ਰਸੂਲਾਂ 20
20
ਮਕਦੂਨਿਯਾ ਅਤੇ ਯੂਨਾਨ
1ਜਦੋਂ ਦੰਗੇ ਖ਼ਤਮ ਹੋ ਗਏ, ਤਾਂ ਪੌਲੁਸ ਨੇ ਉਨ੍ਹਾਂ ਦੇ ਚੇਲਿਆਂ ਨੂੰ ਬੁਲਾਇਆ ਅਤੇ ਉਨ੍ਹਾਂ ਨੂੰ ਹੌਸਲਾ ਦੇਣ ਤੋਂ ਬਾਅਦ, ਉਸ ਨੇ ਉਨ੍ਹਾਂ ਨੂੰ ਅਲਵਿਦਾ ਕਹਿ ਦਿੱਤਾ ਅਤੇ ਮਕਦੂਨਿਯਾ ਵੱਲ ਨੂੰ ਚਲਾ ਗਿਆ। 2ਉਹ ਉਸ ਖੇਤਰ ਵਿੱਚ ਦੀ ਯਾਤਰਾ ਕਰਦਾ ਰਿਹਾ, ਲੋਕਾਂ ਨੂੰ ਉਤਸ਼ਾਹ ਦੇ ਬਹੁਤ ਸਾਰੇ ਸ਼ਬਦ ਬੋਲਦਾ ਰਿਹਾ, ਅਤੇ ਅੰਤ ਵਿੱਚ ਉਹ ਯੂਨਾਨ ਪ੍ਰਾਂਤ ਪਹੁੰਚਿਆ, 3ਉਹ ਉੱਥੇ ਤਿੰਨ ਮਹੀਨੇ ਰਿਹਾ। ਤਦ ਉਸ ਨੇ ਜਹਾਜ਼ ਰਾਹੀਂ ਸੀਰੀਆ ਪਰਤਣ ਦੀ ਯੋਜਨਾ ਬਣਾਈ, ਪਰ ਉਸ ਨੇ ਸੁਣਿਆ ਕਿ ਉਸ ਇਲਾਕੇ ਦੇ ਕੁਝ ਯਹੂਦੀ ਉਸ ਦੀ ਯਾਤਰਾ ਦੌਰਾਨ ਉਸ ਨੂੰ ਮਾਰਨ ਦੀ ਯੋਜਨਾ ਬਣਾ ਰਹੇ ਸਨ। ਅਤੇ ਉਹ ਫਿਰ ਮਕਦੂਨਿਯਾ ਦੇ ਰਾਹ ਤੁਰ ਪਿਆ। 4ਉਸ ਦੇ ਨਾਲ ਬੇਰੀਅਨ ਤੋਂ ਪੁੱਰਸ ਦਾ ਪੁੱਤਰ ਸੋਪਤਰੁਸ, ਥੱਸਲੁਨੀਕੀਆਂ ਸ਼ਹਿਰ ਤੋਂ ਅਰਿਸਤਰਖੁਸ ਅਤੇ ਸਿਕੁੰਦੁਸ, ਦਰਬੇ ਤੋਂ ਗਾਯੁਸ, ਤਿਮੋਥਿਉਸ, ਅਤੇ ਏਸ਼ੀਆ ਦੇ ਪ੍ਰਾਂਤ ਤੋਂ ਤੁਖਿਕੁਸ ਅਤੇ ਟ੍ਰੋਫਿਮਸ ਵੀ ਉਸ ਦੇ ਨਾਲ ਗਏ ਸਨ। 5ਇਹ ਆਦਮੀ ਪਹਿਲਾਂ ਗਏ ਅਤੇ ਤ੍ਰੋਆਸ ਵਿਖੇ ਸਾਡਾ ਇੰਤਜ਼ਾਰ ਕੀਤਾ। 6ਪਰ ਅਸੀਂ ਪਤੀਰੀ ਰੋਟੀ ਦੇ ਤਿਉਹਾਰ ਤੋਂ ਬਾਅਦ ਫ਼ਿਲਿੱਪੀ ਤੋਂ ਸਫ਼ਰ ਕੀਤਾ ਅਤੇ ਪੰਜ ਦਿਨਾਂ ਬਾਅਦ ਤ੍ਰੋਆਸ ਵਿਖੇ ਉਨ੍ਹਾਂ ਦੇ ਕੋਲ ਪਹੁੰਚੇ, ਜਿੱਥੇ ਅਸੀਂ ਸੱਤ ਦਿਨ ਰਹੇ।
ਤ੍ਰੋਆਸ ਵਿੱਚ ਯੂਟੀਕੁਸ ਦਾ ਜਿਵਾਲਿਆ ਜਾਣਾ
7ਹਫ਼ਤੇ ਦੇ ਪਹਿਲੇ ਦਿਨ ਜਦੋਂ ਅਸੀਂ ਰੋਟੀ ਤੋੜਨ ਲਈ ਇਕੱਠੇ ਹੋਏ ਤਾਂ ਪੌਲੁਸ ਨੇ ਜੋ ਅਗਲੇ ਦਿਨ ਜਾਣ ਦਾ ਇਰਾਦਾ ਕੀਤਾ ਸੀ, ਉਨ੍ਹਾਂ ਨੂੰ ਬਚਨ ਸੁਣਾਇਆ ਅਤੇ ਉਹ ਅੱਧੀ ਰਾਤ ਤੱਕ ਉਪਦੇਸ਼ ਕਰਦਾ ਰਿਹਾ। 8ਉੱਪਰਲੇ ਕਮਰੇ ਵਿੱਚ ਬਹੁਤ ਸਾਰਿਆਂ ਮਸ਼ਾਲਾਂ ਸਨ ਜਿੱਥੇ ਅਸੀਂ ਇਕੱਠੇ ਹੋਏ ਸੀ। 9ਇੱਕ ਖਿੜਕੀ ਵਿੱਚ ਯੂਟੀਕੁਸ ਨਾਮ ਦਾ ਇੱਕ ਨੌਜਵਾਨ ਬੈਠਾ ਹੋਇਆ ਸੀ, ਜੋ ਡੂੰਘੀ ਨੀਂਦ ਵਿੱਚ ਝਪਕੀ ਲੈ ਰਿਹਾ ਸੀ ਜਿਵੇਂ-ਜਿਵੇਂ ਪੌਲੁਸ ਗੱਲਾਂ ਕਰ ਰਿਹਾ ਸੀ। ਜਦੋਂ ਉਹ ਗਹਿਰੀ ਨੀਂਦ ਵਿੱਚ ਸੌਂ ਗਿਆ ਸੀ, ਤਾਂ ਉਹ ਤੀਜੀ ਮੰਜਿਲ ਤੋਂ ਜ਼ਮੀਨ ਉੱਤੇ ਡਿੱਗ ਗਿਆ ਅਤੇ ਉਸ ਦੀ ਮੌਤ ਹੋ ਗਈ। 10ਪੌਲੁਸ ਵੀ ਹੇਠਾਂ ਉਤਰ ਆਇਆ। ਉਹ ਨੂੰ ਜੱਫੇ ਵਿੱਚ ਲਿਆ ਅਤੇ ਜਵਾਨ ਆਦਮੀ ਨੂੰ ਆਪਣੀਆਂ ਬਾਹਾਂ ਵਿੱਚ ਲੈ ਕੇ ਗਲ਼ ਨਾਲ ਲਾ ਲਿਆ। ਤਦ ਉਸ ਨੇ ਆਸੇ-ਪਾਸੇ ਖੜ੍ਹੇ ਲੋਕਾਂ ਨੂੰ ਕਿਹਾ, “ਚਿੰਤਾ ਨਾ ਕਰੋ ਉਹ ਜੀਉਂਦਾ ਹੈ!” 11ਫਿਰ ਉਹ ਉੱਪਰ ਦੀ ਮੰਜਿਲ ਉੱਤੇ ਚਲਾ ਗਿਆ ਅਤੇ ਰੋਟੀ ਤੋੜ ਕੇ ਖਾਧੀ ਅਤੇ ਐਨਾ ਚਿਰ ਗੱਲਾਂ ਕਰਦਾ ਰਿਹਾ ਜੋ ਦਿਨ ਚੜ੍ਹ ਗਿਆ, ਤਦ ਉਹ ਤੁਰ ਪਿਆ। 12ਲੋਕ ਨੌਜਵਾਨ ਨੂੰ ਜ਼ਿੰਦਾ ਘਰ ਲੈ ਗਏ ਅਤੇ ਉਨ੍ਹਾਂ ਨੂੰ ਬਹੁਤ ਦਿਲਾਸਾ ਮਿਲਿਆ। ਕਿਉਂਕਿ ਉਹ ਦੁਬਾਰਾ ਜੋ ਜ਼ਿੰਦਾ ਹੋਇਆਂ ਸੀ।
ਅਫ਼ਸੁਸ ਦੇ ਬਜ਼ੁਰਗਾਂ ਨੂੰ ਪੌਲੁਸ ਦੀ ਅਲਵਿਦਾ
13ਅਸੀਂ ਜਹਾਜ਼ ਵੱਲ ਵਧੇ ਅਤੇ ਅੱਸੁਸ ਲਈ ਰਵਾਨਾ ਹੋਏ, ਜਿੱਥੇ ਅਸੀਂ ਪੌਲੁਸ ਨੂੰ ਜਹਾਜ਼ ਵਿੱਚ ਲਿਜਾਣ ਜਾ ਰਹੇ ਸੀ। ਉਸ ਨੇ ਇਹ ਪ੍ਰਬੰਧ ਇਸ ਲਈ ਕੀਤਾ ਸੀ ਕਿਉਂਕਿ ਉਹ ਪੈਦਲ ਉੱਥੇ ਜਾ ਰਿਹਾ ਸੀ। 14ਜਦੋਂ ਉਹ ਸਾਨੂੰ ਅੱਸੁਸ ਵਿਖੇ ਮਿਲਿਆ, ਤਾਂ ਅਸੀਂ ਉਸ ਨੂੰ ਜਹਾਜ਼ ਉੱਤੇ ਚੜ੍ਹਾ ਕੇ ਮਿਤੁਲੇਨੇ ਨੂੰ ਆਏ। 15ਅਗਲੇ ਦਿਨ ਅਸੀਂ ਉੱਥੋਂ ਜਹਾਜ਼ ਦੁਆਰਾ ਰਵਾਨਾ ਹੋਏ ਅਤੇ ਚਿਓਸ ਉਤਰ ਗਏ। ਉਸ ਦੇ ਦੂਜੇ ਦਿਨ ਸਾਮੁਸ ਵਿੱਚ ਜਾ ਪਹੁੰਚੇ। ਅਤੇ ਫਿਰ ਉਸੇ ਦਿਨ ਮਿਲੇਤੁਸ ਨੂੰ ਆਏ। 16ਪੌਲੁਸ ਨੇ ਏਸ਼ੀਆ ਦੇ ਪ੍ਰਾਂਤ ਵਿੱਚ ਸਮਾਂ ਗੁਜ਼ਾਰਨ ਤੋਂ ਬਚਣ ਲਈ ਪਿੱਛੇ ਅਫ਼ਸੁਸ ਨੂੰ ਸਫ਼ਰ ਕਰਨ ਦਾ ਫ਼ੈਸਲਾ ਕੀਤਾ ਸੀ, ਕਿਉਂਕਿ ਜੇ ਹੋ ਸਕੇ ਤਾਂ ਮੈਂ ਪੰਤੇਕੁਸਤ ਦੇ ਦਿਨ ਤੋਂ ਪਹਿਲਾਂ ਯੇਰੂਸ਼ਲੇਮ ਵਿੱਚ ਜਲਦੀ ਪਹੁੰਚ ਜਾਂਵਾਂ।
17ਮਿਲੇਤੁਸ ਤੋਂ, ਪੌਲੁਸ ਨੇ ਕਲੀਸਿਆ ਦੇ ਬਜ਼ੁਰਗਾਂ ਨੂੰ ਅਫ਼ਸੁਸ ਨੂੰ ਭੇਜਿਆ। 18ਜਦੋਂ ਉਹ ਉਸ ਦੇ ਕੋਲ ਪਹੁੰਚੇ, ਪੌਲੁਸ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਖੁਦ ਨਿੱਜੀ ਤੌਰ ਤੇ ਜਾਣਦੇ ਹੋ ਕਿ ਜਿਸ ਵੇਲੇ ਮੈਂ ਤੁਹਾਡੇ ਨਾਲ ਸੀ ਤਾਂ ਮੇਰਾ ਰਵੱਈਆ ਤੁਹਾਡੇ ਪ੍ਰਤੀ ਕਿਵੇਂ ਦਾ ਸੀ, ਪਹਿਲੇ ਦਿਨ ਤੋਂ ਜਦੋਂ ਮੈਂ ਏਸ਼ੀਆ ਪ੍ਰਾਂਤ ਵਿੱਚ ਆਇਆ। 19ਮੈਂ ਪ੍ਰਭੂ ਦੀ ਸੇਵਾ ਬਹੁਤ ਨਿਮਰਤਾ ਅਤੇ ਹੰਝੂਆਂ ਨਾਲ ਅਤੇ ਆਪਣੇ ਯਹੂਦੀ ਵਿਰੋਧੀਆਂ ਦੀਆਂ ਸਾਜ਼ਿਸ਼ਾਂ ਦੁਆਰਾ ਸਖ਼ਤ ਅਜ਼ਮਾਇਸ਼ਾਂ ਦੌਰਾਨ ਕੀਤੀ। 20ਤੁਸੀਂ ਜਾਣਦੇ ਹੋ ਕਿ ਮੈਂ ਪ੍ਰਚਾਰ ਕਰਨ ਦੀ ਅਜਿਹੀ ਕਿਸੇ ਵੀ ਚੀਜ਼ ਤੋਂ ਸੰਕੋਚ ਨਹੀਂ ਕੀਤਾ ਜੋ ਤੁਹਾਡੇ ਲਈ ਮਦਦਗਾਰ ਹੋਵੇ ਪਰ ਤੁਹਾਨੂੰ ਜਨਤਕ ਤੌਰ ਤੇ ਅਤੇ ਘਰ-ਘਰ ਜਾ ਕੇ ਸਿਖਾਇਆ। 21ਮੈਂ ਯਹੂਦੀਆਂ ਅਤੇ ਯੂਨਾਨੀਆਂ ਦੋਵਾਂ ਨੂੰ ਐਲਾਨ ਕੀਤਾ ਹੈ ਕਿ ਉਨ੍ਹਾਂ ਨੂੰ ਤੋਬਾ ਕਰਕੇ ਪਰਮੇਸ਼ਵਰ ਵੱਲ ਮੁੜਨਾ ਚਾਹੀਦਾ ਹੈ ਅਤੇ ਸਾਡੇ ਪ੍ਰਭੂ ਯਿਸ਼ੂ ਉੱਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ।
22“ਅਤੇ ਹੁਣ ਪਵਿੱਤਰ ਆਤਮਾ ਦੁਆਰਾ ਮਜ਼ਬੂਰ ਹੋ ਕੇ ਮੈਂ ਯੇਰੂਸ਼ਲੇਮ ਜਾ ਰਿਹਾ ਹਾਂ, ਪਰ ਮੈਨੂੰ ਨਹੀਂ ਪਤਾ ਕਿ ਉੱਥੇ ਮੇਰੇ ਨਾਲ ਕੀ ਵਾਪਰੇਗਾ। 23ਮੈਂ ਸਿਰਫ ਇਹ ਜਾਣਦਾ ਹਾਂ ਕਿ ਹਰ ਸ਼ਹਿਰ ਵਿੱਚ ਪਵਿੱਤਰ ਆਤਮਾ ਮੈਨੂੰ ਚੇਤਾਵਨੀ ਦਿੰਦਾ ਹੈ ਕਿ ਜੇਲ੍ਹ ਅਤੇ ਮੁਸ਼ਕਿਲਾਂ ਮੇਰੇ ਸਾਹਮਣੇ ਆ ਰਹੀਆਂ ਹਨ। 24ਫਿਰ ਵੀ, ਮੈਂ ਆਪਣੇ ਲਈ ਆਪਣੀ ਜਾਨ ਨੂੰ ਕਿਸੇ ਤਰ੍ਹਾਂ ਵੀ ਪਿਆਰੀ ਨਹੀਂ ਸਮਝਦਾ, ਤਾਂ ਜੋ ਮੈਂ ਆਪਣੀ ਦੌੜ ਨੂੰ ਅਤੇ ਉਸ ਸੇਵਾ ਨੂੰ ਪੂਰੀ ਕਰਾਂ, ਜਿਹੜੀ ਮੈਂ ਪਰਮੇਸ਼ਵਰ ਦੀ ਕਿਰਪਾ ਦੀ ਖੁਸ਼ਖ਼ਬਰੀ ਉੱਤੇ ਗਵਾਹੀ ਦੇਣ ਲਈ ਪ੍ਰਭੂ ਯਿਸ਼ੂ ਤੋਂ ਪਾਈ ਸੀ।
25“ਹੁਣ ਮੈਂ ਜਾਣਦਾ ਹਾਂ ਕਿ ਤੁਹਾਡੇ ਵਿੱਚੋਂ ਕੋਈ ਵੀ ਜਿਸ ਨੂੰ ਮੈਂ ਪਰਮੇਸ਼ਵਰ ਦਾ ਰਾਜ ਦਾ ਪ੍ਰਚਾਰ ਕੀਤਾ ਉਹ ਕਦੇ ਵੀ ਮੈਨੂੰ ਨਹੀਂ ਵੇਖਣਗੇ।” 26ਇਸ ਲਈ, ਮੈਂ ਅੱਜ ਤੁਹਾਨੂੰ ਬਿਆਨ ਕਰਦਾ ਹਾਂ ਕਿ ਮੈਂ ਤੁਹਾਡੇ ਸਭਨਾਂ ਦੇ ਲਹੂ ਤੋਂ ਨਿਰਦੋਸ਼ ਹਾਂ। 27ਕਿਉਂਕਿ ਮੈਂ ਤੁਹਾਨੂੰ ਪਰਮੇਸ਼ਵਰ ਦੀ ਸਾਰੀ ਇੱਛਾ ਦੱਸਣ ਤੋਂ ਝਿਜਕਿਆ ਨਹੀਂ ਹੈ। 28ਆਪਣੇ ਆਪ ਤੇ ਨਜ਼ਰ ਰੱਖੋ ਅਤੇ ਨਾਲੇ ਸਾਰੇ ਝੁੰਡ ਤੇ ਜਿਸ ਦੇ ਉੱਤੇ ਪਵਿੱਤਰ ਆਤਮਾ ਨੇ ਤੁਹਾਨੂੰ ਨਿਗਾਹਬਾਨ ਠਹਿਰਾਇਆ ਹੈ। ਜੋ ਪਰਮੇਸ਼ਵਰ ਦੀ ਕਲੀਸਿਆ ਦੀ ਚਰਵਾਹੀ ਕਰੋ ਜਿਸ ਨੂੰ ਉਸ ਨੇ ਆਪਣੇ ਹੀ ਲਹੂ ਨਾਲ ਮੁੱਲ ਲਿਆ ਹੈ। 29ਮੈਂ ਜਾਣਦਾ ਹਾਂ ਕਿ ਮੇਰੇ ਜਾਣ ਤੋਂ ਬਾਅਦ, ਜੰਗਲੀ ਬਘਿਆੜ ਤੁਹਾਡੇ ਵਿਚਕਾਰ ਆਉਣਗੇ ਅਤੇ ਝੁੰਡ ਨੂੰ ਨਹੀਂ ਛੱਡਣਗੇ। 30ਇੱਥੋਂ ਤੱਕ ਕਿ ਤੁਹਾਡੇ ਆਪਣੇ ਵਿੱਚੋਂ ਵੀ ਆਦਮੀ ਉੱਠਣਗੇ ਅਤੇ ਉਨ੍ਹਾਂ ਦੇ ਮਗਰ ਜਾਣ ਵਾਲੇ ਚੇਲਿਆਂ ਨੂੰ ਆਪਣੇ ਵੱਲ ਖਿੱਚ ਲੈਣਗੇ। 31ਇਸ ਲਈ ਆਪਣੀ ਪਹਿਰੇਦਾਰੀ ਕਰੋ! ਯਾਦ ਰੱਖੋ ਕਿ ਤਿੰਨ ਸਾਲਾਂ ਤੋਂ ਮੈਂ ਤੁਹਾਡੇ ਵਿੱਚੋਂ ਹਰੇਕ ਨੂੰ ਹੰਝੂਆਂ ਨਾਲ ਰਾਤ ਅਤੇ ਦਿਨ ਚੇਤਾਵਨੀ ਦੇਣ ਤੋਂ ਕਦੇ ਨਹੀਂ ਰੁਕਿਆ।
32“ਹੁਣ ਮੈਂ ਤੁਹਾਨੂੰ ਪਰਮੇਸ਼ਵਰ ਅਤੇ ਉਸ ਦੀ ਕਿਰਪਾ ਦੇ ਬਚਨ ਪ੍ਰਤੀ ਬਚਨਬੱਧ ਕਰਦਾ ਹਾਂ,” ਜੋ ਤੁਹਾਨੂੰ ਉਸਾਰ ਸਕਦਾ ਹੈ ਅਤੇ ਤੁਹਾਨੂੰ ਉਨ੍ਹਾਂ ਸਾਰੇ ਲੋਕਾਂ ਵਿੱਚ ਵਿਰਾਸਤ ਦੇ ਸਕਦਾ ਹੈ ਜੋ ਪਵਿੱਤਰ ਹਨ। 33ਮੈਂ ਕਿਸੇ ਦੀ ਕਦੇ ਚਾਂਦੀ ਜਾਂ ਸੋਨਾ ਜਾਂ ਕੱਪੜੇ ਦੀ ਲਾਲਸਾ ਨਹੀਂ ਕੀਤੀ। 34ਤੁਸੀਂ ਖੁਦ ਜਾਣਦੇ ਹੋ ਕਿ ਮੇਰੇ ਇਨ੍ਹਾਂ ਹੱਥਾਂ ਨੇ ਮੇਰੀਆਂ ਆਪਣੀਆਂ ਜ਼ਰੂਰਤਾਂ ਅਤੇ ਮੇਰੇ ਸਾਥੀ ਦੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਹੈ। 35ਮੈਂ ਜੋ ਕੁਝ ਵੀ ਕੀਤਾ, ਉਸ ਵਿੱਚ ਮੈਂ ਤੁਹਾਨੂੰ ਦਿਖਾਇਆ ਕਿ ਇਸ ਤਰ੍ਹਾਂ ਦੀ ਮਿਹਨਤ ਨਾਲ ਸਾਨੂੰ ਕਮਜ਼ੋਰਾਂ ਦੀ ਮਦਦ ਕਰਨੀ ਚਾਹੀਦੀ ਹੈ, ਪ੍ਰਭੂ ਯਿਸ਼ੂ ਨੇ ਖੁਦ ਜੋ ਸ਼ਬਦ ਕਹੇ ਸਨ, ਉਨ੍ਹਾਂ ਨੂੰ ਯਾਦ ਕਰਦੇ ਹੋਏ: “ਲੈਣ ਨਾਲੋਂ ਦੇਣਾ ਹੀ ਮੁਬਾਰਕ ਹੈ।”
36ਪਰ ਜਦੋਂ ਪੌਲੁਸ ਬੋਲਣ ਤੋਂ ਹਟਿਆ, ਉਸ ਨੇ ਉਨ੍ਹਾਂ ਸਾਰਿਆਂ ਸਾਹਮਣੇ ਗੋਡੇ ਟੇਕ ਕੇ ਪ੍ਰਾਰਥਨਾ ਕੀਤੀ। 37ਉਹ ਸਭ ਬਹੁਤ ਰੋਏ ਅਤੇ ਪੌਲੁਸ ਦੇ ਗਲ਼ ਮਿਲ ਕੇ ਉਹ ਨੂੰ ਚੁੰਮਿਆ। 38ਉਨ੍ਹਾਂ ਨੂੰ ਸਭ ਤੋਂ ਵੱਧ ਦੁਖੀ ਕਰਨ ਵਾਲੀ ਗੱਲ ਇਹ ਸੀ ਕਿ ਉਹ ਉਸ ਦਾ ਚਿਹਰਾ ਦੁਬਾਰਾ ਕਦੇ ਨਹੀਂ ਦੇਖਣਗੇ, ਫਿਰ ਉਹ ਉਸ ਦੇ ਨਾਲ ਜਹਾਜ਼ ਚੜਾਉਣ ਲਈ ਗਏ।
Currently Selected:
ਰਸੂਲਾਂ 20: PCB
Highlight
Share
Copy

Want to have your highlights saved across all your devices? Sign up or sign in
ਪਵਿੱਤਰ ਬਾਈਬਲ ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.