ਕੁਲੁੱਸੀਆਂ 1
1
1ਪੌਲੁਸ, ਪਰਮੇਸ਼ਵਰ ਦੀ ਇੱਛਾ ਨਾਲ ਯਿਸ਼ੂ ਮਸੀਹ ਦਾ ਇੱਕ ਰਸੂਲ, ਅਤੇ ਸਾਡਾ ਭਰਾ ਤਿਮੋਥਿਉਸ।
2ਕੁਲੁੱਸੀਆਂ ਵਿੱਚ ਪਰਮੇਸ਼ਵਰ ਦੇ ਪਵਿੱਤਰ ਲੋਕਾਂ ਅਤੇ ਯਿਸ਼ੂ ਮਸੀਹ ਵਿੱਚ ਵਫ਼ਾਦਾਰ ਭਰਾਵਾਂ ਅਤੇ ਭੈਣਾਂ ਨੂੰ:
ਸਾਡੇ ਪਿਤਾ ਪਰਮੇਸ਼ਵਰ ਦੇ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲਦੀ ਰਹੇ।
ਧੰਨਵਾਦ ਅਤੇ ਪ੍ਰਾਰਥਨਾ
3ਜਦੋਂ ਅਸੀਂ ਤੁਹਾਡੇ ਲਈ ਪ੍ਰਾਰਥਨਾ ਕਰਦੇ ਹਾਂ, ਅਸੀਂ ਲਗਾਤਾਰ ਸਾਡੇ ਪ੍ਰਭੂ ਯਿਸ਼ੂ ਮਸੀਹ ਦੇ ਪਿਤਾ ਪਰਮੇਸ਼ਵਰ ਦਾ ਧੰਨਵਾਦ ਕਰਦੇ ਹਾਂ, 4ਕਿਉਂਕਿ ਅਸੀਂ ਮਸੀਹ ਯਿਸ਼ੂ ਵਿੱਚ ਤੁਹਾਡੇ ਵਿਸ਼ਵਾਸ ਅਤੇ ਉਸ ਪਿਆਰ ਦੀ ਜੋ ਤੁਸੀਂ ਸਾਰੇ ਪਰਮੇਸ਼ਵਰ ਦੇ ਪਵਿੱਤਰ ਲੋਕਾਂ ਨਾਲ ਕਰਦੇ ਹੋ ਖ਼ਬਰ ਸੁਣੀ ਹੈ। 5ਉਹਨਾਂ ਦਾ ਅਧਾਰ ਨਿਹਚਾ ਅਤੇ ਪਿਆਰ ਹੈ ਜੋ ਤੁਹਾਡੇ ਲਈ ਸਵਰਗ ਵਿੱਚਲੀ ਉਮੀਦ ਤੋਂ ਪੈਦਾ ਹੁੰਦਾ ਹੈ ਅਤੇ ਜਿਸ ਬਾਰੇ ਤੁਸੀਂ ਖੁਸ਼ਖ਼ਬਰੀ ਦੇ ਸੱਚੇ ਸੰਦੇਸ਼ ਵਿੱਚ ਪਹਿਲਾਂ ਹੀ ਸੁਣਿਆ ਹੈ। 6ਜੋ ਤੁਸੀਂ ਪ੍ਰਾਪਤ ਕੀਤਾ ਹੈ, ਉਸੇ ਤਰ੍ਹਾਂ, ਖੁਸ਼ਖ਼ਬਰੀ ਫ਼ਲ ਲੈ ਕੇ ਆ ਰਹੀ ਹੈ ਅਤੇ ਸਾਰੇ ਸੰਸਾਰ ਵਿੱਚ ਫੈਲ ਰਹੀ ਹੈ ਅਤੇ ਵਧ ਰਹੀ ਹੈ, ਠੀਕ ਉਸੇ ਤਰ੍ਹਾਂ ਜਿਵੇਂ ਤੁਹਾਡੇ ਅੰਦਰ ਹੋ ਰਿਹਾ ਹੈ ਜਦੋਂ ਤੋਂ ਤੁਸੀਂ ਸੁਣਿਆ ਹੈ ਅਤੇ ਸੱਚ-ਮੁੱਚ ਪਰਮੇਸ਼ਵਰ ਦੀ ਕਿਰਪਾ ਨੂੰ ਸਮਝਿਆ ਹੈ। 7ਤੁਸੀਂ ਇਸ ਨੂੰ ਸਾਡੇ ਪਿਆਰੇ ਸਾਥੀ ਸੇਵਕ, ਇਪਫ੍ਰਾਸ ਤੋਂ ਸਿੱਖਿਆ ਸੀ, ਜੋ ਸਾਡੀ ਸਹਾਇਤਾ ਲਈ ਮਸੀਹ ਦਾ ਇੱਕ ਵਫ਼ਾਦਾਰ ਸੇਵਕ ਹੈ। 8ਅਤੇ ਜਿਸ ਨੇ ਸਾਨੂੰ ਆਤਮਾ ਵਿੱਚ ਤੁਹਾਡੇ ਪਿਆਰ ਬਾਰੇ ਦੱਸਿਆ ਹੈ।
9ਇਸ ਕਾਰਨ ਕਰਕੇ, ਜਦੋਂ ਤੋਂ ਅਸੀਂ ਤੁਹਾਡੇ ਬਾਰੇ ਸੁਣਿਆ ਹੈ, ਅਸੀਂ ਤੁਹਾਡੇ ਲਈ ਪ੍ਰਾਰਥਨਾ ਕਰਨੀ ਬੰਦ ਨਹੀਂ ਕੀਤੀ। ਅਸੀਂ ਲਗਾਤਾਰ ਪਰਮੇਸ਼ਵਰ ਅੱਗੇ ਬੇਨਤੀ ਕਰਦੇ ਹਾਂ ਕਿ ਉਹ ਤੁਹਾਨੂੰ ਆਪਣੀ ਇੱਛਾ ਦੇ ਸਾਰੇ ਗਿਆਨ ਵਿੱਚ ਪੂਰੀ ਬੁੱਧ ਅਤੇ ਸਮਝ ਨਾਲ ਭਰੇ ਜੋ ਪਵਿੱਤਰ ਆਤਮਾ ਦਿੰਦਾ ਹੈ, 10ਤਾਂ ਜੋ ਤੁਸੀਂ ਪ੍ਰਭੂ ਦੇ ਯੋਗ ਜੀਵਨ ਬਤੀਤ ਕਰੋ ਅਤੇ ਉਹਨਾਂ ਨੂੰ ਹਰ ਤਰੀਕੇ ਨਾਲ ਖੁਸ਼ ਕਰੋ, ਹਰ ਚੰਗੇ ਕੰਮ ਵਿੱਚ ਤੁਸੀਂ ਫ਼ਲ ਪੈਦਾ ਕਰਦੇ ਹੋਏ ਅਤੇ ਪਰਮੇਸ਼ਵਰ ਦੇ ਗਿਆਨ ਵਿੱਚ ਵੱਧਦੇ ਹੋਏ, 11ਉਹਨਾਂ ਦੀ ਮਹਿਮਾ ਦੇ ਅਨੁਸਾਰ ਹਰ ਸ਼ਕਤੀ ਨਾਲ ਤੁਹਾਨੂੰ ਤਕੜਾ ਕੀਤਾ ਜਾ ਰਿਹਾ ਹੈ ਤਾਂ ਜੋ ਤੁਸੀਂ ਖੁਸ਼ੀ ਨਾਲ ਸਬਰ ਰੱਖ ਸਕੋਂ। 12ਅਤੇ ਪਿਤਾ ਪਰਮੇਸ਼ਵਰ ਦਾ ਤਹਿ ਦਿਲੋਂ ਧੰਨਵਾਦ ਕਰਦੇ ਰਹੋ, ਜਿਹਨਾਂ ਨੇ ਤੁਹਾਨੂੰ ਪ੍ਰਕਾਸ਼ ਦੇ ਰਾਜ ਵਿੱਚ ਆਪਣੇ ਪਵਿੱਤਰ ਲੋਕਾਂ ਦੀ ਵਿਰਾਸਤ ਵਿੱਚ ਹਿੱਸਾ ਪਾਉਣ ਲਈ ਯੋਗ ਬਣਾਇਆ ਹੈ। 13ਉਹਨਾਂ ਨੇ ਸਾਨੂੰ ਹਨੇਰੇ ਦੇ ਰਾਜ ਤੋਂ ਛੁਟਕਾਰਾ ਦਿੱਤਾ ਅਤੇ ਸਾਨੂੰ ਉਸ ਪੁੱਤਰ ਦੇ ਰਾਜ ਵਿੱਚ ਲੈ ਆਏ ਜਿਸ ਨੂੰ ਉਹ ਪਿਆਰ ਕਰਦੇ ਹਨ। 14ਉਸ ਦੇ ਵਿੱਚ ਸਾਨੂੰ ਮੁਕਤੀ ਅਤੇ ਪਾਪਾਂ ਦੀ ਮਾਫ਼ੀ ਹੈ।
ਪਰਮੇਸ਼ਵਰ ਦੇ ਪੁੱਤਰ ਦੀ ਸਰਬੋਤਮਤਾ
15ਪੁੱਤਰ ਅਦਿੱਖ ਪਰਮੇਸ਼ਵਰ ਦਾ ਸਰੂਪ ਅਤੇ ਉਹ ਸਾਰੀ ਸ੍ਰਿਸ਼ਟੀ ਦਾ ਜੇਠਾ ਪੁੱਤਰ ਹੈ। 16ਉਸ ਵਿੱਚ ਸਾਰੀਆਂ ਚੀਜ਼ਾਂ ਸਾਜੀਆਂ ਗਈਆਂ ਸਨ: ਸਵਰਗ ਅਤੇ ਧਰਤੀ ਦੀਆਂ ਚੀਜ਼ਾਂ, ਦ੍ਰਿਸ਼ਮਾਨ ਅਤੇ ਅਦਿੱਖ, ਸਿੰਘਾਸਣਾਂ ਅਤੇ ਸ਼ਕਤੀਆਂ, ਹਾਕਮ ਜਾਂ ਅਧਿਕਾਰੀ, ਸਭ ਕੁਝ ਉਸ ਦੁਆਰਾ ਅਤੇ ਉਸ ਲਈ ਬਣਾਇਆ ਗਿਆ ਹੈ। 17ਸਾਰੀ ਸ੍ਰਿਸ਼ਟੀ ਵਿੱਚ ਉਹ ਪਹਿਲਾਂ ਹੈ ਅਤੇ ਸਾਰੀ ਸ੍ਰਿਸ਼ਟੀ ਉਸ ਵਿੱਚ ਟਿਕੀ ਹੋਈ ਹੈ।#1:17 ਪ੍ਰਕਾ 1:8 18ਅਤੇ ਉਹ ਸਰੀਰ, ਅਰਥਾਤ ਕਲੀਸਿਆ ਦਾ ਸਿਰ ਹੈ; ਉਹ ਸ਼ੁਰੂਆਤ ਅਤੇ ਮੁਰਦਿਆਂ ਵਿੱਚੋਂ ਜੇਠਾ ਹੈ, ਤਾਂ ਕਿ ਹਰ ਚੀਜ਼ ਵਿੱਚ ਉਹ ਸਰਬੋਤਮ ਹੋਣ। 19ਕਿਉਂਕਿ ਪਰਮੇਸ਼ਵਰ ਆਪਣੀ ਸਾਰੀ ਸੰਪੂਰਨਤਾ ਵਿੱਚ ਉਹਨਾਂ ਵਿੱਚ ਵੱਸਣ ਲਈ ਪ੍ਰਸੰਨ ਸੀ। 20ਅਤੇ ਉਸ ਦੇ ਦੁਆਰਾ ਸਾਰੀਆਂ ਚੀਜ਼ਾਂ ਨੂੰ ਆਪਣੇ ਨਾਲ ਮੇਲ ਕਰਨ ਲਈ, ਚਾਹੇ ਧਰਤੀ ਉੱਤੇ ਚੀਜ਼ਾਂ ਹੋਣ ਜਾਂ ਸਵਰਗ ਵਿੱਚ, ਉਸ ਦਾ ਲਹੂ ਸਲੀਬ ਉੱਤੇ ਵਹਾਇਆ ਗਿਆ ਤਾਂ ਕਿ ਸ਼ਾਂਤੀ ਦੀ ਸਥਾਪਨਾ ਹੋ ਸਕੇ।
21ਇੱਕ ਵਾਰ ਤੁਸੀਂ ਪਰਮੇਸ਼ਵਰ ਤੋਂ ਅਲੱਗ ਹੋ ਗਏ ਸੀ ਅਤੇ ਤੁਹਾਡੇ ਦੁਸ਼ਟ ਵਿਵਹਾਰ ਕਾਰਨ ਤੁਹਾਡੇ ਮਨ ਵਿੱਚ ਦੁਸ਼ਮਣੀ ਸੀ। 22ਪਰ ਹੁਣ ਪਰਮੇਸ਼ਵਰ ਨੇ ਤੁਹਾਨੂੰ ਮਸੀਹ ਦੇ ਸਰੀਰਕ ਸਰੀਰ ਦੁਆਰਾ ਮੌਤ ਦੇ ਜ਼ਰੀਏ ਤੁਹਾਡੇ ਨਾਲ ਮੇਲ ਕੀਤਾ ਹੈ ਤਾਂ ਜੋ ਤੁਹਾਨੂੰ ਉਹਨਾਂ ਦੀ ਨਜ਼ਰ ਵਿੱਚ ਪਵਿੱਤਰ ਅਤੇ ਨਿਰਦੋਸ਼ ਅਤੇ ਦੋਸ਼ ਰਹਿਤ ਪੇਸ਼ ਕਰ ਸਕੇ। 23ਜੇ ਤੁਸੀਂ ਆਪਣੀ ਨਿਹਚਾ ਵਿੱਚ ਸਥਾਪਤ ਅਤੇ ਦ੍ਰਿੜ ਹੋ, ਅਤੇ ਇਸ ਤੋਂ ਨਾ ਹਟੋ ਉਮੀਦ ਖੁਸ਼ਖ਼ਬਰੀ ਵਿੱਚ ਬਾਹਰ ਆਯੋਜਿਤ। ਇਹੀ ਖੁਸ਼ਖ਼ਬਰੀ ਹੈ ਜੋ ਤੁਸੀਂ ਸੁਣੀ ਹੈ ਅਤੇ ਇਹ ਸਵਰਗ ਦੇ ਹੇਠ ਹਰ ਜੀਵਿਤ ਨੂੰ ਸੁਣਾਇਆ ਗਿਆ ਹੈ, ਅਤੇ ਮੈਂ ਪੌਲੁਸ ਇੱਕ ਸੇਵਕ ਬਣ ਗਿਆ ਹਾਂ।
ਪੌਲੁਸ ਦੀ ਕਲੀਸਿਆ ਲਈ ਮਿਹਨਤ
24ਹੁਣ ਮੈਂ ਉਸ ਲਈ ਖੁਸ਼ ਹਾਂ ਜੋ ਮੈਂ ਤੁਹਾਡੇ ਲਈ ਦੁੱਖ ਝੱਲ ਰਿਹਾ ਹਾਂ ਅਤੇ ਮੈਂ ਆਪਣੇ ਸਰੀਰ ਵਿੱਚ ਉਹ ਚੀਜ਼ਾਂ ਭਰਦਾ ਹਾਂ ਜੋ ਮਸੀਹ ਦੇ ਦੁੱਖਾਂ ਦੇ ਸੰਬੰਧ ਵਿੱਚ ਅਜੇ ਵੀ ਕਮੀ ਮਹਿਸੂਸ ਕਰ ਰਿਹਾ ਹੈ, ਉਸ ਦੇ ਸਰੀਰ ਲਈ, ਜੋ ਕਲੀਸਿਆ ਹੈ। 25ਇਸ ਕਲੀਸਿਆ ਲਈ ਮੈਨੂੰ ਪਰਮੇਸ਼ਵਰ ਦੁਆਰਾ ਸੌਂਪੀ ਗਈ ਸੇਵਾ ਲਈ ਇੱਕ ਸੇਵਕ ਵਜੋਂ ਚੁਣਿਆ ਗਿਆ ਹੈ, ਤਾਂ ਜੋ ਮੈਂ ਪੂਰੀ ਤਰ੍ਹਾਂ ਪਰਮੇਸ਼ਵਰ ਦੇ ਹੁਕਮ ਦਾ ਪ੍ਰਚਾਰ ਕਰ ਸਕਾਂ। 26ਉਹ ਭੇਤ ਜੋ ਸਦੀਆਂ ਅਤੇ ਪੀੜ੍ਹੀਆਂ ਤੱਕ ਛੁਪਿਆ ਹੋਇਆ ਹੈ, ਪਰ ਹੁਣ ਪ੍ਰਭੂ ਦੇ ਲੋਕਾਂ ਨੂੰ ਪ੍ਰਗਟ ਕੀਤਾ ਗਿਆ ਹੈ। 27ਉਹਨਾਂ ਨੂੰ ਪਰਮੇਸ਼ਵਰ ਨੇ ਗ਼ੈਰ-ਯਹੂਦੀਆਂ ਵਿੱਚ ਇਸ ਭੇਤ ਦੀ ਸ਼ਾਨਦਾਰ ਧਨ ਬਾਰੇ ਜਾਣਨਾ ਚੁਣਿਆ ਹੈ, ਜੋ ਤੁਹਾਡੇ ਵਿੱਚ ਮਸੀਹ ਹੈ, ਮਹਿਮਾ ਦੀ ਉਮੀਦ ਹੈ।
28ਮਸੀਹ ਹੈ ਜਿਸ ਦਾ ਅਸੀਂ ਐਲਾਨ ਕਰਦੇ ਹਾਂ, ਹਰ ਇੱਕ ਨੂੰ ਸਲਾਹ ਦਿੰਦੇ ਅਤੇ ਸਾਰੀ ਬੁੱਧ ਨਾਲ ਸਿਖਾਉਂਦੇ ਹਾਂ, ਤਾਂ ਜੋ ਅਸੀਂ ਹਰੇਕ ਨੂੰ ਮਸੀਹ ਵਿੱਚ ਪੂਰਨ ਤੌਰ ਤੇ ਪਰਿਪੱਕ ਹੋ ਸਕੀਏ। 29ਇਸ ਲਈ ਮੈਂ ਮਸੀਹ ਦੀ ਸ਼ਕਤੀ ਦੇ ਅਨੁਸਾਰ ਜੋ ਮੇਰੇ ਵਿੱਚ ਸਮਰੱਥਾ ਨਾਲ ਪ੍ਰਭਾਵ ਪਾਉਂਦਾ ਹੈ, ਤਨੋਂ ਮਨੋਂ ਮਿਹਨਤ ਕਰਦਾ ਹਾਂ।
Currently Selected:
ਕੁਲੁੱਸੀਆਂ 1: PCB
Highlight
Share
Compare
Copy
Want to have your highlights saved across all your devices? Sign up or sign in
ਪਵਿੱਤਰ ਬਾਈਬਲ ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.