ਗਿਣਤੀ 27
27
ਸਲਾਫ਼ਹਾਦ ਦੀਆਂ ਧੀਆਂ
1ਯੂਸੁਫ਼ ਦੇ ਪੁੱਤਰ ਮਨੱਸ਼ਹ ਦੇ ਟੱਬਰਾਂ ਵਿੱਚੋਂ ਸਲਾਫ਼ਹਾਦ ਜਿਹੜਾ ਹੇਫ਼ਰ ਦਾ ਪੁੱਤਰ ਗਿਲਆਦ ਦਾ ਪੋਤਾ ਮਾਕੀਰ ਦਾ ਪੜਪੋਤਾ ਅਤੇ ਮਨੱਸ਼ਹ ਦੀ ਅੰਸ ਤੋਂ ਸੀ ਉਸ ਦੀਆਂ ਧੀਆਂ ਆਈਆਂ ਜਿਨ੍ਹਾਂ ਦੇ ਨਾਮ ਮਹਲਾਹ, ਨੋਆਹ, ਹਾਗਲਾਹ, ਮਿਲਕਾਹ, ਅਤੇ ਤਿਰਸਾਹ ਸਨ 2ਅਤੇ ਮੂਸਾ ਦੇ ਅੱਗੇ, ਅਲਆਜ਼ਾਰ ਜਾਜਕ, ਪ੍ਰਧਾਨਾਂ ਅਤੇ ਸਾਰੀ ਮੰਡਲੀ ਦੇ ਅੱਗੇ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਵਿੱਚ ਖੜ੍ਹੇ ਹੋ ਕੇ ਆਖਿਆ, 3ਸਾਡਾ ਪਿਤਾ ਉਜਾੜ ਵਿੱਚ ਮਰ ਗਿਆ ਪਰ ਉਹ ਉਸ ਟੋਲੀ ਵਿੱਚ ਨਹੀਂ ਸੀ ਜਿਹੜੇ ਕੋਰਹ ਦੀ ਮੰਡਲੀ ਨਾਲ ਰਲ ਕੇ ਯਹੋਵਾਹ ਦੇ ਵਿਰੁੱਧ ਹੋ ਗਏ ਸਨ। ਉਹ ਤਾਂ ਆਪਣੇ ਹੀ ਪਾਪ ਨਾਲ ਮਰਿਆ ਅਤੇ ਉਸ ਦੇ ਪੁੱਤਰ ਨਹੀਂ ਸਨ। 4ਸਾਡੇ ਪਿਤਾ ਦਾ ਨਾਮ ਉਸ ਦੇ ਟੱਬਰ ਵਿੱਚੋਂ ਪੁੱਤਰ ਨਾ ਹੋਣ ਦੇ ਕਾਰਨ ਕਿਉਂ ਮਿਟਾਇਆ ਜਾਵੇ? ਸਾਨੂੰ ਵੀ ਸਾਡੇ ਪਿਤਾ ਦੇ ਭਰਾਵਾਂ ਨਾਲ ਜ਼ਮੀਨ ਦਿਓ। 5ਤਾਂ ਮੂਸਾ ਉਨ੍ਹਾਂ ਦੀ ਬੇਨਤੀ ਨੂੰ ਯਹੋਵਾਹ ਅੱਗੇ ਲੈ ਗਿਆ। 6ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, 7ਸਲਾਫ਼ਹਾਦ ਦੀਆਂ ਧੀਆਂ ਠੀਕ ਬੋਲਦੀਆਂ ਹਨ, ਉਨ੍ਹਾਂ ਨੂੰ ਉਨ੍ਹਾਂ ਦੇ ਪਿਤਾ ਦੇ ਭਰਾਵਾਂ ਨਾਲ ਜ਼ਰੂਰ ਜਾਇਦਾਦ ਦੇ ਅਰਥਾਤ ਉਨ੍ਹਾਂ ਤੱਕ ਉਨ੍ਹਾਂ ਦੇ ਪਿਤਾ ਦੀ ਜ਼ਮੀਨ ਪਹੁੰਚਾ ਦੇ। 8ਤੂੰ ਇਸਰਾਏਲੀਆਂ ਨੂੰ ਬੋਲ ਕਿ ਜੇ ਕੋਈ ਮਨੁੱਖ ਮਰ ਜਾਵੇ ਅਤੇ ਉਸ ਦਾ ਪੁੱਤਰ ਨਾ ਹੋਵੇ ਤਾਂ ਉਸ ਦੀ ਜ਼ਮੀਨ ਉਸ ਦੀ ਧੀ ਨੂੰ ਦੇਵੋ। 9ਜੇ ਉਸ ਦੀ ਧੀ ਨਾ ਹੋਵੇ ਤਾਂ ਤੁਸੀਂ ਉਸ ਦੀ ਜ਼ਮੀਨ ਉਸ ਦੇ ਭਰਾਵਾਂ ਨੂੰ ਦਿਓ। 10ਜੇ ਉਸ ਦਾ ਭਰਾ ਨਾ ਹੋਵੇ ਤਾਂ ਤੁਸੀਂ ਉਸ ਦੀ ਜ਼ਮੀਨ ਉਸ ਦੇ ਪਿਤਾ ਦੇ ਭਰਾਵਾਂ ਨੂੰ ਦਿਓ। 11ਅਤੇ ਜੇ ਉਸ ਦੇ ਪਿਤਾ ਦੇ ਭਰਾ ਨਾ ਹੋਣ ਤਾਂ ਤੁਸੀਂ ਉਸ ਦੀ ਜ਼ਮੀਨ ਉਸ ਦੇ ਨਜ਼ਦੀਕੀ ਰਿਸ਼ਤੇਦਾਰ ਨੂੰ ਜਿਹੜੇ ਉਸ ਦੇ ਟੱਬਰ ਦੇ ਹੋਣ ਦਿਓ ਅਤੇ ਉਹ ਆਪਣੇ ਕਬਜ਼ੇ ਵਿੱਚ ਲੈਣ ਅਤੇ ਇਹ ਇਸਰਾਏਲੀਆਂ ਲਈ ਨਿਆਂ ਦੀ ਬਿਧੀ ਹੋਵੇ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।
ਮੂਸਾ ਦੇ ਸਥਾਨ ਤੇ ਯਹੋਸ਼ੁਆ
ਬਿਵਸਥਾ 31:1-8
12ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ ਕਿ ਤੂੰ ਇਸ ਅਬਾਰੀਮ ਨਾਮੀ ਪਰਬਤ ਉੱਤੇ ਚੜ੍ਹ ਅਤੇ ਉਸ ਧਰਤੀ ਨੂੰ ਵੇਖ ਜਿਹੜੀ ਮੈਂ ਇਸਰਾਏਲੀਆਂ ਨੂੰ ਦਿੱਤੀ ਹੈ। 13ਜਦ ਤੂੰ ਉਹ ਨੂੰ ਵੇਖ ਲਿਆ ਤਾਂ ਤੂੰ ਵੀ ਆਪਣੇ ਲੋਕਾਂ ਵਿੱਚ ਜਾ ਰਲੇਗਾ ਜਿਵੇਂ ਹਾਰੂਨ ਤੇਰਾ ਭਰਾ ਜਾ ਰਲਿਆ ਹੈ। 14ਇਸ ਲਈ ਕਿ ਤੁਸੀਂ ਮੇਰੇ ਹੁਕਮ ਨੂੰ ਸੀਨਈ ਦੀ ਉਜਾੜ ਵਿੱਚ ਰੱਦਿਆ ਜਦ ਮੰਡਲੀ ਵਿਰੋਧੀ ਹੋ ਗਈ ਅਤੇ ਤੁਸੀਂ ਮੈਨੂੰ ਉਸ ਪਾਣੀ ਵਿਖੇ ਉਨ੍ਹਾਂ ਦੀਆਂ ਅੱਖਾਂ ਅੱਗੇ ਪਵਿੱਤਰ ਨਾ ਠਹਿਰਾਇਆ। ਉਹ ਮਰੀਬਾਹ ਦਾ ਪਾਣੀ ਸੀਨ ਦੀ ਉਜਾੜ ਵਿੱਚ ਕਾਦੇਸ਼ ਦੇ ਕੋਲ ਸੀ। 15ਫਿਰ ਮੂਸਾ ਨੇ ਯਹੋਵਾਹ ਨਾਲ ਗੱਲ ਕੀਤੀ 16ਕਿ ਯਹੋਵਾਹ ਜਿਹੜਾ ਸਾਰੇ ਸਰੀਰਾਂ ਦੀਆਂ ਆਤਮਾਵਾਂ ਦਾ ਪਰਮੇਸ਼ੁਰ ਹੈ ਕਿਸੇ ਮਨੁੱਖ ਨੂੰ ਮੰਡਲੀ ਉੱਤੇ ਠਹਿਰਾਵੇ। 17ਜਿਹੜਾ ਉਨ੍ਹਾਂ ਦੇ ਅੱਗੇ ਬਾਹਰ ਜਾਵੇ ਅਤੇ ਜਿਹੜਾ ਉਨ੍ਹਾਂ ਦੇ ਅੱਗੇ ਅੰਦਰ ਆਵੇ ਅਤੇ ਜਿਹੜਾ ਉਨ੍ਹਾਂ ਨੂੰ ਬਾਹਰ ਲੈ ਜਾਵੇ ਅਤੇ ਅੰਦਰ ਲੈ ਆਵੇ ਤਾਂ ਜੋ ਯਹੋਵਾਹ ਦੀ ਮੰਡਲੀ ਉਸ ਇੱਜੜ ਵਾਂਗੂੰ ਨਾ ਹੋਵੇ ਜਿਨ੍ਹਾਂ ਦਾ ਕੋਈ ਚਰਵਾਹਾ ਨਹੀਂ। 18ਅੱਗੋਂ ਯਹੋਵਾਹ ਨੇ ਮੂਸਾ ਨੂੰ ਆਖਿਆ, ਨੂਨ ਦੇ ਪੁੱਤਰ ਯਹੋਸ਼ੁਆ ਨੂੰ ਆਪਣੇ ਲਈ ਲੈ। ਉਹ ਇੱਕ ਮਨੁੱਖ ਹੈ ਜਿਸ ਦੇ ਵਿੱਚ ਆਤਮਾ ਹੈ ਅਤੇ ਤੂੰ ਆਪਣਾ ਹੱਥ ਉਸ ਉੱਤੇ ਰੱਖ। 19ਫੇਰ ਤੂੰ ਉਹ ਨੂੰ ਅਲਆਜ਼ਾਰ ਜਾਜਕ ਦੇ ਅੱਗੇ ਅਤੇ ਸਾਰੀ ਮੰਡਲੀ ਦੇ ਅੱਗੇ ਖੜ੍ਹਾ ਕਰ ਕੇ ਉਨ੍ਹਾਂ ਦੇ ਵੇਖਦਿਆਂ ਉਹ ਨੂੰ ਅਧਿਕਾਰ ਦੇ। 20ਅਤੇ ਤੂੰ ਉਸ ਨੂੰ ਆਪਣੀ ਪਦਵੀ ਤੋਂ ਦੇ ਤਾਂ ਜੋ ਇਸਰਾਏਲ ਦੀ ਸਾਰੀ ਮੰਡਲੀ ਉਸ ਦੀ ਸੁਣੇ। 21ਅਤੇ ਉਹ ਅਲਆਜ਼ਾਰ ਜਾਜਕ ਦੇ ਅੱਗੇ ਖੜ੍ਹਾ ਹੋਵੇ ਅਤੇ ਉਹ ਯਹੋਵਾਹ ਦੇ ਅੱਗੇ ਊਰੀਮ ਦਾ ਫ਼ੈਸਲਾ ਉਹ ਦੇ ਵਿਖੇ ਪੁੱਛੇ। ਉਸ ਦੇ ਹੁਕਮ ਉੱਤੇ ਉਹ ਸਾਰੇ ਇਸਰਾਏਲੀ ਅਰਥਾਤ ਸਾਰੀ ਮੰਡਲੀ ਬਾਹਰ ਜਾਵੇ ਅਤੇ ਉਸ ਦੇ ਹੁਕਮ ਉੱਤੇ ਅੰਦਰ ਆਵੇ। 22ਸੋ ਮੂਸਾ ਨੇ ਇਸੇ ਤਰ੍ਹਾਂ ਹੀ ਕੀਤਾ ਜਿਵੇਂ ਯਹੋਵਾਹ ਨੇ ਉਹ ਨੂੰ ਹੁਕਮ ਦਿੱਤਾ ਸੀ ਅਤੇ ਯਹੋਸ਼ੁਆ ਨੂੰ ਲੈ ਕੇ ਅਲਆਜ਼ਾਰ ਜਾਜਕ ਦੇ ਅੱਗੇ ਅਤੇ ਸਾਰੀ ਮੰਡਲੀ ਦੇ ਅੱਗੇ ਖੜ੍ਹਾ ਕੀਤਾ। 23ਫੇਰ ਉਹ ਨੇ ਆਪਣੇ ਹੱਥ ਉਸ ਉੱਤੇ ਰੱਖੇ ਅਤੇ ਉਸ ਨੂੰ ਇਖ਼ਤਿਆਰ ਦਿੱਤਾ ਜਿਵੇਂ ਯਹੋਵਾਹ ਮੂਸਾ ਦੇ ਰਾਹੀਂ ਬੋਲਿਆ ਸੀ।
Currently Selected:
ਗਿਣਤੀ 27: IRVPun
Highlight
Copy
Compare
Share
Want to have your highlights saved across all your devices? Sign up or sign in
PNB-IRV
Creative Commons License
Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.