2 ਸ਼ਮੂਏਲ 12
12
ਨਾਥਾਨ ਦਾ ਦਾਵੀਦ ਨੂੰ ਝਿੜਕਣਾ
1ਯਾਹਵੇਹ ਨੇ ਨਾਥਾਨ ਨੂੰ ਦਾਵੀਦ ਕੋਲ ਭੇਜਿਆ। ਜਦੋਂ ਉਹ ਉਸਦੇ ਕੋਲ ਆਇਆ, ਉਸਨੇ ਕਿਹਾ, “ਇੱਕ ਨਗਰ ਵਿੱਚ ਦੋ ਆਦਮੀ ਸਨ, ਇੱਕ ਅਮੀਰ ਅਤੇ ਦੂਜਾ ਗਰੀਬ। 2ਅਮੀਰ ਆਦਮੀ ਕੋਲ ਬਹੁਤ ਸਾਰੀਆਂ ਭੇਡਾਂ ਅਤੇ ਮਾਲ ਡੰਗਰ ਸਨ, 3ਪਰ ਗਰੀਬ ਆਦਮੀ ਕੋਲ ਇੱਕ ਭੇਡ ਦੀ ਲੇਲੀ ਤੋਂ ਇਲਾਵਾ ਕੁਝ ਨਹੀਂ ਸੀ ਜੋ ਉਸ ਨੇ ਉਸ ਨੂੰ ਮੁੱਲ ਲਿਆ ਅਤੇ ਪਾਲਿਆ ਸੀ। ਉਸਦਾ ਪਾਲਣ ਪੋਸ਼ਣ ਉਸਦੇ ਬੱਚਿਆ ਨਾਲ ਹੋਇਆ ਸੀ। ਉਹ ਉਸੇ ਦੀ ਰੋਟੀ ਵਿੱਚੋਂ ਖਾਂਦੀ ਸੀ ਅਤੇ ਉਸ ਦੇ ਪਿਆਲੇ ਵਿੱਚੋਂ ਪੀਂਦੀ ਸੀ ਅਤੇ ਉਸਦੀਆਂ ਹੀ ਬਾਹਾਂ ਵਿੱਚ ਸੌਂਦੀ ਸੀ। ਉਹ ਉਸ ਦੀ ਧੀ ਵਰਗੀ ਸੀ।
4“ਉਸ ਅਮੀਰ ਆਦਮੀ ਕੋਲ ਇੱਕ ਯਾਤਰੀ ਆਇਆ ਸੀ। ਉਸ ਅਮੀਰ ਆਦਮੀ ਨੇ ਉਸ ਯਾਤਰੀ ਦੇ ਮਨੋਰੰਜਨ ਲਈ ਆਪਣੀਆਂ ਭੇਡਾਂ ਵਿੱਚੋਂ ਕੋਈ ਭੇਡ ਨਾ ਲਈ, ਪਰ ਉਸ ਗਰੀਬ ਆਦਮੀ ਦੀ ਭੇਡ ਲੈ ਕੇ ਉਸ ਯਾਤਰੀ ਲਈ ਭੋਜਨ ਤਿਆਰ ਕੀਤਾ।”
5ਦਾਵੀਦ ਉਸ ਆਦਮੀ ਉੱਤੇ ਗੁੱਸੇ ਨਾਲ ਭੜਕਿਆ ਅਤੇ ਨਾਥਾਨ ਨੂੰ ਆਖਿਆ, “ਜਿਉਂਦੇ ਯਾਹਵੇਹ ਦੀ ਸਹੁੰ, ਜਿਸ ਆਦਮੀ ਨੇ ਇਹ ਕੀਤਾ ਉਹ ਜ਼ਰੂਰ ਮਰ ਜਾਵੇਗਾ! 6ਇਸ ਲਈ ਉਸ ਮਨੁੱਖ ਨੂੰ ਲੇਲੀ ਲਈ ਚਾਰ ਗੁਣਾ ਵੱਧ ਭੁਗਤਾਨ ਕਰਨਾ ਪਵੇਗਾ, ਕਿਉਂਕਿ ਉਸਨੇ ਅਜਿਹਾ ਕੰਮ ਕੀਤਾ ਅਤੇ ਕੁਝ ਦਯਾ ਨਾ ਕੀਤੀ।”
7ਤਦ ਨਾਥਾਨ ਨੇ ਦਾਵੀਦ ਨੂੰ ਆਖਿਆ, “ਤੂੰ ਉਹ ਆਦਮੀ ਹੈ! ਯਾਹਵੇਹ ਇਸਰਾਏਲ ਦਾ ਪਰਮੇਸ਼ਵਰ ਇਹ ਆਖਦਾ ਹੈ, ‘ਮੈਂ ਤੈਨੂੰ ਇਸਰਾਏਲ ਦਾ ਰਾਜਾ ਅਭਿਸ਼ੇਕ ਕੀਤਾ, ਅਤੇ ਮੈਂ ਤੈਨੂੰ ਸ਼ਾਊਲ ਦੇ ਹੱਥੋਂ ਛੁਡਾਇਆ। 8ਮੈਂ ਤੇਰੇ ਮਾਲਕ ਦਾ ਘਰ ਤੈਨੂੰ ਅਤੇ ਤੇਰੇ ਸੁਆਮੀ ਦੀਆਂ ਪਤਨੀਆਂ ਨੂੰ ਤੇਰੀਆਂ ਬਾਹਾਂ ਵਿੱਚ ਦਿੱਤੀਆਂ। ਮੈਂ ਸਾਰਾ ਇਸਰਾਏਲ ਅਤੇ ਯਹੂਦਾਹ ਘਰਾਣਾ ਤੈਨੂੰ ਦੇ ਦਿੱਤਾ ਅਤੇ ਜੇ ਇਹ ਸਭ ਕੁਝ ਬਹੁਤ ਘੱਟ ਸੀ, ਤਾਂ ਮੈਂ ਤੈਨੂੰ ਹੋਰ ਵੀ ਦੇ ਦਿੰਦਾ। 9ਤੂੰ ਯਾਹਵੇਹ ਦੇ ਬਚਨ ਨੂੰ ਤੁੱਛ ਜਾਣਿਆ ਅਤੇ ਉਸਦੇ ਅੱਗੇ ਬੁਰਿਆਈ ਕੀਤੀ ਹੈ? ਤੂੰ ਹਿੱਤੀ ਊਰੀਯਾਹ ਨੂੰ ਤਲਵਾਰ ਨਾਲ ਮਰਵਾਇਆ ਅਤੇ ਉਸ ਦੀ ਪਤਨੀ ਨੂੰ ਆਪਣਾ ਬਣਾ ਲਿਆ। ਤੂੰ ਉਸ ਨੂੰ ਅੰਮੋਨੀਆਂ ਦੀ ਤਲਵਾਰ ਨਾਲ ਮਾਰਵਾ ਦਿੱਤਾ। 10ਇਸ ਲਈ ਹੁਣ ਤੇਰੇ ਘਰੋਂ ਤਲਵਾਰ ਕਦੇ ਨਹੀਂ ਹਟੇਗੀ, ਕਿਉਂਕਿ ਤੂੰ ਮੈਨੂੰ ਤੁੱਛ ਸਮਝਿਆ ਅਤੇ ਹਿੱਤੀ ਊਰੀਯਾਹ ਦੀ ਪਤਨੀ ਨੂੰ ਆਪਣੀ ਪਤਨੀ ਬਣਾ ਲਿਆ।’
11“ਯਾਹਵੇਹ ਇਹ ਆਖਦਾ ਹੈ, ‘ਵੇਖ ਮੈਂ ਇੱਕ ਬੁਰਿਆਈ ਨੂੰ ਤੇਰੇ ਆਪਣੇ ਘਰ ਵਿੱਚੋਂ ਹੀ ਤੇਰੇ ਉੱਤੇ ਪਾਵਾਂਗਾ। ਮੈਂ ਤੇਰੀਆਂ ਅੱਖਾਂ ਦੇ ਸਾਮ੍ਹਣੇ ਮੈਂ ਤੇਰੀਆਂ ਪਤਨੀਆਂ ਨੂੰ ਲੈ ਕੇ ਕਿਸੇ ਦੂਸਰਿਆਂ ਨੂੰ ਦਿਆਂਗਾ ਅਤੇ ਉਹ ਦਿਨ ਦੇ ਚਾਨਣ ਵਿੱਚ ਤੇਰੀਆਂ ਪਤਨੀਆਂ ਨਾਲ ਕੁਕਰਮ ਕਰਨਗੇ। 12ਤੂੰ ਇਹ ਸਭ ਗੁਪਤ ਵਿੱਚ ਕੀਤਾ ਸੀ, ਪਰ ਮੈਂ ਇਹ ਗੱਲ ਸ਼ਰੇਆਮ ਸਾਰੇ ਇਸਰਾਏਲ ਦੇ ਸਾਮ੍ਹਣੇ ਕਰਾਂਗਾ।’ ”
13ਤਦ ਦਾਵੀਦ ਨੇ ਨਾਥਾਨ ਨੂੰ ਕਿਹਾ, “ਮੈਂ ਯਾਹਵੇਹ ਦੇ ਵਿਰੁੱਧ ਪਾਪ ਕੀਤਾ ਹੈ।”
ਨਾਥਾਨ ਨੇ ਜਵਾਬ ਦਿੱਤਾ, “ਯਾਹਵੇਹ ਨੇ ਤੇਰੇ ਪਾਪ ਨੂੰ ਮਾਫ਼ ਕਰ ਦਿੱਤਾ ਹੈ। ਤੂੰ ਮਰੇਗਾ ਨਹੀਂ। 14ਪਰ ਕਿਉਂਕਿ ਅਜਿਹਾ ਕਰਕੇ ਤੂੰ ਯਾਹਵੇਹ ਲਈ ਪੂਰੀ ਤਰ੍ਹਾਂ ਨਿਰਾਦਰ ਕੀਤਾ ਹੈ, ਤੁਹਾਡੇ ਲਈ ਪੈਦਾ ਹੋਇਆ ਪੁੱਤਰ ਮਰ ਜਾਵੇਗਾ।”
15ਨਾਥਾਨ ਦੇ ਘਰ ਜਾਣ ਤੋਂ ਬਾਅਦ, ਯਾਹਵੇਹ ਨੇ ਉਸ ਬੱਚੇ ਨੂੰ ਮਾਰਿਆ ਜੋ ਊਰੀਯਾਹ ਦੀ ਪਤਨੀ ਨੇ ਦਾਵੀਦ ਤੋਂ ਪੈਦਾ ਕੀਤਾ ਸੀ ਅਤੇ ਉਹ ਬਿਮਾਰ ਹੋ ਗਿਆ। 16ਦਾਵੀਦ ਨੇ ਬੱਚੇ ਲਈ ਪਰਮੇਸ਼ਵਰ ਅੱਗੇ ਬੇਨਤੀ ਕੀਤੀ। ਉਸਨੇ ਵਰਤ ਰੱਖਿਆ ਅਤੇ ਰਾਤਾਂ ਜ਼ਮੀਨ ਤੇ ਤੱਪੜ ਪਾ ਕੇ ਕੱਟੀਆਂ। 17ਉਸ ਦੇ ਘਰ ਦੇ ਬਜ਼ੁਰਗ ਉਸ ਨੂੰ ਜ਼ਮੀਨ ਤੋਂ ਉਠਾਉਣ ਲਈ ਉਸ ਦੇ ਕੋਲ ਆਏ, ਪਰ ਉਸ ਨੇ ਇਨਕਾਰ ਕਰ ਦਿੱਤਾ, ਅਤੇ ਉਸ ਨੇ ਉਨ੍ਹਾਂ ਨਾਲ ਭੋਜਨ ਵੀ ਨਾ ਕੀਤਾ।
18ਸੱਤਵੇਂ ਦਿਨ ਬੱਚੇ ਦੀ ਮੌਤ ਹੋ ਗਈ। ਦਾਵੀਦ ਦੇ ਸੇਵਾਦਾਰ ਉਸ ਨੂੰ ਇਹ ਦੱਸਣ ਤੋਂ ਡਰਦੇ ਸਨ ਕਿ ਬੱਚਾ ਮਰ ਗਿਆ ਹੈ, ਕਿਉਂਕਿ ਉਨ੍ਹਾਂ ਨੇ ਆਖਿਆ, “ਵੇਖ ਜਦ ਉਹ ਬਾਲਕ ਅਜੇ ਜਿਉਂਦਾ ਸੀ ਤਾਂ ਅਸੀਂ ਉਸ ਨੂੰ ਆਖਿਆ ਅਤੇ ਉਸਨੇ ਸਾਡੀ ਗੱਲ ਨਾ ਮੰਨੀ ਅਤੇ ਜੇ ਹੁਣ ਅਸੀਂ ਉਸਨੂੰ ਆਖੀਏ ਕਿ ਬੱਚਾ ਮਰ ਗਿਆ ਹੈ ਤਾਂ ਉਹ ਆਪਣੀ ਜਿੰਦ ਨੂੰ ਕਸ਼ਟ ਦੇ ਸਕਦਾ ਹੈ।”
19ਦਾਵੀਦ ਨੇ ਦੇਖਿਆ ਕਿ ਉਸ ਦੇ ਸੇਵਾਦਾਰ ਆਪਸ ਵਿੱਚ ਘੁਸਰ-ਮੁਸਰ ਕਰ ਰਹੇ ਸਨ ਅਤੇ ਉਸ ਨੂੰ ਅਹਿਸਾਸ ਹੋਇਆ ਕਿ ਬੱਚਾ ਮਰ ਗਿਆ ਸੀ। ਉਸ ਨੇ ਪੁੱਛਿਆ, “ਕੀ ਬੱਚਾ ਮਰ ਗਿਆ ਹੈ?”
ਉਨ੍ਹਾਂ ਨੇ ਜਵਾਬ ਦਿੱਤਾ, “ਹਾਂ, ਉਹ ਮਰ ਗਿਆ ਹੈ।”
20ਤਦ ਦਾਵੀਦ ਜ਼ਮੀਨ ਤੋਂ ਉੱਠਿਆ, ਨਹਾਇਆ, ਸੁਗੰਧ ਲਾਈ ਅਤੇ ਕੱਪੜੇ ਬਦਲੇ ਅਤੇ ਯਾਹਵੇਹ ਦੇ ਘਰ ਆ ਕੇ ਮੱਥਾ ਟੇਕਿਆ। ਤਦ ਉਹ ਆਪਣੇ ਘਰ ਗਿਆ ਅਤੇ ਉਸ ਦੇ ਕਹਿਣ ਉੱਤੇ ਉਨ੍ਹਾਂ ਨੇ ਉਸ ਨੂੰ ਭੋਜਨ ਪਰੋਸਿਆ ਅਤੇ ਉਸ ਨੇ ਖਾਧਾ।
21ਉਸ ਦੇ ਸੇਵਾਦਾਰਾਂ ਨੇ ਉਸ ਨੂੰ ਪੁੱਛਿਆ, “ਤੁਸੀਂ ਅਜਿਹਾ ਕਿਉਂ ਕੀਤਾ? ਜਦੋਂ ਬੱਚਾ ਜਿਉਂਦਾ ਸੀ, ਤੁਸੀਂ ਵਰਤ ਰੱਖਿਆ ਅਤੇ ਰੋਏ, ਪਰ ਹੁਣ ਜਦੋਂ ਬੱਚਾ ਮਰ ਗਿਆ ਹੈ, ਤੁਸੀਂ ਉੱਠੇ ਕੇ ਰੋਟੀ ਖਾਧੀ!”
22ਉਸਨੇ ਜਵਾਬ ਦਿੱਤਾ, “ਜਦੋਂ ਬੱਚਾ ਅਜੇ ਜਿਉਂਦਾ ਸੀ, ਮੈਂ ਵਰਤ ਰੱਖਿਆ ਅਤੇ ਰੋਇਆ। ਮੈਂ ਸੋਚਿਆ, ‘ਕੌਣ ਜਾਣਦਾ ਹੈ? ਯਾਹਵੇਹ ਮੇਰੇ ਤੇ ਮਿਹਰਬਾਨ ਹੋ ਜਾਵੇ ਅਤੇ ਇਹ ਬੱਚਾ ਜੀਉਂਦਾ ਰਹੇ।’ 23ਪਰ ਹੁਣ ਜਦੋਂ ਉਹ ਮਰ ਗਿਆ ਹੈ, ਮੈਂ ਕਿਉਂ ਵਰਤ ਰੱਖਾਂ? ਕੀ ਮੈਂ ਉਸਨੂੰ ਦੁਬਾਰਾ ਵਾਪਸ ਲਿਆ ਸਕਦਾ ਹਾਂ? ਮੈਂ ਉਸ ਕੋਲ ਜਾਵਾਂਗਾ, ਪਰ ਉਹ ਮੇਰੇ ਕੋਲ ਵਾਪਸ ਨਹੀਂ ਆਵੇਗਾ।”
24ਤਦ ਦਾਵੀਦ ਨੇ ਆਪਣੀ ਪਤਨੀ ਬੈਥਸ਼ੇਬਾ ਨੂੰ ਦਿਲਾਸਾ ਦਿੱਤਾ ਅਤੇ ਉਹ ਉਸ ਕੋਲ ਗਿਆ, ਉਸ ਨਾਲ ਪਿਆਰ ਕੀਤਾ ਅਤੇ ਉਹ ਗਰਭਵਤੀ ਹੋਈ ਅਤੇ ਉਸਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਅਤੇ ਉਨ੍ਹਾਂ ਨੇ ਉਸਦਾ ਨਾਮ ਸ਼ਲੋਮੋਨ ਰੱਖਿਆ। ਉਹ ਯਾਹਵੇਹ ਦਾ ਪਿਆਰਾ ਹੋਇਆ; 25ਅਤੇ ਕਿਉਂਕਿ ਯਾਹਵੇਹ ਨੇ ਉਸਨੂੰ ਪਿਆਰ ਕੀਤਾ, ਉਸਨੇ ਨਾਥਾਨ ਨਬੀ ਦੇ ਰਾਹੀਂ ਉਸਦਾ ਨਾਮ ਯਦੀਦੀਯਾਹ#12:25 ਯਦੀਦੀਯਾਹ ਅਰਥਾਤ: ਯਾਹਵੇਹ ਦਾ ਪਿਆਰਾ ਰੱਖਣ ਲਈ ਭੇਜਿਆ।
26ਇਸ ਦੌਰਾਨ ਯੋਆਬ ਅੰਮੋਨੀਆਂ ਦੇ ਰਬਾਹ ਨਗਰ ਨਾਲ ਲੜਿਆ ਅਤੇ ਸ਼ਾਹੀ ਕਿਲੇ ਉੱਤੇ ਕਬਜ਼ਾ ਕਰ ਲਿਆ। 27ਫਿਰ ਯੋਆਬ ਨੇ ਦਾਵੀਦ ਕੋਲ ਸੰਦੇਸ਼ਵਾਹਕ ਭੇਜੇ, “ਮੈਂ ਰਬਾਹ ਨਾਲ ਲੜਿਆ ਹੈ ਅਤੇ ਮੈਂ ਉਸਦੇ ਪਾਣੀਆਂ ਦੇ ਸ਼ਹਿਰ ਨੂੰ ਲੈ ਲਿਆ ਹੈ। 28ਹੁਣ ਬਾਕੀ ਦੀਆਂ ਫ਼ੌਜਾਂ ਨੂੰ ਇਕੱਠਾ ਕਰੋ ਅਤੇ ਸ਼ਹਿਰ ਨੂੰ ਘੇਰਾ ਪਾਓ ਅਤੇ ਇਸ ਉੱਤੇ ਕਬਜ਼ਾ ਕਰੋ। ਨਹੀਂ ਤਾਂ ਮੈਂ ਸ਼ਹਿਰ ਲੈ ਲਵਾਂਗਾ, ਅਤੇ ਇਸ ਦਾ ਨਾਮ ਮੇਰੇ ਨਾਮ ਉੱਤੇ ਰੱਖਿਆ ਜਾਵੇਗਾ।”
29ਇਸ ਲਈ ਦਾਵੀਦ ਨੇ ਸਾਰੀ ਫ਼ੌਜ ਇਕੱਠੀ ਕੀਤੀ ਅਤੇ ਰਬਾਹ ਨੂੰ ਗਿਆ ਅਤੇ ਉਸ ਉੱਤੇ ਹਮਲਾ ਕਰ ਕੇ ਉਸਨੂੰ ਜਿੱਤ ਲਿਆ। 30ਦਾਵੀਦ ਨੇ ਉਨ੍ਹਾਂ ਦੇ ਰਾਜੇ ਦਾ ਮੁਕਟ ਉਸ ਦੇ ਸਿਰ ਤੋਂ ਲਾ ਲਿਆ ਅਤੇ ਇਹ ਉਸਦੇ ਆਪਣੇ ਸਿਰ ਉੱਤੇ ਰੱਖਿਆ ਗਿਆ। ਇਸ ਦਾ ਵਜ਼ਨ ਇੱਕ ਤਲੰਤ#12:30 ਲਗਭਗ 34 ਕਿਲੋਗ੍ਰਾਮ ਸੀ, ਅਤੇ ਇਹ ਕੀਮਤੀ ਪੱਥਰਾਂ ਨਾਲ ਮੜਿਆ ਹੋਇਆ ਸੀ। ਦਾਵੀਦ ਨੇ ਸ਼ਹਿਰ ਵਿੱਚੋਂ ਬਹੁਤ ਸਾਰਾ ਮਾਲ ਲੁੱਟ ਲਿਆ 31ਦਾਵੀਦ ਸ਼ਹਿਰ ਦੇ ਵਸਨੀਕਾਂ ਨੂੰ ਵੀ ਆਪਣੇ ਨਾਲ ਲੈ ਗਿਆ, ਜਿਨ੍ਹਾਂ ਨੂੰ ਉਨ੍ਹਾਂ ਨੇ ਮਜ਼ਦੂਰ ਬਣਾ ਲਿਆ ਅਤੇ ਉਨ੍ਹਾਂ ਨੂੰ ਆਰੀ, ਕੁਦਾਲੀ, ਕੁਹਾੜੀ ਆਦਿ ਦੇ ਕੰਮ ਵਿੱਚ ਲਾਇਆ ਅਤੇ ਉਹ ਇੱਟਾਂ ਬਣਾਉਣ ਦੀਆਂ ਭੱਠੀਆਂ ਵਿੱਚ ਵੀ ਜੁੜੇ ਹੋਏ ਸਨ। ਉਨ੍ਹਾਂ ਨੇ ਅੰਮੋਨੀਆਂ ਦੇ ਸਾਰੇ ਨਗਰਾਂ ਨਾਲ ਇਸੇ ਤਰ੍ਹਾਂ ਕੀਤਾ। ਫਿਰ ਦਾਵੀਦ ਅਤੇ ਉਸ ਦੇ ਸਾਰੇ ਲੋਕ ਯੇਰੂਸ਼ਲੇਮ ਨੂੰ ਵਾਪਸ ਆ ਗਏ।
Currently Selected:
2 ਸ਼ਮੂਏਲ 12: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.