YouVersion Logo
Search Icon

ਰੋਮ 12

12
ਪਰਮੇਸ਼ਰ ਦੀ ਸੇਵਾ ਵਿੱਚ ਜੀਵਨ
1ਇਸ ਲਈ ਮੇਰੇ ਭਰਾਵੋ ਅਤੇ ਭੈਣੋ, ਪਰਮੇਸ਼ਰ ਦੀ ਮਹਾਨ ਦਇਆ ਨੂੰ ਯਾਦ ਕਰਵਾਉਂਦੇ ਹੋਏ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਕਿ ਆਪਣੇ ਸਰੀਰਾਂ ਨੂੰ ਪਰਮੇਸ਼ਰ ਦੇ ਸਾਹਮਣੇ ਜਿਊਂਦਾ, ਪਵਿੱਤਰ ਅਤੇ ਮਨਭਾਉਂਦਾ ਬਲੀਦਾਨ ਹੋਣ ਲਈ ਚੜ੍ਹਾਓ ਕਿਉਂਕਿ ਇਹ ਹੀ ਤੁਹਾਡੀ ਸੱਚੀ ਭਗਤੀ ਹੈ । 2ਆਪਣੇ ਆਪ ਨੂੰ ਸੰਸਾਰ ਵਰਗੇ ਨਾ ਬਣਾਓ ਸਗੋਂ ਅੰਦਰੋਂ ਬਦਲਦੇ ਜਾਵੋ ਤਾਂ ਜੋ ਤੁਹਾਡਾ ਮਨ ਨਵਾਂ ਹੋ ਜਾਵੇ ਅਤੇ ਤੁਸੀਂ ਪਰਮੇਸ਼ਰ ਦੀ ਇੱਛਾ ਨੂੰ ਸਮਝ ਸਕੋ ਕਿ ਉਹਨਾਂ ਦੇ ਸਾਹਮਣੇ ਭਲਾ, ਮਨਭਾਉਂਦਾ ਅਤੇ ਸੰਪੂਰਨ ਕੀ ਹੈ ।
3ਉਸ ਕਿਰਪਾ ਦੇ ਵਰਦਾਨ ਦੇ ਕਾਰਨ ਜਿਹੜਾ ਮੈਨੂੰ ਪਰਮੇਸ਼ਰ ਕੋਲੋਂ ਮਿਲਿਆ ਹੈ, ਮੈਂ ਤੁਹਾਨੂੰ ਸਾਰਿਆਂ ਨੂੰ ਕਹਿੰਦਾ ਹਾਂ, ਆਪਣੇ ਆਪ ਨੂੰ ਜਿੰਨੇ ਤੁਸੀਂ ਹੋ, ਉਸ ਤੋਂ ਜ਼ਿਆਦਾ ਨਾ ਸਮਝੋ ਸਗੋਂ ਤੁਹਾਡੇ ਵਿੱਚੋਂ ਹਰ ਕੋਈ ਆਪਣੇ ਬਾਰੇ ਪਰਮੇਸ਼ਰ ਦੇ ਦਿੱਤੇ ਹੋਏ ਵਿਸ਼ਵਾਸ ਦੇ ਨਾਪ ਦੇ ਅਨੁਸਾਰ ਸ਼ਾਂਤ ਮਨ ਨਾਲ ਸੋਚੇ । 4#1 ਕੁਰਿ 12:12ਸਾਡੇ ਸਰੀਰ ਦੇ ਬਹੁਤ ਸਾਰੇ ਅੰਗ ਹਨ ਅਤੇ ਉਹਨਾਂ ਸਾਰਿਆਂ ਦੇ ਵੱਖ-ਵੱਖ ਕੰਮ ਹਨ । 5ਇਸੇ ਤਰ੍ਹਾਂ ਭਾਵੇਂ ਅਸੀਂ ਗਿਣਤੀ ਵਿੱਚ ਕਿੰਨੇ ਹੀ ਹਾਂ ਪਰ ਅਸੀਂ ਸਾਰੇ ਮਸੀਹ ਵਿੱਚ ਇੱਕ ਹੋ ਕੇ ਇੱਕ ਸਰੀਰ ਹਾਂ ਅਤੇ ਇਸ ਤਰ੍ਹਾਂ ਇੱਕ ਸਰੀਰ ਦੇ ਵੱਖ-ਵੱਖ ਅੰਗ ਹੋਣ ਕਰ ਕੇ ਅਸੀਂ ਇੱਕ ਦੂਜੇ ਨਾਲ ਜੁੜੇ ਹੋਏ ਹਾਂ । 6#1 ਕੁਰਿ 12:4-11ਪਰਮੇਸ਼ਰ ਤੋਂ ਮਿਲੀ ਕਿਰਪਾ ਦੇ ਕਾਰਨ ਸਾਡੇ ਸਾਰਿਆਂ ਦੇ ਵੱਖ-ਵੱਖ ਵਰਦਾਨ ਹਨ । ਇਸ ਲਈ ਜੇਕਰ ਸਾਡਾ ਵਰਦਾਨ ਪਰਮੇਸ਼ਰ ਦੇ ਸੰਦੇਸ਼ ਨੂੰ ਪ੍ਰਚਾਰ ਕਰਨ ਦਾ ਹੈ ਤਾਂ ਸਾਨੂੰ ਆਪਣੇ ਵਿਸ਼ਵਾਸ ਦੇ ਅਨੁਸਾਰ ਕਰਨਾ ਚਾਹੀਦਾ ਹੈ । 7ਜੇਕਰ ਇਹ ਦੂਜਿਆਂ ਦੀ ਸੇਵਾ ਕਰਨ ਦਾ ਹੈ ਤਾਂ ਸਾਨੂੰ ਸੇਵਾ ਕਰਨੀ ਚਾਹੀਦੀ ਹੈ । ਜੇਕਰ ਇਹ ਸਿੱਖਿਆ ਦੇਣ ਦਾ ਹੈ ਤਾਂ ਸਾਨੂੰ ਸਿੱਖਿਆ ਦੇਣੀ ਚਾਹੀਦੀ ਹੈ । 8ਜੇਕਰ ਸਾਡਾ ਵਰਦਾਨ ਦੂਜਿਆਂ ਨੂੰ ਉਤਸ਼ਾਹ ਦੇਣ ਦਾ ਹੈ, ਸਾਨੂੰ ਇਸੇ ਤਰ੍ਹਾਂ ਕਰਨਾ ਚਾਹੀਦਾ ਹੈ । ਇਸੇ ਤਰ੍ਹਾਂ ਜਿਹੜਾ ਦਾਨੀ ਹੈ, ਉਹ ਦਿਲ ਖੋਲ੍ਹ ਕੇ ਦਾਨ ਕਰੇ, ਜਿਹੜਾ ਆਗੂ ਹੈ, ਉਹ ਮਿਹਨਤ ਨਾਲ ਅਗਵਾਈ ਕਰੇ ਅਤੇ ਜਿਹੜਾ ਦਇਆ ਕਰਨ ਵਾਲਾ ਹੈ, ਉਹ ਖ਼ੁਸ਼ੀ ਨਾਲ ਦਇਆ ਕਰੇ ।
9ਪਿਆਰ ਸੱਚੇ ਦਿਲ ਨਾਲ ਕਰੋ । ਬੁਰਾਈ ਨੂੰ ਨਫ਼ਰਤ ਕਰੋ । ਸੱਚ ਨਾਲ ਜੁੜੇ ਰਹੋ । 10ਇੱਕ ਦੂਜੇ ਨਾਲ ਭਰਾਵਾਂ ਵਾਲਾ ਪਿਆਰ ਕਰੋ । ਆਦਰ ਕਰਨ ਵਿੱਚ ਇੱਕ ਦੂਜੇ ਨਾਲੋਂ ਅੱਗੇ ਵਧੋ । 11ਆਪਣੇ ਉਤਸ਼ਾਹ ਨੂੰ ਠੰਡਾ ਨਾ ਹੋਣ ਦਿਓ, ਆਤਮਿਕ ਤੌਰ ਤੇ ਸੁਚੇਤ ਰਹੋ ਅਤੇ ਪ੍ਰਭੂ ਦੀ ਸੇਵਾ ਵਿੱਚ ਲੱਗੇ ਰਹੋ । 12ਆਪਣੀ ਆਸ ਵਿੱਚ ਖ਼ੁਸ਼ ਰਹੋ । ਦੁੱਖ ਵਿੱਚ ਧੀਰਜਵਾਨ ਬਣੋ ਅਤੇ ਹਰ ਸਮੇਂ ਪ੍ਰਾਰਥਨਾ ਵਿੱਚ ਲੱਗੇ ਰਹੋ । 13ਆਪਣੇ ਲੋੜਵੰਦ ਵਿਸ਼ਵਾਸੀ ਭਰਾਵਾਂ ਦੇ ਸਾਂਝੀ ਬਣੋ ਅਤੇ ਪਰਦੇਸੀਆਂ ਲਈ ਆਪਣੇ ਘਰਾਂ ਦੇ ਦਰਵਾਜ਼ੇ ਖੁੱਲ੍ਹੇ ਰੱਖੋ ।
14 # ਮੱਤੀ 5:44, ਲੂਕਾ 6:28 ਆਪਣੇ ਸਤਾਉਣ ਵਾਲਿਆਂ ਨੂੰ ਅਸੀਸ ਦੇਵੋ, ਨਾ ਕਿ ਸਰਾਪ । 15ਜਿਹੜੇ ਅਨੰਦ ਵਿੱਚ ਹਨ, ਉਹਨਾਂ ਨਾਲ ਮਿਲ ਕੇ ਅਨੰਦ ਮਨਾਵੋ ਅਤੇ ਜਿਹੜੇ ਸੋਗ ਵਿੱਚ ਹਨ, ਉਹਨਾਂ ਨਾਲ ਮਿਲ ਕੇ ਸੋਗ ਕਰੋ । 16#ਕਹਾ 3:7ਇੱਕ ਦੂਜੇ ਨਾਲ ਮਿਲ ਕੇ ਰਹੋ । ਹੰਕਾਰ ਨਾ ਕਰੋ ਸਗੋਂ ਘੱਟ ਸਮਝੇ ਜਾਣ ਵਾਲਿਆਂ ਨਾਲ ਮਿਲ ਕੇ ਰਹੋ । ਆਪਣੇ ਆਪ ਨੂੰ ਬੁੱਧੀਮਾਨ ਨਾ ਸਮਝੋ ।
17ਕਿਸੇ ਨਾਲ ਬੁਰਾਈ ਦੇ ਬਦਲੇ ਬੁਰਾਈ ਨਾ ਕਰੋ ਸਗੋਂ ਜਿਹਨਾਂ ਗੱਲਾਂ ਨੂੰ ਸਾਰੇ ਲੋਕ ਚੰਗਾ ਸਮਝਦੇ ਹਨ, ਉਹਨਾਂ ਨੂੰ ਕਰੋ । 18ਆਪਣੇ ਵੱਲੋਂ ਹਰ ਇੱਕ ਦੇ ਨਾਲ ਸ਼ਾਂਤੀ ਨਾਲ ਰਹਿਣ ਦੀ ਕੋਸ਼ਿਸ਼ ਕਰੋ । 19#ਵਿਵ 32:35ਮੇਰੇ ਮਿੱਤਰੋ, ਬਦਲਾ ਨਾ ਲਵੋ ਸਗੋਂ ਇਸ ਨੂੰ ਪਰਮੇਸ਼ਰ ਦੇ ਕ੍ਰੋਧ ਉੱਤੇ ਛੱਡ ਦੇਵੋ ਕਿਉਂਕਿ ਪਵਿੱਤਰ-ਗ੍ਰੰਥ ਕਹਿੰਦਾ ਹੈ, “ਬਦਲਾ ਲੈਣਾ ਮੇਰਾ ਕੰਮ ਹੈ । ਮੈਂ ਹੀ ਬਦਲਾ ਲਵਾਂਗਾ, ਇਹ ਪ੍ਰਭੂ ਦਾ ਵਚਨ ਹੈ ।” 20#ਕਹਾ 25:21-22ਸਗੋਂ ਜਿਵੇਂ ਪਵਿੱਤਰ-ਗ੍ਰੰਥ ਕਹਿੰਦਾ ਹੈ, “ਜੇਕਰ ਤੇਰਾ ਵੈਰੀ ਭੁੱਖਾ ਹੈ ਤਾਂ ਉਸ ਨੂੰ ਭੋਜਨ ਦੇ । ਜੇਕਰ ਪਿਆਸਾ ਹੈ ਤਾਂ ਪਾਣੀ ਦੇ । ਕਿਉਂਕਿ ਇਸ ਤਰ੍ਹਾਂ ਤੂੰ ਉਸ ਦੇ ਸਿਰ ਦੇ ਉੱਤੇ ਬਲਦੇ ਹੋਏ ਕੋਲਿਆਂ ਦਾ ਢੇਰ ਲਾਵੇਂਗਾ#12:20 ਸ਼ਰਮਿੰਦਾ ਕਰਨਾ ।” 21ਬੁਰਾਈ ਨੂੰ ਆਪਣੇ ਉੱਤੇ ਜੇਤੂ ਨਾ ਹੋਣ ਦਿਓ ਸਗੋਂ ਬੁਰਾਈ ਨੂੰ ਭਲਾਈ ਨਾਲ ਜਿੱਤ ਲਵੋ ।

Currently Selected:

ਰੋਮ 12: CL-NA

Highlight

Share

Copy

None

Want to have your highlights saved across all your devices? Sign up or sign in