦੇਵੇ, ਨਾ ਹੀ ਕੋਈ ਖਮੀਰ ਤੁਹਾਡੀਆਂ ਹੱਦਾਂ ਵਿੱਚ ਕਿਤੇ ਵੀ ਦਿਖਾਈ ਦੇਵੇ। 8ਉਸ ਦਿਨ ਆਪਣੇ ਪੁੱਤਰਾਂ ਨੂੰ ਕਹੋ, ‘ਮੈਂ ਇਹ ਇਸ ਲਈ ਕਰਦਾ ਹਾਂ ਕਿਉਂਕਿ ਜਦੋਂ ਮੈਂ ਮਿਸਰ ਤੋਂ ਬਾਹਰ ਆਇਆ ਸੀ ਤਾਂ ਯਾਹਵੇਹ ਨੇ ਮੇਰੇ ਲਈ ਕੀ ਕੀਤਾ ਸੀ।’ 9ਯਾਹਵੇਹ ਦਾ ਇਹ ਨਿਯਮ ਤੁਹਾਡੇ ਲਈ ਤੁਹਾਡੇ ਹੱਥ ਤੇ ਨਿਸ਼ਾਨ ਅਤੇ ਤੁਹਾਡੇ ਨੇਤਰਾ ਦੇ ਵਿੱਚ ਯਾਦਗਿਰੀ, ਅਤੇ ਤੁਹਾਡੇ ਮੂੰਹ ਤੇ ਹੋਣ ਕਿਉਂਕਿ ਯਾਹਵੇਹ ਨੇ ਆਪਣੇ ਬਲਵਾਨ ਹੱਥ ਨਾਲ ਤੁਹਾਨੂੰ ਮਿਸਰ ਵਿੱਚੋਂ ਬਾਹਰ ਲਿਆਂਦਾ। 10ਤੁਸੀਂ ਇਸ ਹੁਕਮ ਨੂੰ ਸਾਲ ਦਰ ਸਾਲ ਚੁਣੇ ਹੋਏ ਸਮੇਂ ਉੱਤੇ ਮਨਾਇਆ ਕਰੋ।
11“ਜਦੋਂ ਯਾਹਵੇਹ ਤੁਹਾਨੂੰ ਕਨਾਨੀਆਂ ਦੇ ਦੇਸ਼ ਵਿੱਚ ਲਿਆਵੇਗਾ ਅਤੇ ਤੁਹਾਨੂੰ ਦੇ ਦੇਵੇਗਾ, ਜਿਵੇਂ ਉਸਨੇ ਤੁਹਾਡੇ ਅਤੇ ਤੁਹਾਡੇ ਪੁਰਖਿਆਂ ਨਾਲ ਸਹੁੰ ਖਾਧੀ ਸੀ। 12ਤੁਸੀਂ ਹਰ ਕੁੱਖ ਦੀ ਪਹਿਲੀ ਔਲਾਦ ਨੂੰ ਯਾਹਵੇਹ ਨੂੰ ਸੌਂਪਣਾ ਹੈ ਅਤੇ ਤੁਹਾਡੇ ਪਸ਼ੂਆਂ ਦੇ ਸਾਰੇ ਜੇਠੇ ਨਰ ਯਾਹਵੇਹ ਦੇ ਹਨ। 13ਹਰੇਕ ਪਹਿਲੌਠੇ ਗਧੇ ਨੂੰ ਲੇਲੇ ਨਾਲ ਛੁਡਾਓ, ਪਰ ਜੇ ਤੁਸੀਂ ਉਹ ਨੂੰ ਨਹੀਂ ਛੁਡਾਉਂਦੇ ਤਾਂ ਉਸਦੀ ਗਰਦਨ ਤੋੜ ਦਿਓ ਅਤੇ ਆਪਣੇ ਪੁੱਤਰਾਂ ਵਿੱਚੋਂ ਹਰੇਕ ਪਹਿਲੌਠੇ ਨੂੰ ਛੁਡਾ ਲਵੋ।
14“ਆਉਣ ਵਾਲੇ ਦਿਨਾਂ ਵਿੱਚ, ਜਦੋਂ ਤੁਹਾਡਾ ਪੁੱਤਰ ਤੁਹਾਨੂੰ ਪੁੱਛੇ, ‘ਇਸਦਾ ਕੀ ਅਰਥ ਹੈ?’ ਉਹਨਾਂ ਨੂੰ ਕਹੋ, ‘ਯਾਹਵੇਹ ਨੇ ਇੱਕ ਸ਼ਕਤੀਸ਼ਾਲੀ ਹੱਥ ਨਾਲ ਸਾਨੂੰ ਗੁਲਾਮੀ ਦੇ ਦੇਸ਼ ਮਿਸਰ ਵਿਚੋਂ ਬਾਹਰ ਲਿਆਂਦਾ ਸੀ। 15ਜਦੋਂ ਫ਼ਿਰਾਊਨ ਨੇ ਜ਼ਿੱਦ ਨਾਲ ਸਾਨੂੰ ਜਾਣ ਦੇਣ ਤੋਂ ਇਨਕਾਰ ਕਰ ਦਿੱਤਾ, ਤਾਂ ਯਾਹਵੇਹ ਨੇ ਮਿਸਰ ਵਿੱਚ ਲੋਕਾਂ ਅਤੇ ਜਾਨਵਰਾਂ ਦੋਵਾਂ ਦੇ ਪਹਿਲੌਠੇ ਨੂੰ ਮਾਰ ਦਿੱਤਾ। ਇਸ ਲਈ ਅਸੀਂ ਹਰ ਕੁੱਖ ਦੇ ਪਹਿਲੇ ਫਲ ਨਰ ਔਲਾਦ ਨੂੰ ਯਾਹਵੇਹ ਨੂੰ ਬਲੀਦਾਨ ਕਰਦੇ ਹਾਂ ਅਤੇ ਆਪਣੇ ਪਹਿਲੇ ਜਨਮੇ ਪੁੱਤਰਾਂ ਵਿੱਚੋਂ ਹਰੇਕ ਨੂੰ ਛੁਡਾ ਲੈਂਦੇ ਹਾਂ।’ 16ਅਤੇ ਇਹ ਤੁਹਾਡੇ ਹੱਥ ਉੱਤੇ ਇੱਕ ਨਿਸ਼ਾਨ ਅਤੇ ਤੁਹਾਡੇ ਮੱਥੇ ਉੱਤੇ ਇੱਕ ਚਿੰਨ੍ਹ ਵਰਗਾ ਹੋਵੇਗਾ ਕਿ ਯਾਹਵੇਹ ਨੇ ਆਪਣੇ ਸ਼ਕਤੀਸ਼ਾਲੀ ਹੱਥ ਨਾਲ ਸਾਨੂੰ ਮਿਸਰ ਵਿੱਚੋਂ ਬਾਹਰ ਲਿਆਂਦਾ ਹੈ।”
ਸਾਗਰ ਪਾਰ ਕਰਨਾ
17ਜਦੋਂ ਫ਼ਿਰਾਊਨ ਨੇ ਲੋਕਾਂ ਨੂੰ ਜਾਣ ਦਿੱਤਾ ਤਾਂ ਪਰਮੇਸ਼ਵਰ ਨੇ ਉਹਨਾਂ ਨੂੰ ਫ਼ਲਿਸਤੀਆਂ ਦੇਸ਼ ਵਿੱਚੋਂ ਲੰਘਣ ਵਾਲੇ ਰਸਤੇ ਉੱਤੇ ਨਹੀਂ ਲਿਆਂਦਾ, ਹਾਲਾਂਕਿ ਇਹ ਛੋਟਾ ਸੀ ਕਿਉਂਕਿ ਪਰਮੇਸ਼ਵਰ ਨੇ ਕਿਹਾ ਸੀ, “ਜੇਕਰ ਉਹਨਾਂ ਨੂੰ ਯੁੱਧ ਦਾ ਸਾਹਮਣਾ ਕਰਨਾ ਪੈਂਦਾ ਹੈ, ਤਾਂ ਉਹ ਆਪਣਾ ਮਨ ਬਦਲ ਸਕਦੇ ਹਨ ਅਤੇ ਮਿਸਰ ਨੂੰ ਵਾਪਸ ਆ ਸਕਦੇ ਹਨ।” 18ਇਸ ਲਈ ਪਰਮੇਸ਼ਵਰ ਲੋਕਾਂ ਨੂੰ ਆਲੇ-ਦੁਆਲੇ ਦੇ ਮਾਰੂਥਲ ਦੇ ਰਾਸਤੇ ਲਾਲ ਸਾਗਰ ਵੱਲ ਲੈ ਗਿਆ, ਤਾਂ ਕਿ ਇਸਰਾਏਲੀ ਮਿਸਰ ਵਿੱਚੋਂ ਬਾਹਰ ਆ ਕੇ ਜੰਗ ਲਈ ਤਿਆਰ ਹੋ ਸਕਣ।
19ਮੋਸ਼ੇਹ ਯੋਸੇਫ਼ ਦੀਆਂ ਹੱਡੀਆਂ ਆਪਣੇ ਨਾਲ ਲੈ ਗਿਆ ਕਿਉਂਕਿ ਯੋਸੇਫ਼ ਨੇ ਇਸਰਾਏਲੀਆਂ ਨੂੰ ਸਹੁੰ ਚੁਕਾਈ ਸੀ। ਉਸ ਨੇ ਕਿਹਾ ਸੀ, “ਪਰਮੇਸ਼ਵਰ ਤੁਹਾਡੀ ਮਦਦ ਲਈ ਜ਼ਰੂਰ ਆਵੇਗਾ, ਅਤੇ ਫਿਰ ਤੁਸੀਂ ਮੇਰੀਆਂ ਹੱਡੀਆਂ ਨੂੰ ਇਸ ਸਥਾਨ ਤੋਂ ਆਪਣੇ ਨਾਲ ਲੈ ਜਾਓ#13:19 ਉਤ 50:25।”
20ਸੁੱਕੋਥ ਛੱਡਣ ਤੋਂ ਬਾਅਦ ਉਹਨਾਂ ਨੇ ਮਾਰੂਥਲ ਦੇ ਕਿਨਾਰੇ ਏਥਾਮ ਵਿੱਚ ਡੇਰਾ ਲਾਇਆ। 21ਦਿਨ ਵੇਲੇ ਯਾਹਵੇਹ ਉਹਨਾਂ ਦੇ ਰਾਹ ਵਿੱਚ ਅਗਵਾਈ ਕਰਨ ਲਈ ਬੱਦਲ ਦੇ ਥੰਮ੍ਹ ਵਿੱਚ ਅਤੇ ਰਾਤ ਨੂੰ ਉਹਨਾਂ ਨੂੰ ਰੌਸ਼ਨੀ ਦੇਣ ਲਈ ਅੱਗ ਦੇ ਥੰਮ੍ਹ ਵਿੱਚ ਉਹਨਾਂ ਦੇ ਅੱਗੇ-ਅੱਗੇ ਜਾਂਦਾ ਸੀ, ਤਾਂ ਜੋ ਉਹ ਦਿਨ ਅਤੇ ਰਾਤ ਨੂੰ ਸਫ਼ਰ ਕਰ ਸਕਣ। 22ਦਿਨ ਨੂੰ ਬੱਦਲ ਦਾ ਥੰਮ੍ਹ ਅਤੇ ਰਾਤ ਨੂੰ ਅੱਗ ਦਾ ਥੰਮ੍ਹ ਉਨ੍ਹਾਂ ਦੇ ਅੱਗੋਂ ਕਦੀ ਨਾ ਹਟਿਆ।