ਯੂਹੰਨਾ 1
CL-NA
1
ਸ਼ਬਦ#1:1 ਨਾਦ ।
1ਸ੍ਰਿਸ਼ਟੀ ਦੇ ਰਚੇ ਜਾਣ ਤੋਂ ਪਹਿਲਾਂ ਸ਼ਬਦ ਸੀ । ਉਹ ਸ਼ਬਦ ਪਰਮੇਸ਼ਰ ਦੇ ਨਾਲ ਸੀ, ਜੋ ਪਰਮੇਸ਼ਰ ਸੀ, ਉਹ ਹੀ ਸ਼ਬਦ ਸੀ । 2ਉਹ ਸ਼ੁਰੂ ਤੋਂ ਹੀ ਪਰਮੇਸ਼ਰ ਦੇ ਨਾਲ ਸੀ । 3ਸਭ ਚੀਜ਼ਾਂ ਦੀ ਰਚਨਾ ਪਰਮੇਸ਼ਰ ਨੇ ਉਸ ਦੇ ਰਾਹੀਂ ਕੀਤੀ । ਸ੍ਰਿਸ਼ਟੀ ਦੀ ਕੋਈ ਵੀ ਚੀਜ਼ ਉਸ ਦੇ ਬਿਨਾਂ ਨਾ ਰਚੀ ਗਈ । 4ਉਸ ਵਿੱਚ ਜੀਵਨ ਸੀ ਅਤੇ ਇਹ ਜੀਵਨ ਮਨੁੱਖਤਾ ਦਾ ਚਾਨਣ ਸੀ । 5ਚਾਨਣ ਹਨੇਰੇ ਵਿੱਚ ਚਮਕ ਰਿਹਾ ਹੈ, ਪਰ ਹਨੇਰੇ ਨੇ ਇਸ ਉੱਤੇ ਕਦੀ ਵੀ ਕਾਬੂ ਨਾ ਪਾਇਆ ।
6ਪਰਮੇਸ਼ਰ ਨੇ ਆਪਣੇ ਇੱਕ ਦੂਤ ਨੂੰ ਘੱਲਿਆ, ਉਸ ਦਾ ਨਾਂ ਯੂਹੰਨਾ#ਮੱਤੀ 3:1, ਮਰ 1:4, ਲੂਕ 3:1-2 ਸੀ । 7ਉਹ ਚਾਨਣ ਦੇ ਬਾਰੇ ਗਵਾਹੀ ਦੇਣ ਦੇ ਲਈ ਆਇਆ, ਤਾਂ ਜੋ ਸਾਰੇ ਲੋਕੀਂ ਉਸ ਦੀ ਗਵਾਹੀ ਸੁਣਕੇ ਵਿਸ਼ਵਾਸ ਕਰਨ । 8ਉਹ ਆਪ ਤਾਂ ਚਾਨਣ ਨਹੀਂ ਸੀ, ਸਗੋਂ ਚਾਨਣ ਦੇ ਬਾਰੇ ਗਵਾਹੀ ਦੇਣ ਦੇ ਲਈ ਆਇਆ ਸੀ ।
9ਸੱਚਾ ਚਾਨਣ, ਜੋ ਹਰ ਮਨੁੱਖ ਨੂੰ ਪ੍ਰਕਾਸ਼ਿਤ ਕਰਦਾ ਹੈ, ਸੰਸਾਰ ਵਿੱਚ ਆ ਰਿਹਾ ਸੀ । 10ਉਹ ਸੰਸਾਰ ਵਿੱਚ ਸੀ । ਪਰਮੇਸ਼ਰ ਨੇ ਸਾਰਾ ਸੰਸਾਰ ਉਸ ਦੇ ਦੁਆਰਾ ਰਚਿਆ, ਪਰ ਫਿਰ ਵੀ ਸੰਸਾਰ ਨੇ ਉਸ ਨੂੰ ਨਾ ਜਾਣਿਆ । 11ਉਹ ਆਪਣੇ ਘਰ ਆਇਆ, ਪਰ ਉਸ ਦੇ ਆਪਣੇ ਲੋਕਾਂ ਨੇ ਹੀ ਉਸ ਨੂੰ ਸਵੀਕਾਰ ਨਾ ਕੀਤਾ ਅਤੇ ਉਸ ਉੱਤੇ ਵਿਸ਼ਵਾਸ ਨਾ ਕੀਤਾ । 12ਪਰ ਜਿੰਨਿਆਂ ਨੇ ਉਸ ਨੂੰ ਸਵੀਕਾਰ ਕੀਤਾ ਅਤੇ ਉਸ ਉੱਤੇ ਵਿਸ਼ਵਾਸ ਕੀਤਾ, ਉਹਨਾਂ ਨੂੰ ਉਸ ਨੇ ਪਰਮੇਸ਼ਰ ਦੀ ਸੰਤਾਨ ਹੋਣ ਦਾ ਅਧਿਕਾਰ ਦਿੱਤਾ । 13ਉਹਨਾਂ ਦਾ ਜਨਮ ਨਾ ਲਹੂ ਤੋਂ, ਨਾ ਸਰੀਰਕ ਇੱਛਾ ਤੋਂ ਅਤੇ ਨਾ ਹੀ ਆਦਮੀ ਦੀ ਇੱਛਾ ਤੋਂ ਹੋਇਆ, ਸਗੋਂ ਉਹ ਪਰਮੇਸ਼ਰ ਦੀ ਆਪਣੀ ਇੱਛਾ ਨਾਲ ਉਸ ਦੀ ਸੰਤਾਨ ਬਣੇ ।
14ਸ਼ਬਦ ਦੇਹਧਾਰੀ ਹੋਇਆ ਅਤੇ ਸਾਡੇ ਵਿੱਚ ਰਿਹਾ । ਅਸੀਂ ਉਸ ਦਾ ਪ੍ਰਤਾਪ ਦੇਖਿਆ, ਜਿਹੜਾ ਕਿਰਪਾ ਅਤੇ ਸੱਚਾਈ ਨਾਲ ਸੰਪੂਰਨ ਸੀ । ਇਹ ਪ੍ਰਤਾਪ ਉਸ ਨੂੰ ਪਿਤਾ ਦੇ ਇੱਕਲੌਤੇ ਪੁੱਤਰ ਹੋਣ ਤੇ ਮਿਲਿਆ ਸੀ ।
15ਉਸ ਦੇ ਬਾਰੇ ਯੂਹੰਨਾ ਨੇ ਇਸ ਤਰ੍ਹਾਂ ਗਵਾਹੀ ਦਿੱਤੀ । ਯੂਹੰਨਾ ਨੇ ਉੱਚੀ ਅਵਾਜ਼ ਨਾਲ ਪੁਕਾਰ ਕੇ ਕਿਹਾ, “ਇਹ ਉਹੀ ਹੈ ਜਿਸ ਬਾਰੇ ਮੈਂ ਕਿਹਾ ਸੀ, ‘ਮੇਰੇ ਪਿੱਛੋਂ ਆਉਣ ਵਾਲਾ ਮੇਰੇ ਤੋਂ ਮਹਾਨ ਹੈ, ਕਿਉਂਕਿ ਉਹ ਮੇਰੇ ਜਨਮ ਤੋਂ ਪਹਿਲਾਂ ਹੀ ਵਿਦਮਾਨ ਸੀ ।’ ”
16ਅਸੀਂ ਸਾਰਿਆਂ ਨੇ ਉਸ ਦੀ ਸੰਪੂਰਨਤਾ ਵਿੱਚੋਂ ਕਿਰਪਾ ਉੱਤੇ ਕਿਰਪਾ ਪ੍ਰਾਪਤ ਕੀਤੀ । 17ਪਰਮੇਸ਼ਰ ਨੇ ਵਿਵਸਥਾ ਤਾਂ ਮੂਸਾ ਦੇ ਦੁਆਰਾ ਦਿੱਤੀ, ਪਰ ਕਿਰਪਾ ਅਤੇ ਸੱਚਾਈ ਯਿਸੂ ਮਸੀਹ ਦੇ ਦੁਆਰਾ ਆਏ । 18ਪਰਮੇਸ਼ਰ ਨੂੰ ਕਦੀ ਕਿਸੇ ਨੇ ਨਹੀਂ ਦੇਖਿਆ, ਕੇਵਲ ਪਰਮੇਸ਼ਰ ਦੇ ਇੱਕਲੌਤੇ ਨੇ, ਜੋ ਪਿਤਾ ਦੇ ਨਾਲ ਹੈ, ਉਸ ਨੂੰ ਪ੍ਰਗਟ ਕੀਤਾ ।
ਯੂਹੰਨਾ ਬਪਤਿਸਮਾ ਦੇਣ ਵਾਲੇ ਦੀ ਗਵਾਹੀ
19ਯੂਹੰਨਾ ਦੀ ਗਵਾਹੀ ਇਹ ਹੈ : ਜਦੋਂ ਯਰੂਸ਼ਲਮ ਤੋਂ ਯਹੂਦੀਆਂ ਨੇ ਪੁਰੋਹਿਤਾਂ ਅਤੇ ਮੰਦਰ ਦੇ ਸੇਵਾਦਾਰਾਂ#1:19 ਅਰਥਾਤ ਲੇਵੀ । ਨੂੰ ਘੱਲਿਆ ਕਿ ਉਹ ਯੂਹੰਨਾ ਤੋਂ ਪੁੱਛਣ, “ਤੁਸੀਂ ਕੌਣ ਹੋ ?” 20ਤਾਂ ਯੂਹੰਨਾ ਨੇ ਖੁੱਲ੍ਹੇ ਸ਼ਬਦਾਂ ਵਿੱਚ ਇਹ ਮੰਨਦੇ ਹੋਏ, ਸਾਫ਼ ਸਾਫ਼ ਉੱਤਰ ਦਿੱਤਾ, “ਮੈਂ ਮਸੀਹ ਨਹੀਂ ਹਾਂ ।” 21ਉਹਨਾਂ ਪੁੱਛਿਆ, “ਫਿਰ ਤੁਸੀਂ ਕੌਣ ਹੋ ? ਕੀ ਤੁਸੀਂ ਏਲੀਆ ਨਬੀ ਹੋ ?” ਯੂਹੰਨਾ#ਵਿਵ 18:15-18, ਮਲਾ 4:5 ਨੇ ਕਿਹਾ, “ਨਹੀਂ ।” “ਕੀ ਤੁਸੀਂ ਆਉਣ ਵਾਲੇ ਨਬੀ ਹੋ ?” ਉਸ ਨੇ ਉੱਤਰ ਦਿੱਤਾ, “ਨਹੀਂ ।” 22ਇਸ ਉੱਤੇ ਉਹ ਬੋਲੇ, “ਫਿਰ ਤੁਸੀਂ ਕੌਣ ਹੋ ? ਸਾਨੂੰ ਦੱਸੋ ਤਾਂ ਜੋ ਅਸੀਂ ਆਪਣੇ ਘੱਲਣ ਵਾਲਿਆਂ ਨੂੰ ਕੁਝ ਉੱਤਰ ਦੇ ਸਕੀਏ । ਤੁਸੀਂ ਆਪਣੇ ਬਾਰੇ ਵਿੱਚ ਕੀ ਕਹਿੰਦੇ ਹੋ ?” 23ਯੂਹੰਨਾ ਨੇ ਉੱਤਰ ਦਿੱਤਾ, “ਜਿਸ ਤਰ੍ਹਾਂ ਯਸਾਯਾਹ ਨਬੀ ਦੀ ਪੁਸਤਕ ਵਿੱਚ ਲਿਖਿਆ ਹੈ :
ਮੈਂ ਸੁੰਨਸਾਨ ਥਾਂ ਵਿੱਚ ਪੁਕਾਰਨ ਵਾਲੇ ਦੀ ਅਵਾਜ਼ ਹਾਂ ਕਿ ਪ੍ਰਭੂ ਦਾ ਰਾਹ ਸਿੱਧਾ ਕਰੋ ।”#ਯਸਾ 40:3
24ਕੁਝ ਫ਼ਰੀਸੀ ਵੀ ਯੂਹੰਨਾ ਕੋਲ ਘੱਲੇ ਗਏ ਸਨ । 25ਉਹਨਾਂ ਨੇ ਯੂਹੰਨਾ ਤੋਂ ਪੁੱਛਿਆ, “ਜੇਕਰ ਤੁਸੀਂ ਮਸੀਹ ਨਹੀਂ ਹੋ, ਏਲੀਆ ਨਬੀ ਨਹੀਂ ਹੋ ਅਤੇ ਨਾ ਹੀ ਆਉਣ ਵਾਲੇ ਨਬੀ ਹੋ, ਤਾਂ ਫਿਰ ਤੁਸੀਂ ਬਪਤਿਸਮਾ ਕਿਉਂ ਦਿੰਦੇ ਹੋ ?” 26ਯੂਹੰਨਾ ਨੇ ਉੱਤਰ ਦਿੱਤਾ, “ਮੈਂ ਤਾਂ ਤੁਹਾਨੂੰ ਪਾਣੀ ਨਾਲ ਬਪਤਿਸਮਾ ਦਿੰਦਾ ਹਾਂ, ਪਰ ਤੁਹਾਡੇ ਵਿੱਚ ਇੱਕ ਜਨ ਖਲੋਤਾ ਹੋਇਆ ਹੈ, ਜਿਸ ਨੂੰ ਤੁਸੀਂ ਪਛਾਣਦੇ ਨਹੀਂ ਹੋ । 27ਬੇਸ਼ੱਕ ਉਹ ਮੇਰੇ ਪਿੱਛੋਂ ਆ ਰਿਹਾ ਹੈ, ਪਰ ਮੈਂ ਉਸ ਦੇ ਜੋੜੇ ਝਾੜਨ ਦੇ ਯੋਗ ਵੀ ਨਹੀਂ ਹਾਂ ।”
28ਇਹ ਸਭ ਕੁਝ ਯਰਦਨ ਦਰਿਆ ਦੇ ਪਰਲੇ ਪਾਸੇ ਬੈਤਨੀਆ ਨਗਰ ਦੇ ਲਾਗੇ ਹੋਇਆ, ਜਿੱਥੇ ਯੂਹੰਨਾ ਬਪਤਿਸਮਾ ਦੇ ਰਿਹਾ ਸੀ ।
29ਅਗਲੇ ਦਿਨ ਯੂਹੰਨਾ ਨੇ ਯਿਸੂ ਨੂੰ ਆਪਣੇ ਵੱਲ ਆਉਂਦਿਆਂ ਦੇਖ ਕੇ ਕਿਹਾ, “ਦੇਖੋ, ਪਰਮੇਸ਼ਰ ਦਾ ਮੇਮਣਾ, ਜੋ ਸੰਸਾਰ ਦੇ ਪਾਪਾਂ ਨੂੰ ਚੁੱਕ ਕੇ ਲੈ ਜਾਂਦਾ ਹੈ । 30ਇਹ ਉਹੀ ਹੈ ਜਿਸ ਦੇ ਬਾਰੇ ਮੈਂ ਕਿਹਾ ਸੀ, ‘ਮੇਰੇ ਪਿੱਛੋਂ ਆਉਣ ਵਾਲਾ ਇੱਕ ਆਦਮੀ ਮੇਰੇ ਤੋਂ ਮਹਾਨ ਹੈ’; ਕਿਉਂਕਿ ਉਹ ਮੇਰੇ ਜਨਮ ਲੈਣ ਤੋਂ ਪਹਿਲਾਂ ਹੀ ਵਿਦਮਾਨ ਸੀ । 31ਮੈਂ ਆਪ ਵੀ ਉਸ ਨੂੰ ਪਛਾਣਦਾ ਨਹੀਂ ਸੀ, ਅਤੇ ਮੈਂ ਇਸੇ ਲਈ ਹੀ ਪਾਣੀ ਨਾਲ ਬਪਤਿਸਮਾ ਦਿੰਦਾ ਹੋਇਆ ਆਇਆ ਕਿ ਉਹ ਇਸਰਾਏਲ ਉੱਤੇ ਪ੍ਰਗਟ ਹੋ ਜਾਵੇ ।”
32ਯੂਹੰਨਾ ਨੇ ਇਸ ਤਰ੍ਹਾਂ ਗਵਾਹੀ ਦਿੱਤੀ, “ਮੈਂ ਪਵਿੱਤਰ ਆਤਮਾ ਨੂੰ ਸਵਰਗ ਤੋਂ ਕਬੂਤਰ ਵਾਂਗ ਉੱਤਰਦੇ ਦੇਖਿਆ ਅਤੇ ਉਹ ਯਿਸੂ ਉੱਤੇ ਠਹਿਰ ਗਿਆ । 33ਮੈਂ ਉਸ ਨੂੰ ਨਹੀਂ ਪਛਾਣਦਾ ਸਾਂ । ਪਰ ਪਰਮੇਸ਼ਰ ਜਿਸ ਨੇ ਮੈਨੂੰ ਪਾਣੀ ਨਾਲ ਬਪਤਿਸਮਾ ਦੇਣ ਲਈ ਘੱਲਿਆ, ਨੇ ਕਿਹਾ, ‘ਤੂੰ ਪਵਿੱਤਰ ਆਤਮਾ ਨੂੰ ਉੱਤਰਦੇ ਅਤੇ ਇੱਕ ਆਦਮੀ ਉੱਤੇ ਠਹਿਰਦੇ ਦੇਖੇਂਗਾ; ਉਹੀ ਹੈ, ਜੋ ਪਵਿੱਤਰ ਆਤਮਾ ਨਾਲ ਬਪਤਿਸਮਾ ਦੇਣ ਵਾਲਾ ਹੈ ।’ 34ਇਹ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਹੈ, ਅਤੇ ਇਹ ਮੇਰੀ ਗਵਾਹੀ ਹੈ ਕਿ ਉਹ ਹੀ ਪਰਮੇਸ਼ਰ ਦਾ ਪੁੱਤਰ ਹੈ ।”
ਪ੍ਰਭੂ ਯਿਸੂ ਦੇ ਪਹਿਲੇ ਚੇਲੇ
35ਦੂਜੇ ਦਿਨ ਫਿਰ ਯੂਹੰਨਾ ਆਪਣੇ ਦੋ ਚੇਲਿਆਂ ਦੇ ਨਾਲ ਖਲੋਤਾ ਹੋਇਆ ਸੀ । 36ਯੂਹੰਨਾ ਨੇ ਯਿਸੂ ਨੂੰ ਤੁਰੇ ਜਾਂਦਿਆਂ ਦੇਖਿਆ ਅਤੇ ਕਿਹਾ, “ਦੇਖੋ, ਪਰਮੇਸ਼ਰ ਦਾ ਮੇਮਣਾ ।” 37ਦੋਹਾਂ ਚੇਲਿਆਂ ਨੇ ਯੂਹੰਨਾ ਨੂੰ ਇਹ ਕਹਿੰਦੇ ਸੁਣਿਆ ਅਤੇ ਯਿਸੂ ਦੇ ਪਿੱਛੇ ਤੁਰ ਪਏ । 38ਯਿਸੂ ਨੇ ਪਿੱਛੇ ਮੁੜ ਕੇ ਉਹਨਾਂ ਨੂੰ ਆਪਣੇ ਪਿੱਛੇ ਆਉਂਦਿਆਂ ਦੇਖਿਆ । ਸੋ ਯਿਸੂ ਨੇ ਉਹਨਾਂ ਦੋਹਾਂ ਨੂੰ ਕਿਹਾ, “ਤੁਸੀਂ ਕਿਸ ਨੂੰ ਲੱਭ ਰਹੇ ਹੋ ?” ਉਹਨਾਂ ਉੱਤਰ ਦਿੱਤਾ, “ਰੱਬੀ (ਅਰਥਾਤ ਗੁਰੂ ਜੀ), ਤੁਸੀਂ ਕਿੱਥੇ ਰਹਿੰਦੇ ਹੋ ?” 39ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਆਉ ਅਤੇ ਦੇਖੋ ।” ਸੋ ਉਹ ਗਏ ਅਤੇ ਯਿਸੂ ਦੇ ਰਹਿਣ ਦੀ ਥਾਂ ਦੇਖੀ, ਅਤੇ ਦਿਨ ਦਾ ਬਾਕੀ ਹਿੱਸਾ ਯਿਸੂ ਦੇ ਨਾਲ ਹੀ ਰਹੇ । ਇਹ ਕੋਈ ਦੁਪਹਿਰ ਦੇ ਚਾਰ ਵਜੇ ਦਾ ਸਮਾਂ ਸੀ ।
40ਉਹਨਾਂ ਦੋਹਾਂ ਵਿੱਚੋਂ, ਜਿਹੜੇ ਯੂਹੰਨਾ ਦੀ ਗੱਲ ਸੁਣ ਕੇ ਯਿਸੂ ਦੇ ਪਿੱਛੇ ਤੁਰ ਪਏ ਸਨ, ਇੱਕ ਸ਼ਮਊਨ ਪਤਰਸ ਦਾ ਭਰਾ ਅੰਦ੍ਰਿਯਾਸ ਸੀ । 41ਅੰਦ੍ਰਿਯਾਸ ਸਾਰਿਆਂ ਤੋਂ ਪਹਿਲਾਂ ਆਪਣੇ ਭਰਾ ਸ਼ਮਊਨ ਨੂੰ ਮਿਲਿਆ ਅਤੇ ਉਸ ਨੂੰ ਕਿਹਾ, “ਅਸੀਂ ਮਸੀਹ#1:41 ਮਸੀਹ ਦੀ ਥਾਂ ਯੂਨਾਨੀ ਭਾਸ਼ਾ ਵਿੱਚ ‘ਖ੍ਰਿਰਸਟਸ’ ਸ਼ਬਦ ਦੀ ਵਰਤੋ ਕੀਤੀ ਗਈ ਹੈ । (ਅਰਥਾਤ ਪਰਮੇਸ਼ਰ ਦੇ ਅਭਿਸ਼ੇਕ ਕੀਤੇ ਰਾਜੇ) ਨੂੰ ਲੱਭ ਲਿਆ ਹੈ ।” 42ਉਹ ਸ਼ਮਊਨ ਨੂੰ ਯਿਸੂ ਕੋਲ ਲੈ ਗਿਆ । ਯਿਸੂ ਨੇ ਸ਼ਮਊਨ ਨੂੰ ਬੜੇ ਧਿਆਨ ਨਾਲ ਦੇਖਿਆ ਅਤੇ ਕਿਹਾ, “ਤੂੰ ਯੂਹੰਨਾ ਦਾ ਪੁੱਤਰ ਹੈਂ, ਤੂੰ ਕੈਫ਼ਾ ਅਰਥਾਤ ਪਤਰਸ#1:42 ਪਤਰਸ ਦਾ ਅਰਥ ਚੱਟਾਨ ਹੈ । ਅਖਵਾਏਂਗਾ ।”
ਪ੍ਰਭੂ ਯਿਸੂ ਫ਼ਿਲਿੱਪੁਸ ਅਤੇ ਨਥਾਨਿਏਲ ਨੂੰ ਸੱਦਾ ਦਿੰਦੇ ਹਨ
43ਅਗਲੇ ਦਿਨ ਯਿਸੂ ਨੇ ਗਲੀਲ ਦੇ ਇਲਾਕੇ ਨੂੰ ਜਾਣ ਦਾ ਇਰਾਦਾ ਕੀਤਾ । ਉੱਥੇ ਉਹਨਾਂ ਨੂੰ ਫ਼ਿਲਿੱਪੁਸ ਮਿਲਿਆ । ਯਿਸੂ ਨੇ ਫ਼ਿਲਿੱਪੁਸ ਨੂੰ ਕਿਹਾ, “ਮੇਰੇ ਪਿੱਛੇ ਆ ।” 44ਫ਼ਿਲਿੱਪੁਸ, ਅੰਦ੍ਰਿਯਾਸ ਅਤੇ ਪਤਰਸ ਦੇ ਨਗਰ ਬੈਤਸੈਦਾ ਦਾ ਰਹਿਣ ਵਾਲਾ ਸੀ । 45ਫਿਰ ਫ਼ਿਲਿੱਪੁਸ, ਨਥਾਨਿਏਲ ਨੂੰ ਮਿਲਿਆ ਅਤੇ ਉਸ ਨੇ ਨਥਾਨਿਏਲ ਨੂੰ ਕਿਹਾ, “ਜਿਸ ਦੇ ਬਾਰੇ ਮੂਸਾ ਨੇ ਵਿਵਸਥਾ ਵਿੱਚ ਲਿਖਿਆ ਹੈ ਅਤੇ ਨਬੀਆਂ ਨੇ ਵੀ ਲਿਖਿਆ ਹੈ, ਉਸ ਨੂੰ ਅਸੀਂ ਲੱਭ ਲਿਆ ਹੈ । ਉਹ ਯੂਸਫ਼ ਦੇ ਪੁੱਤਰ ਯਿਸੂ ਹਨ, ਜੋ ਨਾਸਰਤ ਨਗਰ ਦੇ ਰਹਿਣ ਵਾਲੇ ਹਨ ।” 46ਨਥਾਨਿਏਲ ਨੇ ਕਿਹਾ, “ਕੀ ਨਾਸਰਤ ਵਿੱਚੋਂ ਕੋਈ ਚੰਗੀ ਚੀਜ਼ ਨਿਕਲ ਸਕਦੀ ਹੈ ?” ਫ਼ਿਲਿੱਪੁਸ ਨੇ ਕਿਹਾ, “ਆ ਅਤੇ ਦੇਖ ।”
47ਜਦੋਂ ਯਿਸੂ ਨੇ ਨਥਾਨਿਏਲ ਨੂੰ ਆਪਣੇ ਵੱਲ ਆਉਂਦਿਆਂ ਦੇਖਿਆ, ਤਾਂ ਉਹਨਾਂ ਨੇ ਕਿਹਾ, “ਦੇਖੋ, ਸੱਚਾ ਇਸਰਾਏਲੀ । ਇਸ ਵਿੱਚ ਕਿਸੇ ਤਰ੍ਹਾਂ ਦਾ ਛੱਲ ਕਪਟ ਨਹੀਂ ਹੈ ।” 48ਨਥਾਨਿਏਲ ਨੇ ਉਹਨਾਂ ਨੂੰ ਕਿਹਾ, “ਤੁਸੀਂ ਮੈਨੂੰ ਕਿਸ ਤਰ੍ਹਾਂ ਜਾਣਦੇ ਹੋ ?” ਯਿਸੂ ਨੇ ਉੱਤਰ ਦਿੱਤਾ, “ਫ਼ਿਲਿੱਪੁਸ ਦੇ ਤੈਨੂੰ ਸੱਦਣ ਤੋਂ ਪਹਿਲਾਂ ਹੀ, ਮੈਂ ਤੈਨੂੰ ਅੰਜੀਰ ਦੇ ਰੁੱਖ ਥੱਲੇ ਦੇਖਿਆ ਸੀ ।” 49ਨਥਾਨਿਏਲ ਇੱਕ ਦਮ ਬੋਲ ਉੱਠਿਆ, “ਗੁਰੂ ਜੀ, ਤੁਸੀਂ ਪਰਮੇਸ਼ਰ ਦੇ ਪੁੱਤਰ ਹੋ । ਤੁਸੀਂ ਇਸਰਾਏਲ ਦੇ ਰਾਜਾ ਹੋ ।” 50ਯਿਸੂ ਨੇ ਉਸ ਨੂੰ ਕਿਹਾ, “ਕੀ ਤੂੰ ਇਸ ਲਈ ਵਿਸ਼ਵਾਸ ਕੀਤਾ ਹੈ ਕਿ ਮੈਂ ਤੈਨੂੰ ਇਹ ਦੱਸਿਆ ਹੈ ਕਿ ਮੈਂ ਤੈਨੂੰ ਅੰਜੀਰ ਦੇ ਰੁੱਖ ਥੱਲੇ ਦੇਖਿਆ ਸੀ ? ਤੂੰ ਇਸ ਤੋਂ ਵੀ ਵੱਡੇ ਵੱਡੇ ਕੰਮ ਦੇਖੇਂਗਾ ।” 51ਯਿਸੂ ਨੇ ਅੱਗੇ ਕਿਹਾ, “ਮੈਂ ਤੁਹਾਨੂੰ ਸੱਚ ਸੱਚ ਕਹਿੰਦਾ ਹਾਂ, ਤੁਸੀਂ ਸਵਰਗ ਨੂੰ ਖੁੱਲ੍ਹਿਆ ਹੋਇਆ ਦੇਖੋਗੇ ਅਤੇ ਪਰਮੇਸ਼ਰ ਦੇ ਸਵਰਗਦੂਤਾਂ#ਉਤ 28:12 ਨੂੰ ਮਨੁੱਖ ਦੇ ਪੁੱਤਰ ਦੇ ਉੱਪਰੋਂ ਦੀ ਉੱਤਰਦੇ ਅਤੇ ਚੜ੍ਹਦੇ ਦੇਖੋਗੇ ।”

Punjabi Common Language (North American Version):

Text © 2018 Canadian Bible Society and Bible Society of India

This Publication © 2018 Canadian Bible Society

Learn More About ਪਰਮੇਸ਼ਰ ਦੀ ਬਾਣੀ : ਸੰਤ ਯੂਹੰਨਾ ਦੁਆਰਾ ਲਿਖਿਆ ਸ਼ੁਭ ਸਮਾਚਾਰ