YouVersion Logo
Search Icon

ਰਸੂਲਾਂ ਦੇ ਕੰਮ 22

22
1“ਭਰਾਵੋ ਅਤੇ ਬਜ਼ੁਰਗੋ, ਸੁਣੋ ! ਮੈਂ ਆਪਣੀ ਸਫ਼ਾਈ ਪੇਸ਼ ਕਰਦਾ ਹਾਂ ।” 2ਜਦੋਂ ਉਹਨਾਂ ਨੇ ਉਸ ਨੂੰ ਇਬਰਾਨੀ ਵਿੱਚ ਬੋਲਦੇ ਸੁਣਿਆ ਤਾਂ ਉਹ ਹੋਰ ਵੀ ਚੁੱਪ ਹੋ ਗਏ ਅਤੇ ਪੌਲੁਸ ਨੇ ਕਿਹਾ,
3 # ਰਸੂਲਾਂ 5:34-39 “ਮੈਂ ਇੱਕ ਯਹੂਦੀ ਹਾਂ ਅਤੇ ਕਿਲਕਿਯਾ ਦੇ ਸ਼ਹਿਰ ਤਰਸੁਸ ਵਿੱਚ ਮੇਰਾ ਜਨਮ ਹੋਇਆ । ਪਰ ਮੇਰਾ ਪਾਲਣ-ਪੋਸ਼ਣ ਇਸੇ ਸ਼ਹਿਰ ਯਰੂਸ਼ਲਮ ਵਿੱਚ ਹੋਇਆ ਹੈ । ਮੈਂ ਗਮਲੀਏਲ ਦੇ ਚਰਨਾਂ ਵਿੱਚ ਬੈਠ ਕੇ ਆਪਣੇ ਪੁਰਖਿਆਂ ਦੀ ਵਿਵਸਥਾ ਦੀ ਠੀਕ ਠੀਕ ਸਿੱਖਿਆ ਲਈ ਅਤੇ ਪਰਮੇਸ਼ਰ ਦੇ ਲਈ ਜੋਸ਼ੀਲਾ ਸੀ ਜਿਸ ਤਰ੍ਹਾਂ ਅੱਜ ਤੁਸੀਂ ਸਾਰੇ ਹੋ । 4#ਰਸੂਲਾਂ 8:3, 26:9-11ਮੈਂ ਇਸ ‘ਰਾਹ’ ਦੇ ਲੋਕਾਂ ਉੱਤੇ ਜਾਨੋਂ ਮਾਰਨ ਤੱਕ ਅੱਤਿਆਚਾਰ ਕੀਤੇ । ਮੈਂ ਆਦਮੀਆਂ ਅਤੇ ਔਰਤਾਂ ਨੂੰ ਬੰਨ੍ਹ-ਬੰਨ੍ਹ ਕੇ ਕੈਦ ਵਿੱਚ ਸੁੱਟਿਆ । 5ਇਸ ਗੱਲ ਦੀ ਗਵਾਹੀ ਮਹਾਂ-ਪੁਰੋਹਿਤ ਅਤੇ ਸਭਾ ਦੇ ਬਜ਼ੁਰਗ ਆਗੂ ਵੀ ਦੇ ਸਕਦੇ ਹਨ । ਮੈਂ ਇਹਨਾਂ ਕੋਲੋਂ ਭਰਾਵਾਂ ਦੇ ਨਾਂ ਚਿੱਠੀਆਂ ਲੈ ਕੇ ਦਮਿਸ਼ਕ ਜਾ ਰਿਹਾ ਸੀ ਕਿ ਉੱਥੋਂ ਦੇ ਲੋਕਾਂ ਨੂੰ ਵੀ ਗਰਿਫ਼ਤਾਰ ਕਰ ਕੇ ਸਜ਼ਾ ਦਵਾਉਣ ਲਈ ਯਰੂਸ਼ਲਮ ਲਿਆਵਾਂ ।
ਪੌਲੁਸ ਦੀ ਆਪਣੇ ਜੀਵਨ ਬਦਲਣ ਬਾਰੇ ਗਵਾਹੀ
(ਰਸੂਲਾਂ ਦੇ ਕੰਮ 9:1-19, 26:12-18)
6“ਜਦੋਂ ਮੈਂ ਯਾਤਰਾ ਕਰਦੇ ਹੋਏ ਦਮਿਸ਼ਕ ਦੇ ਨੇੜੇ ਪਹੁੰਚਿਆ ਤਾਂ ਦੁਪਹਿਰ ਦੇ ਵੇਲੇ ਅਚਾਨਕ ਇੱਕ ਤੇਜ ਮੇਰੇ ਆਲੇ-ਦੁਆਲੇ ਚਮਕਿਆ । 7ਮੈਂ ਧਰਤੀ ਉੱਤੇ ਡਿੱਗ ਪਿਆ ਅਤੇ ਮੈਂ ਇੱਕ ਆਵਾਜ਼ ਸੁਣੀ ਜਿਸ ਨੇ ਮੈਨੂੰ ਕਿਹਾ, ‘ਸੌਲੁਸ, ਸੌਲੁਸ, ਤੂੰ ਮੈਨੂੰ ਕਿਉਂ ਸਤਾਉਂਦਾ ਹੈਂ ?’ 8ਮੈਂ ਪੁੱਛਿਆ, ‘ਪ੍ਰਭੂ ਜੀ, ਤੁਸੀਂ ਕੌਣ ਹੋ ?’ ਉਹਨਾਂ ਨੇ ਮੈਨੂੰ ਉੱਤਰ ਦਿੱਤਾ, ‘ਮੈਂ ਨਾਸਰਤ ਦਾ ਰਹਿਣ ਵਾਲਾ ਯਿਸੂ ਹਾਂ ਜਿਸ ਨੂੰ ਤੂੰ ਸਤਾ ਰਿਹਾ ਹੈਂ ।’ 9ਮੇਰੇ ਸਾਥੀਆਂ ਨੇ ਤੇਜ ਤਾਂ ਦੇਖਿਆ ਪਰ ਜਿਹੜਾ ਮੇਰੇ ਨਾਲ ਬੋਲ ਰਿਹਾ ਸੀ, ਉਸ ਦੀ ਆਵਾਜ਼ ਨਾ ਸੁਣੀ । 10ਮੈਂ ਪੁੱਛਿਆ, ‘ਪ੍ਰਭੂ ਜੀ, ਮੈਂ ਕੀ ਕਰਾਂ ?’ ਪ੍ਰਭੂ ਨੇ ਮੈਨੂੰ ਕਿਹਾ, ‘ਉੱਠ, ਅਤੇ ਦਮਿਸ਼ਕ ਨੂੰ ਜਾ । ਜੋ ਕੁਝ ਤੇਰੇ ਕਰਨ ਲਈ ਨਿਸ਼ਚਿਤ ਕੀਤਾ ਗਿਆ ਹੈ, ਉਹ ਸਭ ਕੁਝ ਤੈਨੂੰ ਉੱਥੇ ਦੱਸ ਦਿੱਤਾ ਜਾਵੇਗਾ ।’ 11ਜਦੋਂ ਮੈਂ ਉਸ ਤੇਜ ਦੇ ਕਾਰਨ ਦੇਖ ਨਾ ਸਕਿਆ ਤਦ ਮੇਰੇ ਸਾਥੀ ਮੇਰਾ ਹੱਥ ਫੜ ਕੇ ਮੈਨੂੰ ਦਮਿਸ਼ਕ ਨੂੰ ਲੈ ਗਏ ।
12“ਫਿਰ ਹਨਾਨਿਯਾਹ ਨਾਂ ਦਾ ਇੱਕ ਵਿਵਸਥਾ ਦਾ ਸ਼ਰਧਾਲੂ ਜਿਸ ਦਾ ਉੱਥੇ ਦੇ ਰਹਿਣ ਵਾਲੇ ਸਾਰੇ ਯਹੂਦੀ ਸਤਿਕਾਰ ਕਰਦੇ ਸਨ, 13ਮੇਰੇ ਕੋਲ ਆਇਆ ਅਤੇ ਖੜ੍ਹੇ ਹੋ ਕੇ ਮੈਨੂੰ ਕਿਹਾ, ‘ਭਰਾ ਸੌਲੁਸ, ਫਿਰ ਤੋਂ ਦੇਖਣ ਲੱਗ ਜਾ ।’ ਉਸੇ ਸਮੇਂ ਮੈਂ ਦੇਖਣ ਲੱਗ ਪਿਆ ਅਤੇ ਮੈਂ ਉਸ ਨੂੰ ਦੇਖਿਆ । 14ਫਿਰ ਉਸ ਨੇ ਕਿਹਾ, ‘ਸਾਡੇ ਪੁਰਖਿਆਂ ਦੇ ਪਰਮੇਸ਼ਰ ਨੇ ਤੈਨੂੰ ਚੁਣ ਲਿਆ ਹੈ ਕਿ ਤੂੰ ਉਹਨਾਂ ਦੀ ਇੱਛਾ ਨੂੰ ਜਾਣੇਂ, ਪਵਿੱਤਰ ਪੁਰਖ ਦੇ ਦਰਸ਼ਨ ਕਰੇਂ ਅਤੇ ਉਹਨਾਂ ਦੇ ਮੂੰਹ ਦੀ ਆਵਾਜ਼ ਸੁਣੇਂ । 15ਕਿਉਂਕਿ ਤੂੰ ਉਹਨਾਂ ਦੇ ਵੱਲੋਂ ਸਾਰੇ ਮਨੁੱਖਾਂ ਦੇ ਸਾਹਮਣੇ ਉਹਨਾਂ ਸਾਰੀਆਂ ਗੱਲਾਂ ਦਾ ਗਵਾਹ ਹੋਵੇਂਗਾ ਜਿਹੜੀਆਂ ਤੂੰ ਦੇਖੀਆਂ ਅਤੇ ਸੁਣੀਆਂ ਹਨ । 16ਹੁਣ ਦੇਰ ਕਿਉਂ ਕਰ ਰਿਹਾ ਹੈਂ ? ਉੱਠ, ਬਪਤਿਸਮਾ ਲੈ ਅਤੇ ਉਹਨਾਂ ਦਾ ਨਾਮ ਲੈ ਕੇ ਆਪਣੇ ਪਾਪਾਂ ਤੋਂ ਮਾਫ਼ੀ ਪ੍ਰਾਪਤ ਕਰ’ ।
ਪੌਲੁਸ ਨੂੰ ਪਰਾਈਆਂ ਕੌਮਾਂ ਵਿੱਚ ਭੇਜਿਆ ਜਾਣਾ
17“ਜਦੋਂ ਮੈਂ ਯਰੂਸ਼ਲਮ ਨੂੰ ਵਾਪਸ ਚਲਾ ਗਿਆ ਅਤੇ ਹੈਕਲ ਵਿੱਚ ਪ੍ਰਾਰਥਨਾ ਕਰ ਰਿਹਾ ਸੀ ਤਾਂ ਮੈਂ ਅੰਤਰਲੀਨ ਹੋ ਗਿਆ । 18ਇਸ ਹਾਲਤ ਵਿੱਚ ਮੈਂ ਦੇਖਿਆ ਕਿ ਪ੍ਰਭੂ ਮੈਨੂੰ ਕਹਿ ਰਹੇ ਸਨ, ‘ਛੇਤੀ ਕਰ ਅਤੇ ਇਕਦਮ ਯਰੂਸ਼ਲਮ ਵਿੱਚੋਂ ਬਾਹਰ ਚਲਾ ਜਾ, ਕਿਉਂਕਿ ਇਹ ਲੋਕ ਮੇਰੇ ਬਾਰੇ ਤੇਰੀ ਗਵਾਹੀ ਸਵੀਕਾਰ ਨਹੀਂ ਕਰਨਗੇ ।’ 19ਮੈਂ ਉੱਤਰ ਦਿੱਤਾ, ‘ਪ੍ਰਭੂ ਜੀ, ਇਹ ਜਾਣਦੇ ਹਨ ਕਿ ਇਹ ਮੈਂ ਹੀ ਸੀ ਜਿਹੜਾ ਪ੍ਰਾਰਥਨਾ ਘਰਾਂ ਵਿੱਚ ਜਾ ਕੇ ਉਹਨਾਂ ਨੂੰ ਜਿਹੜੇ ਤੁਹਾਡੇ ਵਿੱਚ ਵਿਸ਼ਵਾਸ ਕਰਦੇ ਸਨ, ਬੰਧੀ ਬਣਾਉਂਦਾ ਅਤੇ ਕੁੱਟਦਾ ਸੀ । 20#ਰਸੂਲਾਂ 7:58ਫਿਰ ਜਦੋਂ ਤੁਹਾਡੇ ਗਵਾਹ ਸਤੀਫ਼ਨੁਸ ਦਾ ਖ਼ੂਨ ਵਹਾਇਆ ਜਾ ਰਿਹਾ ਸੀ, ਉਸ ਸਮੇਂ ਮੈਂ ਆਪ ਉੱਥੇ ਖੜ੍ਹਾ ਸੀ ਅਤੇ ਹਾਮੀ ਭਰਦੇ ਹੋਏ ਕਾਤਲਾਂ ਦੇ ਕੱਪੜਿਆਂ ਦੀ ਰਾਖੀ ਕਰ ਰਿਹਾ ਸੀ ।’ 21ਪਰ ਪ੍ਰਭੂ ਨੇ ਕਿਹਾ, ‘ਜਾ, ਮੈਂ ਤੈਨੂੰ ਪਰਾਈਆਂ ਕੌਮਾਂ ਦੇ ਕੋਲ ਦੂਰ ਤੱਕ ਭੇਜਾਂਗਾ ।’”
ਪੌਲੁਸ ਦੀ ਰੋਮੀ ਨਾਗਰਿਕਤਾ
22ਇੱਥੋਂ ਤੱਕ ਤਾਂ ਲੋਕਾਂ ਨੇ ਪੌਲੁਸ ਨੂੰ ਸੁਣਿਆ ਪਰ ਬਾਅਦ ਵਿੱਚ ਉਹ ਆਪਣੀ ਪੂਰੀ ਆਵਾਜ਼ ਨਾਲ ਰੌਲਾ ਪਾਉਣ ਲੱਗੇ, “ਇਸ ਨੂੰ ਧਰਤੀ ਤੋਂ ਖ਼ਤਮ ਕਰ ਦੇਵੋ ! ਇਹ ਜਿਊਂਦਾ ਰਹਿਣ ਦੇ ਯੋਗ ਨਹੀਂ ਹੈ !” 23ਜਦੋਂ ਉਹ ਰੌਲਾ ਪਾਉਂਦੇ, ਕੱਪੜੇ ਸੁੱਟਦੇ ਅਤੇ ਹਵਾ ਵਿੱਚ ਘੱਟਾ ਉਡਾ ਰਹੇ ਸਨ, 24ਤਦ ਸੈਨਾਪਤੀ ਨੇ ਹੁਕਮ ਦਿੱਤਾ, “ਇਸ ਨੂੰ ਅੰਦਰ ਕਿਲੇ ਵਿੱਚ ਲੈ ਚੱਲੋ ਅਤੇ ਕੋਰੜੇ ਮਾਰ ਕੇ ਇਸ ਦੀ ਜਾਂਚ ਕਰੋ ਤਾਂ ਜੋ ਮੈਨੂੰ ਪਤਾ ਲੱਗੇ ਕਿ ਇਹ ਲੋਕ ਇਸ ਦੇ ਵਿਰੁੱਧ ਕਿਉਂ ਰੌਲਾ ਪਾ ਰਹੇ ਹਨ ।” 25ਜਦੋਂ ਉਹ ਲੋਕ ਪੌਲੁਸ ਨੂੰ ਕੋਰੜੇ ਮਾਰਨ ਲਈ ਬੰਨ੍ਹ ਚੁੱਕੇ ਤਾਂ ਪੌਲੁਸ ਨੇ ਨੇੜੇ ਖੜ੍ਹੇ ਅਫ਼ਸਰ ਨੂੰ ਕਿਹਾ, “ਕੀ ਇਹ ਕਾਨੂੰਨੀ ਤੌਰ ਤੇ ਠੀਕ ਹੈ ਕਿ ਤੁਸੀਂ ਇੱਕ ਅਜਿਹੇ ਆਦਮੀ ਨੂੰ ਜਿਹੜਾ ਰੋਮੀ ਨਾਗਰਿਕ ਹੈ ਅਤੇ ਦੋਸ਼ੀ ਸਿੱਧ ਨਹੀਂ ਕੀਤਾ ਗਿਆ, ਕੋਰੜੇ ਮਾਰੋ ?” 26ਜਦੋਂ ਅਫ਼ਸਰ ਨੇ ਇਹ ਸੁਣਿਆ ਤਾਂ ਉਹ ਸੈਨਾਪਤੀ ਕੋਲ ਗਿਆ ਅਤੇ ਕਿਹਾ, “ਤੁਸੀਂ ਇਹ ਕੀ ਕਰ ਰਹੇ ਹੋ ? ਇਹ ਆਦਮੀ ਤਾਂ ਰੋਮੀ ਹੈ ।” 27ਇਸ ਲਈ ਸੈਨਾਪਤੀ ਪੌਲੁਸ ਕੋਲ ਗਿਆ ਅਤੇ ਪੁੱਛਣ ਲੱਗਾ, “ਮੈਨੂੰ ਦੱਸ, ਕੀ ਤੂੰ ਰੋਮੀ ਨਾਗਰਿਕ ਹੈਂ ?” ਪੌਲੁਸ ਨੇ ਕਿਹਾ, “ਹਾਂ ।” 28ਸੈਨਾਪਤੀ ਨੇ ਕਿਹਾ, “ਮੈਨੂੰ ਇਹ ਨਾਗਰਿਕਤਾ ਬਹੁਤ ਧਨ ਖਰਚ ਕਰ ਕੇ ਮਿਲੀ ਹੈ ।” ਪੌਲੁਸ ਨੇ ਉੱਤਰ ਦਿੱਤਾ, “ਮੈਂ ਤਾਂ ਜਨਮ ਤੋਂ ਹੀ ਰੋਮੀ ਨਾਗਰਿਕ ਹਾਂ ।” 29ਫਿਰ ਉਹ ਲੋਕ ਜਿਹੜੇ ਪੌਲੁਸ ਦੀ ਜਾਂਚ ਕਰਨ ਲੱਗੇ ਸਨ, ਇਕਦਮ ਦੂਰ ਹੋ ਗਏ । ਸੈਨਾਪਤੀ ਵੀ ਇਹ ਜਾਣ ਕੇ ਕਿ ਪੌਲੁਸ ਰੋਮੀ ਹੈ ਘਬਰਾ ਗਿਆ ਅਤੇ ਉਸ ਨੇ ਪੌਲੁਸ ਨੂੰ ਬੇੜੀਆਂ ਪਾ ਦਿੱਤੀਆਂ ।
ਪੌਲੁਸ ਮਹਾਂਸਭਾ ਦੇ ਸਾਹਮਣੇ
30ਅਗਲੇ ਦਿਨ ਸੱਚਾਈ ਜਾਨਣ ਦੀ ਇੱਛਾ ਨਾਲ ਕਿ ਯਹੂਦੀ ਉਸ ਉੱਤੇ ਕਿਉਂ ਦੋਸ਼ ਲਾਉਂਦੇ ਹਨ, ਸੈਨਾਪਤੀ ਨੇ ਉਸ ਦੀਆਂ ਬੇੜੀਆਂ ਖੋਲ੍ਹ ਦਿੱਤੀਆਂ ਅਤੇ ਮਹਾਂ-ਪੁਰੋਹਿਤਾਂ ਅਤੇ ਮਹਾਂਸਭਾ ਨੂੰ ਇਕੱਠੇ ਹੋਣ ਦਾ ਹੁਕਮ ਦਿੱਤਾ । ਫਿਰ ਉਸ ਨੇ ਪੌਲੁਸ ਨੂੰ ਲਿਆ ਕੇ ਉਹਨਾਂ ਦੇ ਸਾਹਮਣੇ ਖੜ੍ਹਾ ਕਰ ਦਿੱਤਾ ।

Highlight

Share

Copy

None

Want to have your highlights saved across all your devices? Sign up or sign in