1 ਰਾਜਿਆਂ 10
10
ਸ਼ਬਾ ਦੀ ਰਾਣੀ ਸ਼ਲੋਮੋਨ ਨੂੰ ਮਿਲਣ ਆਈ
1ਜਦੋਂ ਸ਼ਬਾ ਦੀ ਰਾਣੀ ਨੇ ਸ਼ਲੋਮੋਨ ਦੀ ਧੁੰਮ ਅਤੇ ਯਾਹਵੇਹ ਨਾਲ ਉਸਦੇ ਰਿਸ਼ਤੇ ਬਾਰੇ ਸੁਣਿਆ, ਤਾਂ ਉਹ ਸ਼ਲੋਮੋਨ ਨੂੰ ਬੁਝਾਰਤਾਂ ਵਿੱਚ ਪਰਖਣ ਲਈ ਆਈ। 2ਉਹ ਇੱਕ ਬਹੁਤ ਵੱਡੇ ਕਾਫ਼ਲੇ ਦੇ ਨਾਲ ਯੇਰੂਸ਼ਲੇਮ ਵਿੱਚ ਮਸਾਲਿਆਂ ਨਾਲ ਲੱਦੇ ਹੋਏ ਊਠਾਂ ਦੇ ਨਾਲ, ਵੱਡੀ ਮਾਤਰਾ ਵਿੱਚ ਸੋਨਾ ਅਤੇ ਕੀਮਤੀ ਪੱਥਰ ਲੈ ਕੇ ਸ਼ਲੋਮੋਨ ਕੋਲ ਆਈ ਅਤੇ ਉਸ ਨਾਲ ਸਭ ਗੱਲਾਂ ਕੀਤੀਆਂ ਜੋ ਉਸਦੇ ਮਨ ਵਿੱਚ ਸਨ। 3ਸ਼ਲੋਮੋਨ ਨੇ ਉਸ ਦੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿੱਤੇ; ਰਾਜੇ ਕੋਲ ਕੋਈ ਅਜਿਹੀ ਗੱਲ ਨਹੀਂ ਸੀ ਜਿਸ ਦਾ ਉਸਨੇ ਉੱਤਰ ਦਿੱਤਾ ਨਾ ਹੋਵੇ। 4ਜਦੋਂ ਸ਼ਬਾ ਦੀ ਰਾਣੀ ਨੇ ਸ਼ਲੋਮੋਨ ਦੀ ਸਾਰੀ ਬੁੱਧ ਅਤੇ ਉਸ ਮਹਿਲ ਨੂੰ ਜਿਹੜਾ ਉਸ ਨੇ ਬਣਾਇਆ ਸੀ ਵੇਖਿਆ, 5ਉਸ ਦੇ ਮੇਜ਼ ਉੱਤੇ ਭੋਜਨ, ਉਸਦੇ ਅਧਿਕਾਰੀਆਂ ਦੇ ਬੈਠਣ ਦਾ ਤਰੀਕਾ, ਉਸਦੇ ਸੇਵਕਾਂ ਦੀ ਆਗਿਆਕਾਰੀ ਅਤੇ ਉਹਨਾਂ ਦਾ ਪਹਿਰਾਵਾ, ਉਸ ਦੇ ਪਿਲਾਉਣ ਵਾਲੇ ਅਤੇ ਉਸ ਦੀਆਂ ਹੋਮ ਬਲੀਆਂ ਜਿਹੜੀਆਂ ਉਹ ਯਾਹਵੇਹ ਦੇ ਭਵਨ ਵਿੱਚ ਚੜ੍ਹਾਉਂਦਾ ਸੀ ਵੇਖਿਆ, ਤਾਂ ਉਸ ਦੇ ਹੋਸ਼ ਉੱਡ ਗਏ।
6ਉਸਨੇ ਰਾਜੇ ਨੂੰ ਆਖਿਆ, “ਉਹ ਸੱਚੀ ਖ਼ਬਰ ਸੀ ਜੋ ਮੈਂ ਤੇਰੇ ਕੰਮਾਂ ਅਤੇ ਤੇਰੀ ਬੁੱਧ ਦੇ ਬਾਰੇ ਆਪਣੇ ਦੇਸ਼ ਵਿੱਚ ਸੁਣੀ ਸੀ। 7ਪਰ ਮੈਂ ਇਨ੍ਹਾਂ ਗੱਲਾਂ ਉੱਤੇ ਵਿਸ਼ਵਾਸ ਨਾ ਕੀਤਾ ਜਦੋਂ ਤੱਕ ਮੈਂ ਆ ਕੇ ਆਪਣੀਆਂ ਅੱਖਾਂ ਨਾਲ ਸਭ ਕੁਝ ਨਾ ਵੇਖਿਆ। ਸੱਚ-ਮੁੱਚ, ਉਹ ਮੈਨੂੰ ਅੱਧੀਆਂ ਵੀ ਨਹੀਂ ਦੱਸੀਆਂ ਗਈਆ, ਸਿਆਣਪ ਅਤੇ ਦੌਲਤ ਵਿੱਚ ਤੁਸੀਂ ਉਸ ਨਾਲੋਂ ਕਿਤੇ ਵੱਧ ਹੋ ਜੋ ਮੈਂ ਸੁਣੀ ਹੈ। 8ਮੁਬਾਰਕ ਹਨ ਤੇਰੇ ਮਨੁੱਖ ਅਤੇ ਮੁਬਾਰਕ ਤੇਰੇ ਇਹ ਸੇਵਕ ਜੋ ਸਦਾ ਤੇਰੇ ਸਨਮੁਖ ਖੜ੍ਹੇ ਰਹਿੰਦੇ ਹਨ ਅਤੇ ਤੇਰੀ ਬੁੱਧੀ ਨੂੰ ਸੁਣਦੇ ਹਨ! 9ਯਾਹਵੇਹ ਤੇਰਾ ਪਰਮੇਸ਼ਵਰ ਮੁਬਾਰਕ ਹੋਵੇ ਜੋ ਤੇਰੇ ਤੋਂ ਪ੍ਰਸੰਨ ਹੈ ਅਤੇ ਤੈਨੂੰ ਇਸਰਾਏਲ ਦੀ ਰਾਜ ਗੱਦੀ ਤੇ ਬਿਠਾਇਆ ਹੈ। ਇਸਰਾਏਲ ਨਾਲ ਯਾਹਵੇਹ ਨੇ ਸਦਾ ਪਿਆਰ ਕੀਤਾ ਹੈ, ਉਸਨੇ ਤੈਨੂੰ ਨਿਆਂ ਅਤੇ ਧਾਰਮਿਕਤਾ ਨੂੰ ਕਾਇਮ ਰੱਖਣ ਲਈ ਰਾਜਾ ਬਣਾਇਆ ਹੈ।”
10ਅਤੇ ਉਸ ਨੇ ਰਾਜੇ ਨੂੰ ਚਾਰ ਸੌ ਕਿੱਲੋ ਦੇ ਲਗਭਗ ਸੋਨਾ, ਵੱਡੀ ਮਾਤਰਾ ਵਿੱਚ ਮਸਾਲੇ ਅਤੇ ਕੀਮਤੀ ਪੱਥਰ ਦਿੱਤੇ। ਫੇਰ ਕਦੇ ਵੀ ਇੰਨਾ ਢੇਰ ਸਾਰਾ ਮਸਾਲਾ ਨਹੀਂ ਦਿੱਤਾ ਗਿਆ ਜਿੰਨਾ ਸ਼ਬਾ ਦੀ ਰਾਣੀ ਨੇ ਰਾਜਾ ਸ਼ਲੋਮੋਨ ਨੂੰ ਦਿੱਤਾ ਸੀ।
11(ਹੀਰਾਮ ਦਾ ਜਹਾਜ਼ ਓਫੀਰ ਤੋਂ ਸੋਨਾ ਲਿਆਉਂਦਾ ਸੀ ਅਤੇ ਉਹ ਵੀ ਓਫੀਰ ਤੋਂ ਚੰਦਨ ਦੀ ਢੇਰ ਸਾਰੀ ਲੱਕੜੀ ਤੇ ਬਹੁਮੁੱਲੇ ਪੱਥਰ ਲਿਆਇਆ। 12ਰਾਜਾ ਨੇ ਯਾਹਵੇਹ ਦੇ ਭਵਨ ਲਈ ਅਤੇ ਸ਼ਾਹੀ ਮਹਿਲ ਲਈ, ਚੰਦਨ ਦੀ ਲੱਕੜ ਦੀਆਂ ਥੰਮ੍ਹੀਆਂ ਅਤੇ ਰਾਗੀਆਂ ਲਈ ਬਰਬਤਾਂ ਅਤੇ ਰਬਾਬ ਬਣਾਏ ਅਤੇ ਫਿਰ ਅਜਿਹੇ ਚੰਦਨ ਦੀ ਲੱਕੜੀ ਅੱਜ ਤੱਕ ਕਦੇ ਵੇਖਣ ਵਿੱਚ ਨਹੀਂ ਆਈ।)
13ਰਾਜਾ ਸ਼ਲੋਮੋਨ ਨੇ ਸ਼ਬਾ ਦੀ ਰਾਣੀ ਨੂੰ ਉਹ ਸਭ ਕੁਝ ਦਿੱਤਾ ਜੋ ਕੁਝ ਉਸ ਨੇ ਚਾਹਿਆ ਅਤੇ ਮੰਗਿਆ। ਇਹ ਉਸ ਤੋਂ ਅਲੱਗ ਸੀ ਜਿਹੜਾ ਸ਼ਲੋਮੋਨ ਨੇ ਆਪਣੀ ਸਾਰੀ ਸਖਾਵਤ ਨਾਲ ਦਿੱਤਾ ਸੀ। ਫਿਰ ਉਹ ਚਲੀ ਗਈ ਅਤੇ ਆਪਣੇ ਸੇਵਾਦਾਰ ਨਾਲ ਆਪਣੇ ਦੇਸ਼ ਵਾਪਸ ਮੁੜ ਗਈ।
ਸ਼ਲੋਮੋਨ ਦੀ ਸ਼ਾਨ
14ਸ਼ਲੋਮੋਨ ਨੂੰ ਹਰ ਸਾਲ ਸੋਨਾ ਬਾਈ ਹਜ਼ਾਰ ਕਿੱਲੋ ਮਿਲਦਾ ਸੀ, 15ਉਸ ਤੋਂ ਬਿਨ੍ਹਾਂ ਹੋਰ ਵੀ ਜਿਹੜਾ ਵਪਾਰੀਆਂ ਅਤੇ ਸੌਦਾਗਰਾਂ ਅਤੇ ਅਰਬ ਦੇ ਸਾਰੇ ਰਾਜਿਆਂ ਕੋਲ ਅਤੇ ਦੇਸ਼ ਦੇ ਹਾਕਮਾਂ ਕੋਲੋਂ ਆਉਂਦਾ ਸੀ।
16ਅਤੇ ਸ਼ਲੋਮੋਨ ਰਾਜਾ ਨੇ ਸੋਨਾ ਘੜ੍ਹ ਕੇ ਦੋ ਸੌ ਵੱਡੀਆਂ ਢਾਲਾਂ ਬਣਾਈਆਂ ਅਤੇ ਇੱਕ-ਇੱਕ ਢਾਲ ਨੂੰ ਸੱਤ ਕਿੱਲੋ ਸੋਨਾ ਲੱਗਾ ਹੋਇਆ ਸੀ। 17ਅਤੇ ਸੋਨੇ ਦੀਆਂ ਘੜ੍ਹਵੀਆਂ ਤਿੰਨ ਸੌ ਛੋਟੀਆਂ ਢਾਲਾਂ ਬਣਾਈਆਂ, ਹਰ ਇੱਕ ਢਾਲ ਨੂੰ ਦੋ ਕਿੱਲੋ ਸੋਨਾ ਲੱਗਾ। ਰਾਜੇ ਨੇ ਉਹਨਾਂ ਨੂੰ ਲਬਾਨੋਨ ਦੇ ਜੰਗਲ ਦੇ ਮਹਿਲ ਵਿੱਚ ਰੱਖਿਆ।
18ਤਦ ਰਾਜੇ ਨੇ ਹਾਥੀ ਦੰਦ ਦਾ ਇੱਕ ਵੱਡਾ ਸਿੰਘਾਸਣ ਬਣਾਇਆ ਅਤੇ ਉਸਨੂੰ ਸ਼ੁੱਧ ਸੋਨੇ ਨਾਲ ਮੜ੍ਹਵਾਇਆਂ। 19ਸਿੰਘਾਸਣ ਦੀਆਂ ਛੇ ਪੌੜੀਆਂ ਸਨ ਅਤੇ ਉਸ ਦੀ ਪਿੱਠ ਉੱਤੇ ਗੋਲ ਸਿਰਾ ਸੀ। ਸੀਟ ਦੇ ਦੋਵੇਂ ਪਾਸੇ ਢਾਸਣੇ ਬੰਨ੍ਹੇ ਹੋਏ ਸਨ ਬੈਠਣ ਦੇ ਥਾਂ ਦੇ ਆਲੇ-ਦੁਆਲੇ ਦੋਹੀ ਪਾਸੇ ਢਾਸਣੇ ਸਨ ਅਤੇ ਢਾਸਣਿਆ ਦੇ ਕੋਲ ਬੱਬਰ ਸ਼ੇਰ ਖੜ੍ਹੇ ਸਨ। 20ਛੇ ਪੌੜੀਆਂ ਉੱਤੇ ਬਾਰਾਂ ਸ਼ੇਰ ਖੜ੍ਹੇ ਸਨ, ਹਰੇਕ ਕਦਮ ਦੇ ਦੋਹਾਂ ਸਿਰਿਆਂ ਉੱਤੇ ਇੱਕ। ਕਿਸੇ ਵੀ ਹੋਰ ਰਾਜ ਵਿੱਚ ਅਜਿਹਾ ਸਿੰਘਾਸਣ ਨਹੀਂ ਬਣਾਇਆ ਗਿਆ ਸੀ। 21ਸ਼ਲੋਮੋਨ ਰਾਜਾ ਦੇ ਸਾਰੇ ਪੀਣ ਵਾਲੇ ਬਰਤਨ ਸੋਨੇ ਦੇ ਸਨ ਅਤੇ ਲਬਾਨੋਨ ਦੇ ਜੰਗਲ ਦੇ ਮਹਿਲ ਵਿੱਚ ਸਾਰੀਆਂ ਘਰੇਲੂ ਵਸਤਾਂ ਸ਼ੁੱਧ ਸੋਨੇ ਦੀਆਂ ਸਨ। ਕੁਝ ਵੀ ਚਾਂਦੀ ਦਾ ਨਹੀਂ ਸੀ, ਕਿਉਂਕਿ ਸ਼ਲੋਮੋਨ ਦੇ ਦਿਨਾਂ ਵਿੱਚ ਚਾਂਦੀ ਦੀ ਕੀਮਤ ਘੱਟ ਸਮਝੀ ਜਾਂਦੀ ਸੀ। 22ਰਾਜੇ ਕੋਲ ਹੀਰਾਮ ਦੇ ਜਹਾਜ਼ਾਂ ਦੇ ਨਾਲ ਸਮੁੰਦਰ ਵਿੱਚ ਵਪਾਰਕ ਜਹਾਜ਼ਾਂ ਦਾ ਇੱਕ ਬੇੜਾ ਸੀ। ਇਹ ਸਮੁੰਦਰੀ ਜ਼ਹਾਜ ਹਰ ਤਿੰਨ ਸਾਲਾਂ ਵਿੱਚ ਇੱਕ ਵਾਰ ਸੋਨਾ, ਚਾਂਦੀ ਅਤੇ ਹਾਥੀ ਦੇ ਦੰਦ, ਅਤੇ ਬਾਂਦਰ ਤੇ ਮੋਰ ਲੱਦ ਕੇ ਲਿਆਉਂਦਾ ਹੁੰਦਾ ਸੀ।
23ਰਾਜਾ ਸ਼ਲੋਮੋਨ ਧਰਤੀ ਦੇ ਬਾਕੀ ਰਾਜਿਆਂ ਨਾਲੋਂ ਧੰਨ ਅਤੇ ਬੁੱਧ ਵਿੱਚ ਵੱਡਾ ਸੀ। 24ਅਤੇ ਸਾਰੀ ਧਰਤੀ ਦੇ ਲੋਕ ਸ਼ਲੋਮੋਨ ਦੇ ਦਰਸ਼ਨ ਦੇ ਚਾਹਵੰਦ ਸਨ ਤਾਂ ਜੋ ਉਸ ਦੀ ਬੁੱਧ ਨੂੰ ਸੁਣਨ ਜਿਹੜੀ ਪਰਮੇਸ਼ਵਰ ਨੇ ਉਹ ਦੇ ਮਨ ਵਿੱਚ ਪਾਈ ਸੀ। 25ਉਹਨਾਂ ਵਿੱਚੋਂ ਹਰ ਸਾਲ ਹਰ ਕੋਈ ਆਪਣਾ ਨਜ਼ਰਾਨਾ ਅਰਥਾਤ ਚਾਂਦੀ ਦੇ ਭਾਂਡੇ, ਸੋਨੇ ਦੇ ਭਾਂਡੇ ਬਸਤਰ, ਸ਼ਸਤਰ, ਮਸਾਲੇ, ਘੋੜੇ ਅਤੇ ਖੱਚਰਾਂ ਲੈ ਕੇ ਆਉਂਦਾ ਸੀ।
26ਸ਼ਲੋਮੋਨ ਨੇ ਰਥ ਅਤੇ ਘੋੜੇ ਇਕੱਠੇ ਕੀਤੇ। ਉਸਦੇ ਕੋਲ ਚੌਦਾਂ ਸੌ ਰੱਥ ਅਤੇ ਬਾਰਾਂ ਹਜ਼ਾਰ ਘੋੜੇ ਸਨ, ਜੋ ਉਸਨੇ ਰਥਾਂ ਵਾਲੇ ਸ਼ਹਿਰਾਂ ਵਿੱਚ ਅਤੇ ਯੇਰੂਸ਼ਲੇਮ ਵਿੱਚ ਵੀ ਆਪਣੇ ਨਾਲ ਰੱਖੇ ਹੋਏ ਸਨ। 27ਰਾਜੇ ਨੇ ਯੇਰੂਸ਼ਲੇਮ ਵਿੱਚ ਚਾਂਦੀ ਪੱਥਰਾਂ ਵਾਂਗੂੰ ਅਤੇ ਦਿਆਰ ਨੂੰ ਗੁੱਲਰ ਵਾਂਗੂੰ ਦਿੱਤਾ ਅਤੇ ਹੰਜੀਰ ਦੇ ਰੁੱਖਾਂ ਵਾਂਗੂੰ ਬਹੁਤਾ ਕੀਤਾ। 28ਸ਼ਲੋਮੋਨ ਦੇ ਘੋੜੇ ਮਿਸਰ ਅਤੇ ਕਵੇ ਤੋਂ ਲਿਆਏ ਜਾਂਦੇ ਸਨ ਅਤੇ ਸ਼ਾਹੀ ਵਪਾਰੀ ਉਹਨਾਂ ਨੂੰ ਮੌਜ਼ੂਦਾ ਕੀਮਤ ਉੱਤੇ ਕਵੇ ਤੋਂ ਖਰੀਦ ਲੈਂਦੇ ਸਨ। 29ਉਹਨਾਂ ਨੇ ਮਿਸਰ ਤੋਂ ਇੱਕ ਰੱਥ ਛੇ ਸੌ ਸ਼ੈਕੇਲ ਚਾਂਦੀ ਦਾ ਅਤੇ ਇੱਕ ਘੋੜਾ ਇੱਕ ਸੌ ਪੰਜਾਹ ਵਿੱਚ ਲਿਆਇਆ ਅਤੇ ਹਿੱਤੀਆਂ ਅਤੇ ਅਰਾਮੀਆਂ ਦੇ ਸਾਰੇ ਰਾਜਿਆਂ ਨੂੰ ਵੀ ਭੇਜ ਦਿੱਤਾ।
Currently Selected:
1 ਰਾਜਿਆਂ 10: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.