YouVersion Logo
Search Icon

ਗਿਣਤੀ 6

6
ਨਜ਼ੀਰਾਂ ਦੀ ਨੀਤੀ
1ਯਹੋਵਾਹ ਨੇ ਮੂਸਾ ਨੂੰ ਆਖਿਆ, 2ਇਸਰਾਏਲੀਆਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਆਖ ਕਿ ਜਦ ਕੋਈ ਪੁਰਸ਼ ਜਾਂ ਇਸਤਰੀ ਨਜ਼ੀਰ#6:2 ਅਲੱਗ ਕੀਤਾ ਹੋਇਆ ਦੀ ਖ਼ਾਸ ਸੁੱਖਣਾ ਸੁੱਖੇ ਅਰਥਾਤ ਯਹੋਵਾਹ ਲਈ ਆਪਣੇ ਆਪ ਨੂੰ ਅਰਪਣ ਕਰੇ। 3ਤਾਂ ਦਾਖ਼ਰਸ ਅਤੇ ਸ਼ਰਾਬ ਤੋਂ ਆਪਣੇ ਆਪ ਨੂੰ ਅੱਡ ਰੱਖੇ। ਉਹ, ਨਾ ਤਾਂ ਦਾਖਰਸ ਦਾ ਸਿਰਕਾ, ਨਾ ਸ਼ਰਾਬ ਦਾ ਸਿਰਕਾ ਪੀਵੇ ਅਤੇ ਉਹ ਕੋਈ ਦਾਖਰਸ ਨਾ ਪੀਵੇ ਨਾ ਕੋਈ ਦਾਖ ਸੁੱਕੀ ਜਾਂ ਤਾਜ਼ਾ ਖਾਵੇ। 4ਉਹ ਦੇ ਅਲੱਗ ਹੋਣ ਦੇ ਸਾਰੇ ਦਿਨ ਉਹ ਬੀਜ ਤੋਂ ਲੈ ਕੇ ਛਿਲਕੇ ਤੱਕ ਕੁਝ ਨਾ ਖਾਵੇ ਜਿਹੜਾ ਦਾਖ ਤੋਂ ਬਣਿਆ ਹੋਵੇ।
5ਉਸ ਦੇ ਅੱਡ ਹੋਣ ਦੀ ਸੁੱਖਣਾ ਦੇ ਸਾਰੇ ਦਿਨ ਕੋਈ ਉਸਤਰਾ ਉਸ ਦੇ ਸਿਰ ਨੂੰ ਨਾ ਲੱਗੇ ਜਦ ਤੱਕ ਉਸ ਦੇ ਦਿਨ ਪੂਰੇ ਨਾ ਹੋਣ ਜਿਨ੍ਹਾਂ ਵਿੱਚ ਉਸ ਨੇ ਯਹੋਵਾਹ ਲਈ ਆਪਣੇ ਆਪ ਨੂੰ ਅੱਡ ਕੀਤਾ, ਉਹ ਪਵਿੱਤਰ ਰਹੇ ਅਤੇ ਆਪਣੇ ਸਿਰ ਦੇ ਵਾਲਾਂ ਦੀਆਂ ਲਟਾਂ ਵਧਣ ਦੇਵੇ। 6ਯਹੋਵਾਹ ਲਈ ਅੱਡ ਹੋਣ ਦੇ ਸਾਰੇ ਦਿਨ ਤੱਕ ਉਹ ਕਿਸੇ ਵੀ ਲਾਸ਼ ਕੋਲ ਨਾ ਜਾਵੇ। 7ਉਹ ਆਪਣੇ ਪਿਤਾ, ਮਾਤਾ, ਭਰਾ ਜਾਂ ਭੈਣ ਲਈ, ਜਦ ਉਹ ਮਰ ਜਾਣ ਅਸ਼ੁੱਧ ਨਾ ਹੋ ਜਾਵੇ ਕਿਉਂ ਜੋ ਉਸ ਦੇ ਪਰਮੇਸ਼ੁਰ ਲਈ ਅੱਡ ਹੋਣ ਦੀ ਜ਼ਿੰਮੇਵਾਰੀ ਉਸ ਦੇ ਸਿਰ ਉੱਤੇ ਹੈ। 8ਉਸ ਦੇ ਅੱਡ ਹੋਣ ਦੇ ਸਾਰੇ ਦਿਨ ਯਹੋਵਾਹ ਲਈ ਪਵਿੱਤਰ ਹਨ।
9ਜੇ ਕੋਈ ਉਸ ਦੇ ਕੋਲ ਅਚਾਨਕ ਮਰ ਜਾਵੇ ਅਤੇ ਉਸ ਦੇ ਅੱਡ ਹੋਣ ਦਾ ਸਮਾਂ ਅਸ਼ੁੱਧ ਹੋ ਜਾਵੇ ਤਾਂ ਉਹ ਆਪਣੇ ਸ਼ੁੱਧ ਹੋਣ ਦੇ ਦਿਨ ਆਪਣਾ ਸਿਰ ਮੁਨਾਵੇ, ਸੱਤਵੇਂ ਦਿਨ ਉਹ ਨੂੰ ਮੁਨਾਵੇ। 10ਫੇਰ ਅੱਠਵੇਂ ਦਿਨ ਉਹ ਜਾਜਕ ਕੋਲ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਉੱਤੇ ਦੋ ਘੁੱਗੀਆਂ ਜਾਂ ਦੋ ਕਬੂਤਰ ਦੇ ਬੱਚੇ ਲਿਆਵੇ। 11ਤਾਂ ਜਾਜਕ ਇੱਕ ਨੂੰ ਪਾਪ ਬਲੀ ਅਤੇ ਦੂਜੇ ਨੂੰ ਹੋਮ ਦੀ ਬਲੀ ਲਈ ਚੜ੍ਹਾਵੇ ਅਤੇ ਇਸ ਤਰ੍ਹਾਂ ਉਹ ਦੇ ਲਈ ਪ੍ਰਾਸਚਿਤ ਕਰੇ ਕਿਉਂ ਜੋ ਉਸ ਨੇ ਉਸ ਲਾਸ਼ ਦੇ ਕਾਰਨ ਪਾਪ ਕੀਤਾ ਤਾਂ ਉਹ ਆਪਣੇ ਸਿਰ ਨੂੰ ਉਸੇ ਦਿਨ ਪਵਿੱਤਰ ਕਰੇ। 12ਉਹ ਆਪਣੇ ਅੱਡ ਹੋਣ ਦੇ ਦਿਨ ਯਹੋਵਾਹ ਲਈ ਅੱਡ ਰੱਖੇ ਅਤੇ ਉਹ ਇੱਕ ਸਾਲ ਦਾ ਭੇਡ ਦਾ ਬੱਚਾ ਦੋਸ਼ ਦੀ ਭੇਟ ਲਈ ਲਿਆਵੇ ਪਰ ਉਸ ਦੇ ਪਿਛਲੇ ਦਿਨ ਵਿਅਰਥ ਹੋ ਗਏ ਕਿਉਂ ਜੋ ਉਹ ਆਪਣੇ ਅੱਡ ਰਹਿਣ ਦੇ ਸਮੇਂ ਦੌਰਾਨ ਭਰਿਸ਼ਟ ਹੋ ਗਿਆ।
13ਇਹ ਨਜ਼ੀਰ ਲਈ ਬਿਵਸਥਾ ਹੈ, ਜਿਸ ਦਿਨ ਉਸ ਦੇ ਅੱਡ ਹੋਣ ਦੇ ਦਿਨ ਪੂਰੇ ਹੋਣ ਤਾਂ ਉਹ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਲਿਆਂਦਾ ਜਾਵੇ। 14ਉਹ ਯਹੋਵਾਹ ਕੋਲ ਆਪਣੀ ਬਲੀ ਲਿਆਵੇ, ਇੱਕ ਸਾਲ ਦਾ ਦੋਸ਼ ਰਹਿਤ ਭੇਡ ਦਾ ਬੱਚਾ ਹੋਮ ਦੀ ਬਲੀ ਲਈ ਅਤੇ ਇੱਕ ਸਾਲ ਦੀ ਦੋਸ਼ ਰਹਿਤ ਲੇਲੀ ਪਾਪ ਬਲੀ ਲਈ ਅਤੇ ਇੱਕ ਦੋਸ਼ ਰਹਿਤ ਭੇਡ ਦਾ ਬੱਚਾ ਸੁੱਖ-ਸਾਂਦ ਦੀ ਬਲੀ ਲਈ ਲਿਆਵੇ। 15ਨਾਲੇ ਪਤੀਰੀਆਂ ਰੋਟੀਆਂ ਦੀ ਟੋਕਰੀ ਅਤੇ ਮੈਦੇ ਦੇ ਫੁਲਕੇ ਤੇਲ ਨਾਲ ਚੋਪੜੇ ਹੋਏ ਅਤੇ ਪਤੀਰੀਆਂ ਮੱਠੀਆਂ ਤੇਲ ਨਾਲ ਚੋਪੜੀਆਂ ਹੋਈਆਂ ਉਨ੍ਹਾਂ ਦੇ ਮੈਦੇ ਦੀ ਭੇਟ ਅਤੇ ਪੀਣ ਦੀਆਂ ਭੇਟਾਂ ਨਾਲ ਹੋਣ। 16ਫੇਰ ਜਾਜਕ ਉਨ੍ਹਾਂ ਨੂੰ ਯਹੋਵਾਹ ਦੇ ਅੱਗੇ ਲਿਆਵੇ ਅਤੇ ਉਹ ਦੇ ਪਾਪ ਦੀਆਂ ਅਤੇ ਉਹ ਦੇ ਹੋਮ ਦੀਆਂ ਬਲੀਆਂ ਚੜ੍ਹਾਵੇ। 17ਅਤੇ ਉਸ ਭੇਡ ਦੇ ਬੱਚੇ ਨੂੰ ਪਤੀਰੀਆਂ ਰੋਟੀਆਂ ਦੇ ਛਾਬੇ ਸਮੇਤ ਸੁੱਖ-ਸਾਂਦ ਦੀ ਬਲੀ ਲਈ ਯਹੋਵਾਹ ਨੂੰ ਚੜ੍ਹਾਵੇ ਅਤੇ ਜਾਜਕ ਉਸ ਦੇ ਮੈਦੇ ਦੀ ਭੇਟ ਅਤੇ ਪੀਣ ਦੀ ਭੇਟ ਚੜ੍ਹਾਵੇ। 18ਤਾਂ ਨਜ਼ੀਰ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਆਪਣੇ ਅੱਡ ਹੋਣ ਦਾ ਸਿਰ ਮੁਨਾਵੇ ਅਤੇ ਆਪਣੇ ਅੱਡ ਹੋਣ ਦੇ ਸਿਰ ਦੇ ਵਾਲ਼ ਅੱਗ ਉੱਤੇ ਸੁੱਟੇ ਜਿਹੜੀ ਸੁੱਖ-ਸਾਂਦ ਦੀ ਬਲੀ ਹੇਠ ਹੈ। 19ਫੇਰ ਜਾਜਕ ਉਸ ਭੇਡ ਦੇ ਬੱਚੇ ਦਾ ਉਬਾਲਿਆ ਹੋਇਆ ਮੋਢਾ ਅਤੇ ਛਾਬੇ ਵਿੱਚੋਂ ਇੱਕ ਪਤੀਰੀ ਰੋਟੀ ਅਤੇ ਇੱਕ ਪਤੀਰੀ ਮੱਠੀ ਲੈ ਕੇ ਨਜ਼ੀਰ ਦੇ ਹੱਥਾਂ ਉੱਤੇ ਉਸ ਦੇ ਅੱਡ ਹੋਣ ਦੇ ਸਿਰ ਮੁੰਨਣ ਪਿੱਛੋਂ ਰੱਖੇ। 20ਫੇਰ ਜਾਜਕ ਉਨ੍ਹਾਂ ਨੂੰ ਹਿਲਾਉਣ ਦੀ ਭੇਟ ਲਈ ਯਹੋਵਾਹ ਅੱਗੇ ਹਿਲਾਵੇ। ਇਹ ਹਿਲਾਈ ਹੋਈ ਛਾਤੀ ਅਤੇ ਚੁੱਕਿਆ ਹੋਇਆ ਪੱਟ ਜਾਜਕ ਲਈ ਪਵਿੱਤਰ ਹੈ ਤਾਂ ਫੇਰ ਉਹ ਨਜ਼ੀਰ ਮਧ ਪੀ ਸਕੇਗਾ।
21ਇਹ ਉਸ ਨਜ਼ੀਰ ਦੀ ਬਿਵਸਥਾ ਹੈ ਜਿਹੜਾ ਸੁੱਖਣਾ ਸੁੱਖੇ ਅਤੇ ਉਸ ਦੇ ਅੱਡ ਹੋਣ ਦੇ ਕਾਰਨ ਯਹੋਵਾਹ ਲਈ ਭੇਟ ਹੈ ਨਾਲੇ ਜੋ ਕੁਝ ਉਸ ਦੇ ਹੱਥ ਲੱਗੇ ਆਪਣੀ ਸੁੱਖਣਾ ਅਨੁਸਾਰ ਜਿਹੜੀ ਉਸ ਨੇ ਸੁੱਖੀ ਹੈ ਉਹ ਉਸੇ ਤਰ੍ਹਾਂ ਹੀ ਆਪਣੇ ਅੱਡ ਹੋਣ ਦੀ ਬਿਵਸਥਾ ਅਨੁਸਾਰ ਕਰੇ।
ਜਾਜਕਾਂ ਦੇ ਅਸੀਸ ਦੇਣ ਦੀ ਵਿਧੀ
22ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ, 23ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਬੋਲ ਕਿ ਤੁਸੀਂ ਇਸ ਤਰ੍ਹਾਂ ਇਸਰਾਏਲੀਆਂ ਨੂੰ ਅਸੀਸ ਦੇ ਕੇ ਆਖਿਓ,
24“ਯਹੋਵਾਹ ਤੈਨੂੰ ਬਰਕਤ ਦੇਵੇ ਅਤੇ ਤੇਰੀ ਰਾਖੀ ਕਰੇ,
25ਯਹੋਵਾਹ ਆਪਣੇ ਮੁਖ ਨੂੰ ਤੇਰੇ ਉੱਤੇ ਚਮਕਾਵੇ ਅਤੇ ਤੇਰੇ ਉੱਤੇ ਦਯਾ ਕਰੇ,
26ਯਹੋਵਾਹ ਆਪਣਾ ਮੁਖ ਤੇਰੇ ਵੱਲ ਫੇਰੇ ਅਤੇ ਤੈਨੂੰ ਸ਼ਾਂਤੀ ਦੇਵੇ।”
27ਇਸ ਤਰ੍ਹਾਂ ਉਹ ਮੇਰਾ ਨਾਮ ਇਸਰਾਏਲੀਆਂ ਉੱਤੇ ਰੱਖਣ ਅਤੇ ਮੈਂ ਉਨ੍ਹਾਂ ਨੂੰ ਬਰਕਤ ਦਿਆਂਗਾ।

Currently Selected:

ਗਿਣਤੀ 6: IRVPun

Highlight

Copy

Compare

Share

None

Want to have your highlights saved across all your devices? Sign up or sign in