2 ਸ਼ਮੂਏਲ 14
14
ਅਬਸ਼ਾਲੋਮ ਯੇਰੂਸ਼ਲੇਮ ਨੂੰ ਵਾਪਸ ਪਰਤਿਆ
1ਜ਼ੇਰੂਇਯਾਹ ਦਾ ਪੁੱਤਰ ਯੋਆਬ ਜਾਣਦਾ ਸੀ ਕਿ ਰਾਜੇ ਦਾ ਦਿਲ ਅਬਸ਼ਾਲੋਮ ਲਈ ਤਰਸਦਾ ਸੀ। 2ਇਸ ਲਈ ਯੋਆਬ ਨੇ ਤਕੋਆ ਵਿੱਚ ਕਿਸੇ ਨੂੰ ਭੇਜਿਆ ਅਤੇ ਉੱਥੋਂ ਇੱਕ ਸਿਆਣੀ ਔਰਤ ਨੂੰ ਬੁਲਵਾਇਆ। ਉਸ ਨੇ ਉਸ ਨੂੰ ਕਿਹਾ, “ਤੂੰ ਸੋਗ ਵਿੱਚ ਹੋਣ ਦਾ ਦਿਖਾਵਾ ਕਰ, ਸੋਗ ਦੇ ਕੱਪੜੇ ਪਹਿਨ ਅਤੇ ਕੋਈ ਵੀ ਸ਼ਿੰਗਾਰ ਦੀ ਵਰਤੋਂ ਨਾ ਕਰਨਾ। ਸਗੋਂ ਉਸ ਔਰਤ ਵਾਂਗ ਕਰਨਾ ਜੋ ਬਹੁਤ ਦਿਨਾਂ ਤੋਂ ਕਿਸੇ ਮਰੇ ਹੋਏ ਲਈ ਸੋਗ ਵਿੱਚ ਹੋਵੇ। 3ਹੁਣ ਰਾਜੇ ਕੋਲ ਜਾ ਕੇ ਉਸ ਨੂੰ ਇਹ ਗੱਲਾਂ ਆਖ।” ਜੋ ਕੁਝ ਉਸਨੇ ਬੋਲਣਾ ਸੀ ਯੋਆਬ ਨੇ ਉਸ ਔਰਤ ਨੂੰ ਸਿਖਾ ਦਿੱਤਾ।
4ਜਦੋਂ ਤਕੋਆ ਦੀ ਔਰਤ ਰਾਜੇ ਕੋਲ ਗਈ ਤਾਂ ਉਹ ਉਸ ਦਾ ਆਦਰ ਕਰਨ ਲਈ ਮੂੰਹ ਦੇ ਬਲ ਧਰਤੀ ਉੱਤੇ ਡਿੱਗ ਪਈ ਅਤੇ ਉਸ ਨੇ ਕਿਹਾ, “ਮਹਾਰਾਜ, ਮੇਰੀ ਸਹਾਇਤਾ ਕਰੋ!”
5ਰਾਜੇ ਨੇ ਉਸ ਨੂੰ ਪੁੱਛਿਆ, “ਤੈਨੂੰ ਕੀ ਪਰੇਸ਼ਾਨੀ ਹੈ?”
ਉਸਨੇ ਕਿਹਾ, “ਮੈਂ ਇੱਕ ਵਿਧਵਾ ਹਾਂ; ਮੇਰਾ ਪਤੀ ਮਰ ਗਿਆ ਹੈ। 6ਤੁਹਾਡੀ ਦਾਸੀ ਦੇ ਦੋ ਪੁੱਤਰ ਸਨ ਜੋ ਮੈਦਾਨ ਵਿੱਚ ਇੱਕ-ਦੂਜੇ ਨਾਲ ਲੜ ਪਏ ਅਤੇ ਉੱਥੇ ਕੋਈ ਵੀ ਨਹੀਂ ਸੀ ਜੋ ਉਨ੍ਹਾਂ ਨੂੰ ਅਲੱਗ ਕਰੇ ਸੋ ਇੱਕ ਨੇ ਦੂਜੇ ਤੇ ਵਾਰ ਕਰਕੇ ਉਸ ਨੂੰ ਮਾਰ ਦਿੱਤਾ। 7ਹੁਣ ਸਾਰਾ ਘਰਾਣਾ ਤੁਹਾਡੀ ਦਾਸੀ ਦੇ ਵਿਰੁੱਧ ਉੱਠਿਆ ਹੈ ਅਤੇ ਉਹ ਕਹਿੰਦੇ ਹਨ, ‘ਜਿਸ ਨੇ ਆਪਣੇ ਭਰਾ ਨੂੰ ਮਾਰਿਆ ਸੀ, ਉਸ ਨੂੰ ਸਾਡੇ ਹੱਥ ਸੌਂਪ ਦਿਓ, ਤਾਂ ਜੋ ਅਸੀਂ ਉਸ ਨੂੰ ਉਸ ਦੇ ਭਰਾ ਦੀ ਜਾਨ ਲਈ ਮੌਤ ਦੇ ਘਾਟ ਉਤਾਰ ਸਕੀਏ ਜਿਸ ਨੂੰ ਉਸ ਨੇ ਮਾਰਿਆ ਸੀ। ਫਿਰ ਅਸੀਂ ਵਾਰਸ ਤੋਂ ਵੀ ਛੁਟਕਾਰਾ ਪਾ ਲਵਾਂਗੇ।’ ਉਹ ਮੇਰੇ ਇੱਕਲੌਤੇ ਚਿਰਾਗ ਨੂੰ ਬੁਝਾ ਦੇਣਗੇ, ਜਿਸ ਨਾਲ ਮੇਰੇ ਪਤੀ ਦਾ ਨਾਂ ਅਤੇ ਵੰਸ਼ ਧਰਤੀ ਦੇ ਉੱਤੇ ਬਣਿਆ ਰਹੇਗਾ।”
8ਰਾਜੇ ਨੇ ਔਰਤ ਨੂੰ ਕਿਹਾ, “ਘਰ ਜਾ, ਮੈਂ ਤੇਰੇ ਲਈ ਹੁਕਮ ਜਾਰੀ ਕਰਾਂਗਾ।”
9ਪਰ ਤਕੋਆ ਦੀ ਔਰਤ ਨੇ ਉਸ ਨੂੰ ਕਿਹਾ, “ਮੇਰੇ ਸੁਆਮੀ ਪਾਤਸ਼ਾਹ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਮਾਫ਼ ਕਰੇ। ਰਾਜਾ ਅਤੇ ਉਸਦਾ ਸਿੰਘਾਸਣ ਨਿਰਦੋਸ਼ ਹੋਵੇ।”
10ਰਾਜੇ ਨੇ ਜਵਾਬ ਦਿੱਤਾ, “ਜੇ ਕੋਈ ਤੈਨੂੰ ਕੁਝ ਕਹੇ ਤਾਂ ਉਸ ਨੂੰ ਮੇਰੇ ਕੋਲ ਲੈ ਆ, ਉਹ ਤੈਨੂੰ ਦੁਬਾਰਾ ਪਰੇਸ਼ਾਨ ਨਹੀਂ ਕਰਨਗੇ।”
11ਉਸ ਔਰਤ ਨੇ ਕਿਹਾ, “ਹੇ ਪਾਤਸ਼ਾਹ, ਆਪਣੇ ਯਾਹਵੇਹ ਪਰਮੇਸ਼ਵਰ ਤੋਂ ਪ੍ਰਾਰਥਨਾ ਕਰੋ ਅਤੇ ਖੂਨ ਦਾ ਬਦਲਾ ਲੈਣ ਵਾਲੇ ਨੂੰ ਰੋਕ ਦਿਓ, ਤਾਂ ਅਜਿਹਾ ਨਾ ਹੋਵੇ ਜੋ ਮੇਰੇ ਪੁੱਤਰ ਨੂੰ ਮਾਰ ਦੇਣ।”
ਰਾਜੇ ਨੇ ਕਿਹਾ, “ਜਿਉਂਦੇ ਪਰਮੇਸ਼ਵਰ ਦੀ ਸਹੁੰ, ਤੇਰੇ ਪੁੱਤਰ ਦੇ ਸਿਰ ਦਾ ਇੱਕ ਵਾਲ ਵੀ ਜ਼ਮੀਨ ਉੱਤੇ ਨਹੀਂ ਡਿੱਗੇਗਾ।”
12ਤਦ ਉਸ ਔਰਤ ਨੇ ਆਖਿਆ, “ਮੇਰੇ ਮਹਾਰਾਜ ਪਾਤਸ਼ਾਹ ਆਪਣੀ ਦਾਸੀ ਨੂੰ ਆਗਿਆ ਦੇ ਤਾਂ ਜੋ ਇੱਕ ਗੱਲ ਹੋਰ ਬੋਲਾ।”
ਉਸਨੇ ਜਵਾਬ ਦਿੱਤਾ, “ਬੋਲੋ।”
13ਉਸ ਔਰਤ ਨੇ ਕਿਹਾ, “ਤੂੰ ਪਰਮੇਸ਼ਵਰ ਦੇ ਲੋਕਾਂ ਦੇ ਵਿਰੁੱਧ ਅਜਿਹੀ ਯੋਜਨਾ ਕਿਉਂ ਬਣਾਈ ਹੈ? ਕਿਉਂਕਿ ਜੋ ਬਚਨ ਰਾਜੇ ਨੇ ਬੋਲੇ ਹਨ, ਉਸ ਨਾਲ ਰਾਜਾ ਹੀ ਦੋਸ਼ੀ ਨਹੀਂ ਠਹਿਰਦਾ ਹੈ, ਕਿਉਂਕਿ ਰਾਜੇ ਨੇ ਆਪਣੇ ਕੱਢੇ ਹੋਏ ਪੁੱਤਰ ਨੂੰ ਵਾਪਸ ਨਹੀਂ ਬੁਲਾਇਆ? 14ਅਸੀਂ ਸਭਨਾ ਨੇ ਮਰਨਾ ਹੀ ਹੈ ਅਤੇ ਪਾਣੀ ਵਰਗੇ ਹਾਂ ਜੋ ਧਰਤੀ ਉੱਤੇ ਡੋਲ੍ਹਿਆ ਜਾਂਦਾ ਹੈ ਅਤੇ ਫਿਰ ਇਕੱਠਾ ਨਹੀਂ ਹੁੰਦਾ। ਪਰਮੇਸ਼ਵਰ ਕਿਸੇ ਦੇ ਵੀ ਜੀਵਨ ਨੂੰ ਤਬਾਹ ਨਹੀਂ ਕਰਦਾ। ਉਹ ਅਜਿਹੀ ਯੋਜਨਾ ਬਣਾਉਂਦਾ ਹੈ ਕਿ ਕੋਈ ਵੀ ਉਸ ਦੀ ਮੌਜੂਦਗੀ ਤੋਂ ਦੂਰ ਨਹੀਂ ਰਹਿੰਦਾ।
15“ਅਤੇ ਹੁਣ ਮੈਂ ਆਪਣੇ ਸੁਆਮੀ ਪਾਤਸ਼ਾਹ ਨੂੰ ਇਹ ਕਹਿਣ ਆਈ ਹਾਂ ਕਿਉਂਕਿ ਲੋਕਾਂ ਨੇ ਮੈਨੂੰ ਡਰਾਇਆ ਤਦ ਤੁਹਾਡੀ ਦਾਸੀ ਨੇ ਸੋਚਿਆ, ‘ਮੈਂ ਰਾਜੇ ਅੱਗੇ ਆਪ ਬੇਨਤੀ ਕਰਾਂਗੀ; ਸ਼ਾਇਦ ਉਹ ਆਪਣੀ ਦਾਸੀ ਦੀ ਬੇਨਤੀ ਨੂੰ ਪੂਰਾ ਕਰ ਦੇਵੇ। 16ਸ਼ਾਇਦ ਰਾਜਾ ਆਪਣੀ ਦਾਸੀ ਨੂੰ ਉਨ੍ਹਾਂ ਆਦਮੀਆਂ ਦੇ ਹੱਥੋਂ ਛੁਡਾਉਣ ਲਈ ਰਾਜ਼ੀ ਹੋ ਜਾਵੇ ਜੋ ਮੈਨੂੰ ਅਤੇ ਮੇਰੇ ਪੁੱਤਰ ਨੂੰ ਪਰਮੇਸ਼ਵਰ ਦੀ ਦਿੱਤੀ ਹੋਈ ਵਿਰਾਸਤ ਤੋਂ ਵੱਖ ਕਰਨ ਦੀ ਕੋਸ਼ਿਸ਼ ਕਰਦੇ ਹਨ।’
17“ਅਤੇ ਹੁਣ ਤੇਰੀ ਦਾਸੀ ਆਖਦੀ ਹੈ, ‘ਮੇਰੇ ਮਹਾਰਾਜ ਪਾਤਸ਼ਾਹ ਦਾ ਬਚਨ ਮੇਰੀ ਵਿਰਾਸਤ ਨੂੰ ਸੁਰੱਖਿਅਤ ਕਰੇ, ਕਿਉਂਕਿ ਮੇਰਾ ਮਹਾਰਾਜ ਰਾਜਾ ਪਰਮੇਸ਼ਵਰ ਦੇ ਦੂਤ ਵਰਗਾ ਹੈ ਜੋ ਭਲੇ ਅਤੇ ਬੁਰੇ ਦੀ ਪਰਖ ਕਰਦਾ ਹੈ। ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਡੇ ਨਾਲ ਹੋਵੇ।’ ”
18ਤਦ ਰਾਜੇ ਨੇ ਉਸ ਔਰਤ ਨੂੰ ਕਿਹਾ, “ਜੋ ਮੈਂ ਤੇਰੇ ਤੋਂ ਪੁੱਛਣ ਜਾ ਰਿਹਾ ਹਾਂ, ਉਸ ਦਾ ਜਵਾਬ ਮੇਰੇ ਤੋਂ ਨਾ ਲੁਕਾਈ।”
ਔਰਤ ਨੇ ਕਿਹਾ, “ਜੀ ਮਹਾਰਾਜ ਪਾਤਸ਼ਾਹ ਦੱਸੋ।”
19ਰਾਜੇ ਨੇ ਪੁੱਛਿਆ, “ਕੀ ਇਸ ਸਭ ਵਿੱਚ ਤੇਰੇ ਨਾਲ ਯੋਆਬ ਦਾ ਹੱਥ ਨਹੀਂ ਹੈ?”
ਆਪਣੇ ਜੀਵਨ ਦੀ ਸਹੁੰ, “ਮਹਾਰਾਜ, ਮੇਰੇ ਮਾਲਕ ਦੁਆਰਾ ਪੁੱਛੇ ਸਵਾਲ ਦਾ ਜਵਾਬ ਪੂਰਨ ਸੱਚ ਤੋਂ ਇਲਾਵਾ ਹੋਰ ਕੁਝ ਨਹੀਂ ਹੋ ਸਕਦਾ। ਇਹ ਯੋਆਬ ਸੀ ਜਿਸਨੇ ਮੈਨੂੰ ਇਹ ਸਭ ਕਰਨ ਦਾ ਹੁਕਮ ਦਿੱਤਾ ਸੀ; ਇਹ ਸਾਰੀਆਂ ਗੱਲਾਂ ਉਸ ਨੇ ਤੇਰੇ ਸੇਵਕ ਨੂੰ ਸੁਝਾਈਆਂ ਸਨ। 20ਤੁਹਾਡੇ ਸੇਵਕ ਯੋਆਬ ਨੇ ਮੌਜੂਦਾ ਸਥਿਤੀ ਨੂੰ ਬਦਲਣ ਲਈ ਅਜਿਹਾ ਕੀਤਾ। ਮੇਰੇ ਸੁਆਮੀ ਕੋਲ ਪਰਮੇਸ਼ਵਰ ਦੇ ਦੂਤ ਦੀ ਬੁੱਧੀ ਹੈ, ਉਹ ਧਰਤੀ ਵਿੱਚ ਵਾਪਰਨ ਵਾਲੀ ਹਰ ਚੀਜ਼ ਨੂੰ ਜਾਣਦਾ ਹੈ।”
21ਰਾਜੇ ਨੇ ਯੋਆਬ ਨੂੰ ਆਖਿਆ, “ਬਹੁਤ ਵਧੀਆ, ਮੈਂ ਇਹ ਕੰਮ ਕਰਾਂਗਾ। ਜਾ, ਉਸ ਨੌਜਵਾਨ ਅਬਸ਼ਾਲੋਮ ਨੂੰ ਵਾਪਸ ਲੈ ਆ।”
22ਯੋਆਬ ਉਸ ਦਾ ਆਦਰ ਕਰਨ ਲਈ ਮੂੰਹ ਭਾਰ ਧਰਤੀ ਉੱਤੇ ਡਿੱਗ ਪਿਆ ਅਤੇ ਉਸ ਨੇ ਰਾਜੇ ਨੂੰ ਬਰਕਤ ਦਿੱਤੀ। ਯੋਆਬ ਨੇ ਆਖਿਆ, “ਅੱਜ ਤੇਰਾ ਦਾਸ ਜਾਣ ਗਿਆ ਹੈ ਕਿ ਹੇ ਮੇਰੇ ਮਹਾਰਾਜ ਪਾਤਸ਼ਾਹ, ਕਿ ਤੁਹਾਡੀ ਨਿਗਾਹ ਵਿੱਚ ਮੈਂ ਕਿਰਪਾ ਪਾਈ ਹੈ, ਕਿਉਂ ਜੋ ਪਾਤਸ਼ਾਹ ਨੇ ਆਪਣੇ ਸੇਵਕ ਦੀ ਬੇਨਤੀ ਮੰਨ ਲਈ ਹੈ।”
23ਤਦ ਯੋਆਬ ਗੇਸ਼ੂਰ ਨੂੰ ਗਿਆ ਅਤੇ ਅਬਸ਼ਾਲੋਮ ਨੂੰ ਯੇਰੂਸ਼ਲੇਮ ਵਾਪਸ ਲੈ ਆਇਆ। 24ਪਰ ਰਾਜੇ ਨੇ ਆਖਿਆ, “ਉਹ ਆਪਣੇ ਘਰ ਮੁੜ ਜਾਏ। ਉਹ ਮੇਰਾ ਮੂੰਹ ਨਾ ਵੇਖੇ।” ਇਸ ਲਈ ਅਬਸ਼ਾਲੋਮ ਆਪਣੇ ਘਰ ਗਿਆ ਅਤੇ ਰਾਜੇ ਦਾ ਮੂੰਹ ਨਾ ਵੇਖਿਆ।
25ਸਾਰੇ ਇਸਰਾਏਲ ਵਿੱਚ ਅਬਸ਼ਾਲੋਮ ਵਰਗਾ ਆਦਮੀ ਕੋਈ ਵੀ ਨਹੀਂ ਸੀ ਉਹ ਸੁੰਦਰ ਦਿਖਣ ਵਾਲਾ ਅਤੇ ਉਸਦੀ ਬਹੁਤ ਜ਼ਿਆਦਾ ਤਾਰੀਫ਼ ਕੀਤੀ ਜਾਂਦੀ ਸੀ। ਉਸ ਦੇ ਸਿਰ ਤੋਂ ਲੈ ਕੇ ਪੈਰਾ ਦੀ ਤਲੀ ਤੱਕ ਉਸ ਵਿੱਚ ਕੋਈ ਵੀ ਕਮੀ ਨਹੀਂ ਸੀ। 26ਜਦੋਂ ਵੀ ਉਹ ਆਪਣੇ ਸਿਰ ਦੇ ਵਾਲ ਕੱਟਾਉਂਦਾ ਸੀ, ਉਹ ਸਾਲ ਵਿੱਚ ਇੱਕ ਵਾਰ ਆਪਣੇ ਵਾਲ ਕੱਟਾਉਂਦਾ ਹੁੰਦਾ ਸੀ ਕਿਉਂਕਿ ਉਸਦੇ ਵਾਲ ਬਹੁਤ ਭਾਰਾ ਹੁੰਦੇ ਸਨ, ਉਹ ਉਨ੍ਹਾਂ ਨੂੰ ਤੋਲਦਾ ਸੀ ਅਤੇ ਇਸ ਦਾ ਭਾਰ ਸ਼ਾਹੀ ਮਿਆਰ ਅਨੁਸਾਰ ਦੋ ਸੌ ਸ਼ੈਕੇਲ#14:26 ਲਗਭਗ 3.4 ਕਿੱਲੋ ਗ੍ਰਾਮ ਸੀ।
27ਅਬਸ਼ਾਲੋਮ ਦੇ ਤਿੰਨ ਪੁੱਤਰ ਪੈਦਾ ਹੋਏ ਅਤੇ ਇੱਕ ਧੀ ਸੀ। ਉਸਦੀ ਧੀ ਦਾ ਨਾਮ ਤਾਮਾਰ ਸੀ ਅਤੇ ਉਹ ਬਹੁਤ ਸੁੰਦਰ ਸੀ।
28ਅਬਸ਼ਾਲੋਮ ਰਾਜੇ ਦਾ ਚਿਹਰਾ ਦੇਖੇ ਬਿਨਾਂ ਯੇਰੂਸ਼ਲੇਮ ਵਿੱਚ ਦੋ ਸਾਲ ਰਿਹਾ। 29ਤਦ ਅਬਸ਼ਾਲੋਮ ਨੇ ਯੋਆਬ ਨੂੰ ਬੇਨਤੀ ਕੀਤੀ ਕਿ ਉਹ ਆਏ ਅਤੇ ਉਸ ਨੂੰ ਰਾਜੇ ਕੋਲ ਭੇਜੇ, ਪਰ ਯੋਆਬ ਨੇ ਉਸ ਕੋਲ ਆਉਣ ਤੋਂ ਇਨਕਾਰ ਕਰ ਦਿੱਤਾ। ਇਸ ਲਈ ਉਸਨੇ ਦੂਜੀ ਵਾਰ ਭੇਜਿਆ, ਪਰ ਉਸਨੇ ਆਉਣ ਤੋਂ ਇਨਕਾਰ ਕਰ ਦਿੱਤਾ। 30ਤਦ ਉਸ ਨੇ ਆਪਣੇ ਸੇਵਕਾਂ ਨੂੰ ਆਖਿਆ, “ਵੇਖੋ, ਯੋਆਬ ਦਾ ਖੇਤ ਮੇਰੇ ਖੇਤ ਦੇ ਨਜ਼ਦੀਕ ਹੈ ਅਤੇ ਉਸ ਵਿੱਚ ਜੌਂ ਦੀ ਫ਼ਸਲ ਤਿਆਰ ਹੈ, ਸੋ ਜਾ ਕੇ ਉਸ ਨੂੰ ਅੱਗ ਨਾਲ ਸਾੜ ਸੁੱਟੋ।” ਤਦ ਅਬਸ਼ਾਲੋਮ ਦੇ ਸੇਵਕਾਂ ਨੇ ਖੇਤ ਨੂੰ ਅੱਗ ਲਾ ਦਿੱਤੀ।
31ਤਦ ਯੋਆਬ ਅਬਸ਼ਾਲੋਮ ਦੇ ਘਰ ਗਿਆ ਅਤੇ ਉਸ ਨੂੰ ਆਖਿਆ, “ਤੇਰੇ ਸੇਵਕਾਂ ਨੇ ਮੇਰੇ ਖੇਤ ਨੂੰ ਅੱਗ ਕਿਉਂ ਲਗਾਈ ਹੈ?”
32ਅਬਸ਼ਾਲੋਮ ਨੇ ਯੋਆਬ ਨੂੰ ਕਿਹਾ, “ਵੇਖ, ਮੈਂ ਤੈਨੂੰ ਸੁਨੇਹਾ ਭੇਜਿਆ ਸੀ ਅਤੇ ਆਖਿਆ ਸੀ, ‘ਕਿ ਇੱਥੇ ਆ ਤਾਂ ਜੋ ਮੈਂ ਤੈਨੂੰ ਰਾਜੇ ਕੋਲ ਇਹ ਪੁੱਛਣ ਲਈ ਭੇਜਾਂ, “ਕਿ ਮੈਂ ਗੇਸ਼ੂਰ ਤੋਂ ਕਿਉਂ ਆਇਆ ਹਾਂ? ਮੇਰੇ ਲਈ ਤਾਂ ਉੱਥੇ ਰਹਿਣਾ ਚੰਗਾ ਸੀ!” ’ ਤਾਂ ਹੁਣ, ਮੈਂ ਰਾਜੇ ਦਾ ਚਿਹਰਾ ਦੇਖਣਾ ਚਾਹੁੰਦਾ ਹਾਂ ਅਤੇ ਜੇ ਮੈਂ ਕਸੂਰਵਾਰ ਹਾਂ, ਤਾਂ ਉਹ ਮੈਨੂੰ ਮੌਤ ਦੇ ਘਾਟ ਉਤਾਰ ਦੇਵੇ।”
33ਇਸ ਲਈ ਯੋਆਬ ਪਾਤਸ਼ਾਹ ਕੋਲ ਗਿਆ ਅਤੇ ਉਸਨੂੰ ਇਹ ਗੱਲ ਦੱਸੀ। ਤਦ ਰਾਜੇ ਨੇ ਅਬਸ਼ਾਲੋਮ ਨੂੰ ਬੁਲਾਇਆ ਅਤੇ ਉਹ ਅੰਦਰ ਆਇਆ ਅਤੇ ਰਾਜਾ ਦੇ ਅੱਗੇ ਮੂੰਹ ਭਾਰ ਡਿੱਗ ਕੇ ਮੱਥਾ ਟੇਕਿਆ ਅਤੇ ਰਾਜੇ ਨੇ ਅਬਸ਼ਾਲੋਮ ਨੂੰ ਚੁੰਮਿਆ।
Currently Selected:
2 ਸ਼ਮੂਏਲ 14: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.