ਫ਼ਿਲਿੱਪੈ 1
1
1 #
ਰਸੂਲਾਂ 16:12
ਪੌਲੁਸ ਅਤੇ ਤਿਮੋਥਿਉਸ ਦੇ ਵਲੋਂ, ਜਿਹੜੇਮਸੀਹ ਯਿਸੂ ਦੇ ਸੇਵਕ ਹਨ, ਫ਼ਿਲਿੱਪੈ ਦੇ ਸਾਰੇ ਲੋਕਾਂ, ਉਹਨਾਂ ਦੇ ਨਿਗਾਹਬਾਨਾਂ#1:1 ਬਿਸ਼ਪ ਜਾਂ ਪਾਸਟਰ ਅਤੇ ਸੇਵਾਦਾਰਾਂ ਨੂੰ ਜਿਹੜੇ ਮਸੀਹ ਯਿਸੂ ਦੇ ਵਿੱਚ ਹੋਣ ਦੇ ਕਾਰਨ ਪਰਮੇਸ਼ਰ ਦੇ ਲੋਕ ਹਨ,
2ਪਰਮੇਸ਼ਰ ਸਾਡੇ ਪਿਤਾ ਅਤੇ ਪ੍ਰਭੂ ਯਿਸੂ ਮਸੀਹ ਦੇ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲੇ !
ਪੌਲੁਸ ਦੀ ਪ੍ਰਾਰਥਨਾ
3ਜਦੋਂ ਵੀ ਮੈਨੂੰ ਤੁਹਾਡੀ ਸਭ ਦੀ ਯਾਦ ਆਉਂਦੀ ਹੈ ਤਾਂ ਮੈਂ ਆਪਣੇ ਪਰਮੇਸ਼ਰ ਦਾ ਧੰਨਵਾਦ ਕਰਦਾ ਹਾਂ । 4ਮੈਂ ਹਮੇਸ਼ਾ ਤੁਹਾਡੇ ਲਈ ਪ੍ਰਾਰਥਨਾ ਕਰਦਾ ਹਾਂ ਅਤੇ ਮੇਰੀ ਪ੍ਰਾਰਥਨਾ ਅਨੰਦ ਨਾਲ ਭਰੀ ਹੁੰਦੀ ਹੈ । 5ਕਿਉਂਕਿ ਪਹਿਲੇ ਦਿਨ ਤੋਂ ਲੈ ਕੇ ਇਸ ਸਮੇਂ ਤੱਕ ਤੁਸੀਂ ਸ਼ੁਭ ਸਮਾਚਾਰ ਦੇ ਪ੍ਰਚਾਰ ਵਿੱਚ ਮੇਰੇ ਸਾਂਝੀ ਰਹੇ ਹੋ । 6ਮੇਰਾ ਇਹ ਪੱਕਾ ਭਰੋਸਾ ਹੈ ਕਿ ਜਿਸ ਪਰਮੇਸ਼ਰ ਨੇ ਤੁਹਾਡੇ ਵਿੱਚ ਇੱਕ ਭਲਾ ਕੰਮ ਸ਼ੁਰੂ ਕੀਤਾ ਹੈ, ਉਹ ਹੀ ਇਸ ਨੂੰ ਮਸੀਹ ਯਿਸੂ ਦੇ ਦਿਨ ਤੱਕ ਪੂਰਾ ਵੀ ਕਰਨਗੇ । 7ਮੇਰੇ ਲਈ ਇਹ ਠੀਕ ਹੈ ਕਿ ਮੈਂ ਤੁਹਾਡੇ ਸਾਰਿਆਂ ਦੇ ਲਈ ਅਜਿਹੇ ਵਿਚਾਰ ਰੱਖਾਂ ਕਿਉਂਕਿ ਮੇਰੇ ਦਿਲ ਵਿੱਚ ਤੁਹਾਡੇ ਲਈ ਇੱਕ ਖ਼ਾਸ ਜਗ੍ਹਾ ਹੈ । ਤੁਸੀਂ ਮੇਰੇ ਨਾਲ ਕਿਰਪਾ ਦੇ ਵਿੱਚ ਸਾਂਝੀ ਰਹੇ ਹੋ । ਭਾਂਵੇ ਮੈਂ ਕੈਦ ਵਿੱਚ ਹਾਂ ਜਾਂ ਸ਼ੁਭ ਸਮਾਚਾਰ ਦੀ ਰੱਖਿਆ ਅਤੇ ਪੁਸ਼ਟੀ ਕਰਨ ਲਈ ਸੱਦਿਆ ਗਿਆ ਹਾਂ । 8ਪਰਮੇਸ਼ਰ ਆਪ ਮੇਰੇ ਗਵਾਹ ਹਨ ਕਿ ਕਿਸ ਤਰ੍ਹਾਂ ਮਸੀਹ ਯਿਸੂ ਦੇ ਪਿਆਰ ਨਾਲ ਮੇਰੇ ਦਿਲ ਵਿੱਚ ਤੁਹਾਡੇ ਲਈ ਤਾਂਘ ਹੈ ।
9ਮੇਰੀ ਪ੍ਰਾਰਥਨਾ ਇਹ ਹੈ ਕਿ ਤੁਹਾਡਾ ਪਿਆਰ ਹੋਰ ਜ਼ਿਆਦਾ ਵੱਧਦਾ ਜਾਵੇ ਅਤੇ ਤੁਸੀਂ ਸੰਪੂਰਨ ਗਿਆਨ ਅਤੇ ਸਾਰੀ ਸਮਝ ਨਾਲ ਭਰਪੂਰ ਹੁੰਦੇ ਜਾਵੋ 10ਤਾਂ ਜੋ ਤੁਸੀਂ ਜੋ ਉੱਤਮ ਹੈ ਉਸ ਦੀ ਪਰਖ ਕਰ ਸਕੋ ਅਤੇ ਮਸੀਹ ਦਾ ਦਿਨ ਆਉਣ ਤੱਕ ਸ਼ੁੱਧ ਅਤੇ ਨਿਰਦੋਸ਼ ਠਹਿਰੋ । 11ਪਰਮੇਸ਼ਰ ਦੀ ਮਹਿਮਾ ਅਤੇ ਉਸਤਤ ਦੇ ਲਈ ਉਸ ਭਲਾਈ ਦਾ ਫਲ ਪੈਦਾ ਕਰੋ ਜਿਹੜਾ ਕੇਵਲ ਯਿਸੂ ਮਸੀਹ ਤੋਂ ਮਿਲ ਸਕਦਾ ਹੈ ।
ਸ਼ੁਭ ਸਮਾਚਾਰ ਦਾ ਵਾਧਾ
12ਭਰਾਵੋ ਅਤੇ ਭੈਣੋ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਜੋ ਕੁਝ ਮੇਰੇ ਨਾਲ ਹੋਇਆ ਹੈ, ਇਸ ਦੇ ਦੁਆਰਾ ਸ਼ੁਭ ਸਮਾਚਾਰ ਦਾ ਵਾਧਾ ਹੀ ਹੋਇਆ ਹੈ । 13#ਰਸੂਲਾਂ 28:30ਇੱਥੋਂ ਤੱਕ ਕਿ ਮੇਰੇ ਉੱਤੇ ਲੱਗੇ ਪਹਿਰੇਦਾਰ ਅਤੇ ਬਾਕੀ ਸਾਰੇ ਲੋਕਾਂ ਉੱਤੇ ਪ੍ਰਗਟ ਹੋ ਗਿਆ ਹੈ ਕਿ ਮੈਂ ਮਸੀਹ ਦੇ ਕਾਰਨ ਹੀ ਕੈਦ ਵਿੱਚ ਹਾਂ । 14ਮੇਰੀ ਕੈਦ ਦੇ ਰਾਹੀਂ ਬਹੁਤ ਸਾਰੇ ਹੋਰ ਮਸੀਹੀ ਭਰਾਵਾਂ ਅਤੇ ਭੈਣਾਂ ਨੂੰ ਨਿਡਰਤਾ ਅਤੇ ਦਲੇਰੀ ਨਾਲ ਪਰਮੇਸ਼ਰ ਦੇ ਸ਼ੁਭ ਸਮਾਚਾਰ ਨੂੰ ਸੁਣਾਉਣ ਦਾ ਉਤਸ਼ਾਹ ਮਿਲਿਆ ਹੈ । 15ਉਹਨਾਂ ਵਿੱਚੋਂ ਕੁਝ ਤਾਂ ਕੇਵਲ ਆਪਣੀ ਈਰਖਾ ਅਤੇ ਵਿਰੋਧੀ ਭਾਵਨਾਵਾਂ ਦੇ ਕਾਰਨ ਹੀ ਪ੍ਰਚਾਰ ਕਰਦੇ ਹਨ ਪਰ ਕੁਝ ਅਜਿਹੇ ਵੀ ਹਨ ਜਿਹੜੇ ਸੱਚੇ ਦਿਲ ਨਾਲ ਮਸੀਹ ਦਾ ਪ੍ਰਚਾਰ ਕਰਦੇ ਹਨ 16ਜਿਹੜੇ ਮਸੀਹੀ ਪਿਆਰ ਦੇ ਕਾਰਨ ਇਹ ਕੰਮ ਕਰਦੇ ਹਨ ਅਤੇ ਜਾਣਦੇ ਹਨ ਕਿ ਮੈਂ ਸ਼ੁਭ ਸਮਾਚਾਰ ਦੀ ਰੱਖਿਆ ਦੇ ਲਈ ਹੀ ਨਿਯੁਕਤ ਕੀਤਾ ਗਿਆ ਹਾਂ 17ਪਰ ਕੁਝ ਅਜਿਹੇ ਵੀ ਹਨ ਜਿਹੜੇ ਸੱਚਾਈ ਨਾਲ ਨਹੀਂ ਸਗੋਂ ਸੁਆਰਥ ਨਾਲ ਮਸੀਹ ਦਾ ਪ੍ਰਚਾਰ ਕਰਦੇ ਹਨ ਕਿ ਇਸ ਤਰ੍ਹਾਂ ਕਰਨ ਨਾਲ ਉਹ ਮੇਰੇ ਕੈਦ ਦੇ ਦੁੱਖਾਂ ਵਿੱਚ ਵਾਧਾ ਕਰਨ ।
18ਫਿਰ ਕੀ ਹੋਇਆ ? ਹਰ ਹਾਲਤ ਵਿੱਚ ਭਾਵੇਂ ਸਹੀ ਭਾਵੇਂ ਗ਼ਲਤ ਇਰਾਦੇ ਨਾਲ, ਪ੍ਰਚਾਰ ਤਾਂ ਮਸੀਹ ਦਾ ਹੀ ਹੋ ਰਿਹਾ ਹੈ । ਇਸ ਦੇ ਲਈ ਮੈਂ ਅਨੰਦਿਤ ਹਾਂ ਅਤੇ ਅਨੰਦ ਕਰਦਾ ਰਹਾਂਗਾ 19ਕਿਉਂਕਿ ਮੈਂ ਜਾਣਦਾ ਹਾਂ ਕਿ ਤੁਹਾਡੀਆਂ ਪ੍ਰਾਰਥਨਾਵਾਂ ਅਤੇ ਯਿਸੂ ਮਸੀਹ ਦੇ ਆਤਮਾ ਦੀ ਸਹਾਇਤਾ ਦੇ ਦੁਆਰਾ ਮੈਨੂੰ ਮੁਕਤੀ ਜ਼ਰੂਰ ਮਿਲੇਗੀ । 20ਮੇਰੇ ਮਨ ਦੀ ਇੱਛਾ ਅਤੇ ਮੈਨੂੰ ਪੂਰੀ ਆਸ ਹੈ ਕਿ ਮੈਂ ਕਿਸੇ ਵੀ ਤਰ੍ਹਾਂ ਸ਼ਰਮਿੰਦਾ ਨਾ ਹੋਵਾਂ ਪਰ ਪੂਰੀ ਦਲੇਰੀ ਨਾਲ ਭਾਵੇਂ ਮੈਂ ਜੀਵਾਂ ਜਾਂ ਮਰਾਂ ਜਿਵੇਂ ਮੇਰੇ ਸਰੀਰ ਵਿੱਚ ਮਸੀਹ ਦੀ ਮਹਿਮਾ ਹੁੰਦੀ ਆਈ ਹੈ ਹਮੇਸ਼ਾ ਹੁੰਦੀ ਰਹੇ । 21ਮੇਰੇ ਲਈ ਜਿਉੂਣਾ ਮਸੀਹ ਹੈ ਅਤੇ ਮਰਨਾ ਲਾਭ ਹੈ । 22ਪਰ ਜੇਕਰ ਮੈਂ ਸਰੀਰ ਵਿੱਚ ਜਿਊਂਦਾ ਹਾਂ ਤਾਂ ਇਸ ਦਾ ਅਰਥ ਹੈ ਕਿ ਆਪਣੀ ਮਿਹਨਤ ਦਾ ਫਲ ਪ੍ਰਾਪਤ ਕਰਾਂ ਪਰ ਮੈਂ ਨਹੀਂ ਜਾਣਦਾ ਕਿ ਮੈਂ ਕਿਸ ਨੂੰ ਚੁਣਾਂ ! 23ਮੈਂ ਦੁਬਿਧਾ ਵਿੱਚ ਫਸਿਆ ਹੋਇਆ ਹਾਂ । ਮੇਰੀ ਇੱਛਾ ਤਾਂ ਇਹ ਹੈ ਕਿ ਮੈਂ ਇਸ ਜੀਵਨ ਤੋਂ ਵਿਦਾ ਲਵਾਂ ਅਤੇ ਮਸੀਹ ਦੇ ਕੋਲ ਜਾ ਰਹਾਂ । ਇਹ ਮੇਰੇ ਲਈ ਸਭ ਤੋਂ ਉੱਤਮ ਹੈ । 24ਪਰ ਤੁਹਾਡੀ ਖ਼ਾਤਰ ਇਹ ਹੋਰ ਵੀ ਜ਼ਰੂਰੀ ਹੈ ਕਿ ਮੈਂ ਜਿਊਂਦਾ ਰਹਾਂ । 25ਇਸ ਦਾ ਮੈਨੂੰ ਪੱਕਾ ਭਰੋਸਾ ਹੈ ਅਤੇ ਮੈਂ ਜਾਣਦਾ ਹਾਂ ਕਿ ਮੈਂ ਜੀਵਾਂਗਾ ਅਤੇ ਤੁਹਾਡੀ ਮਦਦ ਅਤੇ ਤੁਹਾਡੇ ਵਿਸ਼ਵਾਸ ਦੇ ਵਾਧੇ ਦੀ ਖ਼ੁਸ਼ੀ ਲਈ ਤੁਹਾਡੇ ਕੋਲ ਰਹਾਂਗਾ । 26ਇਸ ਲਈ ਜਦੋਂ ਮੈਂ ਦੁਬਾਰਾ ਤੁਹਾਡੇ ਕੋਲ ਆਵਾਂਗਾ ਤਾਂ ਮਸੀਹ ਯਿਸੂ ਵਿੱਚ ਤੁਸੀਂ ਮੇਰੇ ਉੱਤੇ ਹੋਰ ਵੀ ਜ਼ਿਆਦਾ ਮਾਣ ਕਰੋਗੇ ।
27ਜ਼ਰੂਰੀ ਗੱਲ ਕੇਵਲ ਇਹ ਹੈ ਕਿ ਤੁਹਾਡਾ ਦੂਜਿਆਂ ਨਾਲ ਹਰ ਰੋਜ਼ ਦਾ ਵਰਤਾਅ ਮਸੀਹ ਦੇ ਸ਼ੁਭ ਸਮਾਚਾਰ ਦੇ ਅਨੁਸਾਰ ਹੋਣਾ ਚਾਹੀਦਾ ਹੈ । ਭਾਵੇਂ ਮੈਂ ਆਪ ਆ ਕੇ ਤੁਹਾਨੂੰ ਦੇਖਾਂ ਜਾਂ ਤੁਹਾਡੇ ਤੋਂ ਦੂਰ ਹੋਵਾਂ ਪਰ ਹਰ ਹਾਲਤ ਵਿੱਚ ਮੈਂ ਤੁਹਾਡੇ ਬਾਰੇ ਇਹ ਹੀ ਸੁਣਾਂ ਕਿ ਤੁਸੀਂ ਪੂਰੀ ਤਰ੍ਹਾਂ ਨਾਲ ਇੱਕ ਮਨ ਹੋ ਕੇ ਸ਼ੁਭ ਸਮਾਚਾਰ ਦੇ ਵਿਸ਼ਵਾਸ ਲਈ ਸੰਘਰਸ਼ ਕਰਦੇ ਹੋ 28ਆਪਣੇ ਵਿਰੋਧੀਆਂ ਤੋਂ ਕਿਸੇ ਵੀ ਗੱਲ ਵਿੱਚ ਨਾ ਡਰੋ । ਇਹ ਉਹਨਾਂ ਦੇ ਨਾਸ਼ ਦਾ ਪਰ ਤੁਹਾਡੀ ਮੁਕਤੀ ਦਾ ਸਬੂਤ ਹੈ । ਇਹ ਸਭ ਪਰਮੇਸ਼ਰ ਵੱਲੋਂ ਹੈ । 29ਕਿਉਂਕਿ ਪਰਮੇਸ਼ਰ ਨੇ ਤੁਹਾਨੂੰ ਮਸੀਹ ਵਿੱਚ ਕੇਵਲ ਵਿਸ਼ਵਾਸ ਦਾ ਹੀ ਨਹੀਂ ਸਗੋਂ ਉਹਨਾਂ ਦੇ ਲਈ ਦੁੱਖ ਸਹਿਣ ਦਾ ਵੀ ਵਰਦਾਨ ਦਿੱਤਾ ਹੈ । 30#ਰਸੂਲਾਂ 16:19-40ਕਿਉਂਕਿ ਤੁਸੀਂ ਉਹ ਹੀ ਸੰਘਰਸ਼ ਕਰ ਰਹੇ ਹੋ ਜੋ ਤੁਸੀਂ ਮੈਨੂੰ ਕਰਦੇ ਦੇਖਿਆ ਹੈ ਅਤੇ ਹੁਣ ਤੁਸੀਂ ਸੁਣ ਰਹੇ ਹੋ, ਮੈਂ ਅਜੇ ਵੀ ਉਹ ਹੀ ਸੰਘਰਸ਼ ਕਰ ਰਿਹਾ ਹਾਂ ।
Currently Selected:
ਫ਼ਿਲਿੱਪੈ 1: CL-NA
Highlight
Copy
Compare
Share
Want to have your highlights saved across all your devices? Sign up or sign in
Punjabi Common Language (North American Version):
Text © 2021 Canadian Bible Society and Bible Society of India