YouVersion Logo
Search Icon

ਰੋਮ 8

8
ਆਤਮਾ ਦੇ ਅਨੁਸਾਰ ਜੀਵਨ
1ਇਸ ਲਈ ਜਿਹੜੇ ਲੋਕ ਮਸੀਹ ਯਿਸੂ ਵਿੱਚ ਹਨ, ਉਹਨਾਂ ਦੇ ਲਈ ਹੁਣ ਕੋਈ ਸਜ਼ਾ ਦਾ ਹੁਕਮ ਨਹੀਂ ਹੈ 2ਕਿਉਂਕਿ ਵਿਵਸਥਾ ਦੀ ਆਤਮਾ ਜਿਹੜੀ ਮਸੀਹ ਯਿਸੂ ਵਿੱਚ ਸਾਨੂੰ ਜੀਵਨ ਦਿੰਦੀ ਹੈ, ਉਸ ਨੇ ਮੈਨੂੰ ਪਾਪ ਅਤੇ ਮੌਤ ਦੀ ਵਿਵਸਥਾ ਤੋਂ ਸੁਤੰਤਰ ਕਰ ਦਿੱਤਾ ਹੈ । 3ਜੋ ਸਾਡੇ ਮਨੁੱਖੀ ਸੁਭਾਅ ਦੀ ਕਮਜ਼ੋਰੀ ਦੇ ਕਾਰਨ ਵਿਵਸਥਾ ਦੇ ਲਈ ਕਰਨਾ ਅਸੰਭਵ ਸੀ, ਉਹ ਪਰਮੇਸ਼ਰ ਨੇ ਆਪ ਕੀਤਾ । ਉਹਨਾਂ ਨੇ ਆਪਣੇ ਪੁੱਤਰ ਨੂੰ ਸਾਡੇ ਵਰਗੇ ਪਾਪੀ ਸਰੀਰ ਵਿੱਚ ਪਾਪ ਦੀ ਭੇਟ ਦੇ ਲਈ ਭੇਜਿਆ ਅਤੇ ਉਹਨਾਂ ਨੇ ਮਨੁੱਖੀ ਸਰੀਰ ਰਾਹੀਂ ਹੀ ਪਾਪ ਨੂੰ ਸਜ਼ਾ ਦਿੱਤੀ । 4ਪਰਮੇਸ਼ਰ ਨੇ ਇਹ ਇਸ ਲਈ ਕੀਤਾ ਕਿ ਅਸੀਂ ਜਿਹੜੇ ਮਨੁੱਖੀ ਸੁਭਾਅ ਦੇ ਅਨੁਸਾਰ ਨਹੀਂ ਸਗੋਂ ਆਤਮਾ ਦੇ ਅਨੁਸਾਰ ਚੱਲ ਰਹੇ ਹਾਂ, ਸਾਡੇ ਵਿੱਚ ਵਿਵਸਥਾ ਦੀ ਮੰਗ ਪੂਰੀ ਹੋ ਜਾਵੇ ।
5ਉਹ ਜਿਹੜੇ ਆਪਣੇ ਸੰਸਾਰਕ ਸੁਭਾਅ ਦੇ ਅਨੁਸਾਰ ਚੱਲ ਰਹੇ ਹਨ, ਸੰਸਾਰਕ ਹੁੰਦੇ ਹਨ ਅਤੇ ਉਹ ਜਿਹੜੇ ਆਤਮਾ ਦੇ ਅਨੁਸਾਰ ਚੱਲਦੇ ਹਨ, ਆਤਮਿਕ ਹੁੰਦੇ ਹਨ । 6ਸਰੀਰਕ ਸੁਭਾਅ ਦੇ ਅਨੁਸ਼ਾਸਨ ਦਾ ਨਤੀਜਾ ਮੌਤ ਹੈ ਪਰ ਆਤਮਾ ਦੇ ਅਨੁਸ਼ਾਸਨ ਦਾ ਨਤੀਜਾ ਜੀਵਨ ਅਤੇ ਸ਼ਾਂਤੀ ਹੈ । 7ਕਿਉਂਕਿ ਸਰੀਰਕ ਸੁਭਾਅ ਰੱਖਣ ਵਾਲਾ ਪਰਮੇਸ਼ਰ ਦਾ ਵੈਰੀ ਹੈ, ਪਰਮੇਸ਼ਰ ਦੀ ਵਿਵਸਥਾ ਨੂੰ ਨਹੀਂ ਮੰਨਦਾ ਅਤੇ ਨਾ ਹੀ ਮੰਨ ਸਕਦਾ ਹੈ । 8ਉਹ ਜਿਹੜੇ ਸਰੀਰਕ ਸੁਭਾਅ ਰੱਖਦੇ ਹਨ, ਪਰਮੇਸ਼ਰ ਨੂੰ ਖ਼ੁਸ਼ ਨਹੀਂ ਕਰ ਸਕਦੇ ।
9ਪਰ ਤੁਸੀਂ ਸਰੀਰਕ ਨਹੀਂ ਹੋ, ਤੁਸੀਂ ਤਾਂ ਆਤਮਿਕ ਹੋ ਪਰ ਇਹ ਤਾਂ ਹੀ ਹੋ ਸਕਦਾ ਹੈ ਜੇਕਰ ਪਰਮੇਸ਼ਰ ਦਾ ਆਤਮਾ ਸੱਚਮੁੱਚ ਤੁਹਾਡੇ ਵਿੱਚ ਵਾਸ ਕਰਦਾ ਹੈ । ਇਸੇ ਤਰ੍ਹਾਂ ਜੇਕਰ ਕਿਸੇ ਵਿੱਚ ਮਸੀਹ ਦਾ ਆਤਮਾ ਨਹੀਂ ਹੈ ਤਾਂ ਉਹ ਮਸੀਹ ਦਾ ਵੀ ਨਹੀਂ ਹੈ । 10ਪਰ ਜੇਕਰ ਮਸੀਹ ਤੁਹਾਡੇ ਵਿੱਚ ਰਹਿੰਦੇ ਹਨ ਤਾਂ ਪਾਪ ਦੇ ਕਾਰਨ ਤੁਹਾਡਾ ਸਰੀਰ ਮੁਰਦਾ ਵੀ ਕਿਉਂ ਨਾ ਹੋਵੇ, ਫਿਰ ਵੀ ਆਤਮਾ ਤੁਹਾਡੇ ਲਈ ਜੀਵਨ ਹੈ ਕਿਉਂਕਿ ਤੁਸੀਂ ਨੇਕ ਠਹਿਰਾਏ ਜਾ ਚੁੱਕੇ ਹੋ । 11#1 ਕੁਰਿ 3:16ਜੇਕਰ ਪਰਮੇਸ਼ਰ ਦਾ ਆਤਮਾ ਜਿਹਨਾਂ ਨੇ ਪ੍ਰਭੂ ਯਿਸੂ ਨੂੰ ਮੁਰਦਿਆਂ ਵਿੱਚੋਂ ਜਿਊਂਦਾ ਕੀਤਾ ਸੀ, ਤੁਹਾਡੇ ਵਿੱਚ ਰਹਿੰਦੇ ਹਨ ਤਾਂ ਜਿਹਨਾਂ ਨੇ ਮਸੀਹ ਨੂੰ ਮੁਰਦਿਆਂ ਵਿੱਚੋਂ ਜਿਊਂਦਾ ਕੀਤਾ ਹੈ, ਉਹ ਆਪਣੇ ਆਤਮਾ ਦੇ ਵਾਸ ਦੁਆਰਾ ਤੁਹਾਡੇ ਮਰਨਹਾਰ ਸਰੀਰਾਂ ਨੂੰ ਵੀ ਜਿਊਂਦਾ ਕਰਨਗੇ ।
12ਇਸ ਲਈ ਹੇ ਭਰਾਵੋ ਅਤੇ ਭੈਣੋ, ਅਸੀਂ ਕਰਜ਼ਦਾਰ ਤਾਂ ਹਾਂ ਪਰ ਆਪਣੇ ਸਰੀਰਕ ਸੁਭਾਅ ਦੇ ਨਹੀਂ ਕਿ ਉਸ ਦੇ ਅਨੁਸਾਰ ਜੀਵਨ ਬਿਤਾਈਏ । 13ਜੇਕਰ ਤੁਸੀਂ ਆਪਣੇ ਸਰੀਰਕ ਸੁਭਾਅ ਦੇ ਅਨੁਸਾਰ ਜੀਵਨ ਬਤੀਤ ਕਰਦੇ ਹੋ ਤਾਂ ਤੁਸੀਂ ਜ਼ਰੂਰ ਮਰੋਗੇ ਪਰ ਜੇਕਰ ਤੁਸੀਂ ਆਤਮਾ ਦੁਆਰਾ ਸਰੀਰਕ ਵਾਸਨਾਵਾਂ ਨੂੰ ਮਾਰਦੇ ਹੋ ਤਾਂ ਤੁਸੀਂ ਜ਼ਰੂਰ ਜੀਓਗੇ । 14ਕਿਉਂਕਿ ਜਿਹੜੇ ਪਰਮੇਸ਼ਰ ਦੇ ਆਤਮਾ ਦੀ ਅਗਵਾਈ ਵਿੱਚ ਚੱਲਦੇ ਹਨ, ਉਹ ਪਰਮੇਸ਼ਰ ਦੀ ਸੰਤਾਨ ਹਨ । 15#ਮਰ 14:36, ਗਲਾ 4:5-7ਉਹ ਆਤਮਾ ਜਿਹੜਾ ਤੁਹਾਨੂੰ ਪਰਮੇਸ਼ਰ ਵੱਲੋਂ ਮਿਲਿਆ ਹੈ, ਗ਼ੁਲਾਮੀ ਦਾ ਨਹੀਂ ਹੈ ਕਿ ਤੁਸੀਂ ਫਿਰ ਡਰੋ । ਇਹ ਤਾਂ ਗੋਦ ਲਈ ਹੋਈ ਸੰਤਾਨ ਹੋਣ ਦਾ ਆਤਮਾ ਹੈ, ਜਿਸ ਦੁਆਰਾ ਅਸੀਂ ਪੁਕਾਰਦੇ ਹਾਂ, “ਅੱਬਾ” ਭਾਵ “ਹੇ ਪਿਤਾ ।” 16ਪਰਮੇਸ਼ਰ ਦਾ ਆਤਮਾ ਆਪ ਸਾਡੀ ਆਤਮਾ ਨਾਲ ਮਿਲ ਕੇ ਗਵਾਹੀ ਦਿੰਦਾ ਹੈ ਕਿ ਅਸੀਂ ਪਰਮੇਸ਼ਰ ਦੀ ਸੰਤਾਨ ਹਾਂ । 17ਫਿਰ ਜੇਕਰ ਅਸੀਂ ਪਰਮੇਸ਼ਰ ਦੀ ਸੰਤਾਨ ਹਾਂ ਤਾਂ ਮਸੀਹ ਦੇ ਨਾਲ ਉਹਨਾਂ ਦੀਆਂ ਅਸੀਸਾਂ ਦੇ ਵਾਰਿਸ ਵੀ ਹਾਂ । ਪਰ ਜੇਕਰ ਅਸੀਂ ਸੱਚਮੁੱਚ ਮਸੀਹ ਦੇ ਦੁੱਖਾਂ ਦੇ ਵੀ ਹਿੱਸੇਦਾਰ ਬਣੀਏ ਤਾਂ ਉਹਨਾਂ ਦੀ ਮਹਿਮਾ ਦੇ ਵੀ ਹਿੱਸੇਦਾਰ ਹੋਵਾਂਗੇ ।
ਅੱਗੇ ਆਉਣ ਵਾਲੀ ਮਹਿਮਾ
18ਮੈਂ ਸੋਚਦਾ ਹਾਂ ਕਿ ਜਿਹੜਾ ਦੁੱਖ ਅਸੀਂ ਇਸ ਸਮੇਂ ਸਹਿ ਰਹੇ ਹਾਂ, ਉਹ ਸਾਡੇ ਉੱਤੇ ਅੱਗੇ ਪ੍ਰਗਟ ਹੋਣ ਵਾਲੀ ਮਹਿਮਾ ਦੇ ਮੁਕਾਬਲੇ ਵਿੱਚ ਕੁਝ ਵੀ ਨਹੀਂ ਹਨ । 19ਸਾਰੀ ਸ੍ਰਿਸ਼ਟੀ ਉਤਸ਼ਾਹ ਨਾਲ ਪਰਮੇਸ਼ਰ ਦੀ ਸੰਤਾਨ ਦੇ ਪ੍ਰਗਟ ਹੋਣ ਦੀ ਉਡੀਕ ਕਰ ਰਹੀ ਹੈ । 20#ਉਤ 3:17-19ਕਿਉਂਕਿ ਸ੍ਰਿਸ਼ਟੀ ਆਪਣੀ ਇੱਛਾ ਦੇ ਨਾਲ ਨਿਰਾਸ਼ਾ ਦੇ ਅਧੀਨ ਨਹੀਂ ਹੋਈ ਸਗੋਂ ਪਰਮੇਸ਼ਰ ਦੀ ਇੱਛਾ ਨਾਲ ਹੋਈ ਜਿਹਨਾਂ ਨੇ ਇਸ ਨੂੰ ਅਧੀਨ ਕੀਤਾ ਪਰ ਇਸ ਉਮੀਦ ਨਾਲ 21ਕਿ ਸਾਰੀ ਸ੍ਰਿਸ਼ਟੀ ਇੱਕ ਦਿਨ ਗ਼ੁਲਾਮੀ ਦੇ ਨਾਸ਼ ਤੋਂ ਮੁਕਤ ਹੋ ਕੇ ਉਸ ਮਹਿਮਾ ਵਿੱਚ ਸਾਂਝੀ ਹੋਵੇਗੀ ਜਿਹੜੀ ਪਰਮੇਸ਼ਰ ਦੀ ਸੰਤਾਨ ਦੀ ਹੈ । 22ਅਸੀਂ ਜਾਣਦੇ ਹਾਂ ਕਿ ਸਾਰੀ ਸ੍ਰਿਸ਼ਟੀ ਹੁਣ ਤੱਕ ਜਣੇਪੇ ਦੀਆਂ ਪੀੜਾਂ ਦੇ ਨਾਲ ਕਰਾਹ ਰਹੀ ਹੈ । 23#2 ਕੁਰਿ 5:2-4ਕੇਵਲ ਸ੍ਰਿਸ਼ਟੀ ਹੀ ਨਹੀਂ ਸਗੋਂ ਅਸੀਂ ਵੀ ਜਿਹਨਾਂ ਨੂੰ ਆਤਮਾ ਦਾ ਪਹਿਲਾ ਵਰਦਾਨ ਮਿਲਿਆ ਹੈ, ਆਪਣੇ ਅੰਦਰ ਹੀ ਅੰਦਰ ਕਰਾਹਉਂਦੇ ਹਾਂ ਅਤੇ ਪਰਮੇਸ਼ਰ ਦੇ ਗੋਦ ਲੈਣ ਦੀ ਅਤੇ ਸਾਡੇ ਸਰੀਰਕ ਬੰਧਨਾਂ ਤੋਂ ਛੁਟਕਾਰੇ ਦੀ ਉਮੀਦ ਕਰਦੇ ਹਾਂ । 24ਇਸ ਉਮੀਦ ਦੇ ਕਾਰਨ ਹੀ ਅਸੀਂ ਮੁਕਤ ਹੋ ਗਏ ਹਾਂ ਪਰ ਜੇਕਰ ਅਸੀਂ ਉਹ ਦੇਖਦੇ ਹਾਂ ਜਿਸ ਦੀ ਸਾਨੂੰ ਉਮੀਦ ਹੈ ਤਾਂ ਫਿਰ ਉਹ ਉਮੀਦ ਨਹੀਂ ਰਹੀ । ਕੀ ਕੋਈ ਉਸ ਚੀਜ਼ ਦੀ ਉਮੀਦ ਕਰਦਾ ਹੈ ਜਿਹੜੀ ਉਸ ਦੀਆਂ ਅੱਖਾਂ ਦੇ ਸਾਹਮਣੇ ਹੈ ? 25ਪਰ ਜੇਕਰ ਅਸੀਂ ਉਸ ਚੀਜ਼ ਦੀ ਉਮੀਦ ਕਰਦੇ ਹਾਂ, ਜਿਸ ਨੂੰ ਅਸੀਂ ਦੇਖਦੇ ਨਹੀਂ ਤਾਂ ਅਸੀਂ ਉਸ ਦੀ ਧੀਰਜ ਨਾਲ ਉਡੀਕ ਕਰਦੇ ਹਾਂ ।
26ਇਸੇ ਤਰ੍ਹਾਂ ਪਵਿੱਤਰ ਆਤਮਾ ਵੀ ਸਾਡੀ ਕਮਜ਼ੋਰੀ ਵਿੱਚ ਸਾਡੀ ਮਦਦ ਕਰਦਾ ਹੈ । ਅਸੀਂ ਤਾਂ ਪ੍ਰਾਰਥਨਾ ਕਰਨੀ ਨਹੀਂ ਜਾਣਦੇ ਪਰ ਆਤਮਾ ਆਪ ਹੀ ਹਾਉਕੇ ਭਰ ਕੇ ਪਰਮੇਸ਼ਰ ਅੱਗੇ ਸਾਡੇ ਲਈ ਸਿਫ਼ਾਰਸ਼ ਕਰਦਾ ਹੈ ਜਿਹਨਾਂ ਦਾ ਸ਼ਬਦਾਂ ਵਿੱਚ ਬਿਆਨ ਕਰਨਾ ਮੁਸ਼ਕਲ ਹੈ । 27ਪਰਮੇਸ਼ਰ ਜਿਹੜੇ ਸਾਡੇ ਮਨਾਂ ਦੇ ਵਿਚਾਰਾਂ ਨੂੰ ਜਾਣਦੇ ਹਨ, ਉਹ ਇਹ ਵੀ ਜਾਣਦੇ ਹਨ ਕਿ ਆਤਮਾ ਕੀ ਚਾਹੁੰਦਾ ਹੈ ਕਿਉਂਕਿ ਆਤਮਾ ਵਿਸ਼ਵਾਸੀਆਂ ਦੇ ਲਈ, ਪਰਮੇਸ਼ਰ ਦੀ ਮਰਜ਼ੀ ਦੇ ਅਨੁਸਾਰ ਸਿਫ਼ਾਰਸ਼ ਕਰਦਾ ਹੈ ।
28ਅਸੀਂ ਇਹ ਜਾਣਦੇ ਹਾਂ ਕਿ ਸਾਰੀਆਂ ਚੀਜ਼ਾਂ ਪਰਮੇਸ਼ਰ ਨੂੰ ਪਿਆਰ ਕਰਨ ਵਾਲਿਆਂ ਦੇ ਲਈ ਭਲਾਈ ਪੈਦਾ ਕਰਦੀਆਂ ਹਨ ਜਿਹੜੇ ਉਹਨਾਂ ਦੇ ਉਦੇਸ਼ ਅਨੁਸਾਰ ਸੱਦੇ ਗਏ ਹਨ । 29ਕਿਉਂਕਿ ਜਿਹਨਾਂ ਨੂੰ ਪਰਮੇਸ਼ਰ ਨੇ ਪਹਿਲਾਂ ਹੀ ਚੁਣ ਲਿਆ, ਉਹਨਾਂ ਨੂੰ ਆਪਣੇ ਪੁੱਤਰ ਦੇ ਸਰੂਪ ਬਣਨ ਦੇ ਲਈ ਵੀ ਨਿਯੁਕਤ ਕਰ ਦਿੱਤਾ ਕਿ ਉਹਨਾਂ ਦਾ ਪੁੱਤਰ ਬਹੁਤ ਸਾਰੇ ਭਰਾਵਾਂ ਵਿੱਚ ਜੇਠਾ ਠਹਿਰੇ 30ਅਤੇ ਜਿਹਨਾਂ ਨੂੰ ਪਰਮੇਸ਼ਰ ਨੇ ਪਹਿਲਾਂ ਹੀ ਚੁਣ ਲਿਆ ਹੈ, ਉਹਨਾਂ ਨੂੰ ਸੱਦਿਆ । ਫਿਰ ਜਿਹਨਾਂ ਨੂੰ ਪਰਮੇਸ਼ਰ ਨੇ ਸੱਦਿਆ, ਉਹਨਾਂ ਨੂੰ ਆਪਣੇ ਸਾਹਮਣੇ ਨੇਕ ਠਹਿਰਾਇਆ ਅਤੇ ਉਹਨਾਂ ਨੂੰ ਆਪਣੀ ਮਹਿਮਾ ਦੇ ਹਿੱਸੇਦਾਰ ਵੀ ਬਣਾਇਆ ।
ਪਰਮੇਸ਼ਰ ਦਾ ਪਿਆਰ
31ਇਸ ਲਈ ਇਹਨਾਂ ਸਭ ਗੱਲਾਂ ਨੂੰ ਦੇਖਦੇ ਹੋਏ ਅਸੀਂ ਕੀ ਕਹੀਏ ? ਇਹ ਕਿ ਜੇਕਰ ਪਰਮੇਸ਼ਰ ਸਾਡੀ ਵੱਲ ਹਨ ਤਾਂ ਫਿਰ ਸਾਡੇ ਵਿਰੁੱਧ ਕੌਣ ਹੋ ਸਕਦਾ ਹੈ ? 32ਇੱਥੋਂ ਤੱਕ ਕਿ ਉਹਨਾਂ ਨੇ ਆਪਣੇ ਪੁੱਤਰ ਦਾ ਵੀ ਸਰਫ਼ਾ ਨਾ ਕੀਤਾ ਸਗੋਂ ਸਾਡੇ ਸਾਰਿਆਂ ਦੇ ਲਈ ਉਸ ਨੂੰ ਦੇ ਦਿੱਤਾ । ਕੀ ਉਹ ਉਸ ਦੇ ਨਾਲ ਬਾਕੀ ਸਭ ਕੁਝ ਸਾਨੂੰ ਮੁਫ਼ਤ ਨਹੀਂ ਦੇਣਗੇ ? 33ਪਰਮੇਸ਼ਰ ਦੇ ਚੁਣੇ ਹੋਇਆਂ ਉੱਤੇ ਕੌਣ ਦੋਸ਼ ਲਾ ਸਕਦਾ ਹੈ ? ਪਰਮੇਸ਼ਰ ਆਪ ਉਹਨਾਂ ਨੂੰ ਨਿਰਦੋਸ਼ੀ ਠਹਿਰਾਉਂਦੇ ਹਨ । 34ਇਸ ਲਈ ਉਹਨਾਂ ਉੱਤੇ ਕੌਣ ਦੋਸ਼ ਲਾ ਸਕਦਾ ਹੈ ? ਇਹ ਮਸੀਹ ਯਿਸੂ ਹਨ ਜਿਹੜੇ ਮਰ ਗਏ ਇੰਨਾਂ ਹੀ ਨਹੀਂ ਸਗੋਂ ਉਹ ਜਿਊਂਦੇ ਵੀ ਕੀਤੇ ਗਏ ਅਤੇ ਪਰਮੇਸ਼ਰ ਦੇ ਸੱਜੇ ਹੱਥ ਵਿਰਾਜਮਾਨ ਹਨ । ਹੁਣ ਉਹ ਸਾਡੇ ਲਈ ਪਰਮੇਸ਼ਰ ਅੱਗੇ ਪ੍ਰਾਰਥਨਾ ਕਰਦੇ ਹਨ । 35ਸਾਨੂੰ ਮਸੀਹ ਦੇ ਪਿਆਰ ਤੋਂ ਕੌਣ ਅਲੱਗ ਕਰ ਸਕਦਾ ਹੈ ? ਕੀ ਦੁੱਖ ਜਾਂ ਮੁਸੀਬਤਾਂ ਜਾਂ ਅੱਤਿਆਚਾਰ ਜਾਂ ਕਾਲ ਜਾਂ ਗ਼ਰੀਬੀ ਜਾਂ ਖ਼ਤਰਾ ਜਾਂ ਤਲਵਾਰ ? 36#ਭਜਨ 44:22ਇਸ ਬਾਰੇ ਪਵਿੱਤਰ-ਗ੍ਰੰਥ ਕਹਿੰਦਾ ਹੈ,
“ਅਸੀਂ ਤੇਰੇ ਲਈ ਸਾਰਾ ਦਿਨ ਮੌਤ ਦੇ ਮੂੰਹ ਵਿੱਚ ਰਹਿੰਦੇ ਹਾਂ,
ਸਾਡੇ ਨਾਲ ਉਸ ਭੇਡ ਵਰਗਾ ਵਰਤਾਅ ਹੁੰਦਾ ਹੈ ਜਿਹੜੀ ਵੱਢੀ ਜਾਣ ਵਾਲੀ ਹੈ ।”
37ਪਰ ਨਹੀਂ, ਅਸੀਂ ਉਹਨਾਂ ਦੇ ਦੁਆਰਾ, ਜਿਹਨਾਂ ਨੇ ਸਾਨੂੰ ਪਿਆਰ ਕੀਤਾ ਹੈ, ਮਹਾਂ ਜੇਤੂ ਸਿੱਧ ਹੁੰਦੇ ਹਾਂ । 38ਮੇਰਾ ਪੂਰਾ ਵਿਸ਼ਵਾਸ ਹੈ ਕਿ ਸਾਨੂੰ ਕੋਈ ਚੀਜ਼ ਉਹਨਾਂ ਦੇ ਪਿਆਰ ਤੋਂ ਅਲੱਗ ਨਹੀਂ ਕਰ ਸਕਦੀ, ਨਾ ਮੌਤ, ਨਾ ਜੀਵਨ, ਨਾ ਸਵਰਗਦੂਤ, ਨਾ ਸ਼ੈਤਾਨ ਦੀਆਂ ਸ਼ਕਤੀਆਂ, ਨਾ ਵਰਤਮਾਨ, ਨਾ ਭਵਿੱਖ, ਨਾ ਸ਼ਕਤੀਆਂ, 39ਨਾ ਅਕਾਸ਼, ਨਾ ਪਾਤਾਲ ਸਗੋਂ ਸਾਰੀ ਸ੍ਰਿਸ਼ਟੀ ਦੀ ਕੋਈ ਵੀ ਚੀਜ਼ ਸਾਨੂੰ ਪਰਮੇਸ਼ਰ ਦੇ ਪਿਆਰ ਤੋਂ, ਜਿਹੜਾ ਸਾਡੇ ਪ੍ਰਭੂ ਮਸੀਹ ਯਿਸੂ ਦੇ ਦੁਆਰਾ ਸਾਡੇ ਉੱਤੇ ਪ੍ਰਗਟ ਕੀਤਾ ਗਿਆ ਹੈ, ਅਲੱਗ ਨਹੀਂ ਕਰ ਸਕਦੀ ।

Currently Selected:

ਰੋਮ 8: CL-NA

Highlight

Share

Copy

None

Want to have your highlights saved across all your devices? Sign up or sign in