YouVersion Logo
Search Icon

ਮਰਕੁਸ 7

7
ਰੀਤ ਦੀ ਪਾਲਨਾ ਕਰਨ ਦੇ ਬਾਰੇ ਪ੍ਰਸ਼ਨ
ਮੱਤੀ 15:1-9
1ਫ਼ਰੀਸੀ ਅਤੇ ਕਈ ਉਪਦੇਸ਼ਕ ਯਰੂਸ਼ਲਮ ਤੋਂ ਆ ਕੇ ਪ੍ਰਭੂ ਯਿਸੂ ਦੇ ਕੋਲ ਇਕੱਠੇ ਹੋਏ। 2ਅਤੇ ਉਨ੍ਹਾਂ ਨੇ ਉਹ ਦੇ ਕਿੰਨਿਆਂ ਚੇਲਿਆਂ ਨੂੰ ਅਸ਼ੁੱਧ ਅਰਥਾਤ ਬਿਨ੍ਹਾਂ ਹੱਥ ਧੋਤੇ ਰੋਟੀ ਖਾਂਦੇ ਵੇਖਿਆ ਸੀ। 3(ਕਿਉਂ ਜੋ ਫ਼ਰੀਸੀ ਅਤੇ ਸਾਰੇ ਯਹੂਦੀ ਬਜ਼ੁਰਗਾਂ ਦੀ ਰੀਤ ਅਨੁਸਾਰ ਜਦੋਂ ਤੱਕ ਉਹ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਧੋ ਨਾ ਲੈਣ ਉਦੋਂ ਤੱਕ ਰੋਟੀ ਨਹੀਂ ਸੀ ਖਾਂਦੇ। 4ਅਤੇ ਬਜਾਰੋਂ ਆਣ ਕੇ ਨਹੀਂ ਖਾਂਦੇ ਜਿੰਨਾਂ ਚਿਰ ਨਹਾ ਨਾ ਲੈਣ ਅਤੇ ਹੋਰ ਬਥੇਰੀਆਂ ਗੱਲਾਂ ਹਨ ਜਿਹੜੀਆਂ ਉਨ੍ਹਾਂ ਨੇ ਮੰਨਣ ਲਈ ਕਬੂਲ ਕੀਤੀਆਂ ਹਨ ਜਿਵੇਂ ਕਟੋਰਿਆਂ ਅਤੇ ਗੜਵਿਆਂ ਅਤੇ ਪਿੱਤਲ ਦੇ ਭਾਂਡਿਆਂ ਨੂੰ ਧੋਣਾ) 5ਤਦ ਫ਼ਰੀਸੀਆਂ ਅਤੇ ਉਪਦੇਸ਼ਕਾਂ ਨੇ ਉਹ ਨੂੰ ਪੁੱਛਿਆ, ਤੇਰੇ ਚੇਲੇ ਵੱਡਿਆਂ-ਬਜ਼ੁਰਗਾਂ ਦੀ ਰੀਤ ਉੱਤੇ ਕਿਉਂ ਨਹੀਂ ਚੱਲਦੇ ਅਤੇ ਬਿਨ੍ਹਾਂ ਹੱਥ ਧੋਤੇ ਰੋਟੀ ਕਿਉਂ ਖਾਂਦੇ ਹਨ? 6ਉਸ ਨੇ ਉਨ੍ਹਾਂ ਨੂੰ ਕਿਹਾ, ਤੁਸੀਂ ਕਪਟੀਆਂ ਦੇ ਵਿਖੇ; ਯਸਾਯਾਹ ਨੇ ਠੀਕ ਭਵਿੱਖਬਾਣੀ ਕੀਤੀ, ਜਿਵੇਂ ਲਿਖਿਆ ਹੋਇਆ ਹੈ ਕਿ
ਇਹ ਲੋਕ ਆਪਣੇ ਬੁੱਲ੍ਹਾਂ ਨਾਲ ਤਾਂ ਮੇਰਾ ਆਦਰ ਕਰਦੇ ਹਨ,
ਪਰ ਇਨ੍ਹਾਂ ਦੇ ਦਿਲ ਮੇਰੇ ਤੋਂ ਦੂਰ ਹਨ।
7 ਉਹ ਵਿਅਰਥ ਮੇਰੀ ਬੰਦਗੀ ਕਰਦੇ ਹਨ,
ਉਹ ਮਨੁੱਖਾਂ ਦੇ ਹੁਕਮਾਂ ਦੀ ਸਿੱਖਿਆ ਦਿੰਦੇ ਹਨ।
8 ਤੁਸੀਂ ਪਰਮੇਸ਼ੁਰ ਦੇ ਹੁਕਮ ਨੂੰ ਛੱਡ ਕੇ ਮਨੁੱਖਾਂ ਦੀ ਰੀਤ ਨੂੰ ਮੰਨ ਲੈਂਦੇ ਹੋ।
9ਅਤੇ ਉਸ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਪਰਮੇਸ਼ੁਰ ਦੇ ਹੁਕਮ ਨੂੰ ਚੰਗੀ ਤਰ੍ਹਾਂ ਟਾਲ ਦਿੰਦੇ ਹੋ ਤਾਂ ਜੋ ਆਪਣੀ ਰੀਤ ਨੂੰ ਕਾਇਮ ਰੱਖੋ। 10ਕਿਉਂਕਿ ਮੂਸਾ ਨੇ ਕਿਹਾ ਸੀ ਕਿ ਆਪਣੇ ਪਿਤਾ ਅਤੇ ਆਪਣੀ ਮਾਤਾ ਦਾ ਆਦਰ ਕਰ ਅਤੇ ਜਿਹੜਾ ਪਿਤਾ ਜਾਂ ਮਾਤਾ ਨੂੰ ਬੁਰਾ ਬੋਲੇ ਉਹ ਜਾਨੋਂ ਮਾਰਿਆ ਜਾਵੇ। 11ਪਰ ਤੁਸੀਂ ਆਖਦੇ ਹੋ, ਜੇ ਕੋਈ ਮਨੁੱਖ ਪਿਤਾ ਜਾਂ ਮਾਤਾ ਨੂੰ ਕਹੇ ਭਈ ਜੋ ਕੁਝ ਮੇਰੇ ਕੋਲੋਂ ਤੈਨੂੰ ਲਾਭ ਹੋ ਸਕਦਾ ਸੀ ਸੋ ਕੁਰਬਾਨ ਅਰਥਾਤ ਭੇਟ ਚੜ੍ਹਾ ਦਿੱਤਾ ਹੈ। 12ਤੁਸੀਂ ਫੇਰ ਉਹ ਨੂੰ ਉਹ ਦੇ ਪਿਤਾ ਜਾਂ ਮਾਤਾ ਦੇ ਲਈ ਕੁਝ ਨਹੀਂ ਕਰਨ ਦਿੰਦੇ। 13ਇਸ ਤਰ੍ਹਾਂ ਤੁਸੀਂ ਪਰਮੇਸ਼ੁਰ ਦੇ ਬਚਨ ਨੂੰ ਆਪਣੀ ਰੀਤ ਨਾਲ ਜਿਹੜੀ ਤੁਸੀਂ ਚਲਾਈ ਹੈ, ਟਾਲ ਦਿੰਦੇ ਹੋ ਅਤੇ ਹੋਰ ਬਥੇਰੇ ਏਹੋ ਜਿਹੇ ਕੰਮ ਤੁਸੀਂ ਕਰਦੇ ਹੋ।
ਮਨੁੱਖ ਨੂੰ ਕੀ ਅਸ਼ੁੱਧ ਕਰਦਾ ਹੈ?
ਮੱਤੀ 15:10-20
14ਉਸ ਨੇ ਲੋਕਾਂ ਨੂੰ ਫੇਰ ਕੋਲ ਬੁਲਾ ਕੇ ਉਨ੍ਹਾਂ ਨੂੰ ਆਖਿਆ, ਤੁਸੀਂ ਸਾਰੇ ਮੇਰੀ ਸੁਣੋ ਅਤੇ ਸਮਝੋ। 15ਇਹੋ ਜਿਹੀ ਕੋਈ ਚੀਜ਼ ਨਹੀਂ ਹੈ ਜਿਹੜੀ ਮਨੁੱਖ ਦੇ ਬਾਹਰੋਂ ਉਹ ਦੇ ਅੰਦਰ ਜਾ ਕੇ ਉਹ ਨੂੰ ਅਸ਼ੁੱਧ ਕਰ ਸਕੇ। 16ਪਰ ਜਿਹੜੀਆਂ ਚੀਜ਼ਾਂ ਉਹ ਦੇ ਅੰਦਰੋਂ ਨਿੱਕਲਦੀਆਂ ਹਨ ਓਹੋ ਮਨੁੱਖ ਨੂੰ ਅਸ਼ੁੱਧ ਕਰਦੀਆਂ ਹਨ। ਜੇ ਕਿਸੇ ਦੇ ਸੁਣਨ ਦੇ ਕੰਨ ਹੋਣ ਤਾਂ ਉਹ ਸੁਣ ਲਵੇ।
17ਜਦੋਂ ਉਹ ਲੋਕਾਂ ਦੇ ਕੋਲੋਂ ਘਰ ਵਿੱਚ ਗਿਆ ਤਾਂ ਉਸ ਦੇ ਚੇਲਿਆਂ ਨੇ ਉਸ ਗੱਲ ਦਾ ਅਰਥ ਉਸ ਤੋਂ ਪੁੱਛਿਆ। 18ਤਾਂ ਉਸ ਨੇ ਉਨ੍ਹਾਂ ਨੂੰ ਕਿਹਾ, ਭਲਾ, ਤੁਸੀਂ ਵੀ ਅਜਿਹੇ ਨਿਰਬੁੱਧ ਹੋ? ਕੀ ਤੁਸੀਂ ਨਹੀਂ ਸਮਝਦੇ ਕਿ ਜੋ ਕੁਝ ਬਾਹਰੋਂ ਮਨੁੱਖ ਦੇ ਅੰਦਰ ਜਾਂਦਾ ਹੈ ਸੋ ਉਹ ਨੂੰ ਅਸ਼ੁੱਧ ਨਹੀਂ ਕਰ ਸਕਦਾ? 19ਕਿਉਂਕਿ ਉਹ ਉਸ ਦੇ ਦਿਲ ਵਿੱਚ ਨਹੀਂ ਪਰ ਢਿੱਡ ਵਿੱਚ ਜਾਂਦਾ ਹੈ ਅਤੇ ਪਖਾਨੇ ਰਾਹੀਂ ਨਿੱਕਲ ਜਾਂਦਾ ਹੈ। ਇਹ ਕਹਿ ਕੇ ਉਸ ਨੇ ਸਾਰੇ ਭੋਜਨ ਸ਼ੁੱਧ ਠਹਿਰਾਏ। 20ਫੇਰ ਉਸ ਨੇ ਆਖਿਆ, ਜੋ ਮਨੁੱਖ ਦੇ ਅੰਦਰੋਂ ਨਿੱਕਲਦਾ ਹੈ ਸੋਈ ਮਨੁੱਖ ਨੂੰ ਅਸ਼ੁੱਧ ਕਰਦਾ ਹੈ। 21ਕਿਉਂਕਿ ਅੰਦਰੋਂ ਮਨੁੱਖ ਦੇ ਦਿਲ ਵਿੱਚੋਂ ਬੁਰੇ ਖ਼ਿਆਲ, ਹਰਾਮਕਾਰੀ, 22ਚੋਰੀਆਂ, ਖੂਨ, ਵਿਭਚਾਰ, ਲੋਭ, ਬਦੀਆਂ, ਛਲ, ਬਦਮਸਤੀ, ਬੁਰੀ ਨਜ਼ਰ, ਨਿੰਦਿਆ, ਹੰਕਾਰ, ਮੂਰਖਤਾਈ ਨਿੱਕਲਦੀ ਹੈ। 23ਇਹ ਸਾਰੀਆਂ ਬੁਰੀਆਂ ਗੱਲਾਂ ਅੰਦਰੋਂ ਨਿੱਕਲਦੀਆਂ ਅਤੇ ਮਨੁੱਖ ਨੂੰ ਅਸ਼ੁੱਧ ਕਰਦੀਆਂ ਹਨ।
ਸੂਰੁਫੈਨੀ ਜਾਤੀ ਦੀ ਔਰਤ ਦਾ ਵਿਸ਼ਵਾਸ
ਮੱਤੀ 15:21-28
24ਫੇਰ ਪ੍ਰਭੂ ਯਿਸੂ ਉੱਥੋਂ ਉੱਠ ਕੇ ਸੂਰ ਅਤੇ ਸੈਦਾ ਦੇ ਇਲਾਕੇ ਵਿੱਚ ਆਏ ਅਤੇ ਇੱਕ ਘਰ ਵਿੱਚ ਗਏ ਅਤੇ ਚਾਹੁੰਦੇ ਸਨ ਕਿ ਕਿਸੇ ਨੂੰ ਖ਼ਬਰ ਨਾ ਹੋਵੇ, ਪਰ ਉਹ ਲੁਕੇ ਨਾ ਰਹਿ ਸਕੇ। 25ਕਿਉਂ ਜੋ ਉਸੇ ਵੇਲੇ ਇੱਕ ਔਰਤ ਜਿਹ ਦੀ ਛੋਟੀ ਬੇਟੀ ਨੂੰ ਅਸ਼ੁੱਧ ਆਤਮਾ ਚਿੰਬੜਿਆ ਹੋਇਆ ਸੀ ਉਹ ਦੀ ਖ਼ਬਰ ਸੁਣ ਕੇ ਆਈ ਅਤੇ ਉਸ ਦੇ ਪੈਰੀਂ ਪਈ। 26ਉਹ ਔਰਤ ਯੂਨਾਨੀ ਅਤੇ ਜਨਮ ਦੀ ਸੂਰੁਫੈਨੀ ਸੀ। ਉਸ ਨੇ ਉਹ ਦੇ ਅੱਗੇ ਅਰਜ਼ ਕੀਤੀ ਜੋ ਤੁਸੀਂ ਮੇਰੀ ਬੇਟੀ ਵਿੱਚੋਂ ਭੂਤ ਕੱਢ ਦਿਓ। 27ਪਰ ਉਹ ਨੇ ਉਸ ਨੂੰ ਕਿਹਾ, ਪਹਿਲਾਂ ਬਾਲਕਾਂ ਨੂੰ ਰੱਜ ਕੇ ਖਾਣ ਦੇ ਕਿਉਂ ਜੋ ਬਾਲਕਾਂ ਦੀ ਰੋਟੀ ਲੈ ਕੇ ਕਤੂਰਿਆਂ ਨੂੰ ਪਾਉਣੀ ਚੰਗੀ ਨਹੀਂ ਹੈ। 28ਉਸ ਨੇ ਉਹ ਨੂੰ ਉੱਤਰ ਦਿੱਤਾ, ਠੀਕ ਹੈ ਪ੍ਰਭੂ ਜੀ, ਕਤੂਰੇ ਵੀ ਤਾਂ ਮੇਜ਼ ਦੇ ਹੇਠ ਬਾਲਕਾਂ ਦੇ ਚੂਰੇ-ਭੂਰੇ ਖਾਂਦੇ ਹਨ। 29ਤਦ ਉਹ ਨੇ ਉਸ ਨੂੰ ਆਖਿਆ, ਇਸ ਗੱਲ ਦੇ ਕਾਰਨ ਚੱਲੀ ਜਾ। ਭੂਤ ਤੇਰੀ ਬੇਟੀ ਵਿੱਚੋਂ ਨਿੱਕਲ ਗਿਆ ਹੈ। 30ਅਤੇ ਉਸ ਨੇ ਆਪਣੇ ਘਰ ਜਾ ਕੇ ਵੇਖਿਆ ਜੋ ਲੜਕੀ ਮੰਜੇ ਉੱਤੇ ਲੰਮੀ ਪਈ ਹੋਈ ਹੈ ਅਤੇ ਭੂਤ ਉਸ ਵਿੱਚੋਂ ਨਿੱਕਲ ਗਿਆ ਹੈ।
ਬੋਲੇ ਅਤੇ ਗੂੰਗੇ ਵਿਅਕਤੀ ਨੂੰ ਚੰਗਾ ਕਰਨਾ
31ਉਹ ਫੇਰ ਸੂਰ ਦੀਆਂ ਹੱਦਾਂ ਤੋਂ ਨਿੱਕਲ ਕੇ ਸੈਦਾ ਦੇ ਰਾਹ ਦਿਕਾਪੁਲਿਸ ਦੀਆਂ ਹੱਦਾਂ ਵਿੱਚੋਂ ਦੀ ਹੋ ਕੇ ਗਲੀਲ ਦੀ ਝੀਲ ਨੂੰ ਗਿਆ। 32ਅਤੇ ਲੋਕਾਂ ਨੇ ਇੱਕ ਬੋਲੇ ਨੂੰ ਜਿਹੜਾ ਥਥਲਾ ਵੀ ਸੀ ਉਸ ਦੇ ਕੋਲ ਲਿਆ ਕੇ ਉਸ ਦੀ ਮਿੰਨਤ ਕੀਤੀ ਜੋ ਉਸ ਉੱਤੇ ਆਪਣਾ ਹੱਥ ਰੱਖੇ। 33ਉਹ ਉਸ ਨੂੰ ਭੀੜ ਤੋਂ ਅਲੱਗ ਲੈ ਗਿਆ ਅਤੇ ਆਪਣੀਆਂ ਉਂਗਲੀਆਂ ਉਹ ਦੇ ਕੰਨਾਂ ਵਿੱਚ ਦਿੱਤੀਆਂ ਅਤੇ ਥੁੱਕ ਕੇ ਉਹ ਦੀ ਜੀਭ ਛੂਹੀ। 34ਅਤੇ ਅਕਾਸ਼ ਵੱਲ ਵੇਖ ਕੇ ਹਾਉਕਾ ਭਰਿਆ ਅਤੇ ਉਹ ਨੂੰ ਆਖਿਆ “ਇੱਫਤਾ” ਅਰਥਾਤ “ਖੁੱਲ੍ਹ ਜਾ”। 35ਅਤੇ ਉਹ ਦੇ ਕੰਨ ਖੁੱਲ੍ਹ ਗਏ ਅਤੇ ਉਹ ਦੀ ਜੀਭ ਦਾ ਅਟਕਣਾ ਜਾਂਦਾ ਰਿਹਾ ਅਤੇ ਉਹ ਸਾਫ਼ ਬੋਲਣ ਲੱਗ ਪਿਆ। 36ਤਦ ਉਸ ਨੇ ਉਨ੍ਹਾਂ ਨੂੰ ਤਗੀਦ ਨਾਲ ਆਖਿਆ ਜੋ ਕਿਸੇ ਕੋਲ ਨਾ ਆਖਣਾ! ਪਰ ਜਿੰਨੀ ਉਸ ਨੇ ਉਨ੍ਹਾਂ ਨੂੰ ਤਗੀਦ ਕੀਤੀ ਉਹ ਉਨ੍ਹਾਂ ਹੀ ਉਸ ਗੱਲ ਨੂੰ ਹੋਰ ਵੀ ਬਹੁਤ ਉਜਾਗਰ ਕਰਦੇ ਰਹੇ। 37ਅਤੇ ਲੋਕ ਬਹੁਤ ਹੈਰਾਨ ਹੋ ਕੇ ਬੋਲੇ ਕਿ ਉਹ ਨੇ ਸੱਭੋ ਕੁਝ ਚੰਗਾ ਕੀਤਾ ਹੈ! ਉਹ ਬੋਲ਼ਿਆਂ ਨੂੰ ਸੁਣਨ ਅਤੇ ਗੂੰਗਿਆਂ ਨੂੰ ਬੋਲਣ ਦੀ ਸ਼ਕਤੀ ਦਿੰਦਾ ਹੈ!

Currently Selected:

ਮਰਕੁਸ 7: IRVPun

Highlight

Copy

Compare

Share

None

Want to have your highlights saved across all your devices? Sign up or sign in