2 ਸ਼ਮੂਏਲ 24
24
ਦਾਵੀਦ ਦੁਆਰਾ ਲੜਨ ਵਾਲੇ ਆਦਮੀਆਂ ਨੂੰ ਭਰਤੀ ਕਰਨਾ
1ਫੇਰ ਯਾਹਵੇਹ ਦਾ ਕ੍ਰੋਧ ਇਸਰਾਏਲ ਦੇ ਵਿਰੁੱਧ ਭੜਕਿਆ ਅਤੇ ਉਸ ਨੇ ਦਾਵੀਦ ਦੇ ਮਨ ਨੂੰ ਉਨ੍ਹਾਂ ਦੇ ਵਿਰੁੱਧ ਭੜਕਾਇਆ ਅਤੇ ਕਿਹਾ, “ਜਾਓ ਅਤੇ ਇਸਰਾਏਲ ਅਤੇ ਯਹੂਦਾਹ ਦੀ ਮਰਦਮਸ਼ੁਮਾਰੀ ਕਰੋ।”
2ਤਾਂ ਪਾਤਸ਼ਾਹ ਨੇ ਯੋਆਬ ਅਤੇ ਉਸਦੇ ਨਾਲ ਦੇ ਸੈਨਾਪਤੀਆਂ ਨੂੰ ਆਖਿਆ, “ਦਾਨ ਤੋਂ ਲੈ ਕੇ ਬੇਰਸ਼ੇਬਾ ਤੱਕ ਇਸਰਾਏਲ ਦੇ ਸਾਰੇ ਗੋਤਾਂ ਵਿੱਚ ਜਾਹ ਅਤੇ ਲੜਾਕੂਆਂ ਦੀ ਗਿਣਤੀ ਕਰ, ਤਾਂ ਜੋ ਮੈਨੂੰ ਪਤਾ ਲੱਗੇ ਕਿ ਉੱਥੇ ਕਿੰਨੇ ਹਨ।”
3ਪਰ ਯੋਆਬ ਨੇ ਰਾਜੇ ਨੂੰ ਉੱਤਰ ਦਿੱਤਾ, “ਯਾਹਵੇਹ ਤੁਹਾਡਾ ਪਰਮੇਸ਼ਵਰ ਫ਼ੌਜਾਂ ਨੂੰ ਸੌ ਗੁਣਾ ਵਧਾਵੇ ਅਤੇ ਮੇਰੇ ਮਹਾਰਾਜ ਪਾਤਸ਼ਾਹ ਦੀਆਂ ਅੱਖਾਂ ਇਸ ਨੂੰ ਵੇਖਣ, ਪਰ ਹੇ ਮੇਰੇ ਮਹਾਰਾਜ! ਅਜਿਹਾ ਕਿਉਂ ਕਰਨਾ ਚਾਹੁੰਦਾ ਹੈ?”
4ਫਿਰ ਰਾਜੇ ਦੇ ਬਚਨ ਨੇ ਯੋਆਬ ਉੱਤੇ ਅਤੇ ਦਲ ਦੇ ਪ੍ਰਧਾਨਾ ਉੱਤੇ ਪਰਬਲ ਹੋਈ। ਇਸ ਲਈ ਉਨ੍ਹਾਂ ਨੇ ਇਸਰਾਏਲ ਦੇ ਲੜਾਕਿਆਂ ਨੂੰ ਭਰਤੀ ਕਰਨ ਲਈ ਰਾਜੇ ਦੀ ਮੌਜੂਦਗੀ ਵਿਚੋਂ ਚਲੇ ਗਏ।
5ਉਹ ਯਰਦਨ ਪਾਰ ਕਰਕੇ, ਉਨ੍ਹਾਂ ਨੇ ਅਰੋਏਰ ਦੇ ਨੇੜੇ ਡੇਰੇ ਲਾਏ ਜੋ ਕਿ ਦੱਖਣ ਦੇ ਕਸਬੇ ਦੀ ਖੱਡ ਵੱਲ ਹੈ, ਅਤੇ ਫਿਰ ਗਾਦ ਤੋਂ ਹੋ ਕੇ ਯਾਜ਼ਰ ਨੂੰ ਗਏ। 6ਉਹ ਗਿਲਆਦ ਅਤੇ ਤਾਹਤੀਮ ਹੋਦਸ਼ੀ ਦੇ ਇਲਾਕੇ ਨੂੰ ਦਾਨ ਯਾਨ ਨੂੰ ਆਏ ਅਤੇ ਆਲੇ-ਦੁਆਲੇ ਘੁੰਮ ਕੇ ਸੀਦੋਨ ਤੱਕ ਪਹੁੰਚੇ। 7ਤਦ ਉਹ ਸੂਰ ਦੇ ਕਿਲ੍ਹੇ ਵੱਲ ਅਤੇ ਹਿੱਤੀਆਂ ਅਤੇ ਕਨਾਨੀਆਂ ਦੇ ਸਾਰੇ ਨਗਰਾਂ ਵੱਲ ਗਏ। ਅੰਤ ਵਿੱਚ, ਉਹ ਯਹੂਦਾਹ ਦੇ ਨੇਗੇਵ ਵਿੱਚ ਬੇਰਸ਼ੇਬਾ ਨੂੰ ਚਲੇ ਗਏ।
8ਉਹ ਸਾਰੇ ਦੇਸ਼ ਵਿੱਚੋਂ ਲੰਘਣ ਤੋਂ ਬਾਅਦ, ਨੌਂ ਮਹੀਨੇ ਅਤੇ ਵੀਹ ਦਿਨਾਂ ਦੇ ਅੰਤ ਵਿੱਚ ਯੇਰੂਸ਼ਲੇਮ ਨੂੰ ਵਾਪਸ ਆਏ।
9ਯੋਆਬ ਨੇ ਰਾਜੇ ਨੂੰ ਲੜਨ ਵਾਲੇ ਆਦਮੀਆਂ ਦੀ ਗਿਣਤੀ ਦੱਸੀ: ਇਸਰਾਏਲ ਵਿੱਚ ਅੱਠ ਲੱਖ ਤਲਵਾਰ ਚਲਾਉਣ ਵਾਲੇ ਸਨ ਅਤੇ ਯਹੂਦਾਹ ਵਿੱਚ ਪੰਜ ਲੱਖ ਸਨ।
10ਲੜਨ ਵਾਲੇ ਆਦਮੀਆਂ ਦੀ ਗਿਣਤੀ ਕਰਨ ਤੋਂ ਬਾਅਦ ਦਾਵੀਦ ਦੇ ਮਨ ਨੇ ਉਸਨੂੰ ਸਤਾਇਆ ਅਤੇ ਉਸਨੇ ਯਾਹਵੇਹ ਨੂੰ ਕਿਹਾ, “ਮੈਂ ਜੋ ਕੁਝ ਕੀਤਾ ਹੈ ਉਹ ਬਹੁਤ ਵੱਡਾ ਪਾਪ ਕੀਤਾ ਹੈ। ਹੁਣ ਯਾਹਵੇਹ, ਮੈਂ ਬੇਨਤੀ ਕਰਦਾ ਹਾਂ, ਆਪਣੇ ਸੇਵਕ ਦੇ ਦੋਸ਼ ਨੂੰ ਦੂਰ ਕਰ ਕਿਉਂ ਜੋ ਮੈਂ ਵੱਡੀ ਮੂਰਖਤਾਈ ਦਾ ਕੰਮ ਕੀਤਾ ਹੈ।”
11ਅਗਲੀ ਸਵੇਰ ਦਾਵੀਦ ਦੇ ਉੱਠਣ ਤੋਂ ਪਹਿਲਾਂ, ਯਾਹਵੇਹ ਦਾ ਬਚਨ ਗਾਦ ਨਬੀ ਨੂੰ ਜੋ ਦਾਵੀਦ ਦਾ ਅਗੰਮ ਗਿਆਨੀ ਸੀ ਆਇਆ ਅਤੇ ਉਸ ਨੂੰ ਆਖਿਆ, 12“ਤੂੰ ਜਾ ਅਤੇ ਦਾਵੀਦ ਨੂੰ ਇਸ ਤਰ੍ਹਾਂ ਆਖ, ‘ਯਾਹਵੇਹ ਇਹ ਆਖਦਾ ਹੈ ਕਿ ਮੈਂ ਤੇਰੇ ਅੱਗੇ ਤਿੰਨ ਬਿਪਤਾਵਾਂ ਰੱਖਦਾ ਹਾਂ। ਤੂੰ ਉਨ੍ਹਾਂ ਵਿੱਚੋਂ ਇੱਕ ਚੁਣ ਲੈ ਜੋ ਮੈਂ ਤੇਰੇ ਉੱਤੇ ਕਿਹੜੀ ਬਿਪਤਾ ਪਾਵਾਂ।’ ”
13ਤਦ ਗਾਦ ਦਾਵੀਦ ਕੋਲ ਗਿਆ ਅਤੇ ਉਸ ਨੂੰ ਆਖਿਆ, “ਤੂੰ ਕੀ ਚਾਹੁੰਦਾ ਕਿ ਤੇਰੇ ਦੇਸ਼ ਵਿੱਚ ਤਿੰਨ ਸਾਲ ਦਾ ਕਾਲ ਪੈ ਜਾਵੇ? ਜਾਂ ਤਿੰਨ ਮਹੀਨੇ ਤੱਕ ਤੂੰ ਆਪਣੇ ਵੈਰੀਆਂ ਅੱਗਿਓਂ ਭੱਜੇ ਅਤੇ ਉਹ ਤੇਰੇ ਪਿੱਛੇ ਲੱਗਣ? ਜਾਂ ਤੇਰੇ ਦੇਸ਼ ਵਿੱਚ ਤਿੰਨ ਦਿਨਾਂ ਦੀ ਮਹਾਂਮਾਰੀ ਪਵੇ? ਹੁਣ ਇਸ ਬਾਰੇ ਸੋਚ ਅਤੇ ਫ਼ੈਸਲਾ ਕਰ ਲੈ ਜੋ ਮੈਂ ਉਸ ਨੂੰ ਜਿਸ ਨੇ ਮੈਨੂੰ ਭੇਜਿਆ ਹੈ ਕੀ ਜਵਾਬ ਦੇਵਾਂ।”
14ਦਾਵੀਦ ਨੇ ਗਾਦ ਨੂੰ ਆਖਿਆ, “ਮੈਂ ਬਹੁਤ ਦੁਖੀ ਹਾਂ। ਆਓ ਅਸੀਂ ਯਾਹਵੇਹ ਦੇ ਹੱਥ ਵਿੱਚ ਪਈਏ, ਕਿਉਂਕਿ ਉਸਦੀ ਦਇਆ ਮਹਾਨ ਹੈ ਪਰ ਮੈਨੂੰ ਮਨੁੱਖਾਂ ਦੇ ਹੱਥਾਂ ਵਿੱਚ ਨਾ ਪੈਣ ਦਿਓ।”
15ਇਸ ਲਈ ਯਾਹਵੇਹ ਨੇ ਇਸਰਾਏਲ ਉੱਤੇ ਉਸ ਸਵੇਰ ਤੋਂ ਲੈ ਕੇ ਨਿਰਧਾਰਤ ਸਮੇਂ ਦੇ ਅੰਤ ਤੱਕ ਇੱਕ ਬਵਾ ਭੇਜੀ ਅਤੇ ਦਾਨ ਤੋਂ ਲੈ ਕੇ ਬੇਰਸ਼ੇਬਾ ਤੱਕ ਸੱਤਰ ਹਜ਼ਾਰ ਲੋਕ ਮਰ ਗਏ। 16ਜਦੋਂ ਦੂਤ ਨੇ ਯੇਰੂਸ਼ਲੇਮ ਨੂੰ ਨਾਸ਼ ਕਰਨ ਲਈ ਆਪਣਾ ਹੱਥ ਵਧਾਇਆ, ਤਾਂ ਯਾਹਵੇਹ ਉਸ ਸਾਰੀ ਬਿਪਤਾ ਦੇ ਕਾਰਨ ਪਛਤਾਇਆ ਅਤੇ ਉਸ ਨੇ ਦੂਤ ਨੂੰ ਕਿਹਾ ਜੋ ਲੋਕਾਂ ਨੂੰ ਹੋਰ ਦੁਖੀ ਨਾ ਕਰ, ਬਸ, “ਬਹੁਤ ਹੋ ਗਿਆ! ਆਪਣਾ ਹੱਥ ਵਾਪਸ ਖਿੱਚ ਲੈ।” ਯਾਹਵੇਹ ਦਾ ਦੂਤ ਉਸ ਸਮੇਂ ਯਬੂਸੀ ਅਰਵਨਾਹ ਦੇ ਪਿੜ ਵਿੱਚ ਸੀ।
17ਜਦੋਂ ਦਾਵੀਦ ਨੇ ਉਸ ਦੂਤ ਨੂੰ ਦੇਖਿਆ ਜੋ ਲੋਕਾਂ ਨੂੰ ਮਾਰ ਰਿਹਾ ਸੀ, ਤਾਂ ਉਸਨੇ ਯਾਹਵੇਹ ਨੂੰ ਕਿਹਾ, “ਮੈਂ ਪਾਪ ਕੀਤਾ ਹੈ ਅਤੇ ਬੁਰਿਆਈ ਵੀ ਮੇਰੇ ਕੋਲੋਂ ਹੋਈ ਹੈ, ਪਰ ਇਨ੍ਹਾਂ ਭੇਡਾਂ ਦਾ ਕੀ ਦੋਸ਼ ਹੈ ਉਨ੍ਹਾਂ ਨੇ ਕੀ ਕੀਤਾ ਹੈ? ਆਪਣਾ ਹੱਥ ਮੇਰੇ ਅਤੇ ਮੇਰੇ ਪਰਿਵਾਰ ਉੱਤੇ ਚਲਾ।”
ਦਾਵੀਦ ਇੱਕ ਵੇਦੀ ਬਣਾਉਂਦਾ ਹੈ
18ਉਸ ਦਿਨ ਗਾਦ ਦਾਵੀਦ ਕੋਲ ਗਿਆ ਅਤੇ ਉਸ ਨੂੰ ਆਖਿਆ, “ਉੱਪਰ ਜਾ ਅਤੇ ਯਬੂਸੀ ਅਰਵਨਾਹ ਦੇ ਪਿੜ ਵਿੱਚ ਯਾਹਵੇਹ ਲਈ ਇੱਕ ਜਗਵੇਦੀ ਬਣਾ।” 19ਇਸ ਲਈ ਦਾਵੀਦ ਉੱਪਰ ਗਿਆ, ਜਿਵੇਂ ਕਿ ਯਾਹਵੇਹ ਨੇ ਗਾਦ ਰਾਹੀਂ ਹੁਕਮ ਦਿੱਤਾ ਸੀ। 20ਜਦੋਂ ਅਰਵਨਾਹ ਨੇ ਨਿਗਾਹ ਕੀਤੀ ਅਤੇ ਵੇਖਿਆ ਰਾਜਾ ਅਤੇ ਉਸ ਦੇ ਅਧਿਕਾਰੀ ਉਸ ਵੱਲ ਆਉਂਦੇ ਸਨ, ਤਾਂ ਉਹ ਬਾਹਰ ਗਿਆ ਅਤੇ ਪਾਤਸ਼ਾਹ ਦੇ ਅੱਗੇ ਮੂੰਹ ਭਾਰ ਝੁੱਕ ਕੇ ਨਮਸਕਾਰ ਕੀਤਾ।
21ਅਰਵਨਾਹ ਨੇ ਕਿਹਾ, “ਮੇਰਾ ਮਹਾਰਾਜ ਰਾਜਾ ਆਪਣੇ ਸੇਵਕ ਕੋਲ ਕਿਉਂ ਆਇਆ ਹੈ?”
ਦਾਵੀਦ ਨੇ ਜਵਾਬ ਦਿੱਤਾ, “ਤੇਰਾ ਪਿੜ ਮੈਂ ਤੇਰੇ ਕੋਲ ਮੁੱਲ ਲੈਣ ਲਈ, ਤਾਂ ਜੋ ਮੈਂ ਯਾਹਵੇਹ ਲਈ ਇੱਕ ਜਗਵੇਦੀ ਬਣਾਵਾਂ, ਤਾਂ ਜੋ ਲੋਕਾਂ ਉੱਤੋਂ ਬਿਪਤਾ ਬੰਦ ਹੋ ਜਾਵੇ।”
22ਅਰਵਨਾਹ ਨੇ ਦਾਵੀਦ ਨੂੰ ਆਖਿਆ, “ਮੇਰੇ ਸੁਆਮੀ ਪਾਤਸ਼ਾਹ ਨੂੰ ਜੋ ਚਾਹੇ ਲੈ ਲਵੇ ਅਤੇ ਚੜ੍ਹਾਵੇ। ਇੱਥੇ ਬਲਦ ਹੋਮ ਦੀ ਭੇਟ ਲਈ ਹਨ, ਅਤੇ ਇੱਥੇ ਲੱਕੜਾਂ ਲਈ ਪਿੜ ਅਤੇ ਬਲਦਾਂ ਦੇ ਜੂਲੇ ਹਨ। 23ਇਹ ਸਭ ਕੁਝ ਅਰਵਨਾਹ ਦੇ ਰਾਜੇ ਨੂੰ ਦੇ ਦਿੱਤਾ।” ਅਰਵਨਾਹ ਨੇ ਉਸ ਨੂੰ ਇਹ ਵੀ ਕਿਹਾ, “ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਡੇ ਤੋਂ ਪ੍ਰਸੰਨ ਹੋਵੇ।”
24ਪਰ ਰਾਜੇ ਨੇ ਅਰਵਨਾਹ ਨੂੰ ਜਵਾਬ ਦਿੱਤਾ, “ਨਹੀਂ, ਸੱਚ-ਮੁੱਚ ਮੈਂ ਤੈਨੂੰ ਮੁੱਲ ਦੇ ਕੇ ਇਹ ਪਿੜ ਲਵਾਂਗਾ ਅਤੇ ਯਾਹਵੇਹ ਆਪਣੇ ਪਰਮੇਸ਼ਵਰ ਨੂੰ ਹੋਮ ਦੀਆਂ ਭੇਟਾਂ ਦੀ ਬਲੀ ਨਹੀਂ ਚੜ੍ਹਾਵਾਂਗਾ ਜਿਨ੍ਹਾਂ ਦੀ ਕੋਈ ਕੀਮਤ ਨਹੀਂ ਹੈ।”
ਇਸ ਲਈ ਦਾਵੀਦ ਨੇ ਪਿੜ ਅਤੇ ਬਲਦਾਂ ਨੂੰ ਖਰੀਦ ਲਿਆ ਅਤੇ ਉਨ੍ਹਾਂ ਲਈ ਪੰਜਾਹ ਸ਼ੈਕੇਲ#24:24 ਲਗਭਗ 575 ਗ੍ਰਾਮ ਚਾਂਦੀ ਦੇ ਦਿੱਤੀ। 25ਦਾਵੀਦ ਨੇ ਉੱਥੇ ਯਾਹਵੇਹ ਲਈ ਇੱਕ ਜਗਵੇਦੀ ਬਣਾਈ ਅਤੇ ਹੋਮ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾਈਆਂ। ਸੋ ਯਾਹਵੇਹ ਨੇ ਦੇਸ਼ ਦੇ ਲਈ ਉਸਦੀ ਪ੍ਰਾਰਥਨਾ ਦਾ ਜਵਾਬ ਦਿੱਤਾ, ਅਤੇ ਇਸਰਾਏਲ ਉੱਤੇ ਬਵਾ ਨੂੰ ਰੋਕ ਦਿੱਤਾ ਗਿਆ।
Currently Selected:
2 ਸ਼ਮੂਏਲ 24: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.