ਬਿਵਸਥਾ 29
29
ਨੇਮ ਦਾ ਨਵੀਨੀਕਰਨ
1ਇਹ ਨੇਮ ਦੀਆਂ ਗੱਲਾਂ ਹਨ ਜੋ ਯਾਹਵੇਹ ਨੇ ਮੋਸ਼ੇਹ ਨੂੰ ਮੋਆਬ ਵਿੱਚ ਇਸਰਾਏਲੀਆਂ ਨਾਲ ਕਰਨ ਦਾ ਹੁਕਮ ਦਿੱਤਾ ਸੀ, ਉਸ ਨੇਮ ਤੋਂ ਵੱਖਰਾ ਹੈ ਜੋ ਉਸਨੇ ਹੋਰੇਬ ਵਿੱਚ ਉਹਨਾਂ ਨਾਲ ਕੀਤਾ ਸੀ।
2ਮੋਸ਼ੇਹ ਨੇ ਸਾਰੇ ਇਸਰਾਏਲੀਆਂ ਨੂੰ ਸੱਦ ਕੇ ਕਿਹਾ:
ਤੁਹਾਡੀਆਂ ਅੱਖਾਂ ਨੇ ਉਹ ਸਭ ਕੁਝ ਦੇਖਿਆ ਹੈ ਜੋ ਯਾਹਵੇਹ ਨੇ ਮਿਸਰ ਵਿੱਚ ਫ਼ਿਰਾਊਨ, ਉਸਦੇ ਸਾਰੇ ਅਧਿਕਾਰੀਆਂ ਅਤੇ ਉਸਦੇ ਸਾਰੇ ਦੇਸ਼ ਨਾਲ ਕੀਤਾ ਸੀ। 3ਤੁਸੀਂ ਆਪਣੀਆਂ ਅੱਖਾਂ ਨਾਲ ਉਹ ਵੱਡੇ ਪਰਤਾਵੇ, ਉਹ ਨਿਸ਼ਾਨ ਅਤੇ ਮਹਾਨ ਅਚੰਭੇ ਵੇਖੇ ਸਨ। 4ਪਰ ਅੱਜ ਤੱਕ ਯਾਹਵੇਹ ਨੇ ਤੁਹਾਨੂੰ ਨਾ ਤਾਂ ਸਮਝਣ ਵਾਲਾ ਮਨ, ਨਾ ਵੇਖਣ ਵਾਲੀਆਂ ਅੱਖਾਂ ਅਤੇ ਨਾ ਸੁਣਨ ਵਾਲੇ ਕੰਨ ਦਿੱਤੇ। 5ਫਿਰ ਵੀ ਯਾਹਵੇਹ ਆਖਦਾ ਹੈ, “ਉਹਨਾਂ ਚਾਲੀ ਸਾਲਾਂ ਦੌਰਾਨ ਜਦੋਂ ਮੈਂ ਤੁਹਾਨੂੰ ਉਜਾੜ ਵਿੱਚ ਲੈ ਗਿਆ, ਨਾ ਤੁਹਾਡੇ ਸਰੀਰ ਤੋਂ ਕੱਪੜੇ ਫਟੇ ਅਤੇ ਨਾ ਹੀ ਤੁਹਾਡੇ ਪੈਰਾਂ ਦੀਆਂ ਜੁੱਤੀਆਂ ਪੁਰਾਣੀਆਂ ਹੋਈਆਂ। 6ਤੁਹਾਨੂੰ ਖਾਣ ਲਈ ਰੋਟੀ ਨਹੀਂ ਮਿਲੀ, ਨਾ ਅੰਗੂਰਾਂ ਦਾ ਰਸ ਅਤੇ ਪੀਣ ਲਈ ਦਾਖ਼ਰਸ, ਤਾਂ ਜੋ ਤੁਸੀਂ ਸਮਝ ਸਕੋ ਕਿ ਮੈਂ ਯਾਹਵੇਹ ਤੁਹਾਡਾ ਪਰਮੇਸ਼ਵਰ ਹਾਂ।”
7ਜਦੋਂ ਤੁਸੀਂ ਇਸ ਥਾਂ ਪਹੁੰਚੇ ਤਾਂ ਹੇਸ਼ਬੋਨ ਦਾ ਰਾਜਾ ਸੀਹੋਨ ਅਤੇ ਬਾਸ਼ਾਨ ਦਾ ਰਾਜਾ ਓਗ ਸਾਡੇ ਨਾਲ ਲੜਨ ਲਈ ਨਿੱਕਲਿਆ ਪਰ ਅਸੀਂ ਉਹਨਾਂ ਨੂੰ ਹਰਾ ਦਿੱਤਾ। 8ਅਸੀਂ ਉਹਨਾਂ ਦੀ ਧਰਤੀ ਲੈ ਲਈ ਅਤੇ ਉਹ ਰਊਬੇਨੀਆਂ, ਗਾਦੀਆਂ ਅਤੇ ਮਨੱਸ਼ੇਹ ਦੇ ਅੱਧੇ ਗੋਤ ਨੂੰ ਵਿਰਾਸਤ ਵਿੱਚ ਦੇ ਦਿੱਤੀ।
9ਇਸ ਨੇਮ ਦੀਆਂ ਸ਼ਰਤਾਂ ਨੂੰ ਧਿਆਨ ਨਾਲ ਮੰਨੋ, ਤਾਂ ਜੋ ਤੁਸੀਂ ਹਰ ਕੰਮ ਵਿੱਚ ਸਫਲ ਹੋ ਸਕੋ। 10ਅੱਜ ਤੁਸੀਂ ਸਾਰੇ ਆਪਣੇ ਯਾਹਵੇਹ ਆਪਣੇ ਪਰਮੇਸ਼ਵਰ ਦੇ ਅੱਗੇ ਖੜ੍ਹੇ ਹੋ, ਤੁਹਾਡੇ ਆਗੂ ਅਤੇ ਸਰਦਾਰ, ਤੁਹਾਡੇ ਬਜ਼ੁਰਗਾਂ ਅਤੇ ਅਧਿਕਾਰੀਆਂ ਅਤੇ ਇਸਰਾਏਲ ਦੇ ਸਾਰੇ ਮਨੁੱਖ। 11ਤੁਹਾਡੇ ਬੱਚਿਆਂ ਅਤੇ ਤੁਹਾਡੀਆਂ ਪਤਨੀਆਂ ਅਤੇ ਤੁਹਾਡੇ ਡੇਰਿਆਂ ਵਿੱਚ ਰਹਿਣ ਵਾਲੇ ਪਰਦੇਸੀਆਂ ਦੇ ਨਾਲ ਜੋ ਤੁਹਾਡੀਆਂ ਲੱਕੜਾਂ ਕੱਟਦੇ ਹਨ ਅਤੇ ਤੁਹਾਡਾ ਪਾਣੀ ਚੁੱਕਦੇ ਹਨ। 12ਤੁਸੀਂ ਇੱਥੇ ਖੜ੍ਹੇ ਹੋ ਤਾਂ ਜੋ ਯਾਹਵੇਹ ਪਰਮੇਸ਼ਵਰ ਅੱਜ ਤੁਹਾਡੇ ਨਾਲ ਨੇਮ ਬੰਨ੍ਹਦਾ ਹੈ, ਇੱਕ ਨੇਮ ਜੋ ਯਾਹਵੇਹ ਅੱਜ ਤੁਹਾਡੇ ਨਾਲ ਬੰਨ੍ਹ ਰਿਹਾ ਹੈ ਅਤੇ ਸਹੁੰ ਨਾਲ ਮੁਹਰ ਲਗਾ ਰਿਹਾ ਹੈ। 13ਤਾਂ ਜੋ ਅੱਜ ਦੇ ਦਿਨ ਤੁਹਾਨੂੰ ਉਹ ਦੀ ਪਰਜਾ ਹੋਣ ਕਰਕੇ ਕਾਇਮ ਕਰੇ ਭਈ ਉਹ ਤੁਹਾਡਾ ਪਰਮੇਸ਼ਵਰ ਹੋਵੇ ਜਿਵੇਂ ਉਸ ਨੇ ਤੁਹਾਡੇ ਨਾਲ ਵਾਅਦਾ ਕੀਤਾ ਸੀ ਅਤੇ ਜਿਵੇਂ ਉਸ ਨੇ ਤੁਹਾਡੇ ਪਿਉ-ਦਾਦਿਆਂ ਅਬਰਾਹਾਮ, ਇਸਹਾਕ ਅਤੇ ਯਾਕੋਬ ਨਾਲ ਸਹੁੰ ਖਾਧੀ ਸੀ। 14ਮੈਂ ਇਹ ਨੇਮ ਇਸ ਦੀ ਸਹੁੰ ਨੂੰ ਸਿਰਫ ਤੁਹਾਡੇ ਨਾਲ ਨਹੀਂ ਬੰਨ੍ਹ ਰਿਹਾ ਹਾਂ। 15ਜਿਹੜੇ ਅੱਜ ਇੱਥੇ ਸਾਡੇ ਨਾਲ ਸਾਡੇ ਯਾਹਵੇਹ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਖੜ੍ਹੇ ਹਨ ਪਰ ਉਹਨਾਂ ਦੇ ਨਾਲ ਵੀ ਜਿਹੜੇ ਅੱਜ ਇੱਥੇ ਨਹੀਂ ਹਨ।
16ਤੁਸੀਂ ਆਪ ਜਾਣਦੇ ਹੋ ਕਿ ਅਸੀਂ ਮਿਸਰ ਵਿੱਚ ਕਿਵੇਂ ਰਹਿੰਦੇ ਸੀ ਅਤੇ ਇੱਥੋਂ ਦੇ ਰਾਹ ਵਿੱਚ ਅਸੀਂ ਕਿਵੇਂ ਉਹਨਾਂ ਕੌਮਾਂ ਵਿੱਚੋਂ ਹੋ ਕੇ ਲੰਘੇ ਸੀ। 17ਤੁਸੀਂ ਉਹਨਾਂ ਵਿੱਚ ਉਹਨਾਂ ਦੀਆਂ ਘਿਣਾਉਣੀਆਂ ਚੀਜ਼ਾਂ ਲੱਕੜ ਅਤੇ ਪੱਥਰ, ਚਾਂਦੀ ਅਤੇ ਸੋਨੇ ਦੀਆਂ ਮੂਰਤੀਆਂ ਵੇਖੀਆਂ। 18ਇਹ ਨਿਸ਼ਚਿਤ ਕਰੋ ਕਿ ਅੱਜ ਤੁਹਾਡੇ ਵਿੱਚ ਕੋਈ ਅਜਿਹਾ ਆਦਮੀ ਜਾਂ ਔਰਤ, ਕਬੀਲਾ ਜਾਂ ਗੋਤ ਨਹੀਂ ਹੈ ਜਿਸਦਾ ਮਨ ਸਾਡੇ ਯਾਹਵੇਹ ਪਰਮੇਸ਼ਵਰ ਤੋਂ ਦੂਰ ਹੋਵੇ ਅਤੇ ਜਾ ਕੇ ਉਹਨਾਂ ਕੌਮਾਂ ਦੇ ਦੇਵਤਿਆਂ ਦੀ ਪੂਜਾ ਕਰੇ। ਫਿਰ ਕਿਤੇ ਅਜਿਹਾ ਵੀ ਨਾ ਹੋਵੇ ਕਿ ਤੁਹਾਡੇ ਵਿੱਚੋਂ ਕੋਈ ਕੁੜੱਤਣ ਅਤੇ ਅੱਕ ਦੀ ਜੜ੍ਹ ਫੁੱਟ ਨਿੱਕਲੇ।
19ਜਦੋਂ ਅਜਿਹਾ ਵਿਅਕਤੀ ਇਸ ਸਰਾਪ ਦੇ ਵੇਰਵਿਆਂ ਬਾਰੇ ਸੋਚਦਾ ਹੈ, ਤਾਂ ਉਹ ਆਪਣੇ ਮਨ ਵਿੱਚ ਆਪਣੇ ਆਪ ਨੂੰ ਵਧਾਈ ਦੇਵੇਗਾ ਅਤੇ ਸੋਚੇਗਾ, “ਮੈਂ ਸੁਰੱਖਿਅਤ ਰਹਾਂਗਾ ਭਾਵੇਂ ਮੈਂ ਜੋ ਚਾਹਾਂਗਾ!” ਇਸ ਦੁਆਰਾ, ਉਹ ਵਿਅਕਤੀ ਸਿੰਚਾਈ ਵਾਲੀ ਜ਼ਮੀਨ ਅਤੇ ਸੁੱਕੀ ਜ਼ਮੀਨ ਦੋਵਾਂ ਉੱਤੇ ਤਬਾਹੀ ਲਿਆਵੇਗਾ। 20ਯਾਹਵੇਹ ਕਦੇ ਵੀ ਉਹਨਾਂ ਨੂੰ ਮਾਫ਼ ਕਰਨ ਲਈ ਤਿਆਰ ਨਹੀਂ ਹੋਵੇਗਾ; ਉਸਦਾ ਕ੍ਰੋਧ ਅਤੇ ਜੋਸ਼ ਉਹਨਾਂ ਦੇ ਵਿਰੁੱਧ ਭੜਕੇਗਾ। ਇਸ ਪੁਸਤਕ ਵਿੱਚ ਲਿਖੇ ਸਾਰੇ ਸਰਾਪ ਉਹਨਾਂ ਉੱਤੇ ਪੈਣਗੇ, ਅਤੇ ਯਾਹਵੇਹ ਉਹਨਾਂ ਦੇ ਨਾਮ ਨੂੰ ਅਕਾਸ਼ ਦੇ ਹੇਠਾਂ ਤੋਂ ਮਿਟਾ ਦੇਵੇਗਾ। 21ਬਿਵਸਥਾ ਦੀ ਇਸ ਪੋਥੀ ਵਿੱਚ ਲਿਖੇ ਨੇਮ ਦੇ ਸਾਰੇ ਸਰਾਪਾਂ ਦੇ ਅਨੁਸਾਰ, ਯਾਹਵੇਹ ਉਹਨਾਂ ਨੂੰ ਇਸਰਾਏਲ ਦੇ ਸਾਰੇ ਗੋਤਾਂ ਵਿੱਚੋਂ ਬਿਪਤਾ ਲਈ ਵੱਖਰਾ ਕਰੇਗਾ।
22ਅਤੇ ਆਉਣ ਵਾਲੀ ਪੀੜ੍ਹੀ ਵਿੱਚ ਤੁਹਾਡੇ ਬੱਚੇ ਜਿਹੜੇ ਤੁਹਾਡੇ ਬਾਅਦ ਪੈਦਾ ਹੋਣਗੇ ਅਤੇ ਦੂਰ-ਦੁਰਾਡੇ ਦੇ ਦੇਸ਼ਾਂ ਤੋਂ ਆਉਣ ਵਾਲੇ ਪਰਦੇਸੀ ਵੀ, ਜਦ ਉਹ ਉਸ ਦੇਸ਼ ਦੀਆਂ ਬਵਾਂ ਅਤੇ ਉਸ ਵਿੱਚ ਯਾਹਵੇਹ ਦੀਆਂ ਫੈਲਾਈਆਂ ਹੋਈਆਂ ਬਿਮਾਰੀਆਂ ਨੂੰ ਵੇਖਣਗੇ ਤਾਂ ਆਖਣਗੇ। 23ਸਾਰੀ ਧਰਤੀ ਲੂਣ ਅਤੇ ਗੰਧਕ ਦੀ ਬਲਦੀ ਰਹਿੰਦ-ਖੂੰਹਦ ਦੀ ਹੋ ਜਾਵੇਗੀ, ਕੁਝ ਵੀ ਨਹੀਂ ਬੀਜਿਆ ਜਾਵੇਗਾ, ਨਾ ਕੁਝ ਉੱਗੇਗਾ, ਨਾ ਕੋਈ ਬਨਸਪਤੀ ਉੱਗੇਗੀ। ਇਹ ਸੋਦੋਮ ਅਤੇ ਗਾਮੂਰਾਹ, ਅਦਮਾਹ ਅਤੇ ਜ਼ਬੋਯੀਮ ਦੀ ਤਬਾਹੀ ਵਰਗਾ ਹੋਵੇਗਾ, ਜਿਸ ਨੂੰ ਯਾਹਵੇਹ ਨੇ ਭਿਆਨਕ ਕ੍ਰੋਧ ਵਿੱਚ ਉਖਾੜ ਦਿੱਤਾ ਸੀ। 24ਸਾਰੀਆਂ ਕੌਮਾਂ ਪੁੱਛਣਗੀਆਂ, “ਯਾਹਵੇਹ ਨੇ ਇਸ ਧਰਤੀ ਨਾਲ ਅਜਿਹਾ ਕਿਉਂ ਕੀਤਾ ਹੈ? ਇਹ ਭਿਆਨਕ, ਭੜਕਦਾ ਗੁੱਸਾ ਕਿਉਂ?”
25ਅਤੇ ਜਵਾਬ ਇਹ ਹੋਵੇਗਾ, “ਇਹ ਇਸ ਲਈ ਹੈ ਕਿਉਂਕਿ ਇਨ੍ਹਾਂ ਲੋਕਾਂ ਨੇ ਆਪਣੇ ਪੁਰਖਿਆਂ ਦੇ ਯਾਹਵੇਹ ਪਰਮੇਸ਼ਵਰ ਦੇ ਨੇਮ ਨੂੰ ਛੱਡ ਦਿੱਤਾ, ਜਿਸ ਨੇਮ ਨੂੰ ਉਸ ਨੇ ਮਿਸਰ ਵਿੱਚੋਂ ਬਾਹਰ ਲਿਆਉਣ ਵੇਲੇ ਉਹਨਾਂ ਨਾਲ ਬੰਨ੍ਹਿਆ ਸੀ। 26ਉਹਨਾਂ ਨੇ ਜਾ ਕੇ ਹੋਰਨਾਂ ਦੇਵਤਿਆਂ ਦੀ ਉਪਾਸਨਾ ਕੀਤੀ ਅਤੇ ਉਹਨਾਂ ਨੂੰ ਮੱਥਾ ਟੇਕਿਆ, ਜਿਨ੍ਹਾਂ ਨੂੰ ਉਹ ਨਹੀਂ ਜਾਣਦੇ ਸਨ, ਉਹ ਦੇਵਤੇ ਜਿਨ੍ਹਾਂ ਨੂੰ ਉਹ ਨੇ ਉਹਨਾਂ ਲਈ ਨਹੀਂ ਠਹਿਰਾਇਆ ਸੀ। 27ਇਸ ਲਈ ਯਾਹਵੇਹ ਦਾ ਕ੍ਰੋਧ ਇਸ ਧਰਤੀ ਉੱਤੇ ਭੜਕਿਆ ਅਤੇ ਉਹ ਇਸ ਪੁਸਤਕ ਵਿੱਚ ਲਿਖੇ ਸਾਰੇ ਸਰਾਪਾਂ ਨੂੰ ਇਸ ਉੱਤੇ ਲੈ ਆਇਆ। 28ਗੁੱਸੇ ਵਿੱਚ ਅਤੇ ਵੱਡੇ ਕ੍ਰੋਧ ਵਿੱਚ ਯਾਹਵੇਹ ਨੇ ਉਹਨਾਂ ਨੂੰ ਉਹਨਾਂ ਦੀ ਧਰਤੀ ਤੋਂ ਉਖਾੜ ਸੁੱਟਿਆ ਅਤੇ ਉਹਨਾਂ ਨੂੰ ਕਿਸੇ ਹੋਰ ਦੇਸ਼ ਵਿੱਚ ਸੁੱਟ ਦਿੱਤਾ, ਜਿਵੇਂ ਕਿ ਹੁਣ ਹੈ।”
29ਗੁਪਤ ਗੱਲਾਂ ਸਾਡੇ ਯਾਹਵੇਹ ਪਰਮੇਸ਼ਵਰ ਦੀਆਂ ਹਨ, ਪਰ ਜਿਹੜੀਆਂ ਗੱਲਾਂ ਪ੍ਰਗਟ ਕੀਤੀਆਂ ਗਈਆਂ ਹਨ ਉਹ ਸਾਡੇ ਅਤੇ ਸਾਡੇ ਬੱਚਿਆਂ ਲਈ ਹਨ, ਤਾਂ ਜੋ ਅਸੀਂ ਇਸ ਬਿਵਸਥਾ ਦੀਆਂ ਸਾਰੀਆਂ ਗੱਲਾਂ ਦੀ ਪਾਲਣਾ ਕਰਦੇ ਰਹੀਏ।
Currently Selected:
ਬਿਵਸਥਾ 29: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.