YouVersion Logo
Search Icon

ਜ਼ਕਰ 1

1
ਪਰਮੇਸ਼ੁਰ ਦੇ ਵੱਲ ਮੁੜਨ ਦੇ ਲਈ ਇੱਕ ਪੁਕਾਰ
1ਸਮਰਾਟ ਦਾਰਾ ਦੇ ਰਾਜ ਦੇ ਦੂਜੇ ਸਾਲ ਦੇ ਅੱਠਵੇਂ ਮਹੀਨੇ ਵਿੱਚ ਯਹੋਵਾਹ ਦਾ ਬਚਨ ਬਰਕਯਾਹ ਦੇ ਪੁੱਤਰ ਇੱਦੋ ਦੇ ਪੋਤੇ ਜ਼ਕਰਯਾਹ ਨਬੀ ਨੂੰ ਆਇਆ ਕਿ 2ਯਹੋਵਾਹ ਤੁਹਾਡੇ ਪੁਰਖਿਆਂ ਉੱਤੇ ਬਹੁਤ ਕ੍ਰੋਧਵਾਨ ਰਿਹਾ, 3ਤੂੰ ਉਨ੍ਹਾਂ ਨੂੰ ਆਖ ਕਿ ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਫਰਮਾਉਂਦਾ ਹੈ, ਤੁਸੀਂ ਮੇਰੀ ਵੱਲ ਮੁੜੋ, ਸੈਨਾਂ ਦੇ ਯਹੋਵਾਹ ਦਾ ਵਾਕ ਹੈ, ਤਾਂ ਮੈਂ ਤੁਹਾਡੀ ਵੱਲ ਮੁੜਾਂਗਾ, ਸੈਨਾਂ ਦਾ ਯਹੋਵਾਹ ਆਖਦਾ ਹੈ। 4ਤੁਸੀਂ ਆਪਣੇ ਪੁਰਖਿਆਂ ਵਰਗੇ ਨਾ ਹੋਵੋ, ਜਿਨ੍ਹਾਂ ਨੂੰ ਪਹਿਲੇ ਨਬੀਆਂ ਨੇ ਉੱਚੀ ਦੇ ਕੇ ਕਿਹਾ ਕਿ ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ, “ਤੁਸੀਂ ਆਪਣੇ ਬੁਰਿਆਂ ਰਾਹਾਂ ਤੋਂ ਅਤੇ ਬੁਰਿਆਂ ਕੰਮਾਂ ਤੋਂ ਮੁੜੋ!” ਪਰ ਉਨ੍ਹਾਂ ਨਾ ਸੁਣਿਆ ਅਤੇ ਨਾ ਮੇਰੀ ਵੱਲ ਧਿਆਨ ਕੀਤਾ, ਯਹੋਵਾਹ ਦਾ ਵਾਕ ਹੈ। 5ਤੁਹਾਡੇ ਪੁਰਖੇ, ਉਹ ਕਿੱਥੇ ਹਨ? ਅਤੇ ਕੀ ਨਬੀ ਸਦਾ ਤੱਕ ਜੀਉਂਦੇ ਰਹਿਣਗੇ? 6ਪਰ ਮੇਰੇ ਬਚਨ ਅਤੇ ਮੇਰੀਆਂ ਬਿਧੀਆਂ, ਜਿਨ੍ਹਾਂ ਦਾ ਮੈਂ ਆਪਣੇ ਸੇਵਾਦਾਰ ਨਬੀਆਂ ਨੂੰ ਹੁਕਮ ਦਿੱਤਾ ਸੀ, ਕੀ ਉਹ ਤੁਹਾਡੇ ਪੁਰਖਿਆਂ ਉੱਤੇ ਪੂਰੀਆਂ ਨਹੀਂ ਹੋਈਆਂ? ਸਗੋਂ ਉਹ ਮੁੜੇ ਅਤੇ ਕਿਹਾ ਕਿ ਸੈਨਾਂ ਦੇ ਯਹੋਵਾਹ ਨੇ ਜਿਵੇਂ ਸਾਡੇ ਨਾਲ ਵਰਤਣਾ ਚਾਹਿਆ, ਉਸੇ ਤਰ੍ਹਾਂ ਸਾਡੇ ਰਾਹਾਂ ਅਤੇ ਸਾਡੇ ਕੰਮਾਂ ਦੇ ਅਨੁਸਾਰ ਸਾਡੇ ਨਾਲ ਵਰਤਾਓ ਕੀਤਾ।
ਘੋੜਿਆਂ ਦੇ ਸੰਬੰਧਿਤ ਦਰਸ਼ਣ
7ਸਮਰਾਟ ਦਾਰਾ ਦੇ ਰਾਜ ਦੇ ਦੂਜੇ ਸਾਲ ਦੇ ਗਿਆਰਵੇਂ ਮਹੀਨੇ ਦੀ ਚੌਵੀ ਤਾਰੀਖ਼ ਨੂੰ ਜੋ ਉਹ ਸ਼ਬਾਟ ਦਾ ਮਹੀਨਾ ਸੀ, ਯਹੋਵਾਹ ਦਾ ਬਚਨ ਬਰਕਯਾਹ ਦੇ ਪੁੱਤਰ ਇੱਦੋ ਦੇ ਪੋਤੇ ਜ਼ਕਰਯਾਹ ਨਬੀ ਨੂੰ ਆਇਆ ਕਿ 8ਮੈਂ ਰਾਤ ਨੂੰ ਦੇਖਿਆ ਤਾਂ ਵੇਖੋ, ਇੱਕ ਮਨੁੱਖ ਲਾਲ ਘੋੜੇ ਉੱਤੇ ਸਵਾਰ ਮਹਿੰਦੀ ਦੇ ਬੂਟਿਆਂ ਵਿੱਚ ਜਿਹੜੇ ਨੀਵੇਂ ਥਾਂ ਉੱਤੇ ਸਨ ਖੜ੍ਹਾ ਸੀ। ਉਸ ਦੇ ਮਗਰ ਲਾਲ, ਭੂਰੇ ਅਤੇ ਚਿੱਟੇ ਘੋੜੇ ਸਨ, 9ਤਾਂ ਮੈਂ ਕਿਹਾ, ਹੇ ਪ੍ਰਭੂ, ਇਹ ਕੀ ਹਨ? ਉਸ ਦੂਤ ਨੇ ਜਿਹੜਾ ਮੇਰੇ ਨਾਲ ਗੱਲਾਂ ਕਰਦਾ ਸੀ ਮੈਨੂੰ ਕਿਹਾ, “ਮੈਂ ਤੈਨੂੰ ਵਿਖਾਵਾਂਗਾ ਕਿ ਇਹ ਕੀ ਹਨ।” 10ਸੋ ਉਸ ਮਨੁੱਖ ਨੇ ਜਿਹੜਾ ਮਹਿੰਦੀ ਦੇ ਬੂਟਿਆਂ ਵਿੱਚ ਖੜ੍ਹਾ ਸੀ ਉੱਤਰ ਦੇ ਕੇ ਕਿਹਾ, “ਇਹ ਉਹ ਹਨ ਜਿਨ੍ਹਾਂ ਨੂੰ ਯਹੋਵਾਹ ਨੇ ਧਰਤੀ ਵਿੱਚ ਘੁੰਮਣ ਲਈ ਭੇਜਿਆ ਹੈ। 11ਉਹਨਾਂ ਨੇ ਯਹੋਵਾਹ ਦੇ ਦੂਤ ਨੂੰ ਜਿਹੜਾ ਮਹਿੰਦੀ ਦੇ ਬੂਟਿਆਂ ਵਿੱਚ ਖੜ੍ਹਾ ਸੀ ਉੱਤਰ ਦੇ ਕੇ ਕਿਹਾ ਕਿ ਅਸੀਂ ਧਰਤੀ ਦਾ ਆਪ ਦੌਰਾ ਕੀਤਾ ਹੈ ਅਤੇ ਵੇਖੋ, ਸਾਰੀ ਧਰਤੀ ਅਮਨ ਨਾਲ ਵੱਸਦੀ ਹੈ।” 12ਅੱਗੋਂ ਯਹੋਵਾਹ ਦੇ ਦੂਤ ਨੇ ਉੱਤਰ ਦੇ ਕੇ ਕਿਹਾ, “ਹੇ ਸੈਨਾਂ ਦੇ ਯਹੋਵਾਹ, ਤੂੰ ਕਦੋਂ ਤੱਕ ਯਰੂਸ਼ਲਮ ਅਤੇ ਯਹੂਦਾਹ ਦੇ ਸ਼ਹਿਰਾਂ ਉੱਤੇ ਰਹਮ ਨਾ ਕਰੇਂਗਾ, ਜਿਨ੍ਹਾਂ ਉੱਤੇ ਤੂੰ ਇਹ ਸੱਤਰ ਸਾਲ ਕ੍ਰੋਧਵਾਨ ਰਿਹਾ ਹੈ?” 13ਤਦ ਯਹੋਵਾਹ ਨੇ ਉਸ ਦੂਤ ਨੂੰ ਜਿਹੜਾ ਮੇਰੇ ਨਾਲ ਗੱਲਾਂ ਕਰਦਾ ਸੀ, ਚੰਗੇ ਅਤੇ ਦਿਲਾਸੇ ਦੇ ਸ਼ਬਦਾਂ ਵਿੱਚ ਉੱਤਰ ਦਿੱਤਾ। 14ਫੇਰ ਉਸ ਦੂਤ ਨੇ ਜਿਹੜਾ ਮੇਰੇ ਨਾਲ ਗੱਲਾਂ ਕਰਦਾ ਸੀ ਮੈਨੂੰ ਕਿਹਾ, ਪੁਕਾਰ ਕੇ ਕਹਿ ਕਿ ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਯਰੂਸ਼ਲਮ ਲਈ ਮੈਨੂੰ ਅਣਖ ਹੈ ਅਤੇ ਸੀਯੋਨ ਲਈ ਵੱਡੀ ਅਣਖ ਹੈ, 15ਮੈਂ ਇਹਨਾਂ ਕੌਮਾਂ ਨਾਲ ਅੱਤ ਵੱਡਾ ਕ੍ਰੋਧਵਾਨ ਰਿਹਾ ਜਿਹੜੀਆਂ ਅਰਾਮ ਵਿੱਚ ਸਨ, ਕਿਉਂ ਜੋ ਮੇਰਾ ਕ੍ਰੋਧ ਥੋੜ੍ਹਾ ਜਿਹਾ ਸੀ ਪਰ ਉਹਨਾਂ ਨੇ ਉਨ੍ਹਾਂ ਬਿਪਤਾਵਾਂ ਨੂੰ ਵਧਾ ਦਿੱਤਾ। 16ਇਸ ਲਈ ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਮੈਂ ਰਹਮ ਨਾਲ ਯਰੂਸ਼ਲਮ ਨੂੰ ਮੁੜ ਆਇਆ ਹਾਂ। ਮੇਰਾ ਭਵਨ ਇਸ ਵਿੱਚ ਉਸਾਰਿਆ ਜਾਵੇਗਾ, ਸੈਨਾਂ ਦੇ ਯਹੋਵਾਹ ਦਾ ਵਾਕ ਹੈ, ਅਤੇ ਯਰੂਸ਼ਲਮ ਦੇ ਉੱਤੇ ਨਾਪ ਦੀ ਰੱਸੀ ਖਿੱਚੀ ਜਾਵੇਗੀ। 17ਫੇਰ ਪੁਕਾਰ ਕੇ ਇਹ ਵੀ ਕਹਿ ਕਿ ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ, “ਮੇਰੇ ਨਗਰ ਫੇਰ ਪਦਾਰਥਾਂ ਨਾਲ ਉੱਛਲਣਗੇ, ਯਹੋਵਾਹ ਫੇਰ ਸੀਯੋਨ ਨੂੰ ਤਸੱਲੀ ਦੇਵੇਗਾ ਅਤੇ ਯਰੂਸ਼ਲਮ ਨੂੰ ਫੇਰ ਚੁਣੇਗਾ।”
ਸਿੰਗਾਂ ਦੇ ਸੰਬੰਧਿਤ ਦਰਸ਼ਣ
18ਮੈਂ ਅੱਖਾਂ ਚੁੱਕ ਕੇ ਦੇਖਿਆ, ਤਾਂ ਵੇਖੋ, ਚਾਰ ਸਿੰਗ ਸਨ, 19ਤਾਂ ਮੈਂ ਉਸ ਦੂਤ ਨੂੰ ਜਿਹੜਾ ਮੇਰੇ ਨਾਲ ਗੱਲਾਂ ਕਰਦਾ ਸੀ ਕਿਹਾ, ਇਹ ਕੀ ਹਨ? ਉਸ ਨੇ ਮੈਨੂੰ ਕਿਹਾ ਕਿ ਇਹ ਚਾਰ ਸਿੰਗ ਹਨ ਜਿਨ੍ਹਾਂ ਨੇ ਯਹੂਦਾਹ, ਇਸਰਾਏਲ ਅਤੇ ਯਰੂਸ਼ਲਮ ਨੂੰ ਤਿੱਤਰ-ਬਿੱਤਰ ਕਰ ਦਿੱਤਾ ਹੈ। 20ਫਿਰ ਯਹੋਵਾਹ ਨੇ ਮੈਨੂੰ ਚਾਰ ਲੁਹਾਰ ਵਿਖਾਏ 21ਤਾਂ ਮੈਂ ਕਿਹਾ, ਇਹ ਕੀ ਕਰਨ ਆਏ ਹਨ? ਉਸ ਨੇ ਕਿਹਾ ਕਿ ਇਹ ਉਹ ਸਿੰਗ ਹਨ ਜਿਨ੍ਹਾਂ ਨੇ ਯਹੂਦਾਹ ਨੂੰ ਇਸ ਤਰ੍ਹਾਂ ਤਿੱਤਰ-ਬਿੱਤਰ ਕੀਤਾ ਕਿ ਕੋਈ ਮਨੁੱਖ ਸਿਰ ਨਾ ਚੁੱਕ ਸਕੇ। ਪਰ ਇਹ ਉਹਨਾਂ ਨੂੰ ਡਰਾਉਣ ਅਤੇ ਉਹਨਾਂ ਕੌਮਾਂ ਦੇ ਸਿੰਗਾਂ ਨੂੰ ਕੱਟਣ ਦੇ ਲਈ ਆਏ ਹਨ, ਜਿਨ੍ਹਾਂ ਨੇ ਯਹੂਦਾਹ ਦੇ ਦੇਸ ਨੂੰ ਤਿੱਤਰ-ਬਿੱਤਰ ਕਰਨ ਲਈ ਸਿੰਙ ਚੁੱਕਿਆ ਹੈ।

Currently Selected:

ਜ਼ਕਰ 1: IRVPun

Highlight

Copy

Compare

Share

None

Want to have your highlights saved across all your devices? Sign up or sign in