1 ਸ਼ਮੂਏਲ 9
9
ਸ਼ਮੂਏਲ ਨੇ ਸ਼ਾਊਲ ਨੂੰ ਮਸਹ ਕੀਤਾ
1ਉੱਥੇ ਇੱਕ ਬਿਨਯਾਮੀਨੀ ਸੀ, ਜਿਸ ਦਾ ਨਾਮ ਕੀਸ਼ ਜੋ ਅਬੀਏਲ ਦਾ ਪੁੱਤਰ ਜੋ ਸਰੂਰ ਦਾ ਪੁੱਤਰ ਜੋ ਬਕੋਰਥ ਦਾ ਪੁੱਤਰ ਜੋ ਅਫਿਆਹ ਦਾ ਪੁੱਤਰ ਸੀ ਅਤੇ ਇਹ ਬਿਨਯਾਮੀਨੀ ਵੱਡਾ ਸੂਰਮਾ ਸੀ। 2ਕੀਸ਼ ਦਾ ਇੱਕ ਪੁੱਤਰ ਸੀ ਜਿਸ ਦਾ ਨਾਮ ਸ਼ਾਊਲ ਸੀ, ਇਸਰਾਏਲ ਵਿੱਚ ਉਸ ਨਾਲੋਂ ਸੋਹਣਾ ਮਨੁੱਖ ਹੋਰ ਕੋਈ ਨਹੀਂ ਸੀ ਅਤੇ ਉਹ ਸਾਰਿਆ ਨਾਲੋਂ ਉੱਚਾ ਸੀ।
3ਸ਼ਾਊਲ ਦੇ ਪਿਤਾ ਕੀਸ਼ ਦੀਆਂ ਗਧੀਆਂ ਗੁਆਚ ਗਈਆਂ ਇਸ ਲਈ ਕੀਸ਼ ਨੇ ਆਪਣੇ ਪੁੱਤਰ ਸ਼ਾਊਲ ਨੂੰ ਆਖਿਆ, “ਆਪਣਿਆ ਸੇਵਕਾਂ ਵਿੱਚੋਂ ਇੱਕ ਨੂੰ ਆਪਣੇ ਨਾਲ ਲੈ ਜਾ ਅਤੇ ਗਧੀਆ ਲੱਭ।” 4ਇਸ ਲਈ ਉਹ ਇਫ਼ਰਾਈਮ ਦੇ ਪਹਾੜੀ ਦੇਸ਼ ਵਿੱਚੋਂ ਅਤੇ ਸ਼ਲੀਸ਼ਾਹ ਦੇ ਆਲੇ-ਦੁਆਲੇ ਦੇ ਇਲਾਕੇ ਵਿੱਚੋਂ ਦੀ ਲੰਘਿਆ, ਪਰ ਉਹ ਉਹਨਾਂ ਨੂੰ ਨਾ ਲੱਭੀਆਂ। ਤਦ ਉਹ ਸ਼ਾਲੀਮ ਦੇ ਜ਼ਿਲ੍ਹੇ ਵਿੱਚ ਚਲੇ ਗਏ, ਪਰ ਗਧੀਆਂ ਉੱਥੇ ਵੀ ਨਹੀਂ ਸਨ। ਫਿਰ ਉਹ ਬਿਨਯਾਮੀਨੀਆਂ ਦੇ ਇਲਾਕੇ ਵਿੱਚੋਂ ਆਏ, ਪਰ ਉਹ ਉਹਨਾਂ ਨੂੰ ਉੱਥੇ ਵੀ ਨਾ ਲੱਭੀਆਂ।
5ਜਦੋਂ ਉਹ ਸੂਫ਼ ਦੇ ਜ਼ਿਲ੍ਹੇ ਵਿੱਚ ਪਹੁੰਚੇ ਤਾਂ ਸ਼ਾਊਲ ਨੇ ਆਪਣੇ ਨਾਲ ਦੇ ਨੌਕਰ ਨੂੰ ਕਿਹਾ, “ਚੱਲੋ, ਅਸੀਂ ਵਾਪਸ ਮੁੜ ਚੱਲੀਏ ਨਹੀਂ ਤਾਂ ਮੇਰਾ ਪਿਤਾ ਗਧੀਆਂ ਬਾਰੇ ਸੋਚਣਾ ਛੱਡ ਕੇ ਅਤੇ ਸਾਡੀ ਚਿੰਤਾ ਕਰਨ ਲੱਗ ਜਾਵੇਗਾ।”
6ਪਰ ਨੌਕਰ ਨੇ ਉੱਤਰ ਦਿੱਤਾ, “ਵੇਖੋ, ਇਸ ਨਗਰ ਵਿੱਚ ਇੱਕ ਪਰਮੇਸ਼ਵਰ ਦਾ ਮਨੁੱਖ ਹੈ। ਉਹ ਬਹੁਤ ਸਤਿਕਾਰਯੋਗ ਹੈ, ਅਤੇ ਉਹ ਜੋ ਵੀ ਕਹਿੰਦਾ ਹੈ ਉਹ ਸੱਚ ਹੁੰਦਾ ਹੈ। ਚਲੋ, ਹੁਣ ਉੱਥੇ ਚੱਲੀਏ। ਸ਼ਾਇਦ ਉਹ ਸਾਨੂੰ ਦੱਸੇਗਾ, ਸਾਨੂੰ ਕੀ ਕਰਨਾ ਚਾਹੀਦਾ ਹੈ।”
7ਸ਼ਾਊਲ ਨੇ ਆਪਣੇ ਸੇਵਕ ਨੂੰ ਕਿਹਾ, “ਜੇ ਅਸੀਂ ਚੱਲੀਏ, ਤਾਂ ਅਸੀਂ ਉਸ ਲਈ ਕੀ ਲੈ ਕੇ ਜਾਈਏ? ਸਾਡੇ ਭਾਂਡਿਆਂ ਵਿੱਚ ਰੋਟੀ ਵੀ ਖਤਮ ਹੋ ਗਈ ਹੈ। ਸਾਡੇ ਕੋਲ ਪਰਮੇਸ਼ਵਰ ਦੇ ਬੰਦੇ ਨੂੰ ਦੇਣ ਲਈ ਕੋਈ ਤੋਹਫ਼ਾ ਨਹੀਂ ਹੈ। ਸਾਡੇ ਕੋਲ ਕੀ ਹੈ?”
8ਨੌਕਰ ਨੇ ਸ਼ਾਊਲ ਨੂੰ ਫੇਰ ਉੱਤਰ ਦਿੱਤਾ, “ਦੇਖੋ, ਮੇਰੇ ਕੋਲ ਚਾਂਦੀ ਦਾ ਇੱਕ ਚੌਥਾਈ ਸ਼ੈਕੇਲ#9:8 ਲਗਭਗ 3 ਗ੍ਰਾਮ ਹੈ। ਮੈਂ ਇਹ ਪਰਮੇਸ਼ਵਰ ਦੇ ਬੰਦੇ ਨੂੰ ਦੇ ਦਿਆਂਗਾ ਤਾਂ ਜੋ ਉਹ ਸਾਨੂੰ ਦੱਸੇ ਕਿ ਸਾਨੂੰ ਕਿਹੜਾ ਰਾਹ ਲੈਣਾ ਚਾਹੀਦਾ ਹੈ।” 9(ਪਹਿਲਾਂ ਇਸਰਾਏਲ ਵਿੱਚ, ਜੇ ਕੋਈ ਪਰਮੇਸ਼ਵਰ ਤੋਂ ਪੁੱਛਣ ਜਾਂਦਾ ਸੀ, ਤਾਂ ਉਹ ਆਖਦੇ ਸਨ, “ਆਓ, ਅਸੀਂ ਦਰਸ਼ੀ ਕੋਲ ਚੱਲੀਏ,” ਕਿਉਂਕਿ ਅੱਜ ਦੇ ਨਬੀ ਨੂੰ ਪਹਿਲਾਂ ਦਰਸ਼ੀ ਕਿਹਾ ਜਾਂਦਾ ਸੀ।)
10ਸ਼ਾਊਲ ਨੇ ਆਪਣੇ ਸੇਵਕ ਨੂੰ ਕਿਹਾ, “ਚੰਗੀ ਗੱਲ ਹੈ। ਆਉ, ਅਸੀਂ ਚੱਲੀਏ।” ਇਸ ਲਈ ਉਹ ਉਸ ਨਗਰ ਵੱਲ ਤੁਰ ਪਏ ਜਿੱਥੇ ਪਰਮੇਸ਼ਵਰ ਦਾ ਬੰਦਾ ਸੀ।
11ਜਦੋਂ ਉਹ ਪਹਾੜੀ ਉੱਤੇ ਨਗਰ ਨੂੰ ਜਾ ਰਹੇ ਸਨ ਤਾਂ ਉਹਨਾਂ ਨੂੰ ਕੁਝ ਮੁਟਿਆਰਾਂ ਮਿਲੀਆਂ ਜੋ ਪਾਣੀ ਭਰਨ ਆਈਆਂ ਸਨ ਅਤੇ ਉਹਨਾਂ ਨੇ ਉਹਨਾਂ ਨੂੰ ਪੁੱਛਿਆ, “ਕੀ ਦਰਸ਼ੀ ਇੱਥੇ ਹੈ?”
12ਉਹਨਾਂ ਨੇ ਉੱਤਰ ਦਿੱਤਾ, “ਹਾਂ ਜੀ ਉਹ ਹੈ, ਉਹ ਤੁਹਾਡੇ ਤੋਂ ਅੱਗੇ ਹੀ ਹੈ। ਹੁਣ ਜਲਦੀ ਕਰੋ; ਉਹ ਅੱਜ ਹੀ ਸਾਡੇ ਸ਼ਹਿਰ ਆਇਆ ਹੈ, ਕਿਉਂਕਿ ਅੱਜ ਦੇ ਦਿਨ ਲੋਕ ਉੱਚੇ ਸਥਾਨ ਉੱਤੇ ਬਲੀ ਚੜ੍ਹਾਉਂਦੇ ਹਨ। 13ਜਿਵੇਂ ਹੀ ਤੁਸੀਂ ਨਗਰ ਵਿੱਚ ਵੜੋਂਗੇ, ਤੁਸੀਂ ਉਸ ਨੂੰ ਉਸ ਉੱਚੇ ਸਥਾਨ ਉੱਤੇ ਖਾਣ ਲਈ ਜਾਣ ਤੋਂ ਪਹਿਲਾਂ ਤੁਰੰਤ ਮਿਲ ਲਵੋ। ਕਿਉਂਕਿ ਜਦੋਂ ਤੱਕ ਉਹ ਨਹੀਂ ਆਉਂਦਾ ਲੋਕ ਖਾਣਾ ਸ਼ੁਰੂ ਨਹੀਂ ਕਰਨਗੇ, ਇਸ ਲਈ ਕਿਉਂ ਜੋ ਉਹ ਬਲੀਦਾਨ ਨੂੰ ਅਸੀਸ ਦਿੰਦਾ ਹੈ; ਇਸ ਤੋਂ ਬਾਅਦ, ਜਿਨ੍ਹਾਂ ਨੂੰ ਸੱਦਾ ਦਿੱਤਾ ਗਿਆ ਹੈ ਉਹ ਖਾਣਾ ਖਾਂਦੇ ਹਨ। ਹੁਣ ਉੱਪਰ ਜਾਓ; ਕਿਉਂ ਜੋ ਅੱਜ ਹੀ ਤੁਸੀਂ ਉਸਨੂੰ ਮਿਲੋਗੇ।”
14ਉਹ ਨਗਰ ਨੂੰ ਚੜ੍ਹੇ ਅਤੇ ਉਸ ਵਿੱਚ ਵੜਦਿਆਂ ਹੀ ਸ਼ਮੂਏਲ ਉੱਚੇ ਸਥਾਨ ਨੂੰ ਜਾਣ ਲਈ ਉਹਨਾਂ ਦੇ ਸਾਮ੍ਹਣੇ ਬਾਹਰ ਨਿੱਕਲਿਆ।
15ਹੁਣ ਸ਼ਾਊਲ ਦੇ ਆਉਣ ਤੋਂ ਇੱਕ ਦਿਨ ਪਹਿਲਾਂ, ਯਾਹਵੇਹ ਨੇ ਸ਼ਮੂਏਲ ਨੂੰ ਇਹ ਆਖ ਦਿੱਤਾ ਸੀ: 16“ਕੱਲ੍ਹ ਇਸ ਸਮੇਂ ਦੇ ਵਿੱਚ ਮੈਂ ਬਿਨਯਾਮੀਨ ਦੇ ਦੇਸ਼ ਵਿੱਚੋਂ ਇੱਕ ਆਦਮੀ ਨੂੰ ਤੇਰੇ ਕੋਲ ਭੇਜਾਂਗਾ। ਉਸ ਨੂੰ ਮੇਰੇ ਲੋਕਾਂ ਇਸਰਾਏਲੀਆਂ ਉੱਤੇ ਰਾਜਾ ਮਸਹ ਕਰਨਾ; ਉਹ ਉਹਨਾਂ ਨੂੰ ਫ਼ਲਿਸਤੀਆਂ ਦੇ ਹੱਥੋਂ ਛੁਡਾਵੇਗਾ। ਮੈਂ ਆਪਣੇ ਲੋਕਾਂ ਵੱਲ ਤੱਕਿਆ ਹੈ, ਕਿਉਂਕਿ ਉਹਨਾਂ ਦੀ ਦੁਹਾਈ ਮੇਰੇ ਤੱਕ ਪਹੁੰਚੀ ਹੈ।”
17ਜਦੋਂ ਸ਼ਮੂਏਲ ਨੇ ਸ਼ਾਊਲ ਨੂੰ ਵੇਖਿਆ, ਤਾਂ ਯਾਹਵੇਹ ਨੇ ਉਸਨੂੰ ਕਿਹਾ, “ਇਹ ਉਹ ਆਦਮੀ ਹੈ ਜਿਸ ਬਾਰੇ ਮੈਂ ਤੇਰੇ ਨਾਲ ਗੱਲ ਕੀਤੀ ਸੀ। ਉਹ ਮੇਰੇ ਲੋਕਾਂ ਉੱਤੇ ਰਾਜ ਕਰੇਗਾ।”
18ਸ਼ਾਊਲ ਦਰਵਾਜ਼ੇ ਵਿੱਚ ਸ਼ਮੂਏਲ ਦੇ ਕੋਲ ਜਾ ਪਹੁੰਚਿਆ ਅਤੇ ਉਸਨੂੰ ਪੁੱਛਿਆ, “ਮੈਨੂੰ ਦੱਸੋ ਕਿ ਦਰਸ਼ੀ ਦਾ ਘਰ ਕਿੱਥੇ ਹੈ?”
19ਸ਼ਮੂਏਲ ਨੇ ਸ਼ਾਊਲ ਨੂੰ ਉੱਤਰ ਦਿੱਤਾ, “ਮੈਂ ਦਰਸ਼ੀ ਹਾਂ! ਮੇਰੇ ਅੱਗੇ ਉੱਚੇ ਸਥਾਨ ਉੱਤੇ ਚੱਲ, ਕਿਉਂਕਿ ਅੱਜ ਤੂੰ ਮੇਰੇ ਨਾਲ ਖਾਣਾ ਹੈ ਅਤੇ ਸਵੇਰ ਨੂੰ ਮੈਂ ਤੈਨੂੰ ਤੇਰੇ ਰਸਤੇ ਵਿੱਚ ਭੇਜਾਂਗਾ ਅਤੇ ਜੋ ਕੁਝ ਤੇਰੇ ਦਿਲ ਵਿੱਚ ਹੈ ਤੈਨੂੰ ਦੱਸਾਂਗਾ। 20ਜਿਵੇਂ ਤੇਰੀਆਂ ਗਧੀਆਂ ਜਿਨ੍ਹਾਂ ਨੂੰ ਗੁਆਚਿਆ ਤਿੰਨ ਦਿਨ ਹੋ ਗਏ ਹਨ, ਤੂੰ ਉਹਨਾਂ ਦੀ ਚਿੰਤਾ ਨਾ ਕਰ। ਉਹ ਲੱਭ ਗਈਆਂ ਹਨ ਅਤੇ ਇਸਰਾਏਲ ਦੀਆਂ ਸਾਰੀਆਂ ਇੱਛਾਵਾਂ ਕਿਸ ਵੱਲ ਮੁੜੀਆਂ, ਕਿ ਤੇਰੇ ਅਤੇ ਤੇਰੇ ਪਰਿਵਾਰ ਦੇ ਸਾਰੇ ਵੰਸ਼ ਵੱਲ ਨਹੀਂ?”
21ਸ਼ਾਊਲ ਨੇ ਉੱਤਰ ਦਿੱਤਾ, “ਪਰ ਕੀ ਮੈਂ ਇਸਰਾਏਲ ਦੇ ਸਭ ਤੋਂ ਛੋਟੇ ਗੋਤ ਬਿਨਯਾਮੀਨ ਵਿੱਚੋਂ ਨਹੀਂ ਹਾਂ ਅਤੇ ਮੇਰਾ ਟੱਬਰ ਬਿਨਯਾਮੀਨ ਦੇ ਗੋਤ ਦੇ ਸਾਰਿਆਂ ਟੱਬਰਾਂ ਵਿੱਚੋਂ ਸਭ ਤੋਂ ਛੋਟਾ ਨਹੀਂ ਹੈ? ਫਿਰ ਤੁਸੀਂ ਮੈਨੂੰ ਅਜਿਹਾ ਕਿਉਂ ਕਹਿੰਦੇ ਹੋ?”
22ਤਦ ਸ਼ਮੂਏਲ ਨੇ ਸ਼ਾਊਲ ਅਤੇ ਉਸ ਦੇ ਨੌਕਰ ਨੂੰ ਹਾਲ ਵਿੱਚ ਲਿਆਂਦਾ, ਜਿੱਥੇ ਲਗਭਗ ਤੀਹ ਮਹਿਮਾਨ ਮੌਜੂਦ ਸਨ। ਇੱਥੇ ਸ਼ਮੂਏਲ ਨੇ ਸ਼ਾਊਲ ਨੂੰ ਉਨ੍ਹਾਂ ਵਿੱਚੋਂ ਸਭ ਤੋਂ ਉੱਚੇ ਥਾਂ ਬਿਠਾਇਆ। 23ਸ਼ਮੂਏਲ ਨੇ ਲਾਂਗਰੀ ਨੂੰ ਕਿਹਾ, “ਜੋ ਮਾਸ ਦਾ ਟੁਕੜਾ ਮੈਂ ਤੈਨੂੰ ਦਿੱਤਾ ਸੀ, ਉਹ ਲੈ ਆ ਜੋ ਮੈਂ ਤੈਨੂੰ ਇੱਕ ਪਾਸੇ ਰੱਖਣ ਲਈ ਕਿਹਾ ਸੀ।”
24ਤਾਂ ਲਾਂਗਰੀ ਨੇ ਮਾਸ ਦਾ ਵੱਡਾ ਟੁਕੜਾ ਜੋ ਉਸ ਉੱਤੇ ਸੀ ਚੁੱਕ ਕੇ ਸ਼ਾਊਲ ਦੇ ਸਾਮ੍ਹਣੇ ਰੱਖਿਆ। ਸ਼ਮੂਏਲ ਨੇ ਕਿਹਾ, “ਇਹ ਜੋ ਰੱਖਿਆ ਗਿਆ ਹੈ। ਖਾ, ਕਿਉਂਕਿ ਇਹ ਤੇਰੇ ਲਈ ਠਹਿਰਾਏ ਹੋਏ ਸਮੇਂ ਦਾ ਅਲੱਗ ਰੱਖਿਆ ਗਿਆ ਸੀ।” ਜਦੋਂ ਤੋਂ ਮੈਂ ਕਿਹਾ ਸੀ, ਮੈਂ ਮਹਿਮਾਨਾਂ ਨੂੰ ਬੁਲਾਇਆ ਹੈ।
25ਜਦੋਂ ਉਹ ਉੱਚੇ ਸਥਾਨ ਤੋਂ ਨਗਰ ਵਿੱਚ ਆਏ ਤਾਂ ਸ਼ਮੂਏਲ ਨੇ ਆਪਣੇ ਘਰ ਦੀ ਛੱਤ ਉੱਤੇ ਸ਼ਾਊਲ ਨਾਲ ਗੱਲਾਂ ਕੀਤੀਆਂ। 26ਉਹ ਸਵੇਰ ਦੇ ਵੇਲੇ ਉੱਠੇ ਅਤੇ ਸ਼ਮੂਏਲ ਨੇ ਛੱਤ ਉੱਤੇ ਸ਼ਾਊਲ ਨੂੰ ਪੁਕਾਰ ਕੇ ਆਖਿਆ, “ਉੱਠ ਜੋ ਮੈਂ ਤੈਨੂੰ ਵਿਦਾ ਕਰਾਂ।” ਜਦੋਂ ਸ਼ਾਊਲ ਉੱਠਿਆ, ਤਾਂ ਉਹ ਅਤੇ ਸ਼ਮੂਏਲ ਇਕੱਠੇ ਬਾਹਰ ਚਲੇ ਗਏ। 27ਜਦੋਂ ਉਹ ਕਸਬੇ ਦੇ ਕਿਨਾਰੇ ਨੂੰ ਜਾ ਰਹੇ ਸਨ ਤਾਂ ਸ਼ਮੂਏਲ ਨੇ ਸ਼ਾਊਲ ਨੂੰ ਆਖਿਆ, “ਨੌਕਰ ਨੂੰ ਆਖ ਕਿ ਉਹ ਸਾਡੇ ਅੱਗੇ ਚੱਲੇ” ਅਤੇ ਨੌਕਰ ਨੇ ਅਜਿਹਾ ਹੀ ਕੀਤਾ, “ਪਰ ਤੂੰ ਇੱਥੇ ਥੋੜ੍ਹੀ ਦੇਰ ਰੁਕ ਜਾ ਤਾਂ ਜੋ ਮੈਂ ਤੈਨੂੰ ਪਰਮੇਸ਼ਵਰ ਵੱਲੋਂ ਇੱਕ ਸੰਦੇਸ਼ ਸੁਣਾਵਾਂ।”
Currently Selected:
1 ਸ਼ਮੂਏਲ 9: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.