ਗਿਣਤੀ 10
10
ਚਾਂਦੀ ਦੀਆਂ ਦੋ ਤੁਰ੍ਹੀਆਂ
1ਯਹੋਵਾਹ ਨੇ ਮੂਸਾ ਨੂੰ ਆਖਿਆ, 2ਆਪਣੇ ਲਈ ਚਾਂਦੀ ਦੀਆਂ ਦੋ ਤੁਰ੍ਹੀਆਂ ਬਣਾ। ਉਨ੍ਹਾਂ ਨੂੰ ਘੜ੍ਹ ਕੇ ਬਣਾ ਤਾਂ ਜੋ ਉਹ ਤੇਰੇ ਲਈ ਮੰਡਲੀ ਨੂੰ ਸੱਦਣ ਲਈ ਅਤੇ ਡੇਰਿਆਂ ਦੇ ਕੂਚ ਕਰਨ ਲਈ ਹੋਣ। 3ਜਦ ਉਹ ਉਨ੍ਹਾਂ ਨੂੰ ਫੂਕਣ ਤਾਂ ਸਾਰੀ ਮੰਡਲੀ ਤੇਰੇ ਕੋਲ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਇਕੱਠੀ ਹੋ ਜਾਵੇ। 4ਜੇਕਰ ਇੱਕੋ ਹੀ ਫੂਕਣ ਤਾਂ ਪ੍ਰਧਾਨ, ਜਿਹੜੇ ਇਸਰਾਏਲ ਵਿੱਚ ਹਜ਼ਾਰਾਂ ਦੇ ਮੁਖੀਏ ਹਨ, ਤੇਰੇ ਕੋਲ ਇਕੱਠੇ ਹੋ ਜਾਣ। 5ਜਦ ਤੁਸੀਂ ਸਾਹ ਖਿੱਚ ਕੇ ਫੂਕ ਮਾਰੋ ਤਾਂ ਪੂਰਬ ਦਿਸ਼ਾ ਵੱਲ ਦੇ ਡੇਰੇ ਕੂਚ ਕਰਨ। 6ਜਦ ਤੁਸੀਂ ਸਾਹ ਖਿੱਚ ਕੇ ਦੂਜੀ ਵਾਰ ਫੂਕ ਮਾਰੋ ਤਾਂ ਦੱਖਣ ਦਿਸ਼ਾ ਵੱਲ ਦੇ ਡੇਰੇ ਕੂਚ ਕਰਨ। ਇਸ ਤਰ੍ਹਾਂ ਦੇ ਕੂਚ ਕਰਨ ਲਈ ਉਹ ਸਾਹ ਖਿੱਚ ਕੇ ਫੂਕਣ। 7ਜਦ ਸਭਾ ਇਕੱਠੀ ਕਰਨੀ ਹੋਵੇ ਤਾਂ ਤੁਸੀਂ ਤੁਰ੍ਹੀ ਫੂਕੋ ਪਰ ਸਾਹ ਖਿੱਚ ਕੇ ਨਾ ਫੂਕੋ। 8ਅਤੇ ਹਾਰੂਨ ਦੇ ਪੁੱਤਰ ਜੋ ਜਾਜਕ ਹਨ ਉਹ ਤੁਰ੍ਹੀਆਂ ਫੂਕਣ ਅਤੇ ਉਹ ਤੁਹਾਡੇ ਲਈ ਸਦਾ ਤੱਕ ਤੁਹਾਡੀ ਪੀੜ੍ਹੀਓਂ ਪੀੜ੍ਹੀ ਲਈ ਇੱਕ ਬਿਧੀ ਹੋਵੇ। 9ਜਦ ਤੁਸੀਂ ਆਪਣੇ ਦੇਸ ਵਿੱਚ ਆਪਣੇ ਵੈਰੀਆਂ ਦੇ ਵਿਰੁੱਧ, ਜਿਹੜੇ ਤੁਹਾਨੂੰ ਸਤਾਉਂਦੇ ਹਨ ਯੁੱਧ ਕਰਨ ਲਈ ਜਾਓ ਤਾਂ ਤੁਸੀਂ ਤੁਰ੍ਹੀਆਂ ਨੂੰ ਸਾਹ ਖਿੱਚ ਕੇ ਫੂਕੋ, ਫੇਰ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਅੱਗੇ ਯਾਦ ਕੀਤੇ ਜਾਓਗੇ ਅਤੇ ਤੁਸੀਂ ਆਪਣੇ ਵੈਰੀਆਂ ਤੋਂ ਬਚਾਏ ਜਾਓਗੇ। 10ਆਪਣੇ ਅਨੰਦ ਦੇ ਦਿਨ, ਆਪਣੇ ਠਹਿਰਾਏ ਹੋਏ ਪਰਬਾਂ ਅਤੇ ਆਪਣੇ ਮਹੀਨਿਆਂ ਦੇ ਅਰੰਭ ਵਿੱਚ ਆਪਣੇ ਹੋਮ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਬਲੀਆਂ ਉੱਤੇ ਤੁਰ੍ਹੀਆਂ ਨੂੰ ਫੂਕੋ ਅਤੇ ਉਹ ਤੁਹਾਡੇ ਲਈ ਤੁਹਾਡੇ ਪਰਮੇਸ਼ੁਰ ਅੱਗੇ ਇੱਕ ਯਾਦਗਾਰੀ ਠਹਿਰਨ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।
ਇਸਰਾਏਲੀਆਂ ਦੀ ਸੀਨਈ ਪਰਬਤ ਤੋਂ ਕੂਚ
11ਫੇਰ ਅਜਿਹਾ ਹੋਇਆ ਕਿ ਦੂਜੇ ਸਾਲ ਦੇ ਦੂਜੇ ਮਹੀਨੇ ਦੇ ਵੀਹਵੇਂ ਦਿਨ ਉਹ ਬੱਦਲ ਸਾਖੀ ਦੇ ਡੇਰੇ ਦੇ ਉੱਤੋਂ ਚੁੱਕਿਆ ਗਿਆ। 12ਤਾਂ ਇਸਰਾਏਲੀਆਂ ਨੇ ਸੀਨਈ ਦੀ ਉਜਾੜ ਤੋਂ ਆਪਣੇ ਸਫ਼ਰ ਲਈ ਕੂਚ ਕੀਤਾ ਅਤੇ ਬੱਦਲ ਪਾਰਾਨ ਨਾਮਕ ਉਜਾੜ ਵਿੱਚ ਠਹਿਰ ਗਿਆ। 13ਸੋ ਉਨ੍ਹਾਂ ਨੇ ਯਹੋਵਾਹ ਦੇ ਹੁਕਮ ਨਾਲ ਜਿਹੜਾ ਮੂਸਾ ਦੇ ਰਾਹੀਂ ਆਇਆ ਸੀ, ਪਹਿਲਾਂ ਕੂਚ ਕੀਤਾ। 14ਅਤੇ ਸਭ ਤੋਂ ਪਹਿਲਾਂ ਯਹੂਦਾਹ ਦੇ ਡੇਰੇ ਦੇ ਝੰਡੇ ਦਾ ਕੂਚ ਹੋਇਆ, ਉਹ ਦਲ ਬਣਾ ਕੇ ਚੱਲੇ, ਅਤੇ ਉਸ ਦਾ ਸੈਨਾਪਤੀ ਅੰਮੀਨਾਦਾਬ ਦਾ ਪੁੱਤਰ ਨਹਸ਼ੋਨ ਸੀ। 15ਯਿੱਸਾਕਾਰ ਦੇ ਗੋਤ ਦਾ ਸੈਨਾਪਤੀ ਸੂਆਰ ਦਾ ਪੁੱਤਰ ਨਥਨਿਏਲ ਸੀ। 16ਅਤੇ ਜ਼ਬੂਲੁਨ ਦੇ ਗੋਤ ਦਾ ਸੈਨਾਪਤੀ ਹੇਲੋਨ ਦਾ ਪੁੱਤਰ ਅਲੀਆਬ ਸੀ। 17ਫੇਰ ਡੇਰਾ ਉਤਾਰਿਆ ਗਿਆ ਅਤੇ ਗੇਰਸ਼ੋਨੀਆਂ ਅਤੇ ਮਰਾਰੀਆਂ ਨੇ ਜੋ ਡੇਰੇ ਨੂੰ ਚੁੱਕਦੇ ਸਨ, ਕੂਚ ਕੀਤਾ। 18ਫੇਰ ਰਊਬੇਨ ਦੇ ਡੇਰੇ ਦੇ ਝੰਡੇ ਦਾ ਕੂਚ ਹੋਇਆ ਉਹ ਦਲ ਬਣਾ ਕੇ ਚੱਲੇ ਅਤੇ ਉਨ੍ਹਾਂ ਦਾ ਸੈਨਾਪਤੀ ਸ਼ਦੇਊਰ ਦਾ ਪੁੱਤਰ ਅਲੀਸੂਰ ਸੀ। 19ਸ਼ਿਮਓਨ ਦੇ ਗੋਤ ਦਾ ਸੈਨਾਪਤੀ ਸੂਰੀਸ਼ਦਾਈ ਦਾ ਪੁੱਤਰ ਸ਼ਲੁਮੀਏਲ ਸੀ। 20ਅਤੇ ਗਾਦ ਦੇ ਗੋਤ ਦਾ ਸੈਨਾਪਤੀ ਦਊਏਲ ਦਾ ਪੁੱਤਰ ਅਲਯਾਸਾਫ਼ ਸੀ। 21ਫੇਰ ਕਹਾਥੀਆਂ ਨੇ ਡੇਰੇ ਨੂੰ ਚੁੱਕ ਕੇ ਕੂਚ ਕੀਤਾ ਅਤੇ ਦੂਜਿਆਂ ਨੇ ਉਨ੍ਹਾਂ ਦੇ ਆਉਣ ਤੱਕ ਡੇਰੇ ਨੂੰ ਖੜ੍ਹਾ ਕਰ ਲਿਆ। 22ਫੇਰ ਇਫ਼ਰਾਈਮੀਆਂ ਦੇ ਡੇਰੇ ਦੇ ਝੰਡੇ ਦਾ ਕੂਚ ਹੋਇਆ, ਉਹ ਦਲ ਬਣਾ ਕੇ ਚੱਲੇ ਅਤੇ ਉਨ੍ਹਾਂ ਦਾ ਸੈਨਾਪਤੀ ਅੰਮੀਹੂਦ ਦਾ ਪੁੱਤਰ ਅਲੀਸ਼ਾਮਾ ਸੀ। 23ਮਨੱਸ਼ਹ ਦੇ ਗੋਤ ਦਾ ਸੈਨਾਪਤੀ ਪਦਾਹਸੂਰ ਦਾ ਪੁੱਤਰ ਗਮਲੀਏਲ ਸੀ। 24ਬਿਨਯਾਮੀਨ ਦੇ ਗੋਤ ਦਾ ਸੈਨਾਪਤੀ ਗਿਦਓਨੀ ਦਾ ਪੁੱਤਰ ਅਬੀਦਾਨ ਸੀ। 25ਫੇਰ ਦਾਨ ਦੇ ਡੇਰੇ ਦੇ ਝੰਡੇ ਦਾ ਕੂਚ ਹੋਇਆ ਜਿਹੜਾ ਸਾਰੇ ਡੇਰਿਆਂ ਤੋਂ ਪਿੱਛੇ ਸੀ, ਉਹ ਦਲ ਬਣਾ ਕੇ ਚੱਲੇ ਅਤੇ ਉਨ੍ਹਾਂ ਦਾ ਸੈਨਾਪਤੀ ਅੰਮੀਸ਼ੱਦਾਈ ਦਾ ਪੁੱਤਰ ਅਹੀਅਜ਼ਰ ਸੀ। 26ਅਤੇ ਆਸ਼ੇਰ ਦੇ ਗੋਤ ਦਾ ਸੈਨਾਪਤੀ ਆਕਰਾਨ ਦਾ ਪੁੱਤਰ ਪਗੀਏਲ ਸੀ। 27ਅਤੇ ਨਫ਼ਤਾਲੀ ਦੇ ਗੋਤ ਦਾ ਸੈਨਾਪਤੀ ਏਨਾਨ ਦਾ ਪੁੱਤਰ ਅਹੀਰਾ ਸੀ। 28ਇਹ ਇਸਰਾਏਲੀ ਇਸੇ ਤਰ੍ਹਾਂ ਹੀ ਆਪਣੇ-ਆਪਣੇ ਦਲਾਂ ਦੇ ਅਨੁਸਾਰ ਕੂਚ ਕਰਦੇ ਸਨ ਅਤੇ ਅੱਗੇ ਵਧਿਆ ਕਰਦੇ ਸਨ।
29ਮੂਸਾ ਨੇ ਆਪਣੇ ਸਹੁਰੇ ਰਊਏਲ ਮਿਦਯਾਨੀ ਦੇ ਪੁੱਤਰ ਹੋਬਾਬ ਨੂੰ ਆਖਿਆ ਕਿ ਅਸੀਂ ਉਸ ਥਾਂ ਨੂੰ ਜਿਹੜਾ ਯਹੋਵਾਹ ਨੇ ਸਾਨੂੰ ਦੇਣ ਨੂੰ ਆਖਿਆ ਹੈ ਕੂਚ ਕਰ ਰਹੇ ਹਾਂ। ਤੂੰ ਸਾਡੇ ਨਾਲ ਚੱਲ ਅਤੇ ਅਸੀਂ ਤੇਰੇ ਨਾਲ ਭਲਿਆਈ ਕਰਾਂਗੇ ਕਿਉਂ ਜੋ ਯਹੋਵਾਹ ਨੇ ਇਸਰਾਏਲ ਲਈ ਭਲਿਆਈ ਕਰਨ ਦੀ ਗੱਲ ਕੀਤੀ ਹੈ। 30ਉਸ ਨੇ ਆਖਿਆ, ਮੈਂ ਨਹੀਂ ਜਾਂਵਾਂਗਾ ਸਗੋਂ ਮੈਂ ਆਪਣੇ ਦੇਸ ਅਤੇ ਆਪਣੇ ਰਿਸ਼ਤੇਦਾਰਾਂ ਵਿੱਚ ਜਾਂਵਾਂਗਾ। 31ਤਾਂ ਮੂਸਾ ਨੇ ਆਖਿਆ, ਸਾਨੂੰ ਨਾ ਛੱਡ ਕਿਉਂ ਜੋ ਤੂੰ ਜਾਣਦਾ ਹੈਂ ਕਿ ਅਸੀਂ ਉਜਾੜ ਵਿੱਚ ਕਿਵੇਂ ਡੇਰੇ ਲਾਈਏ ਅਤੇ ਤੂੰ ਸਾਡੇ ਲਈ ਅੱਖਾਂ ਦਾ ਕੰਮ ਦੇਵੇਂਗਾ। 32ਅਤੇ ਅਜਿਹਾ ਹੋਵੇਗਾ ਕਿ ਜੇਕਰ ਤੂੰ ਸਾਡੇ ਨਾਲ ਚੱਲੇ ਤਾਂ ਜਿਹੜੀ ਭਲਿਆਈ ਯਹੋਵਾਹ ਸਾਡੇ ਨਾਲ ਕਰੇਗਾ ਉਹੀ ਭਲਿਆਈ ਅਸੀਂ ਵੀ ਤੇਰੇ ਨਾਲ ਕਰਾਂਗੇ।
ਲੋਕਾਂ ਦੀ ਕੂਚ
33ਫੇਰ ਇਸਰਾਏਲੀਆਂ ਨੇ ਯਹੋਵਾਹ ਦੇ ਪਰਬਤ ਤੋਂ ਤਿੰਨ ਦਿਨਾਂ ਦਾ ਸਫ਼ਰ ਕੀਤਾ ਅਤੇ ਉਨ੍ਹਾਂ ਲਈ ਵਿਸ਼ਰਾਮ ਦੀ ਥਾਂ ਲੱਭਣ ਲਈ ਯਹੋਵਾਹ ਦੇ ਨੇਮ ਦੇ ਸੰਦੂਕ ਨੇ ਵੀ ਉਨ੍ਹਾਂ ਦੇ ਅੱਗੇ-ਅੱਗੇ ਤਿੰਨ ਦਿਨਾਂ ਦਾ ਸਫ਼ਰ ਕੀਤਾ। 34ਜਦ ਉਹ ਡੇਰੇ ਤੋਂ ਕੂਚ ਕਰਦੇ ਸਨ ਤਾਂ ਦਿਨ ਦੇ ਵੇਲੇ ਯਹੋਵਾਹ ਦਾ ਬੱਦਲ ਉਨ੍ਹਾਂ ਦੇ ਉੱਤੇ ਹੁੰਦਾ ਸੀ। 35ਇਸ ਤਰ੍ਹਾਂ ਹੁੰਦਾ ਸੀ, ਕਿ ਜਦ ਸੰਦੂਕ ਦਾ ਕੂਚ ਹੁੰਦਾ ਸੀ ਤਾਂ ਮੂਸਾ ਆਖਦਾ ਸੀ “ਹੇ ਯਹੋਵਾਹ, ਉੱਠ ਅਤੇ ਤੇਰੇ ਵੈਰੀ ਖਿੱਲਰ ਜਾਣ ਅਤੇ ਤੇਰੇ ਤੋਂ ਘਿਣ ਕਰਨ ਵਾਲੇ ਤੇਰੇ ਅੱਗੋਂ ਭੱਜ ਜਾਣ।” 36ਅਤੇ ਜਦ ਸੰਦੂਕ ਠਹਿਰਦਾ ਸੀ ਤਾਂ ਮੂਸਾ ਕਹਿੰਦਾ ਹੁੰਦਾ ਸੀ, “ਹੇ ਯਹੋਵਾਹ, ਇਸਰਾਏਲ ਦੇ ਲੱਖਾਂ ਹਜ਼ਾਰਾਂ ਵਿੱਚ ਮੁੜ ਆ।”
Currently Selected:
ਗਿਣਤੀ 10: IRVPun
Highlight
Copy
Compare
Share
Want to have your highlights saved across all your devices? Sign up or sign in
PNB-IRV
Creative Commons License
Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.