ਮਰਕੁਸ 6
6
ਨਾਸਰਤ ਵਿੱਚ ਯਿਸੂ ਦਾ ਨਿਰਾਦਰ
ਮੱਤੀ 13:53; ਲੂਕਾ 4:16-30
1ਫਿਰ ਪ੍ਰਭੂ ਯਿਸੂ ਉੱਥੋਂ ਤੁਰ ਕੇ ਆਪਣੇ ਦੇਸ ਵਿੱਚ ਆਏ ਅਤੇ ਉਹ ਦੇ ਚੇਲੇ ਉਹ ਦੇ ਪਿੱਛੇ ਹੋ ਤੁਰੇ। 2ਜਦੋਂ ਸਬਤ ਦਾ ਦਿਨ ਆਇਆ ਤਾਂ ਪ੍ਰਭੂ ਪ੍ਰਾਰਥਨਾ ਘਰ ਵਿੱਚ ਉਪਦੇਸ਼ ਦੇਣ ਲੱਗੇ ਅਤੇ ਬਹੁਤੇ ਸੁਣ ਕੇ ਹੈਰਾਨ ਹੋਏ ਅਤੇ ਬੋਲੇ ਕਿ ਇਹ ਗੱਲਾਂ ਇਸ ਨੂੰ ਕਿੱਥੋਂ ਆਈਆਂ? ਅਤੇ ਇਹ ਕਿਹੋ ਜਿਹਾ ਗਿਆਨ ਹੈ ਜੋ ਇਸ ਨੂੰ ਦਿੱਤਾ ਗਿਆ? ਅਤੇ ਇਹ ਕਿਹੋ ਜਿਹੇ ਚਮਤਕਾਰ ਹਨ ਜੋ ਉਹ ਦੇ ਹੱਥੋਂ ਹੁੰਦੇ ਹਨ? 3ਭਲਾ, ਇਹ ਤਰਖਾਣ ਨਹੀਂ ਹੈ, ਮਰਿਯਮ ਦਾ ਪੁੱਤਰ ਅਤੇ ਯਾਕੂਬ, ਯੋਸੇਸ, ਯਹੂਦਾਹ ਅਤੇ ਸ਼ਮਊਨ ਦਾ ਭਰਾ ਅਤੇ ਉਹ ਦੀਆਂ ਭੈਣਾਂ ਇੱਥੇ ਸਾਡੇ ਕੋਲ ਨਹੀਂ ਹਨ? ਸੋ ਉਨ੍ਹਾਂ ਨੇ ਇਸ ਗੱਲ ਤੋਂ ਠੋਕਰ ਖਾਧੀ। 4ਪ੍ਰਭੂ ਯਿਸੂ ਮਸੀਹ ਨੇ ਉਨ੍ਹਾਂ ਨੂੰ ਆਖਿਆ, ਨਬੀ ਦਾ ਆਪਣੇ ਦੇਸ ਅਤੇ ਆਪਣੇ ਪਰਿਵਾਰ ਤੋਂ ਇਲਾਵਾ ਹਰੇਕ ਜਗ੍ਹਾ ਤੇ ਆਦਰ ਹੁੰਦਾ ਹੈ। 5ਅਤੇ ਉਹ ਉੱਥੇ ਕੋਈ ਚਮਤਕਾਰ ਨਾ ਵਿਖਾ ਸਕਿਆ ਪਰ ਥੋੜ੍ਹੇ ਜਿਹੇ ਰੋਗੀਆਂ ਉੱਤੇ ਹੱਥ ਰੱਖ ਕੇ ਉਨ੍ਹਾਂ ਨੂੰ ਚੰਗਾ ਕੀਤਾ। 6ਅਤੇ ਪ੍ਰਭੂ ਉਨ੍ਹਾਂ ਦੇ ਅਵਿਸ਼ਵਾਸ ਉੱਤੇ ਹੈਰਾਨ ਹੋਇਆ ਅਤੇ ਉਹ ਆਲੇ-ਦੁਆਲੇ ਦੇ ਪਿੰਡਾਂ ਵਿੱਚ ਉਪਦੇਸ਼ ਦਿੰਦਾ ਰਿਹਾ।
ਬਾਰਾਂ ਚੇਲਿਆਂ ਨੂੰ ਭੇਜਣਾ
ਮੱਤੀ 10:5-15; ਲੂਕਾ 9:1-6
7ਫੇਰ ਪ੍ਰਭੂ ਯਿਸੂ ਨੇ ਉਨ੍ਹਾਂ ਬਾਰਾਂ ਚੇਲਿਆਂ ਨੂੰ ਕੋਲ ਬੁਲਾ ਕੇ ਉਨ੍ਹਾਂ ਨੂੰ ਦੋ-ਦੋ ਕਰ ਕੇ ਭੇਜਿਆ ਅਤੇ ਉਸ ਨੇ ਉਨ੍ਹਾਂ ਨੂੰ ਅਸ਼ੁੱਧ ਆਤਮਾਵਾਂ ਉੱਤੇ ਅਧਿਕਾਰ ਦਿੱਤਾ। 8ਅਤੇ ਉਨ੍ਹਾਂ ਨੂੰ ਹੁਕਮ ਦਿੱਤਾ ਕਿ ਰਾਹ ਦੇ ਲਈ ਲਾਠੀ ਤੋਂ ਬਿਨ੍ਹਾਂ ਹੋਰ ਕੁਝ ਨਾ ਲਓ, ਨਾ ਰੋਟੀ, ਨਾ ਝੋਲਾ, ਅਤੇ ਨਾ ਜੇਬ ਵਿੱਚ ਪੈਸੇ 9ਪਰ ਜੁੱਤੀ ਪਾਓ ਅਤੇ ਦੋ ਕੁੜਤੇ ਨਾ ਲਵੋ। 10ਉਸ ਨੇ ਉਨ੍ਹਾਂ ਨੂੰ ਆਖਿਆ ਕਿ ਜਿੱਥੇ ਕਿਤੇ ਤੁਸੀਂ ਕਿਸੇ ਘਰ ਵਿੱਚ ਜਾਓ ਤਾਂ ਜਿੰਨਾਂ ਚਿਰ ਉੱਥੋਂ ਨਾ ਤੁਰੋ, ਉੱਥੇ ਹੀ ਟਿਕੋ। 11ਪਰ ਜਿਸ ਨਗਰ ਦੇ ਲੋਕ ਤੁਹਾਨੂੰ ਕਬੂਲ ਨਾ ਕਰਨ ਅਤੇ ਤੁਹਾਡੀ ਨਾ ਸੁਣਨ ਤਾਂ ਉੱਥੋਂ ਨਿੱਕਲ ਕੇ ਉਨ੍ਹਾਂ ਉੱਤੇ ਗਵਾਹੀ ਲਈ ਆਪਣੇ ਪੈਰਾਂ ਦੀ ਧੂੜ ਝਾੜ ਸੁੱਟੋ। 12ਤਾਂ ਉਹ ਬਾਹਰ ਜਾ ਕੇ ਪਰਚਾਰ ਕਰਨ ਲੱਗੇ ਜੋ ਆਪਣਿਆਂ ਪਾਪਾਂ ਤੋਂ ਤੋਬਾ ਕਰੋ। 13ਅਤੇ ਬਹੁਤ ਸਾਰਿਆਂ ਭੂਤਾਂ ਨੂੰ ਕੱਢ ਦਿੱਤਾ ਅਤੇ ਬਹੁਤ ਸਾਰੇ ਰੋਗੀਆਂ ਉੱਤੇ ਤੇਲ ਮਲ ਕੇ ਉਨ੍ਹਾਂ ਨੂੰ ਚੰਗਾ ਕੀਤਾ।
ਯੂਹੰਨਾ ਬਪਤਿਸਮਾ ਦੇਣ ਵਾਲੇ ਦੀ ਹੱਤਿਆ
ਮੱਤੀ 14:1-12; ਲੂਕਾ 9:7-9
14ਅਤੇ ਜਦੋਂ ਰਾਜਾ ਹੇਰੋਦੇਸ ਨੇ ਪ੍ਰਭੂ ਯਿਸੂ ਦੀ ਚਰਚਾ ਸੁਣੀ, ਕਿਉਂ ਜੋ ਉਹ ਦਾ ਨਾਮ ਬਹੁਤ ਫੈਲ ਗਿਆ ਸੀ। ਤਾਂ ਉਸ ਨੇ ਆਖਿਆ, ਯੂਹੰਨਾ ਬਪਤਿਸਮਾ ਦੇਣ ਵਾਲਾ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ ਅਤੇ ਇਸੇ ਲਈ ਇਹ ਸ਼ਕਤੀਆਂ ਉਹ ਦੇ ਵਿੱਚ ਕੰਮ ਕਰ ਰਹੀਆਂ ਹਨ! 15ਪਰ ਕਈਆਂ ਨੇ ਆਖਿਆ ਉਹ ਏਲੀਯਾਹ ਹੈ, ਅਤੇ ਦੂਜਿਆਂ ਨੇ ਕਿਹਾ ਕਿ ਇਹ ਇੱਕ ਨਬੀ ਹੈ, ਪਰ ਕਈਆਂ ਨੇ ਆਖਿਆ ਨਬੀਆਂ ਵਰਗਾ। 16ਪਰ ਹੇਰੋਦੇਸ ਨੇ ਸੁਣ ਕੇ ਕਿਹਾ, ਯੂਹੰਨਾ ਜਿਸ ਦਾ ਸਿਰ ਮੈਂ ਵਢਵਾਇਆ ਸੀ ਉਹੋ ਜੀ ਉੱਠਿਆ ਹੈ। 17ਕਿਉਂਕਿ ਹੇਰੋਦੇਸ ਨੇ ਆਪਣੇ ਭਾਈ ਫ਼ਿਲਿਪੁੱਸ ਦੀ ਪਤਨੀ ਹੇਰੋਦਿਯਾਸ ਦੇ ਕਾਰਨ ਜਿਹ ਨੂੰ ਉਸ ਨੇ ਵਿਆਹ ਲਿਆ ਸੀ ਆਪੇ ਲੋਕਾਂ ਨੂੰ ਭੇਜ ਨੇ ਯੂਹੰਨਾ ਨੂੰ ਫੜਵਾਇਆ ਅਤੇ ਉਹ ਨੂੰ ਕੈਦਖ਼ਾਨੇ ਵਿੱਚ ਬੰਦ ਕੀਤਾ। 18ਇਸ ਲਈ ਜੋ ਯੂਹੰਨਾ ਨੇ ਹੇਰੋਦੇਸ ਨੂੰ ਆਖਿਆ ਸੀ ਕਿ ਆਪਣੇ ਭਰਾ ਦੀ ਪਤਨੀ ਦਾ ਰੱਖਣਾ ਤੇਰੇ ਲਈ ਠੀਕ ਨਹੀਂ। 19ਤਾਂ ਹੇਰੋਦਿਯਾਸ ਉਸ ਨਾਲ ਵੈਰ ਰੱਖਦੀ ਸੀ ਅਤੇ ਉਸ ਨੂੰ ਮਾਰ ਸੁੱਟਣਾ ਚਾਹੁੰਦੀ ਸੀ ਪਰ ਉਸਦਾ ਵੱਸ ਨਹੀਂ ਸੀ ਚੱਲਦਾ। 20ਕਿਉਂ ਜੋ ਹੇਰੋਦੇਸ ਯੂਹੰਨਾ ਨੂੰ ਧਰਮੀ ਅਤੇ ਪਵਿੱਤਰ ਪੁਰਖ ਜਾਣ ਕੇ ਉਸ ਕੋਲੋਂ ਡਰਦਾ ਅਤੇ ਉਸ ਨੂੰ ਬਚਾਈ ਰੱਖਦਾ ਸੀ ਅਤੇ ਉਹ ਦੀ ਸੁਣ ਕੇ ਬਹੁਤ ਦੁਬਧਾ ਵਿੱਚ ਪੈਂਦਾ ਜਾਂਦਾ ਪਰ ਖੁਸ਼ੀ ਨਾਲ ਉਸ ਦੀ ਸੁਣਦਾ ਸੀ। 21ਅਤੇ ਦਾਵਤ ਦਾ ਦਿਨ ਆ ਪਹੁੰਚਿਆ ਜਦੋਂ ਹੇਰੋਦੇਸ ਨੇ ਆਪਣੇ ਜਨਮ ਦਿਨ ਉੱਤੇ ਆਪਣੇ ਅਮੀਰਾਂ ਅਤੇ ਫ਼ੌਜ ਦੇ ਸਰਦਾਰਾਂ ਅਤੇ ਗਲੀਲ ਦੇ ਰਹੀਸਾਂ ਲਈ ਦਾਵਤ ਕੀਤੀ। 22ਅਤੇ ਜਦ ਹੇਰੋਦਿਯਾਸ ਦੀ ਧੀ ਆਪ ਅੰਦਰ ਆਣ ਕੇ ਨੱਚੀ ਅਤੇ ਹੇਰੋਦੇਸ ਤੇ ਉਹ ਦੇ ਨਾਲ ਬੈਠਣ ਵਾਲਿਆਂ ਨੂੰ ਖੁਸ਼ ਕੀਤਾ ਤਦ ਰਾਜਾ ਨੇ ਉਸ ਕੁੜੀ ਨੂੰ ਕਿਹਾ, ਜੋ ਤੂੰ ਚਾਹੇਂ ਸੋ ਮੇਰੇ ਕੋਲੋਂ ਮੰਗ ਤਾਂ ਮੈਂ ਤੈਨੂੰ ਦਿਆਂਗਾ। 23ਅਤੇ ਉਹ ਦੇ ਅੱਗੇ ਸਹੁੰ ਖਾਧੀ ਕਿ ਜੋ ਕੁਝ ਤੂੰ ਮੇਰੇ ਕੋਲੋਂ ਮੰਗੇਂ ਮੈਂ ਆਪਣੇ ਅੱਧੇ ਰਾਜ ਤੱਕ ਵੀ ਤੈਨੂੰ ਦਿਆਂਗਾ। 24ਤਦ ਉਸ ਨੇ ਬਾਹਰ ਜਾ ਕੇ ਆਪਣੀ ਮਾਂ ਨੂੰ ਕਿਹਾ, ਮੈਂ ਕੀ ਮੰਗਾਂ? ਉਹ ਬੋਲੀ, ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਸਿਰ! 25ਤਦ ਉਹ ਫੁਰਤੀ ਨਾਲ ਉਸੇ ਸਮੇਂ ਰਾਜਾ ਦੇ ਕੋਲ ਫੇਰ ਅੰਦਰ ਗਈ ਅਤੇ ਅਰਜ਼ ਕਰ ਕੇ ਕਿਹਾ, ਮੈਂ ਇਹ ਚਾਹੁੰਦੀ ਹਾਂ ਜੋ ਤੁਸੀਂ ਇੱਕ ਥਾਲ ਵਿੱਚ ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਸਿਰ ਮੈਨੂੰ ਹੁਣੇ ਦਿਓ! 26ਤਦ ਰਾਜਾ ਬਹੁਤ ਉਦਾਸ ਹੋਇਆ ਪਰ ਉਹ ਨੇ ਆਪਣੀ ਸਹੁੰ ਅਤੇ ਨਾਲ ਬੈਠਣ ਵਾਲਿਆਂ ਦੀ ਖ਼ਾਤਰ ਉਸ ਨੂੰ ਨਾਂਹ ਕਰਨੀ ਨਾ ਚਾਹੀ। 27ਤਾਂ ਰਾਜੇ ਨੇ ਝੱਟ ਇੱਕ ਸਿਪਾਹੀ ਨੂੰ ਹੁਕਮ ਦੇ ਕੇ ਭੇਜਿਆ ਜੋ ਯੂਹੰਨਾ ਦਾ ਸਿਰ ਲਿਆਏ। ਤਦ ਉਹ ਨੇ ਜਾ ਕੇ ਉਹ ਦਾ ਸਿਰ ਕੈਦਖ਼ਾਨੇ ਵਿੱਚ ਵੱਢਿਆ। 28ਅਤੇ ਇੱਕ ਥਾਲ ਵਿੱਚ ਰੱਖ ਕੇ ਲਿਆਂਦਾ ਅਤੇ ਕੁੜੀ ਨੂੰ ਦੇ ਦਿੱਤਾ ਅਤੇ ਕੁੜੀ ਨੇ ਉਹ ਆਪਣੀ ਮਾਂ ਨੂੰ ਦੇ ਦਿੱਤਾ। 29ਅਤੇ ਉਹ ਦੇ ਚੇਲੇ ਇਹ ਸੁਣ ਕੇ ਆਏ ਅਤੇ ਉਹ ਦੀ ਲੋਥ ਨੂੰ ਚੁੱਕ ਕੇ ਉਸ ਨੂੰ ਕਬਰ ਵਿੱਚ ਰੱਖਿਆ।
ਯਿਸੂ ਪੰਜ ਹਜ਼ਾਰ ਨੂੰ ਰਜਾਉਂਦਾ ਹੈ
ਮੱਤੀ 14:15-21; ਲੂਕਾ 9:11-17; ਯੂਹੰਨਾ 6:1-14
30ਫੇਰ ਰਸੂਲ ਯਿਸੂ ਦੇ ਕੋਲ ਇਕੱਠੇ ਹੋਏ ਅਤੇ ਜੋ ਕੁਝ ਉਨ੍ਹਾਂ ਨੇ ਕੀਤਾ ਅਤੇ ਜੋ ਉਪਦੇਸ਼ ਦਿੱਤਾ ਸੀ ਸਭ ਉਸ ਨੂੰ ਦੱਸਿਆ। 31ਤਾਂ ਯਿਸੂ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਆਪ ਕਿਸੇ ਉਜਾੜ ਥਾਂ ਵਿੱਚ ਜਾ ਕੇ ਅਲੱਗ ਚਲੇ ਜਾਓ ਅਤੇ ਥੋੜ੍ਹਾ ਜਿਹਾ ਆਰਾਮ ਕਰ ਲਵੋ; ਕਿਉਂਕਿ ਬਹੁਤ ਲੋਕ ਆਉਂਦੇ ਜਾਂਦੇ ਸਨ ਅਤੇ ਉਨ੍ਹਾਂ ਕੋਲ ਰੋਟੀ ਖਾਣ ਦਾ ਵੀ ਸਮਾਂ ਨਹੀਂ ਸੀ ਹੁੰਦਾ। 32ਸੋ ਉਹ ਬੇੜੀ ਉੱਤੇ ਇੱਕ ਉਜਾੜ ਥਾਂ ਵਿੱਚ ਅਲੱਗ ਚਲੇ ਗਏ। 33ਪਰ ਲੋਕਾਂ ਨੇ ਉਨ੍ਹਾਂ ਨੂੰ ਜਾਂਦੇ ਵੇਖਿਆ ਅਤੇ ਬਹੁਤਿਆਂ ਨੇ ਉਨ੍ਹਾਂ ਨੂੰ ਪਛਾਣ ਲਿਆ ਅਤੇ ਸਾਰਿਆਂ ਨਗਰਾਂ ਤੋਂ ਪੈਦਲ ਉੱਧਰ ਨੂੰ ਇਕੱਠੇ ਦੌੜੇ ਅਤੇ ਉਨ੍ਹਾਂ ਤੋਂ ਪਹਿਲਾਂ ਹੀ ਜਾ ਪਹੁੰਚੇ। 34ਤਾਂ ਉਸ ਨੇ ਨਿੱਕਲ ਕੇ ਇੱਕ ਵੱਡੀ ਭੀੜ ਵੇਖੀ ਅਤੇ ਉਨ੍ਹਾਂ ਤੇ ਤਰਸ ਖਾਧਾ ਇਸ ਲਈ ਜੋ ਉਹ ਉਨ੍ਹਾਂ ਭੇਡਾਂ ਵਾਗੂੰ ਸਨ ਜਿਨ੍ਹਾਂ ਦਾ ਚਰਵਾਹਾ ਨਾ ਹੋਵੇ। ਉਹ ਉਨ੍ਹਾਂ ਨੂੰ ਬਹੁਤ ਗੱਲਾਂ ਦਾ ਉਪਦੇਸ਼ ਦੇਣ ਲੱਗਾ। 35ਅਤੇ ਜਦੋਂ ਦਿਨ ਬਹੁਤ ਢੱਲ਼ ਗਿਆ ਤਾਂ ਉਹ ਦੇ ਚੇਲਿਆਂ ਨੇ ਉਸ ਕੋਲ ਆਣ ਕੇ ਕਿਹਾ, ਇਹ ਥਾਂ ਉਜਾੜ ਹੈ ਅਤੇ ਦਿਨ ਹੁਣ ਬਹੁਤ ਢੱਲ਼ ਗਿਆ। 36ਇਨ੍ਹਾਂ ਨੂੰ ਵਿਦਿਆ ਕਰ ਤਾਂ ਜੋ ਉਹ ਆਲੇ-ਦੁਆਲੇ ਦਿਆਂ ਨਗਰਾਂ ਅਤੇ ਪਿੰਡਾਂ ਵਿੱਚ ਜਾ ਕੇ ਆਪਣੇ ਲਈ ਖਾਣ ਨੂੰ ਕੁਝ ਮੁੱਲ ਲੈ ਆਉਣ। 37ਪਰ ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਤੁਸੀਂ ਹੀ ਉਨ੍ਹਾਂ ਨੂੰ ਖਾਣ ਲਈ ਦਿਓ ਪਰ ਉਨ੍ਹਾਂ ਨੇ ਉਸ ਨੂੰ ਆਖਿਆ, ਭਲਾ, ਅਸੀਂ ਜਾ ਕੇ ਸੌ ਦੀਨਾਰ (ਇੱਕ ਦੀਨਾਰ ਇੱਕ ਦਿਨ ਦੀ ਮਜ਼ਦੂਰੀ ਦੇ ਬਰਾਬਰ) ਦੀਆਂ ਰੋਟੀਆਂ ਮੁੱਲ ਲੈ ਕੇ ਇਨ੍ਹਾਂ ਨੂੰ ਖੁਆਈਏ? 38ਉਸ ਨੇ ਉਨ੍ਹਾਂ ਨੂੰ ਆਖਿਆ, ਤੁਹਾਡੇ ਕੋਲ ਕਿੰਨੀਆਂ ਰੋਟੀਆਂ ਹਨ? ਜਾਓ ਵੇਖੋ। ਤਾਂ ਉਨ੍ਹਾਂ ਨੇ ਪਤਾ ਕਰ ਕੇ ਕਿਹਾ ਕਿ ਪੰਜ ਰੋਟੀਆਂ ਅਤੇ ਦੋ ਮੱਛੀਆਂ ਹਨ। 39ਤਾਂ ਉਸ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਕਿ ਸਭਨਾਂ ਨੂੰ ਹਰੇ ਘਾਹ ਉੱਤੇ ਇੱਕ ਸਾਰ ਬਿਠਾ ਦਿਉ। 40ਅਤੇ ਉਹ ਸੌ-ਸੌ ਅਤੇ ਪੰਜਾਹ-ਪੰਜਾਹ ਕਰ ਕੇ ਬੈਠ ਗਏ। 41ਤਾਂ ਪ੍ਰਭੂ ਯਿਸੂ ਨੇ ਉਹ ਪੰਜ ਰੋਟੀਆਂ ਅਤੇ ਦੋ ਮੱਛੀਆਂ ਲੈ ਕੇ ਅਕਾਸ਼ ਵੱਲ ਵੇਖਿਆ ਅਤੇ ਬਰਕਤ ਦੇ ਕੇ ਰੋਟੀਆਂ ਤੋੜੀਆਂ ਅਤੇ ਲੋਕਾਂ ਦੇ ਅੱਗੇ ਰੱਖਣ ਲਈ ਚੇਲਿਆਂ ਨੂੰ ਦਿੰਦੇ ਗਏ ਕਿ ਉਹ ਲੋਕਾਂ ਨੂੰ ਪਰੋਸਣ ਅਤੇ ਦੋਵੇਂ ਮੱਛੀਆਂ ਵੀ ਉਨ੍ਹਾਂ ਨੇ ਸਭਨਾਂ ਵਿੱਚ ਵੰਡੀਆਂ। 42ਤਾਂ ਉਹ ਸਾਰੇ ਖਾ ਕੇ ਰੱਜ ਗਏ। 43ਅਤੇ ਉਨ੍ਹਾਂ ਦੇ ਟੁੱਕੜਿਆਂ ਦੀਆਂ ਬਾਰਾਂ ਟੋਕਰੀਆਂ ਭਰੀਆਂ ਹੋਈਆਂ ਉੱਠਾਈਆਂ ਅਤੇ ਕੁਝ ਮੱਛੀਆਂ ਵਿੱਚੋਂ ਵੀ ਉੱਠਾਈਆਂ। 44ਅਤੇ ਰੋਟੀਆਂ ਦੇ ਖਾਣ ਵਾਲੇ ਪੰਜ ਹਜ਼ਾਰ ਮਰਦ ਸਨ।
ਯਿਸੂ ਪਾਣੀ ਉੱਤੇ ਚੱਲਦਾ ਹੈ
ਮੱਤੀ 14:22-33; ਲੂਕਾ 6:15-21
45ਫੇਰ ਉਹ ਨੇ ਉਸੇ ਵੇਲੇ ਆਪਣੇ ਚੇਲਿਆਂ ਨੂੰ ਤਗੀਦ ਕੀਤੀ ਕਿ ਜਦ ਤੱਕ ਮੈਂ ਭੀੜ ਨੂੰ ਵਿਦਿਆ ਕਰਾਂ ਤੁਸੀਂ ਬੇੜੀ ਉੱਤੇ ਚੜ੍ਹ ਕੇ ਮੇਰੇ ਤੋਂ ਪਹਿਲਾਂ ਉਸ ਪਾਰ ਬੈਤਸੈਦਾ ਨੂੰ ਚਲੇ ਜਾਵੋ। 46ਅਤੇ ਉਨ੍ਹਾਂ ਨੂੰ ਤੋਰ ਕੇ ਉਹ ਆਪ ਪ੍ਰਾਰਥਨਾ ਕਰਨ ਲਈ ਪਹਾੜ ਉੱਤੇ ਚੱਲਿਆ ਗਿਆ। 47ਅਤੇ ਜਦੋਂ ਸ਼ਾਮ ਹੋਈ ਤਾਂ ਬੇੜੀ ਝੀਲ ਦੇ ਵਿਚਾਲੇ ਸੀ, ਅਤੇ ਉਹ ਇਕੱਲਾ ਹੀ ਕਿਨਾਰੇ ਉੱਤੇ ਸੀ। 48ਜਦੋਂ ਉਸ ਨੇ ਉਨ੍ਹਾਂ ਨੂੰ ਬੇੜੀ ਸੰਭਾਲਣ ਵਿੱਚ ਔਖੇ ਵੇਖਿਆ, ਕਿਉਂ ਜੋ ਹਵਾ ਉਨ੍ਹਾਂ ਦੇ ਵਿਰੋਧ ਵਿੱਚ ਸੀ, ਤਾਂ ਰਾਤ ਦੇ ਚੋਥੇ ਪਹਿਰ ਦੇ ਨੇੜੇ, ਉਹ ਆਪ ਝੀਲ ਦੇ ਉੱਤੇ ਤੁਰਦਿਆਂ ਉਨ੍ਹਾਂ ਦੀ ਵੱਲ ਆਇਆ ਅਤੇ ਉਨ੍ਹਾਂ ਤੋਂ ਅੱਗੇ ਵਧਣਾ ਚਾਹੁੰਦਾ ਸੀ। 49ਪਰ ਜਦੋਂ ਉਨ੍ਹਾਂ ਨੇ ਯਿਸੂ ਨੂੰ ਝੀਲ ਉੱਤੇ ਤੁਰਦਿਆਂ ਵੇਖਿਆ ਤਾਂ ਉਸ ਨੂੰ ਭੂਤ ਸਮਝ ਕੇ ਉੱਚੀ ਅਵਾਜ਼ ਨਾਲ ਚਿੱਲਾ ਉੱਠੇ। 50ਕਿਉਂਕਿ ਉਹ ਸਭ ਉਸ ਨੂੰ ਵੇਖ ਕੇ ਘਬਰਾ ਗਏ ਸਨ ਅਤੇ ਉਸ ਨੇ ਤੁਰੰਤ ਉਨ੍ਹਾਂ ਦੇ ਨਾਲ ਗੱਲਾਂ ਕਰ ਕੇ ਉਨ੍ਹਾਂ ਨੂੰ ਕਿਹਾ, ਹੌਂਸਲਾ ਰੱਖੋ, ਮੈਂ ਹਾਂ, ਨਾ ਡਰੋ! 51ਤਦ ਪ੍ਰਭੂ ਯਿਸੂ ਬੇੜੀ ਉੱਤੇ ਉਨ੍ਹਾਂ ਕੋਲ ਆਏ ਅਤੇ ਤੂਫ਼ਾਨ ਉਸੇ ਵੇਲੇ ਥੰਮ੍ਹ ਗਿਆ। ਤਦ ਉਹ ਆਪਣੇ ਆਪ ਵਿੱਚ ਬੜੇ ਹੈਰਾਨ ਹੋਏ। 52ਕਿਉਂ ਜੋ ਉਨ੍ਹਾਂ ਨੇ ਉਨ੍ਹਾਂ ਰੋਟੀਆਂ ਦੀ ਗੱਲ ਨਹੀਂ ਸੀ ਸਮਝੀ ਪਰ ਉਨ੍ਹਾਂ ਦੇ ਮਨ ਕਠੋਰ ਹੋ ਗਏ ਸਨ।
ਗਨੇਸਰਤ ਵਿੱਚ ਰੋਗੀਆਂ ਨੂੰ ਚੰਗਾ ਕਰਨਾ
ਮੱਤੀ 14:34-36
53ਫੇਰ ਉਹ ਪਾਰ ਲੰਘ ਕੇ ਗਨੇਸਰਤ ਦੀ ਧਰਤੀ ਉੱਤੇ ਉੱਤਰੇ ਅਤੇ ਬੇੜੀ ਨੂੰ ਘਾਟ ਤੇ ਬੰਨ੍ਹਿਆ। 54ਜਦੋਂ ਉਹ ਬੇੜੀ ਉੱਤੋਂ ਉੱਤਰੇ ਤਾਂ ਲੋਕਾਂ ਨੇ ਪ੍ਰਭੂ ਯਿਸੂ ਨੂੰ ਝੱਟ ਸਿਆਣ ਲਿਆ। 55ਤਾਂ ਉਹ ਸਾਰੇ ਲੋਕ ਆਲੇ-ਦੁਆਲੇ ਦੇ ਨਗਰਾਂ ਵਿੱਚ ਦੌੜੇ ਅਤੇ ਜਦੋਂ ਉਨ੍ਹਾਂ ਨੇ ਸੁਣਿਆ ਕਿ ਪ੍ਰਭੂ ਯਿਸੂ ਉੱਥੇ ਹੈ, ਰੋਗੀਆਂ ਨੂੰ ਉਸ ਦੇ ਕੋਲ ਮੰਜੀਆਂ ਤੇ ਪਾ ਕੇ ਲੈ ਜਾਣ ਲੱਗੇ। 56ਅਤੇ ਪ੍ਰਭੂ ਯਿਸੂ ਜਿੱਥੇ ਕਿਤੇ ਪਿੰਡਾਂ, ਨਗਰਾਂ ਜਾਂ ਬਸਤੀਆਂ ਵਿੱਚ ਜਾਂਦੇ ਸਨ, ਅਤੇ ਲੋਕ ਉੱਥੇ ਹੀ ਬਿਮਾਰਾਂ ਨੂੰ ਬਜ਼ਾਰਾਂ ਵਿੱਚ ਲਿਆ ਕੇ ਰੱਖ ਦਿੰਦੇ ਸਨ ਅਤੇ ਉਹ ਦੀ ਮਿੰਨਤ ਕਰਦੇ ਸਨ ਕਿ ਉਹ ਆਪਣੇ ਕੱਪੜੇ ਦਾ ਪੱਲਾ ਹੀ ਉਨ੍ਹਾ ਨੂੰ ਛੂਹਣ ਦੇਵੇ ਅਤੇ ਜਿੰਨਿਆਂ ਨੇ ਉਸ ਨੂੰ ਛੂਹਿਆ ਸੋ ਚੰਗੇ ਹੋ ਗਏ।
Currently Selected:
ਮਰਕੁਸ 6: IRVPun
Highlight
Copy
Compare
Share
Want to have your highlights saved across all your devices? Sign up or sign in
PNB-IRV
Creative Commons License
Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.