ਮਰਕੁਸ 2
2
ਅਧਰੰਗੀ ਨੂੰ ਚੰਗਾ ਕਰਨਾ
ਮੱਤੀ 9:1-8; ਲੂਕਾ 5:17-26
1ਕਈ ਦਿਨਾਂ ਦੇ ਪਿੱਛੋਂ ਜਦੋਂ ਉਹ ਕਫ਼ਰਨਾਹੂਮ ਵਿੱਚ ਦੁਬਾਰਾ ਆਇਆ ਤਾਂ ਇਹ ਸੁਣਿਆ ਗਿਆ ਜੋ ਉਹ ਘਰੇ ਹੀ ਹੈ। 2ਤਾਂ ਐਨੇ ਲੋਕ ਇਕੱਠੇ ਹੋਏ ਜੋ ਦਰਵਾਜ਼ੇ ਦੇ ਅੱਗੇ ਵੀ ਥਾਂ ਨਾ ਰਿਹਾ ਅਤੇ ਉਸ ਨੇ ਉਨ੍ਹਾਂ ਨੂੰ ਬਚਨ ਸੁਣਾਇਆ। 3ਅਤੇ ਲੋਕ ਇੱਕ ਅਧਰੰਗੀ ਨੂੰ ਚਾਰ ਮਨੁੱਖਾਂ ਕੋਲੋਂ ਚੁਕਵਾ ਕੇ ਉਸ ਦੇ ਕੋਲ ਲਿਆਏ। 4ਅਤੇ ਜਦੋਂ ਉਹ ਭੀੜ ਕਰਕੇ ਉਹ ਦੇ ਨੇੜੇ ਨਾ ਆ ਸਕੇ ਤਾਂ ਉਨ੍ਹਾਂ ਨੇ ਉਸ ਛੱਤ ਨੂੰ ਜਿੱਥੇ ਉਹ ਸੀ ਉਧੇੜਿਆ ਅਤੇ ਉਸ ਮੰਜੀ ਨੂੰ ਜਿਸ ਦੇ ਉੱਤੇ ਉਹ ਅਧਰੰਗੀ ਪਿਆ ਸੀ, ਹੇਠਾਂ ਉਸ ਦੇ ਕੋਲ ਉਤਾਰ ਦਿੱਤਾ। 5ਅਤੇ ਯਿਸੂ ਨੇ ਉਨ੍ਹਾਂ ਦਾ ਵਿਸ਼ਵਾਸ ਵੇਖ ਕੇ ਉਸ ਅਧਰੰਗੀ ਨੂੰ ਕਿਹਾ, ਹੇ ਪੁੱਤਰ ਤੇਰੇ ਪਾਪ ਮਾਫ਼ ਹੋਏ। 6ਪਰ ਕਈ ਉਪਦੇਸ਼ਕ ਉੱਥੇ ਬੈਠੇ ਆਪਣੇ ਮਨਾਂ ਵਿੱਚ ਵਿਚਾਰ ਕਰਨ ਲੱਗੇ 7ਜੋ ਇਹ ਮਨੁੱਖ ਕਿਉਂ ਇਸ ਤਰ੍ਹਾਂ ਬੋਲਦਾ ਹੈ? ਇਹ ਤਾਂ ਪਰਮੇਸ਼ੁਰ ਦੀ ਨਿੰਦਿਆ ਕਰਦਾ ਹੈ। ਇੱਕ ਪਰਮੇਸ਼ੁਰ ਤੋਂ ਬਿਨ੍ਹਾਂ ਹੋਰ ਕੌਣ ਪਾਪ ਮਾਫ਼ ਕਰ ਸਕਦਾ ਹੈ? 8ਅਤੇ ਯਿਸੂ ਨੇ ਆਪਣੇ ਆਤਮਾ ਨਾਲ ਇਹ ਜਾਣ ਕੇ ਜੋ ਉਹ ਆਪਣੇ ਮਨਾਂ ਵਿੱਚ ਕੀ ਵਿਚਾਰ ਕਰਦੇ ਹਨ ਉਨ੍ਹਾਂ ਨੂੰ ਕਿਹਾ, ਤੁਸੀਂ ਕਿਉਂ ਆਪਣੇ ਮਨਾਂ ਵਿੱਚ ਅਜਿਹੇ ਵਿਚਾਰ ਕਰਦੇ ਹੋ? 9ਕਿਹੜੀ ਗੱਲ ਸੌਖੀ ਹੈ, ਇਸ ਅਧਰੰਗੀ ਨੂੰ ਇਹ ਆਖਣਾ ਜੋ ਤੇਰੇ ਪਾਪ ਮਾਫ਼ ਹੋਏ ਜਾਂ ਇਹ ਆਖਣਾ ਕਿ ਉੱਠ ਅਤੇ ਆਪਣੀ ਮੰਜੀ ਚੁੱਕ ਕੇ ਤੁਰ ਫਿਰ। 10ਪਰ ਇਸ ਲਈ ਜੋ ਤੁਸੀਂ ਜਾਣੋ ਜੋ ਮਨੁੱਖ ਦੇ ਪੁੱਤਰ ਨੂੰ ਧਰਤੀ ਉੱਤੇ ਪਾਪ ਮਾਫ਼ ਕਰਨ ਦਾ ਅਧਿਕਾਰ ਹੈ; ਫਿਰ ਉਸ ਨੇ ਅਧਰੰਗੀ ਨੂੰ ਕਿਹਾ, 11ਮੈਂ ਤੈਨੂੰ ਕਹਿੰਦਾ ਹਾਂ, ਉੱਠ, ਆਪਣੀ ਮੰਜੀ ਚੁੱਕ ਕੇ ਘਰ ਚੱਲਿਆ ਜਾ। 12ਤਾਂ ਉਹ ਉੱਠਿਆ ਅਤੇ ਉਸੇ ਸਮੇਂ ਆਪਣੀ ਮੰਜੀ ਚੁੱਕ ਕੇ ਉਨ੍ਹਾਂ ਸਭਨਾਂ ਦੇ ਸਾਹਮਣੇ ਨਿੱਕਲ ਗਿਆ! ਤਦ ਉਹ ਸੱਭੇ ਹੈਰਾਨ ਹੋ ਗਏ ਅਤੇ ਇਹ ਕਹਿ ਕੇ ਪਰਮੇਸ਼ੁਰ ਦੀ ਵਡਿਆਈ ਕੀਤੀ ਕਿ ਅਸੀਂ ਇਸ ਤਰ੍ਹਾਂ ਦੀ ਗੱਲ ਕਦੇ ਨਹੀਂ ਵੇਖੀ!
ਲੇਵੀ ਨੂੰ ਬੁਲਾਉਣਾ
ਮੱਤੀ 9:9-13; ਲੂਕਾ 5:27-32
13ਉਹ ਫੇਰ ਬਾਹਰ ਝੀਲ ਦੇ ਕਿਨਾਰੇ ਉੱਤੇ ਗਿਆ ਅਤੇ ਸਾਰੀ ਭੀੜ ਉਹ ਦੇ ਕੋਲ ਆਈ ਅਤੇ ਉਸ ਨੇ ਉਨ੍ਹਾਂ ਨੂੰ ਉਪਦੇਸ਼ ਦਿੱਤਾ। 14ਅਤੇ ਜਾਂਦੇ ਹੋਏ ਉਹ ਨੇ ਹਲਫ਼ਾ ਦੇ ਪੁੱਤਰ ਲੇਵੀ ਨੂੰ ਚੂੰਗੀ ਦੀ ਚੌਂਕੀ ਉੱਤੇ ਬੈਠੇ ਵੇਖਿਆ ਅਤੇ ਉਸ ਨੂੰ ਕਿਹਾ, ਮੇਰੇ ਪਿੱਛੇ ਹੋ ਤੁਰ। ਸੋ ਉਹ ਉੱਠ ਕੇ ਉਹ ਦੇ ਪਿੱਛੇ ਤੁਰ ਪਿਆ। 15ਤਾਂ ਇਸ ਤਰ੍ਹਾਂ ਹੋਇਆ ਕਿ ਜਦੋਂ ਪ੍ਰਭੂ ਯਿਸੂ ਉਸ ਦੇ ਘਰ ਵਿੱਚ ਰੋਟੀ ਖਾਣ ਬੈਠੇ ਅਤੇ ਬਹੁਤ ਸਾਰੇ ਚੂੰਗੀ ਲੈਣ ਵਾਲੇ ਅਤੇ ਪਾਪੀ ਆ ਕੇ ਯਿਸੂ ਅਤੇ ਉਨ੍ਹਾਂ ਦੇ ਚੇਲਿਆਂ ਨਾਲ ਬੈਠ ਗਏ ਕਿਉਂਕਿ ਉਹ ਬਹੁਤ ਸਾਰੇ ਸਨ ਜੋ ਉਹ ਦੇ ਮਗਰ ਤੁਰ ਪਏ ਸਨ। 16ਅਤੇ ਜਦੋਂ ਫ਼ਰੀਸੀਆਂ ਦੇ ਉਪਦੇਸ਼ਕਾਂ ਨੇ ਉਹ ਨੂੰ ਪਾਪੀਆਂ ਅਤੇ ਚੂੰਗੀ ਲੈਣ ਵਾਲਿਆਂ ਦੇ ਨਾਲ ਰੋਟੀ ਖਾਂਦਿਆਂ ਵੇਖਿਆ ਤਾਂ ਉਸ ਦੇ ਚੇਲਿਆਂ ਨੂੰ ਕਿਹਾ, ਉਹ ਚੂੰਗੀ ਲੈਣ ਵਾਲੇ ਅਤੇ ਪਾਪੀਆਂ ਦੇ ਨਾਲ ਕਿਉਂ ਖਾਂਦਾ ਹੈ? 17ਯਿਸੂ ਨੇ ਇਹ ਸੁਣ ਕੇ ਉਨ੍ਹਾਂ ਨੂੰ ਆਖਿਆ, ਨਰੋਇਆਂ ਨੂੰ ਨਹੀਂ ਸਗੋਂ ਰੋਗੀਆਂ ਨੂੰ ਹਕੀਮ ਦੀ ਲੋੜ ਹੁੰਦੀ ਹੈ। ਮੈਂ ਧਰਮੀਆਂ ਨੂੰ ਨਹੀਂ ਪਰ ਪਾਪੀਆਂ ਨੂੰ ਬੁਲਾਉਣ ਲਈ ਆਇਆ ਹਾਂ।
ਵਰਤ ਦੇ ਬਾਰੇ ਪ੍ਰਸ਼ਨ
ਮੱਤੀ 9:14-17; ਲੂਕਾ 5:33-39
18ਯੂਹੰਨਾ ਦੇ ਚੇਲੇ ਅਤੇ ਫ਼ਰੀਸੀ ਵਰਤ ਰੱਖਦੇ ਸਨ, ਅਤੇ ਉਨ੍ਹਾਂ ਨੇ ਆਣ ਕੇ ਉਸ ਨੂੰ ਕਿਹਾ, ਇਹ ਦਾ ਕੀ ਕਾਰਨ ਹੈ ਜੋ ਯੂਹੰਨਾ ਦੇ ਚੇਲੇ ਅਤੇ ਫ਼ਰੀਸੀਆਂ ਦੇ ਚੇਲੇ ਵਰਤ ਰੱਖਦੇ ਹਨ ਪਰ ਤੇਰੇ ਚੇਲੇ ਵਰਤ ਨਹੀਂ ਰੱਖਦੇ? 19ਤਾਂ ਯਿਸੂ ਨੇ ਉਨ੍ਹਾਂ ਨੂੰ ਆਖਿਆ, ਜਦ ਤੱਕ ਲਾੜਾ ਬਰਾਤੀਆਂ ਦੇ ਨਾਲ ਹੈ ਭਲਾ, ਉਹ ਵਰਤ ਰੱਖ ਸਕਦੇ ਹਨ? ਜਿੰਨਾਂ ਚਿਰ ਲਾੜਾ ਉਨ੍ਹਾਂ ਦੇ ਨਾਲ ਹੈ ਉਹ ਵਰਤ ਨਹੀਂ ਰੱਖ ਸਕਦੇ। 20ਪਰ ਉਹ ਦਿਨ ਆਉਣਗੇ ਜਦ ਲਾੜਾ ਉਨ੍ਹਾਂ ਤੋਂ ਅਲੱਗ ਕੀਤਾ ਜਾਵੇਗਾ ਤਦ ਉਸ ਦਿਨ ਉਹ ਵਰਤ ਰੱਖਣਗੇ। 21ਪੁਰਾਣੇ ਕੱਪੜੇ ਨੂੰ ਨਵੇਂ ਕੱਪੜੇ ਦੀ ਟਾਕੀ ਕੋਈ ਨਹੀਂ ਲਾਉਂਦਾ, ਨਹੀਂ ਤਾਂ ਉਹ ਟਾਕੀ ਉਸ ਵਿੱਚੋਂ ਕੁਝ ਕੱਪੜਾ ਖਿੱਚ ਲੈਂਦੀ ਹੈ ਅਤੇ ਉਹ ਹੋਰ ਫਟ ਜਾਂਦਾ ਹੈ। 22ਅਤੇ ਨਵੀਂ ਮੈਅ ਨੂੰ ਪੁਰਾਣੀਆਂ ਮਸ਼ਕਾਂ ਵਿੱਚ ਕੋਈ ਨਹੀਂ ਭਰਦਾ, ਨਹੀਂ ਤਾਂ ਮੈਅ ਮਸ਼ਕਾਂ ਨੂੰ ਪਾੜ ਦੇਵੇਗੀ ਅਤੇ ਮੈਅ ਅਤੇ ਮਸ਼ਕਾਂ ਦੋਵੇਂ ਖ਼ਰਾਬ ਹੋ ਜਾਣਗੀਆਂ, ਪਰ ਨਵੀਂ ਮੈਅ ਨਵੀਆਂ ਮਸ਼ਕਾਂ ਵਿੱਚ ਭਰੀ ਜਾਂਦੀ ਹੈ।
ਸਬਤ ਦਾ ਪ੍ਰਭੂ
ਮੱਤੀ 12:1-8; ਲੂਕਾ 6:1-5
23ਤਾਂ ਐਉਂ ਹੋਇਆ ਜੋ ਉਹ ਸਬਤ ਦੇ ਦਿਨ ਖੇਤਾਂ ਵਿੱਚੋਂ ਦੀ ਲੰਘਦਾ ਸੀ ਅਤੇ ਉਹ ਦੇ ਚੇਲੇ ਰਾਹ ਵਿੱਚ ਚੱਲਦੇ ਹੋਏ ਸਿੱਟੇ ਤੋੜਨ ਲੱਗੇ। 24ਅਤੇ ਫ਼ਰੀਸੀਆਂ ਨੇ ਉਹ ਨੂੰ ਕਿਹਾ, ਵੇਖ ਇਹ ਸਬਤ ਦੇ ਦਿਨ ਉਹ ਕੰਮ ਕਿਉਂ ਕਰਦੇ ਹਨ ਜਿਹੜਾ ਕਰਨਾ ਯੋਗ ਨਹੀਂ ਹੈ? 25ਉਸ ਨੇ ਉਨ੍ਹਾਂ ਨੂੰ ਕਿਹਾ, ਭਲਾ, ਤੁਸੀਂ ਕਦੇ ਇਹ ਨਹੀਂ ਪੜ੍ਹਿਆ ਕਿ ਦਾਊਦ ਨੇ ਕੀ ਕੀਤਾ ਜਦ ਉਸ ਨੂੰ ਲੋੜ ਸੀ ਅਤੇ ਉਹ ਤੇ ਉਸ ਦੇ ਸਾਥੀ ਭੁੱਖੇ ਸਨ? 26ਜੋ ਉਹ ਕਿਵੇਂ ਪ੍ਰਧਾਨ ਜਾਜਕ ਅਬਯਾਥਾਰ ਦੇ ਸਮੇਂ ਪਰਮੇਸ਼ੁਰ ਦੇ ਘਰ ਵਿੱਚ ਗਿਆ ਅਤੇ ਚੜ੍ਹਾਵੇ ਦੀਆਂ ਰੋਟੀਆਂ ਖਾਧੀਆਂ ਜਿਨ੍ਹਾਂ ਦਾ ਖਾਣਾ ਜਾਜਕਾਂ ਦੇ ਬਿਨ੍ਹਾਂ ਹੋਰ ਕਿਸੇ ਨੂੰ ਯੋਗ ਨਹੀਂ ਸੀ ਅਤੇ ਆਪਣੇ ਸਾਥੀਆਂ ਨੂੰ ਵੀ ਦਿੱਤੀਆਂ? 27ਉਸ ਨੇ ਉਨ੍ਹਾਂ ਨੂੰ ਆਖਿਆ, ਸਬਤ ਦਾ ਦਿਨ ਮਨੁੱਖ ਦੇ ਲਈ ਬਣਿਆ ਹੈ, ਨਾ ਕਿ ਮਨੁੱਖ ਸਬਤ ਦੇ ਲਈ। 28ਇਸ ਲਈ ਮਨੁੱਖ ਦਾ ਪੁੱਤਰ ਸਬਤ ਦੇ ਦਿਨ ਦਾ ਵੀ ਮਾਲਕ ਹੈ।
Currently Selected:
ਮਰਕੁਸ 2: IRVPun
Highlight
Copy
Compare
Share
Want to have your highlights saved across all your devices? Sign up or sign in
PNB-IRV
Creative Commons License
Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.