Bible App logo
Search Icon

1 ਸ਼ਮੂਏਲ 31

31
ਸ਼ਾਊਲ ਨੇ ਆਪਣੀ ਜਾਨ ਲੈ ਲਈ
1ਹੁਣ ਫ਼ਲਿਸਤੀ ਇਸਰਾਏਲ ਦੇ ਵਿਰੁੱਧ ਲੜੇ; ਇਸਰਾਏਲੀ ਉਹਨਾਂ ਦੇ ਅੱਗੋਂ ਭੱਜ ਗਏ ਅਤੇ ਬਹੁਤ ਸਾਰੇ ਗਿਲਬੋਆ ਪਹਾੜ ਉੱਤੇ ਮਾਰੇ ਗਏ। 2ਫ਼ਲਿਸਤੀਆਂ ਨੇ ਸ਼ਾਊਲ ਅਤੇ ਉਸ ਦੇ ਪੁੱਤਰਾਂ ਦਾ ਪਿੱਛਾ ਕੀਤਾ ਅਤੇ ਉਹਨਾਂ ਨੇ ਉਸ ਦੇ ਪੁੱਤਰਾਂ ਯੋਨਾਥਾਨ, ਅਬੀਨਾਦਾਬ ਅਤੇ ਮਲਕੀ-ਸ਼ੂਆ ਨੂੰ ਮਾਰ ਦਿੱਤਾ। 3ਸ਼ਾਊਲ ਦੇ ਆਲੇ-ਦੁਆਲੇ ਲੜਾਈ ਬਹੁਤ ਵਧ ਗਈ ਅਤੇ ਜਦੋਂ ਤੀਰਅੰਦਾਜ਼ਾਂ ਨੇ ਉਹ ਨੂੰ ਫੜ ਲਿਆ ਤਾਂ ਉਹ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ।
4ਸ਼ਾਊਲ ਨੇ ਆਪਣੇ ਸ਼ਸਤਰ ਚੁੱਕਣ ਵਾਲੇ ਨੂੰ ਕਿਹਾ, “ਆਪਣੀ ਤਲਵਾਰ ਕੱਢ ਕੇ ਮੈਨੂੰ ਮਾਰ ਦੇ, ਨਹੀਂ ਤਾਂ ਇਹ ਅਸੁੰਨਤੀ ਲੋਕ ਆ ਕੇ ਮੈਨੂੰ ਮਾਰ ਦੇਣਗੇ ਅਤੇ ਮੈਨੂੰ ਗਾਲਾਂ ਕੱਢਣਗੇ।”
ਪਰ ਉਸਦਾ ਸ਼ਸਤਰ ਚੁੱਕਣ ਵਾਲਾ ਡਰ ਗਿਆ ਅਤੇ ਉਸਦੀ ਗੱਲ ਨਾ ਮੰਨੀ; ਇਸ ਲਈ ਸ਼ਾਊਲ ਨੇ ਆਪਣੀ ਤਲਵਾਰ ਚੁੱਕੀ ਅਤੇ ਉਸ ਉੱਤੇ ਡਿੱਗ ਪਿਆ। 5ਜਦੋਂ ਹਥਿਆਰ ਚੁੱਕਣ ਵਾਲੇ ਨੇ ਵੇਖਿਆ ਕਿ ਸ਼ਾਊਲ ਮਰ ਗਿਆ ਹੈ ਤਾਂ ਉਹ ਵੀ ਆਪਣੀ ਤਲਵਾਰ ਉੱਤੇ ਡਿੱਗ ਕੇ ਮਰ ਗਿਆ। 6ਸੋ ਸ਼ਾਊਲ ਅਤੇ ਉਹ ਦੇ ਤਿੰਨ ਪੁੱਤਰ ਅਤੇ ਉਹ ਦਾ ਸ਼ਸਤਰ ਚੁੱਕਣ ਵਾਲਾ ਅਤੇ ਉਹ ਦੇ ਸਾਰੇ ਮਨੁੱਖ ਉਸੇ ਦਿਨ ਇਕੱਠੇ ਮਰ ਗਏ।
7ਜਦੋਂ ਇਸਰਾਏਲੀਆਂ ਨੇ ਘਾਟੀ ਵਿੱਚ ਅਤੇ ਯਰਦਨ ਦੇ ਪਾਰ ਦੇ ਲੋਕਾਂ ਨੇ ਵੇਖਿਆ ਕਿ ਇਸਰਾਏਲੀ ਫ਼ੌਜ ਭੱਜ ਗਈ ਹੈ ਅਤੇ ਸ਼ਾਊਲ ਅਤੇ ਉਸ ਦੇ ਪੁੱਤਰ ਮਰ ਗਏ ਹਨ ਤਾਂ ਉਹ ਆਪਣੇ ਨਗਰਾਂ ਨੂੰ ਛੱਡ ਕੇ ਭੱਜ ਗਏ। ਫ਼ਲਿਸਤੀਆਂ ਨੇ ਆ ਕੇ ਉਹਨਾਂ ਉੱਤੇ ਕਬਜ਼ਾ ਕਰ ਲਿਆ।
8ਅਗਲੇ ਦਿਨ ਜਦੋਂ ਫ਼ਲਿਸਤੀ ਮੁਰਦਿਆਂ ਨੂੰ ਉਤਾਰਨ ਲਈ ਆਏ ਤਾਂ ਉਹਨਾਂ ਨੇ ਸ਼ਾਊਲ ਅਤੇ ਉਸ ਦੇ ਤਿੰਨ ਪੁੱਤਰਾਂ ਨੂੰ ਗਿਲਬੋਆ ਪਹਾੜ ਉੱਤੇ ਡਿੱਗੇ ਹੋਏ ਵੇਖਿਆ। 9ਉਹਨਾਂ ਨੇ ਉਸ ਦਾ ਸਿਰ ਵੱਢ ਦਿੱਤਾ ਅਤੇ ਉਸ ਦੇ ਸ਼ਸਤਰ ਲਾਹ ਦਿੱਤੇ ਅਤੇ ਫ਼ਲਿਸਤੀਆਂ ਦੇ ਸਾਰੇ ਦੇਸ਼ ਵਿੱਚ ਸੰਦੇਸ਼ਵਾਹਕ ਘੱਲੇ ਜੋ ਉਹਨਾਂ ਦੇ ਮੰਦਰ ਵਿੱਚ ਉਹਨਾਂ ਦੀਆਂ ਮੂਰਤੀਆਂ ਅਤੇ ਲੋਕਾਂ ਵਿੱਚ ਖ਼ਬਰ ਸੁਣਾਉਣ। 10ਉਹਨਾਂ ਨੇ ਉਹ ਦੇ ਸ਼ਸਤਰਾਂ ਨੂੰ ਅਸ਼ਤਾਰੋਥ ਦੇਵੀ ਦੇ ਮੰਦਰ ਵਿੱਚ ਰੱਖਿਆ ਅਤੇ ਉਸ ਦੀ ਲਾਸ਼ ਨੂੰ ਬੈਤ-ਸ਼ਾਨ ਦੀ ਕੰਧ ਉੱਤੇ ਟੰਗ ਦਿੱਤਾ।
11ਜਦੋਂ ਯਾਬੇਸ਼ ਗਿਲਆਦ ਦੇ ਲੋਕਾਂ ਨੇ ਸੁਣਿਆ ਕਿ ਫ਼ਲਿਸਤੀਆਂ ਨੇ ਸ਼ਾਊਲ ਨਾਲ ਕੀ ਕੀਤਾ ਸੀ। 12ਤਾਂ ਉਹਨਾਂ ਦੇ ਸਾਰੇ ਸੂਰਮੇ ਰਾਤ ਭਰ ਬੈਤ-ਸ਼ਾਨ ਵੱਲ ਕੂਚ ਕਰ ਗਏ। ਉਹ ਸ਼ਾਊਲ ਅਤੇ ਉਸ ਦੇ ਪੁੱਤਰਾਂ ਦੀਆਂ ਲਾਸ਼ਾਂ ਬੈਤ-ਸ਼ਾਨ ਦੀ ਕੰਧ ਤੋਂ ਉਤਾਰ ਕੇ ਯਾਬੇਸ਼ ਨੂੰ ਗਏ, ਜਿੱਥੇ ਉਹਨਾਂ ਨੇ ਉਹਨਾਂ ਨੂੰ ਸਾੜ ਦਿੱਤਾ। 13ਤਦ ਉਹਨਾਂ ਨੇ ਉਹਨਾਂ ਦੀਆਂ ਹੱਡੀਆਂ ਲੈ ਕੇ ਯਾਬੇਸ਼ ਵਿੱਚ ਇੱਕ ਝਾਊ ਦੇ ਰੁੱਖ ਹੇਠ ਦੱਬ ਦਿੱਤੀਆਂ ਅਤੇ ਸੱਤ ਦਿਨ ਵਰਤ ਰੱਖਿਆ।

Currently Selected:

1 ਸ਼ਮੂਏਲ 31: PCB

Highlight

Copy

Compare

Share

None

Want to have your highlights saved across all your devices? Sign up or sign in