YouVersion Logo
Search Icon

ਕੂਚ 12

12
ਪਸਾਹ ਅਤੇ ਪਤੀਰੀ ਰੋਟੀ ਦਾ ਤਿਉਹਾਰ
1ਯਾਹਵੇਹ ਨੇ ਮਿਸਰ ਵਿੱਚ ਮੋਸ਼ੇਹ ਅਤੇ ਹਾਰੋਨ ਨੂੰ ਆਖਿਆ, 2“ਇਹ ਮਹੀਨਾ ਤੁਹਾਡੇ ਲਈ ਪਹਿਲਾ ਮਹੀਨਾ ਹੈ, ਤੁਹਾਡੇ ਸਾਲ ਦਾ ਪਹਿਲਾ ਮਹੀਨਾ। 3ਇਸਰਾਏਲ ਦੀ ਸਾਰੀ ਕੌਮ ਨੂੰ ਦੱਸ ਕਿ ਇਸ ਮਹੀਨੇ ਦੀ ਦਸਵੀਂ ਤਾਰੀਖ਼ ਨੂੰ ਹਰੇਕ ਮਨੁੱਖ ਆਪਣੇ ਪਰਿਵਾਰ ਲਈ ਇੱਕ ਲੇਲਾ ਲੈ ਕੇ ਆਵੇ। 4ਜੇ ਇੱਕ ਪਰਿਵਾਰ ਇੱਕ ਪੂਰਾ ਲੇਲੇ ਖਾਣ ਲਈ ਬਹੁਤ ਛੋਟਾ ਹੈ, ਤਾਂ ਉਸਨੂੰ ਗੁਆਂਢ ਵਿੱਚ ਕਿਸੇ ਹੋਰ ਪਰਿਵਾਰ ਨਾਲ ਵੰਡੋ। ਜਾਨਵਰ ਨੂੰ ਹਰੇਕ ਪਰਿਵਾਰ ਦੇ ਆਕਾਰ ਅਨੁਸਾਰ ਵੰਡੋ ਜਿੰਨਾ ਉਹ ਖਾ ਸਕਦਾ ਹੈ। 5ਤੁਹਾਡੇ ਦੁਆਰਾ ਚੁਣੇ ਗਏ ਜਾਨਵਰਾਂ ਵਿੱਚੋਂ ਇੱਕ ਸਾਲ ਦੀ ਉਮਰ ਦਾ ਨਰ ਅਤੇ ਬੱਜ ਤੋਂ ਰਹਿਤ ਹੋਣੇ ਚਾਹੀਦੇ ਹਨ ਅਤੇ ਤੁਸੀਂ ਉਹਨਾਂ ਨੂੰ ਭੇਡਾਂ ਜਾਂ ਬੱਕਰੀਆਂ ਤੋਂ ਲੈ ਸਕਦੇ ਹੋ। 6ਮਹੀਨੇ ਦੇ ਚੌਦ੍ਹਵੇਂ ਦਿਨ ਤੱਕ ਉਹਨਾਂ ਦੀ ਦੇਖਭਾਲ ਕਰੋ, ਜਦੋਂ ਇਸਰਾਏਲ ਦੇ ਸਮੂਹ ਦੇ ਸਾਰੇ ਲੋਕ ਸ਼ਾਮ ਵੇਲੇ ਉਹਨਾਂ ਨੂੰ ਵੱਢ ਦੇਣ। 7ਫਿਰ ਉਹ ਉਸ ਲਹੂ ਵਿੱਚੋਂ ਕੁਝ ਲੈਣ ਅਤੇ ਇਸ ਨੂੰ ਉਹਨਾਂ ਘਰਾਂ ਦੇ ਦਰਵਾਜ਼ਿਆਂ ਦੇ ਪਾਸਿਆਂ ਅਤੇ ਸਿਖਰਾਂ ਉੱਤੇ ਲਗਾਉਣਾ ਜਿੱਥੇ ਉਹ ਖਾਣਗੇ। 8ਉਸੇ ਰਾਤ ਉਹਨਾਂ ਨੂੰ ਅੱਗ ਉੱਤੇ ਭੁੰਨਿਆ ਹੋਇਆ ਮਾਸ, ਕੌੜੀਆਂ ਜੜ੍ਹੀਆਂ ਬੂਟੀਆਂ ਅਤੇ ਬਿਨਾਂ ਖਮੀਰ ਦੀ ਰੋਟੀ ਦੇ ਖਾਣ। 9ਮਾਸ ਨੂੰ ਕੱਚਾ ਜਾਂ ਪਾਣੀ ਵਿੱਚ ਉਬਾਲ ਕੇ ਨਾ ਖਾਓ, ਸਗੋਂ ਇਸ ਨੂੰ ਸਿਰ, ਲੱਤਾਂ ਅਤੇ ਅੰਦਰੂਨੀ ਅੰਗਾਂ ਸਮੇਤ ਅੱਗ ਉੱਤੇ ਭੁੰਨ ਲਓ। 10ਸਵੇਰ ਤੱਕ ਉਸ ਵਿੱਚੋਂ ਕੁਝ ਨਾ ਛੱਡੋ। ਜੇਕਰ ਕੁਝ ਸਵੇਰ ਤੱਕ ਬਚਿਆ ਹੈ, ਤਾਂ ਤੁਹਾਨੂੰ ਇਸਨੂੰ ਸਾੜ ਦੇਣਾ ਚਾਹੀਦਾ ਹੈ। 11ਤੁਸੀਂ ਇਸ ਨੂੰ ਇਸ ਤਰ੍ਹਾਂ ਖਾਣਾ ਹੈ, ਆਪਣੇ ਲੱਕ ਬੰਨ੍ਹ ਕੇ ਅਤੇ ਆਪਣੀ ਜੁੱਤੀ ਪੈਰੀ ਪਾ ਕੇ ਅਤੇ ਆਪਣੀ ਸੋਟੀ ਆਪਣੇ ਹੱਥ ਵਿੱਚ ਲੈ ਕੇ ਉਸ ਨੂੰ ਛੇਤੀ-ਛੇਤੀ ਖਾਣਾ ਕਿਉਂਕਿ ਇਹ ਯਾਹਵੇਹ ਦਾ ਪਸਾਹ ਹੈ।
12“ਉਸੇ ਰਾਤ ਮੈਂ ਮਿਸਰ ਵਿੱਚੋਂ ਦੀ ਲੰਘਾਂਗਾ ਅਤੇ ਮਨੁੱਖਾਂ ਅਤੇ ਜਾਨਵਰਾਂ ਦੇ ਹਰੇਕ ਪਹਿਲੌਠੇ ਨੂੰ ਮਾਰ ਦਿਆਂਗਾ, ਅਤੇ ਮੈਂ ਮਿਸਰ ਦੇ ਸਾਰੇ ਦੇਵਤਿਆਂ ਦਾ ਨਿਆਂ ਕਰਾਂਗਾ। ਮੈਂ ਯਾਹਵੇਹ ਹਾਂ। 13ਲਹੂ ਤੁਹਾਡੇ ਲਈ ਉਹਨਾਂ ਘਰਾਂ ਉੱਤੇ ਇੱਕ ਨਿਸ਼ਾਨ ਹੋਵੇਗਾ ਜਿੱਥੇ ਤੁਸੀਂ ਹੋ, ਅਤੇ ਜਦੋਂ ਮੈਂ ਲਹੂ ਨੂੰ ਦੇਖਾਂਗਾ, ਮੈਂ ਤੁਹਾਡੇ ਉੱਤੋਂ ਦੀ ਲੰਘ ਜਾਵਾਂਗਾ। ਜਦੋਂ ਮੈਂ ਮਿਸਰ ਉੱਤੇ ਹਮਲਾ ਕਰਾਂਗਾ ਤਾਂ ਕੋਈ ਨਾਸ਼ ਕਰਨ ਵਾਲੀ ਬਿਪਤਾ ਤੁਹਾਨੂੰ ਛੂਹ ਨਹੀਂ ਸਕੇਗੀ।
14“ਇਹ ਉਹ ਦਿਨ ਹੈ ਜਿਸਨੂੰ ਤੁਸੀਂ ਯਾਦ ਕਰਨਾ ਹੈ, ਆਉਣ ਵਾਲੀਆਂ ਪੀੜ੍ਹੀਆਂ ਲਈ ਤੁਸੀਂ ਇਸਨੂੰ ਯਾਹਵੇਹ ਲਈ ਇੱਕ ਤਿਉਹਾਰ ਵਜੋਂ ਮਨਾਓਗੇ, ਅਤੇ ਇਸ ਨੂੰ ਲਗਾਤਾਰ ਮਨਾਉਣਾ ਹੈ। 15ਸੱਤ ਦਿਨਾਂ ਤੱਕ ਤੁਹਾਨੂੰ ਬਿਨਾਂ ਖਮੀਰ ਦੀ ਰੋਟੀ ਖਾਣੀ ਚਾਹੀਦੀ ਹੈ। ਪਹਿਲੇ ਦਿਨ ਆਪਣੇ ਘਰਾਂ ਵਿੱਚੋਂ ਖਮੀਰ ਕੱਢ ਦਿਓ ਕਿਉਂ ਕਿ ਜੋ ਕੋਈ ਪਹਿਲੇ ਦਿਨ ਤੋਂ ਲੈ ਕੇ ਸੱਤਵੇਂ ਦਿਨ ਤੱਕ ਖਮੀਰ ਨਾਲ ਕੁਝ ਖਾਵੇ ਉਹ ਇਸਰਾਏਲ ਵਿੱਚੋਂ ਕੱਟਿਆ ਜਾਵੇ। 16ਪਹਿਲੇ ਦਿਨ ਇੱਕ ਪਵਿੱਤਰ ਸਭਾ ਕਰੋ, ਅਤੇ ਸੱਤਵੇਂ ਦਿਨ ਇੱਕ ਹੋਰ। ਇਨ੍ਹਾਂ ਦਿਨਾਂ ਵਿੱਚ ਕੋਈ ਵੀ ਕੰਮ ਨਾ ਕਰੋ, ਸਿਵਾਏ ਸਾਰਿਆਂ ਲਈ ਭੋਜਨ ਤਿਆਰ ਕਰਨ ਦੇ, ਇਹ ਸਭ ਤੁਸੀਂ ਕਰ ਸਕਦੇ ਹੋ।
17“ਖਮੀਰੀ ਰੋਟੀ ਦਾ ਤਿਉਹਾਰ ਮਨਾਓ, ਕਿਉਂਕਿ ਇਸੇ ਦਿਨ ਹੀ ਮੈਂ ਤੁਹਾਡੀਆਂ ਸੈਨਾਂ ਨੂੰ ਮਿਸਰ ਦੇਸ਼ ਵਿੱਚੋਂ ਬਾਹਰ ਕੱਢ ਲਿਆਇਆ ਸੀ। ਇਸ ਦਿਨ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸਦਾ ਦੀ ਬਿਧੀ ਮਨਾਓ। 18ਤੁਹਾਨੂੰ ਪਹਿਲੇ ਮਹੀਨੇ ਦੇ ਚੌਦਵੇਂ ਦਿਨ ਦੀ ਸ਼ਾਮ ਤੋਂ ਲੈ ਕੇ ਇੱਕੀਵੀਂ ਦਿਨ ਦੀ ਸ਼ਾਮ ਤੱਕ ਬਿਨਾਂ ਖਮੀਰ ਦੀ ਰੋਟੀ ਖਾਣੀ ਚਾਹੀਦੀ ਹੈ। 19ਸੱਤ ਦਿਨਾਂ ਤੱਕ ਤੁਹਾਡੇ ਘਰਾਂ ਵਿੱਚ ਕੋਈ ਖਮੀਰ ਨਾ ਪਾਇਆ ਜਾਵੇ ਅਤੇ ਜੇਕਰ ਕੋਈ ਪਰਦੇਸੀ ਹੋਵੇ ਭਾਵੇਂ ਦੇਸ਼ ਵਿੱਚ ਜੰਮਿਆ ਹੋਵੇ, ਜਿਹੜਾ ਉਸ ਵਿੱਚ ਖਮੀਰ ਵਿੱਚੋਂ ਖਾਵੇ ਉਹ ਇਸਰਾਏਲ ਦੀ ਕੌਮ ਵਿੱਚੋਂ ਛੇਕਿਆ ਜਾਵੇ। 20ਖਮੀਰ ਨਾਲ ਬਣੀ ਕੋਈ ਚੀਜ਼ ਨਾ ਖਾਓ। ਤੁਸੀਂ ਜਿੱਥੇ ਵੀ ਰਹੋ, ਤੁਸੀਂ ਪਤੀਰੀ ਰੋਟੀ ਜ਼ਰੂਰ ਖਾਓ।”
21ਫਿਰ ਮੋਸ਼ੇਹ ਨੇ ਇਸਰਾਏਲ ਦੇ ਸਾਰੇ ਬਜ਼ੁਰਗਾਂ ਨੂੰ ਬੁਲਾਇਆ ਅਤੇ ਉਹਨਾਂ ਨੂੰ ਕਿਹਾ, “ਜਾਓ ਅਤੇ ਆਪਣੇ ਪਰਿਵਾਰਾਂ ਲਈ ਜਾਨਵਰ ਚੁਣੋ ਅਤੇ ਪਸਾਹ ਦੇ ਲੇਲੇ ਨੂੰ ਵੱਢੋ। 22ਜੂਫੇ ਦਾ ਇੱਕ ਗੁੱਛਾ ਲੈ ਕੇ ਇਸ ਨੂੰ ਲਹੂ ਵਿੱਚ ਡੁਬੋ ਅਤੇ ਕੁਝ ਖੂਨ ਨੂੰ ਦਰਵਾਜ਼ੇ ਦੇ ਉੱਪਰ ਅਤੇ ਕੁਝ ਦਰਵਾਜ਼ੇ ਦੇ ਦੋਹਾਂ ਪਾਸਿਆਂ ਉੱਤੇ ਲਗਾਓ। ਤੁਹਾਡੇ ਵਿੱਚੋਂ ਕੋਈ ਸਵੇਰ ਤੱਕ ਆਪਣੇ ਘਰ ਦੇ ਦਰਵਾਜ਼ੇ ਤੋਂ ਬਾਹਰ ਨਾ ਜਾਵੇ। 23ਜਦੋਂ ਯਾਹਵੇਹ ਮਿਸਰੀਆਂ ਨੂੰ ਮਾਰਨ ਲਈ ਧਰਤੀ ਵਿੱਚੋਂ ਦੀ ਲੰਘੇਗਾ, ਉਹ ਦਰਵਾਜ਼ੇ ਦੇ ਉੱਪਰ ਅਤੇ ਪਾਸਿਆਂ ਉੱਤੇ ਲਹੂ ਨੂੰ ਵੇਖੇਗਾ ਅਤੇ ਉਸ ਦਰਵਾਜ਼ੇ ਤੋਂ ਲੰਘੇਗਾ, ਅਤੇ ਉਹ ਤਬਾਹ ਕਰਨ ਵਾਲੇ ਨੂੰ ਤੁਹਾਡੇ ਘਰਾਂ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦੇਵੇਗਾ ਤਾਂ ਜੋ ਤੁਹਾਨੂੰ ਮਾਰ ਸਕੇ।
24“ਤੁਹਾਡੇ ਅਤੇ ਤੁਹਾਡੇ ਉੱਤਰਾਧਿਕਾਰੀਆਂ ਲਈ ਇੱਕ ਸਥਾਈ ਨਿਯਮ ਵਜੋਂ ਇਨ੍ਹਾਂ ਹਿਦਾਇਤਾਂ ਦੀ ਪਾਲਣਾ ਕਰੋ। 25ਜਦੋਂ ਤੁਸੀਂ ਉਸ ਧਰਤੀ ਵਿੱਚ ਦਾਖਲ ਹੋਵੋ ਜੋ ਯਾਹਵੇਹ ਤੁਹਾਨੂੰ ਦੇਵੇਗਾ ਜਿਵੇਂ ਕਿ ਉਸਨੇ ਵਾਅਦਾ ਕੀਤਾ ਸੀ, ਇਸ ਰੀਤੀ ਨੂੰ ਮਨਾਇਆ ਕਰੋ। 26ਅਤੇ ਜਦੋਂ ਤੁਹਾਡੇ ਬੱਚੇ ਤੁਹਾਨੂੰ ਪੁੱਛਦੇ ਹਨ, ‘ਇਸ ਰਸਮ ਦਾ ਤੁਹਾਡੇ ਲਈ ਕੀ ਅਰਥ ਹੈ?’ 27ਫਿਰ ਉਹਨਾਂ ਨੂੰ ਆਖੋ, ‘ਇਹ ਪਸਾਹ ਦੀ ਬਲੀ ਯਾਹਵੇਹ ਲਈ ਹੈ, ਜੋ ਮਿਸਰ ਵਿੱਚ ਇਸਰਾਏਲੀਆਂ ਦੇ ਘਰਾਂ ਵਿੱਚੋਂ ਲੰਘਿਆ ਅਤੇ ਸਾਡੇ ਘਰਾਂ ਨੂੰ ਬਚਾਇਆ ਜਦੋਂ ਉਸ ਨੇ ਮਿਸਰੀਆਂ ਨੂੰ ਮਾਰਿਆ।’ ” 28ਇਸਰਾਏਲੀਆਂ ਨੇ ਉਹੀ ਕੀਤਾ ਜੋ ਯਾਹਵੇਹ ਨੇ ਮੋਸ਼ੇਹ ਅਤੇ ਹਾਰੋਨ ਨੂੰ ਹੁਕਮ ਦਿੱਤਾ ਸੀ।
29ਅੱਧੀ ਰਾਤ ਨੂੰ ਯਾਹਵੇਹ ਨੇ ਮਿਸਰ ਦੇ ਸਾਰੇ ਪਹਿਲੌਠੇ ਪੁੱਤਰਾਂ ਨੂੰ ਮਾਰ ਦਿੱਤਾ ਫ਼ਿਰਾਊਨ ਦੇ ਜੇਠੇ ਤੋਂ ਲੈ ਕੇ, ਜੋ ਸਿੰਘਾਸਣ ਤੇ ਬੈਠਾ ਸੀ ਕੈਦੀ ਦੇ ਜੇਠੇ ਤੱਕ, ਜੋ ਕਿ ਕਾਲ ਕੋਠੜੀ ਵਿੱਚ ਸੀ, ਅਤੇ ਸਾਰੇ ਪਸ਼ੂਆਂ ਦੇ ਜੇਠੇ ਨੂੰ ਮਾਰ ਸੁੱਟਿਆ। 30ਫ਼ਿਰਾਊਨ ਅਤੇ ਉਸਦੇ ਸਾਰੇ ਅਧਿਕਾਰੀ ਅਤੇ ਸਾਰੇ ਮਿਸਰੀ ਰਾਤ ਨੂੰ ਉੱਠੇ ਅਤੇ ਮਿਸਰ ਵਿੱਚ ਉੱਚੀ-ਉੱਚੀ ਰੌਲਾ ਪਾਇਆ ਕਿਉਂ ਜੋ ਕੋਈ ਅਜਿਹਾ ਘਰ ਨਹੀਂ ਸੀ ਜਿਸਦਾ ਕੋਈ ਮੁਰਦਾ ਨਾ ਹੋਵੇ।
ਇਸਰਾਏਲੀਆਂ ਦਾ ਕੂਚ
31ਰਾਤ ਨੂੰ ਫ਼ਿਰਾਊਨ ਨੇ ਮੋਸ਼ੇਹ ਅਤੇ ਹਾਰੋਨ ਨੂੰ ਬੁਲਾਇਆ ਅਤੇ ਕਿਹਾ, “ਉੱਠੋ! ਮੇਰੇ ਲੋਕਾਂ ਨੂੰ, ਤੁਸੀਂ ਅਤੇ ਸਾਰੇ ਇਸਰਾਏਲੀ ਛੱਡ ਕੇ ਚਲੇ ਜਾਓ, ਯਾਹਵੇਹ ਦੀ ਅਰਾਧਨਾ ਕਰੋ ਜਿਵੇਂ ਤੁਸੀਂ ਬੇਨਤੀ ਕੀਤੀ ਹੈ। 32ਜਿਵੇਂ ਤੁਸੀਂ ਕਿਹਾ ਹੈ, ਆਪਣੇ ਝੁੰਡ ਅਤੇ ਇੱਜੜ ਲੈ ਜਾਓ ਜਿਵੇਂ ਤੁਸੀਂ ਬੋਲੇ ਸੀ ਚਲੇ ਜਾਓ, ਨਾਲੇ ਮੈਨੂੰ ਵੀ ਅਸੀਸ ਦੇਣਾ।”
33ਮਿਸਰੀਆਂ ਨੇ ਲੋਕਾਂ ਨੂੰ ਜਲਦੀ ਕਰਨ ਅਤੇ ਦੇਸ਼ ਛੱਡਣ ਦੀ ਅਪੀਲ ਕੀਤੀ। ਉਹਨਾਂ ਨੇ ਕਿਹਾ, “ਨਹੀਂ ਤਾਂ, ਅਸੀਂ ਸਾਰੇ ਮਰ ਜਾਵਾਂਗੇ!” 34ਇਸ ਲਈ ਲੋਕਾਂ ਨੇ ਖਮੀਰ ਪਾਉਣ ਤੋਂ ਪਹਿਲਾਂ ਆਪਣਾ ਆਟਾ ਲਿਆ ਅਤੇ ਕੱਪੜੇ ਵਿੱਚ ਲਪੇਟ ਕੇ ਗੁਨ੍ਹਣ ਵਾਲੇ ਕਟੋਰੇ ਵਿੱਚ ਆਪਣੇ ਮੋਢਿਆਂ ਉੱਤੇ ਚੁੱਕ ਲਿਆ। 35ਇਸਰਾਏਲੀਆਂ ਨੇ ਮੋਸ਼ੇਹ ਦੇ ਹੁਕਮ ਅਨੁਸਾਰ ਕੀਤਾ ਅਤੇ ਮਿਸਰੀਆਂ ਤੋਂ ਚਾਂਦੀ ਅਤੇ ਸੋਨੇ ਦੀਆਂ ਵਸਤੂਆਂ ਅਤੇ ਕੱਪੜੇ ਮੰਗੇ। 36ਯਾਹਵੇਹ ਨੇ ਉਹਨਾਂ ਲੋਕਾਂ ਨੂੰ ਮਿਸਰੀਆਂ ਦੀ ਨਿਗਾਹ ਵਿੱਚ ਆਦਰ ਮਾਣ ਦਿੱਤਾ ਅਤੇ ਮਿਸਰੀਆਂ ਨੇ ਉਹਨਾਂ ਨੂੰ ਉਹ ਦਿੱਤਾ ਜੋ ਉਹਨਾਂ ਨੇ ਮੰਗਿਆ ਸੀ, ਇਸ ਲਈ ਉਹਨਾਂ ਨੇ ਮਿਸਰੀਆਂ ਨੂੰ ਲੁੱਟ ਲਿਆ।
37ਇਸਰਾਏਲੀਆਂ ਨੇ ਰਾਮਸੇਸ ਤੋਂ ਸੁੱਕੋਥ ਤੱਕ ਦਾ ਸਫ਼ਰ ਕੀਤਾ। ਔਰਤਾਂ ਅਤੇ ਬੱਚਿਆਂ ਤੋਂ ਇਲਾਵਾ ਲਗਭਗ ਛੇ ਲੱਖ ਆਦਮੀ ਪੈਦਲ ਸਨ। 38ਹੋਰ ਵੀ ਬਹੁਤ ਪਰਦੇਸੀ ਵੀ ਉਹਨਾਂ ਦੇ ਨਾਲ ਗਏ ਅਤੇ ਪਸ਼ੂਆਂ ਦੇ ਵੱਡੇ ਝੁੰਡ, ਇਸ ਵਿੱਚ ਇੱਜੜ ਅਤੇ ਝੁੰਡ ਵੀ ਸਨ। 39ਇਸਰਾਏਲੀਆਂ ਨੇ ਮਿਸਰ ਤੋਂ ਲਿਆਂਦੇ ਆਟੇ ਨਾਲ ਪਤੀਰੀ ਰੋਟੀਆਂ ਪਕਾਈਆਂ। ਆਟੇ ਵਿੱਚ ਖਮੀਰ ਨਹੀਂ ਸੀ ਕਿਉਂਕਿ ਉਹ ਮਿਸਰ ਵਿੱਚੋਂ ਬਾਹਰ ਕੱਢੇ ਗਏ ਸਨ ਅਤੇ ਉਹਨਾਂ ਕੋਲ ਆਪਣੇ ਲਈ ਭੋਜਨ ਤਿਆਰ ਕਰਨ ਦਾ ਸਮਾਂ ਨਹੀਂ ਸੀ।
40ਹੁਣ ਇਸਰਾਏਲੀ ਲੋਕਾਂ ਦੇ ਮਿਸਰ ਵਿੱਚ ਰਹਿੰਦੇ ਸਮੇਂ ਦੀ ਲੰਬਾਈ 430 ਸਾਲ ਸੀ। 41430 ਸਾਲਾਂ ਦੇ ਅੰਤ ਵਿੱਚ, ਉਸੇ ਦਿਨ ਤੱਕ ਯਾਹਵੇਹ ਦੇ ਸਾਰੇ ਲੋਕ ਮਿਸਰ ਤੋਂ ਚਲੇ ਗਏ। 42ਕਿਉਂਕਿ ਯਾਹਵੇਹ ਨੇ ਉਹਨਾਂ ਨੂੰ ਮਿਸਰ ਤੋਂ ਬਾਹਰ ਲਿਆਉਣ ਲਈ ਉਸ ਰਾਤ ਨੂੰ ਚੌਕਸ ਰੱਖਿਆ ਸੀ, ਇਸ ਰਾਤ ਨੂੰ ਸਾਰੇ ਇਸਰਾਏਲੀਆਂ ਨੇ ਆਉਣ ਵਾਲੀਆਂ ਪੀੜ੍ਹੀਆਂ ਲਈ ਯਾਹਵੇਹ ਦਾ ਆਦਰ ਕਰਨ ਲਈ ਚੌਕਸ ਰਹਿਣਾ ਹੈ।
ਪਸਾਹ ਦੀਆਂ ਪਾਬੰਦੀਆਂ
43ਯਾਹਵੇਹ ਨੇ ਮੋਸ਼ੇਹ ਅਤੇ ਹਾਰੋਨ ਨੂੰ ਕਿਹਾ, “ਪਸਾਹ ਦੇ ਭੋਜਨ ਲਈ ਇਹ ਨਿਯਮ ਹਨ।
“ਕੋਈ ਵੀ ਓਪਰਾ ਇਸਨੂੰ ਨਹੀਂ ਖਾ ਸਕਦਾ। 44ਕੋਈ ਵੀ ਨੌਕਰ ਜੋ ਤੁਸੀਂ ਖਰੀਦਿਆ ਹੈ, ਉਹ ਉਸਦੀ ਸੁੰਨਤ ਕਰਨ ਤੋਂ ਬਾਅਦ ਉਸਨੂੰ ਖਾ ਸਕਦਾ ਹੈ। 45ਪਰ ਇੱਕ ਪਰਦੇਸੀ ਅਤੇ ਮਜ਼ਦੂਰੀ ਤੇ ਕੰਮ ਕਰਨ ਵਾਲਾ ਇਸ ਨੂੰ ਨਹੀਂ ਖਾ ਸਕਦਾ ਹੈ।
46“ਇਹ ਘਰ ਦੇ ਅੰਦਰ ਹੀ ਖਾਧਾ ਜਾਣਾ ਚਾਹੀਦਾ ਹੈ; ਕੋਈ ਵੀ ਮਾਸ ਘਰ ਤੋਂ ਬਾਹਰ ਨਾ ਲਓ। ਨਾ ਉਸਦੀ ਕੋਈ ਹੱਡੀ ਤੋੜਿਓ। 47ਇਸਰਾਏਲ ਦੀ ਸਾਰੀ ਮੰਡਲੀ ਨੇ ਇਸ ਨੂੰ ਮਨਾਇਆ।
48“ਤੁਹਾਡੇ ਵਿਚਕਾਰ ਰਹਿਣ ਵਾਲਾ ਕੋਈ ਵਿਦੇਸ਼ੀ ਜੋ ਯਾਹਵੇਹ ਦਾ ਪਸਾਹ ਮਨਾਉਣਾ ਚਾਹੁੰਦਾ ਹੈ, ਉਸ ਦੇ ਘਰ ਦੇ ਸਾਰੇ ਮਰਦਾਂ ਦੀ ਸੁੰਨਤ ਹੋਣੀ ਚਾਹੀਦੀ ਹੈ, ਫਿਰ ਉਹ ਦੇਸ਼ ਵਿੱਚ ਪੈਦਾ ਹੋਏ ਵਿਅਕਤੀ ਵਾਂਗ ਹਿੱਸਾ ਲੈ ਸਕਦਾ ਹੈ। ਕੋਈ ਵੀ ਬੇਸੁੰਨਤ ਮਰਦ ਇਸਨੂੰ ਨਹੀਂ ਖਾ ਸਕਦਾ। 49ਇਹੀ ਕਾਨੂੰਨ ਦੇਸ਼ ਵਿੱਚ ਜਨਮੇ ਅਤੇ ਤੁਹਾਡੇ ਵਿਚਕਾਰ ਰਹਿਣ ਵਾਲੇ ਵਿਦੇਸ਼ੀ ਦੋਵਾਂ ਤੇ ਲਾਗੂ ਹੁੰਦਾ ਹੈ।”
50ਸਾਰੇ ਇਸਰਾਏਲੀਆਂ ਨੇ ਉਹੀ ਕੀਤਾ ਜੋ ਯਾਹਵੇਹ ਨੇ ਮੋਸ਼ੇਹ ਅਤੇ ਹਾਰੋਨ ਨੂੰ ਹੁਕਮ ਦਿੱਤਾ ਸੀ। 51ਅਤੇ ਉਸੇ ਦਿਨ ਯਾਹਵੇਹ ਇਸਰਾਏਲੀਆਂ ਨੂੰ ਉਹਨਾਂ ਦੀਆਂ ਟੋਲੀਆਂ ਨਾਲ ਮਿਸਰ ਤੋਂ ਬਾਹਰ ਲੈ ਆਇਆ।

Currently Selected:

ਕੂਚ 12: PCB

Highlight

Share

Copy

None

Want to have your highlights saved across all your devices? Sign up or sign in